‘ਦਲ-ਬਦਲੀ ਅਸਲ ’ਚ ਲੋਕ ਰਾਜਾ ਦਾ ਖਾਤਮਾ ਹੈ’

Sunday, Jul 26, 2026 - 05:00 PM (IST)

‘ਦਲ-ਬਦਲੀ ਅਸਲ ’ਚ ਲੋਕ ਰਾਜਾ ਦਾ ਖਾਤਮਾ ਹੈ’

‘ਦਲ-ਬਦਲੀ’ ਹਕੀਕਤ ’ਚ ਲੋਕ ਰਾਜ ਦਾ ਖਾਤਮਾ ਹੈ। ਲੋਕ ਰਾਜ ਦਾ ਮੂਲ ਸਿਧਾਂਤ ‘‘ਲੋਕਾਂ ਦਾ, ਲੋਕਾਂ ਲਈ, ਲੋਕਾਂ ਵੱਲੋਂ’’ ਹੈ। ਜਦਕਿ ਦਲ ਬਦਲੀ ਸਬੰਧਤ ‘ਦਲ-ਬਦਲੂ’ ਵਲੋਂ ਲੋਕ ਫਤਵੇ ਨਾਲ ਕੀਤਾ ਗਿਆ ਵਸਾਹਘਾਤ ਹੈ। ‘ਦਲ-ਬਦਲੂ’ ਕਦੀ ਵੀ ‘‘ਲੋਕਾਂ ਦਾ ਤੇ ਲੋਕਾਂ ਲਈ’’ ਵਾਲੀ ਭੂਮਿਕਾ ਅਦਾ ਨਹੀਂ ਕਰ ਸਕਦਾ। ਉਹ ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਭਵਿੱਖ ’ਚ ਵੀ ਲੋਕਾਂ ਤੋਂ ਮਿਲੀ ਹਮਾਇਤ ਨਾਲ ਦਗ਼ਾ ਕਮਾਏਗਾ, ਜਾਂ ਫਿਰ ਰਾਜਨੀਤੀ ਦੀ ਖੇਡ ’ਚ ਦਗ਼ਾ ਕਮਾਉਣ ਵਾਲੀਆਂ ਧਿਰਾਂ ਦੇ ਹੱਥਠੋਕੇ ਵਜੋਂ ਦਖ਼ਲਅੰਦਾਜ਼ੀ ਕਰੇਗਾ।

ਮੌਕਾਪ੍ਰਸਤ ਸਿਆਸੀ ਆਗੂਆਂ ਵਲੋਂ ਅੱਜ-ਕਲ ਕੀਤੀਆਂ ਜਾ ਰਹੀਆਂ ਨਿਰੋਲ ਸਵਾਰਥੀ ਹਿੱਤਾਂ ਤੋਂ ਪ੍ਰੇਰਿਤ, ਬੇਅਸੂਲੀਆਂ ਦਲ ਬਦਲੀਆਂ ਪ੍ਰਤੀ ਜਨ ਸਾਧਾਰਨ ਦਾ ਪ੍ਰਤੀਕ੍ਰਮ ਵੀ ਉਕਤ ਤਜਰਬਿਆਂ ਦੀ ਰੋਸ਼ਨੀ ’ਚ ਹੀ ਮਾਪਿਆ ਜਾ ਸਕਦਾ ਹੈ। ‘ਦਲ-ਬਦਲੀ’ ਦਾ ਕਾਰਨ, ਲੋਕ-ਪੱਖੀ ਵਿਚਾਰਧਾਰਾ ਪ੍ਰਤੀ ਸਮਰਪਿਤ ਹੋ ਕੇ ਲੋਕਾਈ ਦੇ ਭਲੇ ਲਈ ਸਿਆਸੀ ਰਣ ਖੇਤਰ ’ਚ ਕੁੱਦਣਾ, ਜਿਵੇਂ ਸਿਆਸੀ ਆਗੂ ਪਾਰਟੀ ਬਦਲਣ ਵੇਲੇ ਅਕਸਰ ਬਿਆਨਬਾਜ਼ੀ ਕਰਦੇ ਹਨ, ਬਿਲਕੁਲ ਵੀ ਨਹੀਂ ਹੁੰਦਾ। ਬਲਕਿ ਇਸ ਨਖਿੱਧ ਵਰਤਾਰੇ ਦਾ ਪ੍ਰਮੁੱਖ ਕਾਰਨ ਤਾਂ ਰਾਜਨੀਤੀ ਨੂੰ ਸੱਤਾ ਦਾ ਆਨੰਦ ਮਾਨਣ ਤੇ ਮਨਮਰਜ਼ੀ ਨਾਲ ਲੁੱਟ-ਖਸੁੱਟ ਕਰਨ ਦਾ ਸਾਧਨ ਸਮਝਣਾ ਹੈ।

2014 ’ਚ, ਮੋਦੀ ਸਰਕਾਰ ਵਲੋਂ ਕੇਂਦਰੀ ਸੱਤਾ ਹਥਿਆ ਲੈਣ ਪਿੱਛੋਂ ‘ਦਲ- ਬਦਲੀ’ ਕਰਾਉਣ ਲਈ ਭਾਜਪਾ ਵਲੋਂ ਸਾਮ-ਦਾਮ-ਦੰਡ-ਭੇਦ ਦੀ ਖੋਟੀ ਨੀਤੀ ਤਹਿਤ ਹਰ ਕੋਝਾ ਹਥਿਆਰ ਵਰਤਿਆ ਜਾ ਰਿਹਾ ਹੈ। ਯਾਦ ਰਹੇ ਇਹ ਦਲ-ਬਦਲੀਆਂ ਸੱਤਾ ਅਤੇ ਧਨ ਦੇ ਲੋਭ-ਲਾਲਚ ਅਧੀਨ ਤੇ ਭ੍ਰਿਸ਼ਟਾਚਾਰ ਕਰਨ ਬਦਲੇ ਮਿਲਣ ਵਾਲੀ ਸਜ਼ਾ ਤੋਂ ਬਚਣ ਲਈ ਕੀਤੀਆਂ ਜਾ ਰਹੀਆਂ ਹਨ। ਆਰ.ਐੱਸ.ਐੱਸ. ਤੇ ਇਸ ਨਾਲ ਜੁੜੇ ਸੰਗਠਨਾਂ ਨੇ, ਈ.ਡੀ., ਸੀ.ਬੀ.ਆਈ. ਆਦਿ ਏਜੰਸੀਆਂ ਵੱਲੋਂ ਕੀਤੀਆਂ ਜਾਣ ਵਾਲੀਆਂ ਸੰਭਾਵਿਤ ਕਾਰਵਾਈਆਂ ਰਾਹੀਂ ਦੂਜੇ ਰਾਜਸੀ ਦਲਾਂ ਦੇ ਭ੍ਰਿਸ਼ਟ ਤੇ ਬਦ-ਕਿਰਦਾਰ ਆਗੂਆਂ ਨੂੰ ਡਰਾ ਕੇ ਦਲ-ਬਦਲੀ ਕਰਵਾਉਣ ਨੂੰ ਇਕ ‘ਲਾਹੇਵੰਦੇ ਧੰਦਾ’ ਬਣਾ ਲਿਆ ਹੈ। ਇਸ ਕੰਮ ’ਚ ਸਰਕਾਰੀ ਤੇ ਗੋਦੀ ਮੀਡੀਆ, ਕਾਰਪੋਰੇਟ ਘਰਾਣੇ ਅਤੇ ਭਗਵਾਂ ਵਿਚਾਰਾਂ ਤੋਂ ਪ੍ਰਭਾਵਿਤ ਨੌਕਰਸ਼ਾਹ ਵੀ ਸੰਘ-ਭਾਜਪਾ ਦਾ ਖੂਬ ਹੱਥ ਵਟਾ ਰਹੇ ਹਨ।

ਪੂੰਜੀਵਾਦੀ ਪ੍ਰਬੰਧ ’ਚ ਨੈਤਿਕਤਾ, ਅਸੂਲਪ੍ਰਸਤੀ ਤੇ ਸਵੈ-ਮਾਨ ਦੀ ਭਾਵਨਾ ਤੋਂ ਅਛੂਤੇਪਨ ਕਾਰਨ ਆਮ ਲੋਕੀਂ ਵੀ ਰਾਜਨੀਤੀ ’ਚ ਆਏ ਵਿਗਾੜਾਂ ਖਿਲਾਫ਼ ਆਵਾਜ਼ ਨਹੀਂ ਉਠਾਉਂਦੇ। ਉਲਟਾ, ਬਹੁਤੀ ਵਾਰ ਤਾਂ ਕਿਸੇ ਨਾ ਕਿਸੇ ਲਾਲਚ ਅਧੀਨ ਉਹ ਸਵਾਰਥੀ ‘ਦਲ-ਬਦਲੂਆਂ’ ਦਾ ਸਾਥ ਦੇਣ ’ਚ ਵੀ ਕੋਈ ਸ਼ਰਮਿੰਦਗੀ ਮਹਿਸੂਸ ਨਹੀਂ ਕਰਦੇ। ਦੇਸ਼ ਅੰਦਰ ਬਣਿਆ ‘ਦਲ-ਬਦਲੀ ਰੋਕੂ ਕਾਨੂੰਨ’ ਵੀ ਹਾਕਮ ਜਮਾਤਾਂ ਦੇ ਕੰਟਰੋਲ ਹੇਠਾਂ ਹੋਣ ਕਾਰਨ ‘ਦਲ-ਬਦਲੀ’ ਦੇ ਮਾਰੂ ਰੋਗ ਨੂੰ ਰੋਕਣ ਦੇ ਸਮਰੱਥ ਨਹੀਂ ਰਿਹਾ।

ਹੁਣ ਟੇਕ ਸਿਰਫ ਆਮ ਲੋਕਾਂ ਦੀ ਤਿੱਖੀ ਤੇ ਉਚੇਰੀ ਸਿਆਸੀ-ਵਿਚਾਰਧਾਰਕ ਚੇਤਨਤਾ ’ਤੇ ਹੀ ਰੱਖੀ ਜਾ ਸਕਦੀ ਹੈ। ਲੋਕਾਂ ਨੂੰ ਜਾਗਰੂਕ ਕਰ ਕੇ ਹੀ ਦਲ-ਬਦਲੂਆਂ ਨੂੰ ਲੋਕਾਂ ’ਚੋਂ ਨਿਖੇੜਣ ਦੀ ਆਸ ਕੀਤੀ ਜਾ ਸਕਦੀ ਹੈ। ਦਲ-ਬਦਲੀ, ਭਾਵੇਂ ਕਿਸੇ ਵੀ ਦਲ ਦੇ ਕਿਸੇ ਵੀ ਵੱਡੇ ਜਾਂ ਛੋਟੇ ਨੇਤਾ ਵੱਲੋਂ ਕੀਤੀ ਜਾਵੇ, ਲੋਕਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਖੋਟੇ ਬੰਦੇ ਦਾ ਹਰ ਖੇਤਰ ’ਚ ਮੁਕੰਮਲ ਬਾਈਕਾਟ ਕਰ ਕੇ ਉਸਨੂੰ ‘ਬੇਇੱਜ਼ਤ’ ਕੀਤਾ ਜਾਵੇ।

ਜੇਕਰ ਕਿਸੇ ਰਾਜਨੇਤਾ ਦਾ ਆਪਣੀ ਮੌਜੂਦਾ ਪਾਰਟੀ ਦੀਆਂ ਨੀਤੀਆਂ ਜਾਂ ਵਿਚਾਰਧਾਰਾ ਨਾਲ ਕੋਈ ਮਤਭੇਦ ਖੜ੍ਹਾ ਹੋ ਗਿਆ ਹੈ ਜਾਂ ਉਸਨੂੰ ਕਿਸੇ ਹੋਰ ਵਿਚਾਰਧਾਰਾ ਨਾਲ ਲਗਾਓ ਹੋ ਗਿਆ ਹੈ, ਤਾਂ ਅਜਿਹਾ ਵਿਅਕਤੀ ਪਹਿਲਾਂ ਉਹ ਸਾਰੇ ਅਹੁਦੇ ਤਿਆਗੇ, ਜੋ ਜਨ ਸਾਧਾਰਨ ਵਲੋਂ ਉਸ ਨੂੰ ਉਸ ਪਾਰਟੀ ’ਚ ਰਹਿੰਦਿਆਂ ਬਖਸ਼ੇ ਗਏ ਸਨ।

ਨਾਲ ਹੀ ਨਵੀਂ ਪਾਰਟੀ ’ਚ ਉਸ ਨੂੰ ਹੇਠਲੇ ਪੱਧਰ ’ਤੇ ਕੰਮ ਦਿੱਤਾ ਜਾਵੇ ਤਾਂ ਜੋ ਉਹ ਨਵੀਂ ਵਿਚਾਰਧਾਰਾ ਪ੍ਰਤੀ ਆਪਣੀ ਪ੍ਰਤੀਬੱਧਤਾ ਸਾਬਤ ਕਰ ਸਕੇ। ਸੰਭਵ ਹੈ ਕਈ ਲੋਕ ਇਸ ਪ੍ਰਕਿਰਿਆ ਨੂੰ ਅਸੰਭਵ ਜਾਂ ਅਮਲ ਨਾ ਕਰਨ ਯੋਗ ਕਹਿ ਕੇ ਭੰਡਣ। ਪ੍ਰੰਤੂ ਫਿਰ ਵੀ ਹਰ ਬਿਮਾਰੀ ਦਾ ਇਲਾਜ ‘ਜਨਤਾ’ ਰੂਪੀ ਡਾਕਟਰ ਕੋਲ ਹੀ ਹੈ। ਜਨਤਾ ਨੂੰ ਇਸ ਯੋਗ ਬਣਾਏ ਜਾਣ ਦਾ ਜ਼ਿੰਮਾ ਖੱਬੀਆਂ, ਜਮਹੂਰੀ ਤੇ ਅਗਾਂਹਵਧੂ ਤਾਕਤਾਂ ਅਤੇ ਲੋਕਰਾਜ ਦੇ ਖਰੇ ਹਮਾਇਤੀ ਬੁੱਧੀਜੀਵੀਆਂ ਸਿਰ ਹੀ ਹੈ।
- ਮੰਗਤ ਰਾਮ ਪਾਸਲਾ


author

Shubam Kumar

Content Editor

Related News