ਤੇਲ ਸੰਕਟ ਦਾ ਪ੍ਰਭਾਵ ਘੱਟ ਹੋਇਆ ਪਰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ

Saturday, Jul 25, 2026 - 06:30 PM (IST)

ਤੇਲ ਸੰਕਟ ਦਾ ਪ੍ਰਭਾਵ ਘੱਟ ਹੋਇਆ ਪਰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ

ਪੱਛਮੀ ਏਸ਼ੀਆਈ ਖਾੜੀ ਖੇਤਰ ਅਸਥਿਰਤਾ ਅਤੇ ਅਸੰਤੁਲਨ ਦੀ ਸਥਿਤੀ ’ਚ ਹੈ। ਹੋਰਮੁਜ਼ ਸਟ੍ਰੇਟ ਨੂੰ ਫਿਰ ਤੋਂ ਖੋਲ੍ਹਣ ਲਈ ਕੋਈ ਸਥਾਈ ਸਮਝੌਤਾ ਨਹੀਂ ਹੋ ਸਕਿਆ ਹੈ ਕਿਉਂਕਿ ਅਮਰੀਕਾ ਅਤੇ ਈਰਾਨ ਦੀਆਂ ਮੰਗਾਂ ਅਜੇ ਵੀ ਇਕ-ਦੂਜੇ ਤੋਂ ਬਹੁਤ ਵੱਖਰੀਆਂ ਹਨ। ਇਸ ਸਾਲ ਨਵੰਬਰ ’ਚ ਹੋਣ ਵਾਲੀਆਂ ਅਮਰੀਕੀ ਮੱਧਕਾਲੀ ਚੋਣਾਂ ਤੋਂ ਪਹਿਲਾਂ ਈਰਾਨ ਕੋਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਦੀ ਤੁਲਨਾ ’ਚ ਜ਼ਿਆਦਾ ਪ੍ਰਭਾਵ ਹੈ। ਪੂਰਨ ਸਮਝੌਤੇ ਦੀ ਘਾਟ ’ਚ, ਝੜਪਾਂ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ, ਜੋ ਪੂਰਨ ਯੁੱਧ ਵੱਲ ਪਰਤਣ ਦੇ ਵਧਦੇ ਖ਼ਤਰੇ ’ਚ ਝਲਕਦੀ ਹੈ।

ਫਿਰ ਵੀ, ਇਸ ਉਮੀਦ ’ਤੇ ਸ਼ੇਅਰ ਬਾਜ਼ਾਰਾਂ ’ਚ ਤੇਜ਼ੀ ਆਈ ਕਿ ਆਰਜ਼ੀ ਜੰਗਬੰਦੀ ਤੋਂ ਪੂਰਨ ਸਮਝੌਤਾ ਹੋ ਜਾਵੇਗਾ ਅਤੇ ਤਣਾਅ ’ਚ ਹਾਲੀਆ ਵਾਧੇ ’ਤੇ ਬਾਜ਼ਾਰਾਂ ਦੀ ਪ੍ਰਤੀਕਿਰਿਆ ਸੰਜਮੀ ਰਹੀ। ਵਿਕਾਸ ਅਤੇ ਮੁਦਰਾਸਫੀਤੀ ਪੱਖੋਂ ਸਮੁੱਚਾ ਆਰਥਿਕ ਪ੍ਰਭਾਵ ਤੁਲਨਾ ’ਚ ਘਟ ਰਿਹਾ ਹੈ। ਗਲੋਬਲ ਤੇਲ ਸਪਲਾਈ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਰੁਕਾਵਟ ਹੋਣ ਦੇ ਬਾਵਜੂਦ, 1970 ਦੇ ਦਹਾਕੇ ਦੇ ਤੇਲ ਸੰਕਟਾਂ ਦਾ ਪ੍ਰਭਾਵ ਕਿਤੇ ਜ਼ਿਆਦਾ ਸੀ।

ਈਰਾਨ ਦੀ ਰਣਨੀਤੀ ਤੇਲ ਦੇ ਹਥਿਆਰਬੰਦੀ ’ਤੇ ਕੇਂਦਰਿਤ ਹੈ, ਜਿਸ ਦਾ ਇਕ ਲੰਮਾ ਇਤਿਹਾਸ ਰਿਹਾ ਹੈ। ਕੁਝ ਇਤਿਹਾਸਕਾਰ ਦਲੀਲ ਦਿੰਦੇ ਹਨ ਕਿ ਪਹਿਲੇ ਵਿਸ਼ਵ ਯੁੱਧ ’ਚ ਜਰਮਨੀ ਦੀ ਹਾਰ ਦਾ ਇਕ ਕਾਰਨ ਇਹ ਸੀ ਕਿ ਮਿੱਤਰ ਦੇਸ਼ਾਂ ਵਲੋਂ ਲਗਾਈ ਗਈ ਸਮੁੰਦਰੀ ਨਾਕੇਬੰਦੀ ਕਾਰਨ ਉਸ ਨੂੰ ਤੇਲ ਨਹੀਂ ਮਿਲ ਰਿਹਾ ਸੀ। ਇਸੇ ਤਰ੍ਹਾਂ, ਜਪਾਨ ਨੇ ਪਰਲ ਹਾਰਬਰ ’ਚ ਅਮਰੀਕੀ ਬੇੜੇ ’ਤੇ ਹਮਲਾ ਕਰਨ ਦਾ ਘਾਤਕ ਫ਼ੈਸਲਾ ਇਸ ਲਈ ਲਿਆ ਕਿਉਂਕਿ ਅਮਰੀਕੀ ਰਾਸ਼ਟਰਪਤੀ ਫ੍ਰੈਂਕਲਿਨ ਰੂਜ਼ਵੈਲਟ ਦੇ ਪ੍ਰਸ਼ਾਸਨ ਵਲੋਂ ਚੀਨ ’ਤੇ ਹਮਲਾ ਕਰਨ ਕਾਰਨ ਉਸ ’ਤੇ ਤੇਲ ਦੀ ਪਾਬੰਦੀ ਲਗਾ ਦਿੱਤੀ ਸੀ ਅਤੇ ਸਟਾਲਿਨ ਨੇ ਬਾਅਦ ’ਚ ਦਾਅਵਾ ਕੀਤਾ ਕਿ ਨਾਜ਼ੀਆਂ ਦੀ ਦੂਜੀ ਵਿਸ਼ਵ ਜੰਗ ’ਚ ਹਾਰ ਇਸ ਲਈ ਹੋਈ ਕਿਉਂਕਿ ਸੋਵੀਅਤ ਸੰਘ ਨੇ ਧੁਰੀ ਸ਼ਕਤੀਆਂ ਨੂੰ ਕਾਕੇਸ਼ਸ ’ਚ ਤੇਲ ਖੇਤਰਾਂ ’ਤੇ ਕਬਜ਼ਾ ਕਰਨ ਤੋਂ ਰੋਕ ਦਿੱਤਾ ਸੀ।

1970 ਦੇ ਦਹਾਕੇ ਤੋਂ ਬਾਅਦ, ਓਪੇਕ ਉਤਪਾਦਕ ਦੇਸ਼ਾਂ ਨੇ ਮਹਿਸੂਸ ਕੀਤਾ ਕਿ ਤੇਲ ਦੀ ਹਥਿਆਰ ਵਜੋਂ ਵਰਤੋਂ ਕਰਨੀ ਉਲਟੀ ਪੈ ਸਕਦੀ ਹੈ। ਤੇਲ ਦੀਆਂ ਕੀਮਤਾਂ ’ਚ ਇੰਨਾ ਵੱਡਾ ਉਛਾਲ, ਜਿਸ ਨਾਲ ਗਲੋਬਲ ਮਹਿੰਗਾਈ ਅਤੇ ਆਰਥਿਕ ਸੰਕਟ ਪੈਦਾ ਹੋ ਜਾਵੇ, ਅੰਤ ’ਚ ਤੇਲ ਦੀ ਮੰਗ ਅਤੇ ਕੀਮਤਾਂ ’ਚ ਭਾਰੀ ਗਿਰਾਵਟ ਦਾ ਕਾਰਨ ਬਣੇਗਾ ਜਿਵੇਂ ਕਿ 1981-82 ’ਚ ਹੋਇਆ ਸੀ। ਇਸ ਲਈ ਸਾਊਦੀ ਅਰਬ ਅਤੇ ਹੋਰ ਖਾੜੀ ਦੇਸ਼ਾਂ ਵਰਗੇ ਕੁਝ ਜ਼ਿੰਮੇਵਾਰ ਦੇਸ਼ ਭੂ-ਸਿਆਸੀ ਝਟਕਿਆਂ ਕਾਰਨ ਤੇਲ ਦੀਆਂ ਕੀਮਤਾਂ ’ਚ ਅਚਾਨਕ ਵਾਧਾ ਹੋਣ ’ਤੇ ਸਪਲਾਈ ਵਧਾਉਣ ਲਈ ਤਿਆਰ ਅਤੇ ਸਮਰੱਥ ਰਹੇ ਹਨ।

ਇਸ ਤੋਂ ਇਲਾਵਾ 1970 ਦੇ ਦਹਾਕੇ ਤੋਂ ਊਰਜਾ ਸਮਰੱਥਾ ’ਚ ਹੋਈ ਤਰੱਕੀ ਕਾਰਨ ਉਤਪਾਦਨ ਅਤੇ ਖਪਤ ’ਚ ਦਰਾਮਦ ਕੀਤੇ ਤੇਲ ਦਾ ਹਿੱਸਾ ਘੱਟ ਹੁੰਦਾ ਜਾ ਰਹਾ ਹੈ। ਓਪੇਕ ਦੀ ਬਾਜ਼ਾਰ ਸ਼ਕਤੀ ’ਚ ਗਿਰਾਵਟ ਆਈ ਹੈ ਕਿਉਂਕਿ ਇਸ ਦੇ ਮੈਂਬਰਾਂ ਨੇ ਇਕਜੁੱਟ ਹੋ ਕੇ ਅੱਗੇ ਵਧਣ ਦੀ ਲੋੜ ਦੀ ਬਜਾਏ ਆਪਣੇ ਹਿੱਤਾਂ ਨੂੰ ਪਹਿਲ ਦਿੱਤੀ ਹੈ (ਸੰਯੁਕਤ ਅਰਬ ਅਮੀਰਾਤ ਹਾਲ ਹੀ ’ਚ ਇਸ ਤੋਂ ਅਲੱਗ ਹੋਇਆ ਹੈ) ਅਤੇ ਸਪਲਾਈ ਦੇ ਨਵੇਂ ਸੋਮੇ ਸਾਹਮਣੇ ਆਏ ਹਨ, ਵਿਸ਼ੇਸ਼ ਤੌਰ ’ਤੇ ਅਮਰੀਕਾ ’ਚ ਸ਼ੈੱਲ ਊਰਜਾ ਕ੍ਰਾਂਤੀ ਤੋਂ ਬਾਅਦ।

1970 ਦੇ ਦਹਾਕੇ ਦੇ ਆਰਥਿਕ ਸੰਕਟਾਂ ਤੋਂ ਬਾਅਦ, ਅਮਰੀਕਾ, ਯੂਰਪ, ਚੀਨ ਅਤੇ ਜਪਾਨ ਸਮੇਤ ਮੁੱਖ ਤੇਲ ਖਪਤਕਾਰਾਂ ਨੇ ਰਣਨੀਤਕ ਪੈਟਰੋਲੀਅਮ ਭੰਡਾਰ ਵੀ ਜਮ੍ਹਾ ਕਰ ਲਏ ਸਨ, ਜਿਨ੍ਹਾਂ ਨੂੰ ਕੀਮਤਾਂ ’ਚ ਉਛਾਲ ਆਉਣ ’ਤੇ ਵਰਤਿਆ ਜਾ ਸਕਦਾ ਸੀ (ਜੋ ਇਸ ਸਾਲ ਮਜ਼ਬੂਤੀ ਦਾ ਇਕ ਮੁੱਖ ਸੋਮਾ ਰਿਹਾ)। ਤੇਲ ਦੇ ਬਦਲ—ਕੁਦਰਤੀ ਗੈਸ, ਨਵਿਆਉਣਯੋਗ ਊਰਜਾ ਅਤੇ ਨਵੇਂ ਸੁਰੱਖਿਅਤ ਮੌਡਿਊਲਰ ਪ੍ਰਮਾਣੂ ਰਿਐਕਟਰ ਨੇ ਪ੍ਰਸਿੱਧੀ ਅਤੇ ਬਾਜ਼ਾਰ ਹਿੱਸੇਦਾਰੀ ਹਾਸਲ ਕਰ ਲਈ ਹੈ। ਭਵਿੱਖ ’ਚ, ਊਰਜਾ ਦੀ ਗਲੋਬਲ ਮੰਗ ਦਾ ਇਕ ਵਧਦਾ ਹੋਇਆ ਹਿੱਸਾ ਇਲੈਕਟ੍ਰਿਕ ਵਾਹਨਾਂ ਅਤੇ ਬੈਟਰੀਆਂ ਦੇ ਮਾਧਿਅਮ ਨਾਲ ਅਜਿਹੀ ਬਿਜਲੀ ਤੋਂ ਪੂਰਾ ਕੀਤਾ ਜਾਵੇਗਾ ਜਿਸ ਦਾ ਉਤਪਾਦਨ ਤੇਲ ਤੋਂ ਬਿਨਾਂ ਕੀਤਾ ਜਾ ਸਕਦਾ ਹੈ।

ਨਾਲ ਹੀ, ਤੇਲ ਸੰਕਟਾਂ ਪ੍ਰਤੀ ਮਿਆਰੀ ਵਿਆਪਕ ਨੀਤੀਗਤ ਪ੍ਰਤੀਕਿਰਿਆ (ਸਰਕਾਰੀ ਖਜ਼ਾਨਾ ਅਤੇ ਕਰੰਸੀ ਦੋਵੇਂ) ’ਚ ਸੁਧਾਰ ਹੋਇਆ ਹੈ, ਜਿਸ ਨਾਲ ਮਹਿੰਗਾਈ ਦੀਆਂ ਉਮੀਦਾਂ ’ਚ 1970 ਦੇ ਦਹਾਕੇ ਵਰਗੀ ਅਸਥਿਰਤਾ ਨੂੰ ਰੋਕਣ ’ਚ ਮਦਦ ਮਿਲੀ ਹੈ ਅਤੇ ਅੰਸ਼ਿਕ ਤੌਰ ’ਤੇ ਇਨ੍ਹਾਂ ਹੀ ਕਾਰਕਾਂ ਦੇ ਨਤੀਜੇ ਵਜੋਂ, ਤੇਲ ਸੰਕਟ 1970 ਦੇ ਦਹਾਕੇ ਦੇ ਸੰਕਟਾਂ ਦੀ ਤੁਲਨਾ ’ਚ ਘੱਟ ਲੰਬੇ ਸਮੇਂ ਦੇ ਅਤੇ ਘੱਟ ਸਮੇਂ ਤੱਕ ਚੱਲਣ ਵਾਲੇ ਹੋ ਗਏ ਹਨ, ਜੋ ਲਗਭਗ ਇਕ ਦਹਾਕੇ ਤੱਕ ਚੱਲੇ ਸਨ। 1990-91 ਦਾ ਤੇਲ ਸੰਕਟ ਨੌਂ ਮਹੀਨੇ ਚੱਲਿਆ, 2000-01 ਦਾ ਸੰਕਟ ਉਸ ਤੋਂ ਵੀ ਘੱਟ ਸਮੇਂ ਤੱਕ ਚੱਲਿਆ ਅਤੇ ਪਿਛਲੇ ਸਾਲ ਦੇ 12 ਦਿਨਾ ਜੰਗ ਤੋਂ ਬਾਅਦ ਦਾ ਸੰਕਟ ਸਿਰਫ ਕੁਝ ਹਫ਼ਤਿਆਂ ਤੱਕ ਹੀ ਰਿਹਾ।

ਅੰਤ ’ਚ, ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਪਿਛਲੇ ਦ੍ਰਿਸ਼ਾਂ ਦੇ ਉਲਟ, ਜਿਨ੍ਹਾਂ ’ਚ ਮੈਕਰੋ ਅਤੇ ਬਾਜ਼ਾਰ ਦੇ ਰੁਝਾਨ ਤੇਲ ਸੰਕਟ ਤੋਂ ਪ੍ਰਭਾਵਿਤ ਸਨ ਅਤੇ ਜਿਸ ਦੇ ਨਤੀਜੇ ਵਜੋਂ ਕੁੱਲ ਸਪਲਾਈ ’ਚ ਨਕਾਰਾਤਮਕ ਗਿਰਾਵਟ ਆਈ ਸੀ, ਮੌਜੂਦਾ ਸਥਿਤੀ ’ਚ, ਏ.ਆਈ. ਨਿਵੇਸ਼ ’ਚ ਤੇਜ਼ੀ ਦੇ ਰੂਪ ’ਚ ਇਕ ਲੰਮੇ ਸਮੇਂ ਦੀ ਉਸਾਰੂ ਕੁੱਲ ਸਪਲਾਈ ’ਚ ਗਿਰਾਵਟ ਦੇਖੀ ਜਾ ਰਹੀ ਹੈ। ਤਕਨਾਲੋਜੀ ਉਦਯੋਗ ਦੇ ਅਨੁਕੂਲ ਮਾਹੌਲ ਨਾਲ ਕਈ ਦੇਸ਼ਾਂ ਅਤੇ ਖੇਤਰਾਂ ’ਚ ਮਜ਼ਬੂਤ ਵਿਕਾਸ ਅਤੇ ਘੱਟ ਮਹਿੰਗਾਈ ਨੂੰ ਹੱਲਾਸ਼ੇਰੀ ਮਿਲ ਰਹੀ ਹੈ, ਇਹੀ ਕਾਰਨ ਹੈ ਕਿ ਇਸ ਬਸੰਤ ’ਚ ਜਦੋਂ ਤੇਲ ਦੀ ਕੀਮਤ 100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਸੀ, ਉਦੋਂ ਵੀ ਅਮਰੀਕੀ ਸ਼ੇਅਰ ਬਾਜ਼ਾਰ ਨਵੇਂ ਉੱਚ ਪੱਧਰ ’ਤੇ ਪਹੁੰਚ ਗਏ ਸਨ। ਹਾਲਾਂਕਿ ਜੁਲਾਈ ’ਚ ਨਵੇਂ ਸਿਰੇ ਤੋਂ ਸ਼ੁਰੂ ਹੋਈਆਂ ਦੁਸ਼ਮਣੀਆਂ ਤੋਂ ਬਾਅਦ ਇਸ ’ਚ ਕੁਝ ਸੁਧਾਰ ਹੋਇਆ ਹੈ ਪਰ ਇਹ ਮਾਮੂਲੀ ਹੀ ਰਿਹਾ ਹੈ।

ਬੇਸ਼ੱਕ, ਜੇਕਰ ਇਹ ਝੜਪਾਂ ਵੱਡੇ ਪੱਧਰ ’ਤੇ ਜੰਗ ’ਚ ਤਬਦੀਲ ਹੋ ਜਾਂਦੀਆਂ ਹਨ, ਤਾਂ ਆਰਥਿਕ ਸਿੱਟੇ ਅਤੇ ਬਾਜ਼ਾਰ ’ਤੇ ਇਸ ਦਾ ਅਸਰ ਹੋਰ ਵੀ ਗੰਭੀਰ ਹੋ ਸਕਦਾ ਹੈ। ਲੰਮੇ ਸਮੇਂ ਤੱਕ ਚੱਲਣ ਵਾਲੇ ਇਸ ਸੰਘਰਸ਼ ਨਾਲ ਮਹਿੰਗਾਈ ਅਤੇ ਆਰਥਿਕ ਮੰਦੀ ਦਾ ਖ਼ਤਰਾ ਵਧ ਸਕਦਾ ਹੈ।

— ਨੌਰੀਅਲ ਰੌਬਿਨੀ


author

Anmol Tagra

Content Editor

Related News