ਉੱਦਮੀ ਕਰ ਰਹੇ ਆਤਮਨਿਰਭਰ ਭਾਰਤ ਦਾ ਨਿਰਮਾਣ
Thursday, Jul 23, 2026 - 04:53 PM (IST)
ਜਦੋਂ 2020 ’ਚ ਕੋਵਿਡ-19 ਮਹਾਮਾਰੀ ਨੇ ਲੋਕਾਂ ਦੇ ਜੀਵਨ ਅਤੇ ਰੋਜ਼ੀ-ਰੋਟੀ ’ਤੇ ਬੁਰਾ ਅਸਰ ਪਾਇਆ, ਤਾਂ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਮਹਿਸੂਸ ਕੀਤਾ ਕਿ ਮੁੜ ਤੋਂ ਪਹਿਲਾਂ ਦੀ ਸਥਿਤੀ ਬਹਾਲ ਕਰਨ ਦੀ ਪ੍ਰਕਿਰਿਆ ਸਿਰਫ਼ ਵੱਡੇ ਉਦਯੋਗਾਂ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ ਹੈ। ਇਸ ਨੂੰ ਸਭ ਤੋਂ ਛੋਟੇ ਉਤਪਾਦਕਾਂ ਅਤੇ ਉੱਦਮਾਂ ਤੱਕ ਵੀ ਪਹੁੰਚਣਾ ਚਾਹੀਦਾ ਹੈ, ਖਾਸ ਕਰ ਕੇ ਉਨ੍ਹਾਂ ਉੱਦਮਾਂ ਤੱਕ, ਜੋ ਭਾਰਤ ਦੇ ਪਿੰਡਾਂ ਅਤੇ ਛੋਟੇ ਸ਼ਹਿਰਾਂ ’ਚ ਕੰਮ ਕਰ ਰਹੇ ਹਨ।
ਇਸ ਉਦੇਸ਼ ਨਾਲ, ਉਸ ਸਾਲ, ਆਤਮ-ਨਿਰਭਰ ਭਾਰਤ ਅਭਿਆਨ ਦੇ ਤਹਿਤ ਪ੍ਰਧਾਨ ਮੰਤਰੀ ਸੂਖਮ ਫੂਡ ਪ੍ਰੋਸੈਸਿੰਗ ਉੱਦਮ ਰਸਮੀਕਰਣ ਯੋਜਨਾ ਸ਼ੁਰੂ ਕੀਤੀ ਗਈ ਸੀ। ਇਸ ਦੀ ਸ਼ੁਰੂਆਤ ਖੁਰਾਕ ਅਰਥਵਿਵਸਥਾ ਦੇ ਉਸ ਹਿੱਸੇ ਨਾਲ ਹੋਈ, ਜੋ ਲੰਬੇ ਸਮੇਂ ਤੱਕ ਰਸਮੀ ਵਿੱਤ ਅਤੇ ਸੰਸਥਾਗਤ ਸਮਰਥਨ ਤੋਂ ਬਾਹਰ ਰਿਹਾ ਸੀ : ਸੂਖਮ ਫੂਡ ਪ੍ਰੋਸੈਸਿੰਗ, ਜੋ ਪਹਿਲਾਂ ਹੀ ਉਤਪਾਦਨ ਅਤੇ ਵਿਕਰੀ ਕਰ ਰਹੇ ਸਨ ਅਤੇ ਕੁਝ ਲੋਕਾਂ ਨੂੰ ਰੁਜ਼ਗਾਰ ਦੇ ਰਹੇ ਸਨ ਪਰ ਜਿਨ੍ਹਾਂ ਕੋਲ ਅੱਗੇ ਵਧਣ ਲਈ ਲੋੜੀਂਦੀ ਪੂੰਜੀ ਜਾਂ ਮਾਰਗਦਰਸ਼ਨ ਨਹੀਂ ਸੀ। ਇਹ ਯੋਜਨਾ ਉਸ ਵਿਸ਼ਵਾਸ ਨੂੰ ਦਰਸਾਉਂਦੀ ਹੈ, ਜਿਸ ਨੂੰ ਪ੍ਰਧਾਨ ਮੰਤਰੀ ਲਗਾਤਾਰ ਮੰਨਦੇ ਰਹੇ ਹਨ, ਕਿ ਭਾਰਤ ਦਾ ਵਿਕਾਸ ਇਸ ਦੇ ਅਾਧਾਰ ਤੋਂ ਸ਼ੁਰੂ ਹੋਣਾ ਚਾਹੀਦਾ ਹੈ, ਭਾਵ ਉਨ੍ਹਾਂ ਲੋਕਾਂ ਦਰਮਿਆਨ, ਜੋ ਆਪਣੇ ਖੁਦ ਦੇ ਉੱਦਮ ਸ਼ੁਰੂ ਕਰਨਾ ਚਾਹੁੰਦੇ ਹਨ।
ਪੀ. ਐੱਮ. ਐੱਫ. ਐੱਮ. ਈ. ਦੇ ਕ੍ਰੈਡਿਟ ਨਾਲ ਜੁੜੇ ਕੰਪੋਨੈਂਟ ਦੇ ਤਹਿਤ ਹੁਣ ਤੱਕ ਦੋ ਲੱਖ ਤੋਂ ਵੱਧ ਮਨਜ਼ੂਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਇਹ ਉਪਲੱਬਧੀ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਸ ਦੇ ਪਿੱਛੇ ਉਹ ਉੱਦਮੀ ਹਨ, ਜੋ ਰਸਮੀ ਕ੍ਰੈਡਿਟ ਸਿਸਟਮ ਨਾਲ ਜੁੜੇ ਹਨ ਅਤੇ ਜਿਨ੍ਹਾਂ ਨੂੰ ਆਪਣੇ ਉੱਦਮ-ਨਿਰਮਾਣ ਦਾ ਅਸਲੀ ਮੌਕਾ ਮਿਲਿਆ ਹੈ। ਇਹ ਜਸ਼ਨ ਮਨਾਉਣ ਯੋਗ ਉਪਲੱਬਧੀ ਹੈ ਅਤੇ ਉਨ੍ਹਾਂ ਲੋਕਾਂ ਦਾ ਸਨਮਾਨ ਕਰਨ ਦਾ ਮੌਕਾ ਹੈ, ਜਿਨ੍ਹਾਂ ਨੇ ਇਸ ਨੂੰ ਸੰਭਵ ਬਣਾਇਆ ਹੈ।
ਇਨ੍ਹਾਂ ’ਚੋਂ ਸਭ ਤੋਂ ਪਹਿਲੇ ਵਿਅਕਤੀ ਸ਼੍ਰੀ ਜਮਨਾ ਲਾਲ ਪਾਟੀਦਾਰ ਸਨ, ਜਿਨ੍ਹਾਂ ਦੀ ਅਰਜ਼ੀ ਪੀ. ਐੱਮ. ਐੱਫ. ਐੱਮ. ਈ ਦੇ ਤਹਿਤ ਸਭ ਤੋਂ ਪਹਿਲਾਂ ਮਨਜ਼ੂਰ ਕੀਤੀ ਗਈ ਸੀ। 10ਵੀਂ ਪਾਸ ਇਸ ਉੱਦਮੀ ਕੋਲ ਫੂਡ ਪ੍ਰੋਸੈਸਿੰਗ ਦਾ ਕੋਈ ਤਜਰਬਾ ਨਹੀਂ ਸੀ ਪਰ ਇਨ੍ਹਾਂ ਨੇ 10 ਲੱਖ ਰੁਪਏ ਦੇ ਨਿਵੇਸ਼ ਨਾਲ ਧਨੀਆ ਪ੍ਰੋਸੈਸਿੰਗ ਯੂਨਿਟ ਸ਼ੁਰੂ ਕੀਤਾ। ਇਸ ਯੋਜਨਾ ਦੀ ਮਦਦ ਨਾਲ ਉਨ੍ਹਾਂ ਨੂੰ ਵਿੱਤ, ਮਸ਼ੀਨਰੀ ਅਤੇ ਮਾਰਗਦਰਸ਼ਨ ਦੀ ਸਹੂਲਤ ਮਿਲੀ ਅਤੇ ਉਨ੍ਹਾਂ ਦਾ ਵਿਚਾਰ ਇਕ ਕਾਮਯਾਬ ਕਾਰੋਬਾਰ ’ਚ ਬਦਲ ਗਿਆ, ਜੋ ਅੱਜ ਪੰਜ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ।
ਉਨ੍ਹਾਂ ਦੀ ਕਹਾਣੀ ਇਕ ਸਰਲ ਗੱਲ ਦੱਸਦੀ ਹੈ। ਉੱਦਮਤਾ ਸਿਰਫ਼ ਚੰਗੇ ਪਰਿਵਾਰ ਜਾਂ ਚੰਗੀ ਸਿੱਖਿਆ ਪ੍ਰਾਪਤ ਲੋਕਾਂ ਦਾ ਵਿਸ਼ੇਸ਼ ਅਧਿਕਾਰ ਨਹੀਂ ਹੈ। ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਕੀ ਕੋਈ ਵਿਅਕਤੀ ਆਪਣੇ ਵਿਚਾਰ ਨੂੰ ਅਮਲ ’ਚ ਲਿਆਉਣ ਲਈ ਵਿੱਤ, ਤਕਨਾਲੋਜੀ ਅਤੇ ਸਹਾਇਤਾ ਪ੍ਰਾਪਤ ਕਰ ਸਕਦਾ ਹੈ। ਆਮ ਭਾਰਤੀਆਂ ਨੂੰ ਉੱਦਮ ਬਣਾਉਣ ਅਤੇ ਦੂਜਿਆਂ ਨੂੰ ਰੁਜ਼ਗਾਰ ਦੇਣ ’ਚ ਸਮਰੱਥ ਬਣਾ ਕੇ, ਪੀ. ਐੱਮ. ਐੱਫ. ਐੱਮ. ਈ ਯੋਜਨਾ ਪ੍ਰਧਾਨ ਮੰਤਰੀ ਦੇ ਉਸ ਵਿਜ਼ਨ ਨੂੰ ਅੱਗੇ ਵਧਾ ਰਹੀ ਹੈ, ਜਿਸ ’ਚ ਨੌਕਰੀ ਲੱਭਣ ਵਾਲਿਆਂ ਨੂੰ ਨੌਕਰੀ ਦੇਣ ਵਾਲਿਆਂ ’ਚ ਬਦਲਣ ਦੀ ਗੱਲ ਕਹੀ ਗਈ ਹੈ।
ਇਸ ਬਦਲਾਅ ’ਚ ਮਹਿਲਾਵਾਂ ਦੀ ਪ੍ਰਮੁੱਖ ਭੂਮਿਕਾ ਰਹੀ ਹੈ। ਕ੍ਰੈਡਿਟ ਨਾਲ ਜੁੜੀਆਂ ਦੋ ਲੱਖ ਮਨਜ਼ੂਰੀਆਂ ਵਿਚੋਂ ਲਗਭਗ 44 ਪ੍ਰਤੀਸ਼ਤ ਦਾ ਲਾਭ ਮਹਿਲਾਵਾਂ ਦੀ ਅਗਵਾਈ ਵਾਲੇ ਉੱਦਮਾਂ ਨੂੰ ਮਿਲਿਆ ਹੈ, ਜਦਕਿ 4 ਲੱਖ ਤੋਂ ਵੱਧ ਸਵੈ-ਸਹਾਇਤਾ ਸਮੂਹਾਂ ਦੇ ਮੈਂਬਰਾਂ ਨੇ ਆਪਣੇ ਕਾਰੋਬਾਰ ਨੂੰ ਮਜ਼ਬੂਤ ਅਤੇ ਉੱਨਤ ਕਰਨ ਲਈ ਸ਼ੁਰੂਆਤੀ ਪੂੰਜੀ ਪ੍ਰਾਪਤ ਕੀਤੀ ਹੈ। ਪੂਰੀ ਯੋਜਨਾ ਨਾਲ 20,300 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਆਕਰਸ਼ਿਤ ਹੋਇਆ ਹੈ ਅਤੇ ਲਗਭਗ 6 ਲੱਖ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਏ ਹਨ। 75,000 ਤੋਂ ਵੱਧ ਇਕਾਈਆਂ ‘ਉੱਦਮ ਰਜਿਸਟ੍ਰੇਸ਼ਨ’ ਅਤੇ ਐੱਫ. ਐੱਸ. ਐੱਸ. ਏ. ਆਈ ਅਤੇ ਜੀ. ਐੱਸ. ਟੀ. ਦੇ ਤਹਿਤ ਪਾਲਣਾ ਦੇ ਰਾਹੀਂ ਰਸਮੀ ਅਰਥਵਿਵਸਥਾ ਦਾ ਹਿੱਸਾ ਬਣ ਚੁੱਕੀਆਂ ਹਨ। ਕਈ ਔਰਤਾਂ ਲਈ ਇਸ ਦਾ ਮਤਲਬ ਹੈ, ਘਰ ਜਾਂ ਭਾਈਚਾਰੇ ’ਚ ਅਭਿਆਸ ਕੀਤੇ ਜਾਣ ਵਾਲੇ ਹੁਨਰ ਨੂੰ ਅਜਿਹੇ ਮਾਨਤਾ ਪ੍ਰਾਪਤ ਉੱਦਮਾਂ ’ਚ ਬਦਲਣਾ, ਜਿੱਥੇ ਉਨ੍ਹਾਂ ਨੂੰ ਵਿੱਤ, ਤਕਨਾਲੋਜੀ ਅਤੇ ਵੱਡੇ ਬਾਜ਼ਾਰਾਂ ਤੱਕ ਪਹੁੰਚ ਮਿਲ ਸਕੇ। ਇਸ ਬਦਲਾਅ ’ਚ ਹੋਰ ਔਰਤਾਂ ਦੀ ਮਦਦ ਕਰਨਾ ਅਗਲੇ ਪੜਾਅ ਦੀ ਪਹਿਲ ਹੋਣੀ ਚਾਹੀਦੀ ਹੈ।
ਇਨ੍ਹਾਂ ’ਚੋਂ ਹਰੇਕ ਅੰਕੜੇ ਦੇ ਪਿੱਛੇ ਇਕ ਵੱਡਾ ਲਾਭ ਲੁਕਿਆ ਹੋਇਆ ਹੈ। ਇਕ ਕੰਮਕਾਜੀ ਉੱਦਮੀ ਕਿਸਾਨ ਦੀ ਫ਼ਸਲ ਖਰੀਦਦਾ ਹੈ, ਹਰ ਫ਼ਸਲ ਤੋਂ ਬਾਅਦ ਹੋਣ ਵਾਲੇ ਨੁਕਸਾਨ ਨੂੰ ਘਟਾਉਂਦਾ ਹੈ ਅਤੇ ਵੱਧ ਤੋਂ ਵੱਧ ਮੁੱਲ ਉੱਥੇ ਹੀ ਰੱਖਦਾ ਹੈ ਜਿੱਥੇ ਇਸ ਨੂੰ ਬਣਾਇਆ ਗਿਆ ਹੈ। ਇਕ ਸਥਾਨਕ ਫ਼ਸਲ ਬ੍ਰਾਂਡਿਡ ਉਤਪਾਦ ਬਣ ਜਾਂਦੀ ਹੈ। ਇਕ ਘਰੇਲੂ ਹੁਨਰ ਸਥਾਈ ਰੁਜ਼ਗਾਰ ਬਣ ਜਾਂਦਾ ਹੈ। ਸਮੇਂ ਦੇ ਨਾਲ, ਇਕ ਜ਼ਿਲੇ ਦੀ ਪਛਾਣ ਉਸ ਦੇ ਦੁਆਰਾ ਬਣਾਈਆਂ ਗਈਆਂ ਚੀਜ਼ਾਂ ਤੋਂ ਹੋਣ ਲੱਗਦੀ ਹੈ। ਵਿਵਹਾਰਿਕ ਤੌਰ ’ਤੇ ਇਹੋ ‘ਵੋਕਲ ਫਾਰ ਲੋਕਲ’ ਹੈ, ਇਕ ਸਮੇਂ ’ਚ ਇਕ ਉੱਦਮ।
ਪੀ. ਐੱਮ. ਐੱਫ. ਐੱਮ. ਈ. ਦੇ ਤਹਿਤ ਦੋ ਲੱਖਵੀਂ ਮਨਜ਼ੂਰੀ ਰਾਂਚੀ ਦੇ ਸ਼੍ਰੀ ਇੰਦਰਜੀਤ ਸਿੰਘ ਨੂੰ ਮਿਲੀ, ਜੋ ਇਕ ਬੇਕਰੀ ਬਣਾ ਰਹੇ ਹਨ ਅਤੇ ਸੁਪਨਾ ਦੇਖਦੇ ਹਨ ਕਿ ਉਨ੍ਹਾਂ ਦੇ ਕੇਕ ਅਤੇ ਪੇਸਟਰੀਆਂ ਇਕ ਦਿਨ ਪੂਰੇ ਝਾਰਖੰਡ ਵਿਚ ਮਸ਼ਹੂਰ ਹੋਣਗੀਆਂ। ਜੇਕਰ ਪਾਟੀਦਾਰ ਦਿਖਾਉਂਦੇ ਹਨ ਕਿ ਇਹ ਯਾਤਰਾ ਕਿੰਨੀ ਦੂਰ ਤੱਕ ਜਾ ਸਕਦੀ ਹੈ, ਤਾਂ ਸਿੰਘ ਦਿਖਾਉਂਦੇ ਹਨ ਕਿ ਇਹ ਹੁਣ ਹੋਰ ਰਫ਼ਤਾਰ ਫੜ ਰਹੀ ਹੈ।
ਅੱਗੇ ਦੇ ਰਸਤੇ ਦਾ ਇਹੀ ਰੂਪ ਹੈ। ਸੂਖਮ ਫੂਡ ਪ੍ਰੋਸੈਸਿੰਗ ਲਈ ਰਸਮੀ ਕ੍ਰੈਡਿਟ ਨੂੰ ਸੁਵਿਧਾਜਨਕ ਬਣਾਉਣਾ ਪਹਿਲਾ ਕੰਮ ਸੀ ਅਤੇ ਮੁਸ਼ਕਲ ਪਰ ਸਭ ਤੋਂ ਵੱਧ ਸੰਤੁਸ਼ਟੀ ਦੇਣ ਵਾਲਾ ਕੰਮ ਇਹ ਹੈ ਕਿ ਹਰ ਮਨਜ਼ੂਰੀ ਨੂੰ ਅਸਲ ’ਚ ਦਿੱਤੇ ਗਏ ਕ੍ਰੈਡਿਟ ’ਚ ਬਦਲਣਾ ਅਤੇ ਹਰੇਕ ਕ੍ਰੈਡਿਟ ਤੋਂ ਇਕ ਅਜਿਹਾ ਕਾਰੋਬਾਰ ਬਣਾਉਣਾ, ਜੋ ਕਾਰੋਬਾਰ ਕਰੇ ਅਤੇ ਲੰਬੇ ਸਮੇਂ ਤੱਕ ਚਲਦਾ ਰਹੇ। ਮਨਜ਼ੂਰੀ ਨਾਲ ਦਰਵਾਜ਼ਾ ਖੁੱਲ੍ਹਦਾ ਹੈ।
ਪੀ. ਐੱਮ. ਐੱਫ. ਐੱਮ. ਈ. ਦੇ ਅਗਲੇ ਪੜਾਅ ਦੀ ਦਿਸ਼ਾ ਇਹੋ ਹੋਣੀ ਚਾਹੀਦੀ ਹੈ। ਅਸੀਂ ਹੋਣਹਾਰ ਉੱਦਮਾਂ ਤੱਕ ਤੇਜ਼ੀ ਨਾਲ ਕ੍ਰੈਡਿਟ ਪਹੁੰਚਾਵਾਂਗੇ, ਬਿਹਤਰ ਤਕਨਾਲੋਜੀ ਅਤੇ ਪੈਕੇਜਿੰਗ ਅਪਣਾਉਣ ’ਚ ਉਨ੍ਹਾਂ ਦੀ ਮਦਦ ਕਰਾਂਗੇ, ਬਾਜ਼ਾਰ ਤੱਕ ਉਨ੍ਹਾਂ ਦੀ ਪਹੁੰਚ ਦਾ ਵਿਸਤਾਰ ਕਰਾਂਗੇ ਅਤੇ ਇਨ੍ਹਾਂ ’ਚੋਂ ਬਹੁਤ ਸਾਰੇ ਉੱਦਮੀਆਂ ਨੂੰ ਘਰੇਲੂ ਅਤੇ ਅੰਤਰਰਾਸ਼ਟਰੀ ਖਰੀਦਦਾਰਾਂ ਤੱਕ ਪਹੁੰਚਣ ਲਈ ਤਿਆਰ ਕਰਾਂਗੇ। ਅਸੀਂ ਉੱਦਮੀਆਂ ਨਾਲ ਮਨਜ਼ੂਰੀ ਦੇ ਸਿਰਫ਼ ਪਹਿਲਾਂ ਹੀ ਨਹੀਂ, ਸਗੋਂ ਮਨਜ਼ੂਰੀ ਤੋਂ ਬਾਅਦ ਵੀ ਖੜ੍ਹੇ ਰਹਾਂਗੇ, ਉਨ੍ਹਾਂ ਨੂੰ ਲਗਾਤਾਰ ਅਜਿਹਾ ਸਹਿਯੋਗ ਦੇਵਾਂਗੇ, ਜਿਸ ਨਾਲ ਉਨ੍ਹਾਂ ਦਾ ਪਹਿਲਾ ਕ੍ਰੈਡਿਟ ਸਥਾਈ ਰੋਜ਼ੀ-ਰੋਟੀ ਦਾ ਇਕ ਜ਼ਰੀਆ ਬਣ ਜਾਵੇ।
ਕੁੱਲ ਮਿਲਾ ਕੇ, ਇਹ ਦੋ ਲੱਖ ਮਨਜ਼ੂਰੀਆਂ ਪ੍ਰਸ਼ਾਸਨਿਕ ਉਪਲਬਧੀ ਤੋਂ ਕਿਤੇ ਵੱਧ ਹਨ। ਅਜਿਹਾ ਹਰ ਉੱਦਮ, ਜੋ ਜੜ੍ਹਾਂ ਜਮ੍ਹਾ ਲੈਂਦਾ ਹੈ, ਆਪਣੇ ਆਲੇ-ਦੁਆਲੇ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਦਾ ਹੈ। ਇਹ ਨੇੜੇ ਦੇ ਖੇਤਾਂ ਤੋਂ ਖਰੀਦਦਾਰੀ ਕਰਦਾ ਹੈ, ਘਰ ਦੇ ਨੇੜੇ ਆਮਦਨ ਪੈਦਾ ਕਰਦਾ ਹੈ ਅਤੇ ਔਰਤਾਂ ਤੇ ਨੌਜਵਾਨ ਭਾਰਤੀਆਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਦਾ ਆਤਮ-ਵਿਸ਼ਵਾਸ ਦਿੰਦਾ ਹੈ।
-ਚਿਰਾਗ ਪਾਸਵਾਨ
