‘ਆਪਣੇ ਹੋਏ ਪਰਾਏ’ ਕਰ ਰਹੇ ਰਿਸ਼ਤਿਆਂ ਦਾ ਖ਼ੂਨ!

Sunday, Jul 26, 2026 - 03:21 AM (IST)

‘ਆਪਣੇ ਹੋਏ ਪਰਾਏ’ ਕਰ ਰਹੇ ਰਿਸ਼ਤਿਆਂ ਦਾ ਖ਼ੂਨ!

ਮਰਿਆਦਾ ਪੂਰਨ ਜੀਵਨ ਬਿਤਾਉਣ ਦਾ ਸਾਰੀ ਦੁਨੀਆ ਨੂੰ ਸੰਦੇਸ਼ ਦੇਣ ਵਾਲੇ ਭਾਰਤ ’ਚ ਹੁਣ ਕੁਝ ਲੋਕ ਰਿਸ਼ਤਿਆਂ ਦਾ ਸਤਿਕਾਰ ਕਰਨ ਦੀ ਸੰਸਕ੍ਰਿਤੀ ਨੂੰ ਭੁੱਲ ਕੇ ਆਪਣੇ ਹੀ ਸਕੇ-ਸੰਬੰਧੀਆਂ ਦਾ ਕਤਲ ਤੱਕ ਕਰਨ ਲੱਗੇ ਹਨ, ਜਿਸ ਦੀਆਂ ਸਿਰਫ ਪਿਛਲੇ ਲੱਗਭਗ 9 ਦਿਨਾਂ ਦੀਆਂ ਘਟਨਾਵਾਂ ਹੇਠਾਂ ਦਰਜ ਹਨ :

*16 ਜੁਲਾਈ ਨੂੰ ‘ਹਮੀਰਪੁਰ’ (ਹਿਮਾਚਲ ਪ੍ਰਦੇਸ਼) ਦੇ ‘ਜਾਹੂ’ ਪਿੰਡ ’ਚ ਜ਼ਮੀਨ ਗਿਰਵੀ ਰੱਖਣ ਨੂੰ ਲੈ ਕੇ ਹੋਏ ਵਿਵਾਦ ’ਚ ਇਕ ਨੌਜਵਾਨ ਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ। ਇਹੋ ਨਹੀਂ ਮ੍ਰਿਤਕ ਦੀ ਪਤਨੀ ਨੇ ਆਪਣੇ ਪਤੀ ਨੂੰ ਬਚਾਉਣ ਦੀ ਬਜਾਏ ਆਪਣੇ ਪੁੱਤਰ ਦਾ ਹੀ ਸਾਥ ਦੇ ਕੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ।

*19 ਜੁਲਾਈ ਨੂੰ ‘ਠਾਣੇ’ (ਮਹਾਰਾਸ਼ਟਰ) ਜ਼ਿਲੇ ’ਚ ਨਵੀਂ ਸਾੜ੍ਹੀ ਲਿਆਉਣ ਨੂੰ ਲੈ ਕੇ ਪਤੀ-ਪਤਨੀ ’ਚ ਹੋਏ ਵਿਵਾਦ ਦੌਰਾਨ ਇਕ ਔਰਤ ਨੇ ਆਪਣੇ ਪਤੀ ‘ਹਰੇਰਾਮ’ ਦੇ ਸਿਰ ’ਤੇ ਪ੍ਰੈਸ਼ਰ ਕੁੱਕਰ ਦੇ ਢੱਕਣ ਨਾਲ ਕਈ ਵਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ।

*19 ਜੁਲਾਈ ਨੂੰ ਹੀ ‘ਪਟਿਆਲਾ’ (ਪੰਜਾਬ) ਦੇ ‘ਹਰੀਮਾਜਰਾ’ ਪਿੰਡ ’ਚ ‘ਹਰਜੀਤ ਕੌਰ’ ਨਾਂ ਦੀ ਔਰਤ ਨੇ ਆਪਣੇ ਪ੍ਰੇਮੀ ‘ਛਿੰਦਰ ਸਿੰਘ’ ਨਾਲ ਮਿਲ ਕੇ ਆਪਣੇ ਪਤੀ ‘ਸੁਖਵਿੰਦਰ ਸਿੰਘ’ ਦਾ ਕਤਲ ਕਰ ਦਿੱਤਾ।

*19 ਜੁਲਾਈ ਨੂੰ ਹੀ ‘ਫ਼ਿਰੋਜ਼ਾਬਾਦ’ (ਉੱਤਰ ਪ੍ਰਦੇਸ਼) ’ਚ ਨਸ਼ਾ ਕਰਨ ’ਤੇ ਉਲਾਂਭਾ ਦੇਣ ਕਾਰਨ ਭੜਕੇ ‘ਉਪੇਂਦਰ ਸ਼ਰਮਾ’ ਨਾਂ ਦੇ ਨੌਜਵਾਨ ਨੂੰ ਆਪਣੇ ਪਿਤਾ ‘ਰਾਕੇਸ਼ ਬਾਬੂ’ ਦਾ ਬੇਸਬਾਲ ਦੇ ਬੱਲੇ ਨਾਲ ਕੁੱਟ-ਕੁੱਟ ਕੇ ਕਤਲ ਕਰਨ ਦੇ ਦੋਸ਼ ਹੇਠ ਪੁਲਸ ਨੇ ਗ੍ਰਿਫ਼ਤਾਰ ਕੀਤਾ।

*19 ਜੁਲਾਈ ਨੂੰ ਹੀ ‘ਹਮੀਰਪੁਰ’ (ਉੱਤਰ ਪ੍ਰਦੇਸ਼) ’ਚ ‘ਗਜੇਂਦਰ’ ਨਾਂ ਦਾ ਇਕ ਨੌਜਵਾਨ ਪਰਿਵਾਰਕ ਵਿਵਾਦ ਕਾਰਨ ਆਪਣੀ ਦਾਦੀ ‘ਸ਼ੋਭਾ ਰਾਣੀ’ (80) ਦਾ ਕੁਹਾੜੀ ਨਾਲ ਕਤਲ ਕਰ ਕੇ ਫ਼ਰਾਰ ਹੋ ਗਿਆ।

* 21 ਜੁਲਾਈ ਨੂੰ ‘ਤ੍ਰਿਸ਼ੂਰ’ (ਕੇਰਲ) ਦੇ ‘ਮਡਾਵੱਕਰਾ’ ਪਿੰਡ ’ਚ ਜਾਇਦਾਦ ਦੇ ਵਿਵਾਦ ਨੂੰ ਲੈ ਕੇ ‘ਰਾਧਾਕ੍ਰਿਸ਼ਨਨ’ ਨਾਮੀ ਵਿਅਕਤੀ ਨੇ ਆਪਣੇ 89 ਸਾਲਾ ਪਿਤਾ ‘ਕ੍ਰਿਸ਼ਨਨ’ ’ਤੇ ਹਥੌੜੇ ਨਾਲ ਵਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ।

* 21 ਜੁਲਾਈ ਨੂੰ ਹੀ ‘ਸ਼ੋਲਾਪੁਰ’ (ਮਹਾਰਾਸ਼ਟਰ) ’ਚ ਇਕ 26 ਸਾਲਾ ਔਰਤ ਨੂੰ ਆਪਣੀ 10 ਮਹੀਨੇ ਦੀ ਮਾਸੂਮ ਧੀ ਨੂੰ ਪਾਣੀ ਨਾਲ ਭਰੀ ਬਾਲਟੀ ’ਚ ਡੁਬੋ ਕੇ ਮਾਰ ਸੁਟਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ। ਉਸ ਨੇ ਆਪਣੀ 6 ਸਾਲਾ ਵੱਡੀ ਧੀ ਦੇ ਵੀ ਹੱਥ-ਪੈਰ ਬੰਨ੍ਹ ਕੇ ਉਸ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਪਰ ਬੱਚੀ ਵੱਲੋਂ ਬਹੁਤ ਜ਼ਿਆਦਾ ਗਿੜਗਿੜਾਉਣ ’ਤੇ ਉਸ ਨੂੰ ਛੱਡ ਦਿੱਤਾ।

* 21 ਜੁਲਾਈ ਨੂੰ ਹੀ ‘ਗਾਜ਼ੀਆਬਾਦ’ (ਉੱਤਰ ਪ੍ਰਦੇਸ਼) ’ਚ ਪਰਿਵਾਰਕ ਵਿਵਾਦ ਤੋਂ ਬਾਅਦ ‘ਦੀਪਕ’ ਅਤੇ ‘ਲਲਿਤ’ ਨਾਂ ਦੇ 2 ਨੌਜਵਾਨਾਂ ਨੇ ਆਪਣੇ ਪਿਤਾ ‘ਗੰਗਾ ਸ਼ਰਨ’ ਅਤੇ ਮਾਤਾ ‘ਵਿਮਲੇਸ਼’ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।

* 22 ਜੁਲਾਈ ਨੂੰ ‘ਫ਼ਤੇਹਾਬਾਦ’ (ਹਰਿਆਣਾ) ਦੇ ‘ਖੂਨਨ’ ਪਿੰਡ ’ਚ ‘ਗੁਰਪ੍ਰੀਤ ਸਿੰਘ’ ਨਾਮੀ ਵਿਅਕਤੀ ਨੇ ਆਪਣੀ 5 ਸਾਲਾ ਮਾਸੂਮ ਧੀ ‘ਗੁਰਨਿਵਾਸ’ ਨੂੰ ਭਾਖੜਾ ਨਹਿਰ ’ਚ ਸੁੱਟ ਕੇ ਮਾਰ ਦਿੱਤਾ।

* 22 ਜੁਲਾਈ ਨੂੰ ਹੀ ‘ਧਰਮਪੁਰੀ’ (ਤਾਮਿਲਨਾਡੂ) ਜ਼ਿਲੇ ਦੇ ‘ਥਡੰਗਾਮ’ ਪਿੰਡ ’ਚ ਇਕ ਔਰਤ ਨੇ ਪਰਿਵਾਰਕ ਵਿਵਾਦ ਕਾਰਨ ਆਪਣੇ 3 ਬੱਚਿਆਂ ਨੂੰ ਖੂਹ ’ਚ ਸੁੱਟ ਕੇ ਮਾਰ ਦਿੱਤਾ।

* 23 ਜੁਲਾਈ ਨੂੰ ‘ਬਹਿਰਾਈਚ’ (ਉੱਤਰ ਪ੍ਰਦੇਸ਼) ਦੇ ‘ਫੁਲੇਰਾ’ ਪਿੰਡ ’ਚ ‘ਛੈਲੂ ਵਰਮਾ’ ਨਾਮੀ ਨੌਜਵਾਨ ਨੇ ਖਾਣਾ ਪਸੰਦ ਨਾ ਆਉਣ ’ਤੇ ਗੁੱਸੇ ’ਚ ਆ ਕੇ ਆਪਣੀ ਮਾਂ ਨੂੰ ਕੁਹਾੜੀ ਨਾਲ ਵੱਢ ਸੁੱਟਿਆ।

* 24 ਜੁਲਾਈ ਨੂੰ ‘ਬਠਿੰਡਾ’ (ਪੰਜਾਬ) ਜ਼ਿਲੇ ਦੇ ਪਿੰਡ ‘ਡਿੱਖ’ ’ਚ ਖੇਤਾਂ ਦੀ ਸਿੰਚਾਈ ਲਈ ਪਾਣੀ ਦੀ ਵਾਰੀ ਨੂੰ ਲੈ ਕੇ ‘ਕੁਲਵੰਤ ਸਿੰਘ’ ਨਾਂ ਦੇ ਵਿਅਕਤੀ ਨੇ ਆਪਣੇ ਭਤੀਜੇ ‘ਆਕਾਸ਼ਦੀਪ ਸਿੰਘ’ ਨੂੰ ਕਤਲ ਕਰ ਦਿੱਤਾ ਅਤੇ ਉਸ ਦੇ ਪਿਤਾ ‘ਹਰਜਿੰਦਰ’ ਨੂੰ ਜ਼ਖਮੀ ਕਰ ਦਿੱਤਾ।

* 24 ਜੁਲਾਈ ਨੂੰ ਹੀ ‘ਚਿੱਕਬੱਲਪੁਰ’ (ਕਰਨਾਟਕ) ’ਚ ਸਿਰਫ 13 ਦਿਨਾਂ ਦੀ ਆਪਣੀ ਨਵਜੰਮੀ ਧੀ ਨੂੰ ਘਰ ’ਚ ਬਣੇ ਪਾਣੀ ਦੇ ਟੈਂਕ ’ਚ ਸੁੱਟ ਕੇ ਮਾਰ ਸੁੱਟਣ ਦੇ ਦੋਸ਼ ਹੇਠ ਉਸ ਦੇ ਪਿਤਾ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ।

ਅਤੇ ਹੁਣ 25 ਜੁਲਾਈ ਨੂੰ ‘ਅਲੀਗੜ੍ਹ’ (ਉੱਤਰ ਪ੍ਰਦੇਸ਼) ਦੇ ਪਿੰਡ ‘ਮਊ’ ’ਚ ਬੋਲ-ਬੁਲਾਰੇ ਤੋਂ ਬਾਅਦ ਪਤੀ ਨੇ ਪਤਨੀ ਦੇ ਚਿਹਰੇ ’ਤੇ ਚਾਕੂ ਨਾਲ ਕਈ ਵਾਰ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।

ਇਹ ਘਟਨਾਵਾਂ ਰਿਸ਼ਤਿਆਂ ’ਚ ਟੁੱਟਦੇ ਭਰੋਸੇ ਅਤੇ ਆਪਣਿਆਂ ਨਾਲ ਪਰਾਇਆਂ ਤੋਂ ਵੀ ਭੈੜੇ ਸਲੂਕ ਦੀਆਂ ਦਰਦਨਾਕ ਤਸਵੀਰਾਂ ਹਨ। ਆਪਣੀ ਪੁਰਾਤਨ ਸੰਸਕ੍ਰਿਤੀ ’ਤੇ ਮਾਣ ਕਰਨ ਵਾਲੇ ਸਾਡੇ ਦੇਸ਼ ’ਚ ਲੋਕਾਂ ਦੇ ਨੈਤਿਕ ਪਤਨ ਦੇ ਇਹ ਤਾਂ ਕੁਝ ਮਾਮਲੇ ਹਨ ਜੋ ਸਾਹਮਣੇ ਆਏ ਹਨ।

ਇਸ ਤੋਂ ਇਲਾਵਾ ਵੀ ਪਤਾ ਨਹੀਂ ਕਿੰਨੇ ਅਜਿਹੇ ਮਾਮਲੇ ਹੋਏ ਹੋਣਗੇ ਜੋ ਸਾਹਮਣੇ ਨਹੀਂ ਆ ਸਕੇ। ਅਜਿਹੀਆਂ ਘਟਨਾਵਾਂ ਜਿੱਥੇ ਘੋਰ ਨਿਖੇਧੀਯੋਗ ਹਨ, ਉੱਥੇ ਹੀ ਅਜਿਹਾ ਕਰਨ ਵਾਲਿਆਂ ਨੂੰ ਤੇਜ਼ੀ ਨਾਲ ਕਾਨੂੰਨੀ ਕਾਰਵਾਈ ਕਰ ਕੇ ਸਖਤ ਤੋਂ ਸਖਤ ਸਜ਼ਾ ਦੇਣ ਦੀ ਲੋੜ ਹੈ।

—ਵਿਜੇ ਕੁਮਾਰ


author

Sandeep Kumar

Content Editor

Related News