ਜਦੋਂ ਤੁਸੀਂ ਮਹਿਜ਼ ਚਰਚਾ ਦਾ ਵਿਸ਼ਾ ਹੋਵੋ...!
Monday, Jul 20, 2026 - 06:52 PM (IST)
ਪੁਲਸ ਇੰਸਪੈਕਟਰ ਆਪਣੀ ਟੋਪੀ ਠੀਕ ਕਰਦਾ ਹੈ ਅਤੇ ਕੰਬਦੇ ਹੋਏ ਕੈਦੀ ਵੱਲ ਦੇਖਦਾ ਹੈ। ‘‘ਤਾਂ ਤੂੰ ਕਹਿੰਦਾ ਹੈਂ ਕਿ ਤੂੰ ਬੇਗੁਨਾਹ ਹੈਂ।’’ ‘‘ਹਾਂ, ਸਾਹਿਬ।’’ ਇੰਸਪੈਕਟਰ ਨੇ ਹਉਕਾ ਭਰਿਆ। ‘‘ਕਿੰਨਾ ਬਦਕਿਸਮਤੀ ਵਾਲਾ ਸਮਾਂ ਹੈ।’’ ‘‘ਕਿਉਂ ਸਾਹਿਬ?’’ ‘‘ਕਿਉਂਕਿ ਭੀੜ ਸਾਨੂੰ ਤੈਨੂੰ ਕੁੱਟਦਿਆਂ ਦੇਖਣ ਲਈ ਪਹਿਲਾਂ ਹੀ ਇਕੱਠੀ ਹੋ ਚੁੱਕੀ ਹੈ।’’ ‘‘ਪਰ ਕੀ ਜੱਜ ਨੂੰ ਪਹਿਲਾਂ ਇਹ ਤੈਅ ਨਹੀਂ ਕਰਨਾ ਚਾਹੀਦਾ ਕਿ ਅਸੀਂ ਦੋਸ਼ੀ ਹਾਂ ਜਾਂ ਬੇਗੁਨਾਹ?’’ ‘‘ਮੇਰੇ ਪਿਆਰੇ ਸਾਥੀ,’’ ਇੰਸਪੈਕਟਰ ਨੇ ਗੰਭੀਰਤਾ ਨਾਲ ਕਿਹਾ, ਨਾਲ ਹੀ ਉਹ ਆਪਣੀ ਬੈਲਟ ਕੱਢਦਾ ਹੈ ਅਤੇ ਉਸ ਦੇ ਆਦਮੀ ਆਪਣੀਆਂ ਲਾਠੀਆਂ ਚੁੱਕਦੇ ਹਨ, ‘‘ਜੱਜ ਨਿਆਂ ਪ੍ਰਦਾਨ ਕਰਦੇ ਹਨ। ਅਸੀਂ ਮਨੋਰੰਜਨ ਪ੍ਰਦਾਨ ਕਰਨਾ ਹੈ।’’
ਜੇਕਰ ਇਹ ਸ਼ੁਰੂਆਤ ਤੁਹਾਨੂੰ ਮੁਸਕਰਾਉਣ ਲਈ ਮਜਬੂਰ ਕਰਦੀ ਹੈ, ਤਾਂ ਅਸਲ ’ਚ ਇਸ ਨੂੰ ਤੁਹਾਨੂੰ ਅਸਹਿਜ ਕਰਨਾ ਚਾਹੀਦਾ ਹੈ।
ਸੂਰਤ ਦੀ ਹਾਲੀਆ ਘਟਨਾ ਦੇਸ਼ ਭਰ ’ਚ ਚਰਚਾ ਦਾ ਵਿਸ਼ਾ ਬਣ ਗਈ ਹੈ। ਚਾਕੂ ਨਾਲ ਜਾਨਲੇਵਾ ਹਮਲੇ ’ਚ ਸ਼ਾਮਲ ਹੋਣ ਦੇ ਦੋਸ਼ੀ 5 ਵਿਅਕਤੀਆਂ ਨੂੰ ਪੁਲਸ ਵੱਲੋਂ ਕਥਿਤ ਅਪਰਾਧ ਦਾ ‘ਰੀਕੰਸਟ੍ਰਕਸ਼ਨ’ ਕਰਨ ਲਈ ਲਿਜਾਇਆ ਗਿਆ। ਅਪਰਾਧ ਦਾ ਘਟਨਾਕ੍ਰਮ ਫਿਰ ਤੋਂ ਬਣਾਉਣਾ ਕੋਈ ਅਸਾਧਾਰਨ ਗੱਲ ਨਹੀਂ। ਦੁਨੀਆ ਭਰ ਦੀ ਪੁਲਸ ਅਜਿਹਾ ਕਰਦੀ ਹੈ ਪਰ ਉਸ ਤੋਂ ਬਾਅਦ ਜੋ ਹੋਇਆ, ਉਸ ਨੇ ਕਈ ਲੋਕਾਂ ਨੂੰ ਮੁਸ਼ਕਲ ਸਵਾਲ ਪੁੱਛਣ ਲਈ ਮਜਬੂਰ ਕਰ ਦਿੱਤਾ। ਮੁੱਢਲੇ ਤੌਰ ’ਤੇ ਦੋਸ਼ੀਆਂ ਨੂੰ ਇਲਾਕੇ ’ਚ ਘੁਮਾਇਆ ਗਿਆ, ਜਦੋਂ ਕਿ ਵੀਡੀਓ ’ਚ ਪੁਲਸ ਮੁਲਾਜ਼ਮਾਂ ਨੂੰ ਉਨ੍ਹਾਂ ਨੂੰ ਲਾਠੀਆਂ ਨਾਲ ਮਾਰਦੇ ਹੋਏ ਦਿਖਾਇਆ ਗਿਆ। ਦੱਸਿਆ ਗਿਆ ਕਿ ਸੂਰਤ ਸਪੈਸ਼ਲ ਆਪ੍ਰੇਸ਼ਨ ਗਰੁੱਪ ਦੇ ਪੁਲਸ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਨਾਕੁਮ ਇਸ ਆਪ੍ਰੇਸ਼ਨ ਦੌਰਾਨ ਮੌਜੂਦ ਸਨ। ਪੁਲਸ ਨੇ ਦੱਸਿਆ ਕਿ ਇਸ ਦਾ ਮਕਸਦ ਅਪਰਾਧੀਆਂ ’ਚ ਡਰ ਪੈਦਾ ਕਰਨਾ ਅਤੇ ਜਨਤਾ ਨੂੰ ਇਹ ਵਿਸ਼ਵਾਸ ਦਿਵਾਉਣਾ ਸੀ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ।
ਪਰ ਉਸ ਸਪੱਸ਼ਟੀਕਰਨ ’ਚ ਕਿਤੇ ਇਕ ਅਜਿਹਾ ਸਵਾਲ ਲੁਕਿਆ ਹੈ, ਜਿਸ ਨਾਲ ਹਰ ਨਾਗਰਿਕ ਨੂੰ ਚਿੰਤਤ ਹੋਣਾ ਚਾਹੀਦਾ ਹੈ।
ਪੁਲਸ ਜੱਜ ਕਦੋਂ ਬਣ ਗਈ?
ਸਾਡੀ ਕਾਨੂੰਨੀ ਵਿਵਸਥਾ ਇਕ ਸਰਲ ਸਿਧਾਂਤ ’ਤੇ ਟਿਕੀ ਹੋਈ ਹੈ। ਵਿਅਕਤੀ ਉਦੋਂ ਤੱਕ ਬੇਗੁਨਾਹ ਹੈ, ਜਦੋਂ ਤੱਕ ਕਿ ਉਹ ਦੋਸ਼ੀ ਸਾਬਤ ਨਾ ਹੋ ਜਾਵੇ। ਇਹ ਵਕੀਲਾਂ ਵਲੋਂ ਘੜੀ ਗਈ ਕੋਈ ਤਕਨੀਕੀ ਗੱਲ ਨਹੀਂ ਹੈ। ਇਹ ਉਹ ਢਾਲ ਹੈ, ਜੋ ਆਮ ਲੋਕਾਂ ਨੂੰ ਸਰਕਾਰ ਦੀ ਅਪਾਰ ਸ਼ਕਤੀ ਤੋਂ ਬਚਾਉਂਦੀ ਹੈ।
ਅੱਜ ਵੀਡੀਓ ’ਚ ਦਿਖਾਈ ਦੇ ਰਹੇ ਮਰਦ ਇਕ ਹਿੰਸਕ ਅਪਰਾਧ ਦੇ ਦੋਸ਼ੀ ਹਨ। ਕਈ ਲੋਕ ਮੰਨ ਸਕਦੇ ਹਨ ਕਿ ਉਨ੍ਹਾਂ ਨੂੰ ਜੋ ਕੁਝ ਵੀ ਮਿਲਿਆ, ਉਹ ਉਸ ਦੇ ਹੱਕਦਾਰ ਸਨ।
ਸ਼ਾਇਦ ਉਹ ਦੋਸ਼ੀ ਹਨ, ਜਾਂ ਸ਼ਾਇਦ ਉਹ ਨਹੀਂ ਹਨ। ਇਹ ਫ਼ੈਸਲਾ ਅਦਾਲਤ ਦਾ ਹੈ, ਲਾਠੀ ਦਾ ਨਹੀਂ।
ਕਿਉਂਕਿ ਜਿਸ ਪਲ ਅਸੀਂ ਇਹ ਤੈਅ ਕਰ ਲੈਂਦੇ ਹਾਂ ਕਿ ਪੁਲਸ ਦੋਸ਼ ਸਾਬਤ ਹੋਣ ਤੋਂ ਪਹਿਲਾਂ ਸਜ਼ਾ ਦੇ ਸਕਦੀ ਹੈ, ਅਸੀਂ ਬਿਨਾਂ ਕਿਸੇ ਬਹਿਸ ਦੇ ਚੁੱਪਚਾਪ ਸੰਵਿਧਾਨ ਨੂੰ ਦੁਬਾਰਾ ਲਿਖ ਦਿੱਤਾ ਹੈ।
ਅੱਜ ਜੈਕਾਰੇ ਲਾਉਂਦੀ ਭੀੜ ਕਹਿੰਦੀ ਹੈ, ‘‘ਉਹ ਇਸ ਦੇ ਹੱਕਦਾਰ ਸਨ।’’ ਕੱਲ ਕੋਈ ਤੁਹਾਡੇ ’ਤੇ ਉਂਗਲ ਉਠਾਏਗਾ। ਇਕ ਕਾਰੋਬਾਰੀ ਵਿਰੋਧੀ; ਇਕ ਨਾਰਾਜ਼ ਗੁਆਂਢੀ; ਇਕ ਸਿਆਸੀ ਵਿਰੋਧੀ; ਇਕ ਗ਼ਲਤ ਗਵਾਹ।
ਅਚਾਨਕ ਤੁਸੀਂ ਉੱਥੇ ਖੜ੍ਹੇ ਹੋਵੋਗੇ ਜਿੱਥੇ ਉਹ ਖੜ੍ਹੇ ਸਨ, ਇਹ ਉਮੀਦ ਕਰਦੇ ਹੋਏ ਕਿ ਕਿਸੇ ਨੂੰ ਯਾਦ ਰਹੇ ਕਿ ਅਪਰਾਧ ਸਾਬਤ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ਮੰਨ ਲਿਆ ਜਾਣਾ ਚਾਹੀਦਾ ਹੈ।
ਸੱਭਿਅਤਾ ਇਸ ਗੱਲ ਤੋਂ ਨਹੀਂ ਮਾਪੀ ਜਾਂਦੀ ਕਿ ਅਸੀਂ ਚੰਗੇ ਲੋਕਾਂ ਨਾਲ ਕਿਹੋ ਜਿਹਾ ਵਿਵਹਾਰ ਕਰਦੇ ਹਾਂ। ਇਹ ਇਸ ਗੱਲ ਤੋਂ ਮਾਪੀ ਜਾਂਦੀ ਹੈ ਕਿ ਅਸੀਂ ਉਨ੍ਹਾਂ ਲੋਕਾਂ ਨਾਲ ਕਿਹੋ ਜਿਹਾ ਵਿਵਹਾਰ ਕਰਦੇ ਹਾਂ ਜਿਨ੍ਹਾਂ ’ਤੇ ਬੁਰਾ ਹੋਣ ਦਾ ਦੋਸ਼ ਹੈ। ਜਿਸ ਦਿਨ ਅਸੀਂ ਉਚਿਤ ਕਾਨੂੰਨੀ ਪ੍ਰਕਿਰਿਆ ਨੂੰ ਛੱਡ ਦਿੰਦੇ ਹਾਂ, ਕਿਉਂਕਿ ਇਹ ਤਸੱਲੀਬਖਸ਼ ਲੱਗਦਾ ਹੈ, ਉਸੇ ਦਿਨ ਅਸੀਂ ਕਾਨੂੰਨ ’ਤੇ ਭਰੋਸਾ ਕਰਨਾ ਬੰਦ ਕਰ ਦਿੰਦੇ ਹਾਂ ਅਤੇ ਜੋ ਕੋਈ ਵੀ ਲਾਠੀ ਫੜੀ ਬੈਠਾ ਹੈ, ਉਸ ’ਤੇ ਭਰੋਸਾ ਕਰਨਾ ਸ਼ੁਰੂ ਕਰ ਦਿੰਦੇ ਹਾਂ।
ਜਾਗੋ, ਭਾਰਤ।
ਅੱਜ ਜੋ ਸਭ ਤੋਂ ਜ਼ੋਰਦਾਰ ਤਾਲੀਆਂ ਵੱਜ ਰਹੀਆਂ ਹਨ, ਉਹ ਕੱਲ ਖ਼ਾਮੋਸ਼ੀ ’ਚ ਬਦਲ ਸਕਦੀਆਂ ਹਨ, ਜਦੋਂ ਤੁਹਾਡੀ ਨਿਆਂ ਮੰਗਣ ਦੀ ਵਾਰੀ ਆਵੇਗੀ।
ਅਤੇ ਜੇਕਰ ਅਸੀਂ ਤਾੜੀਆਂ ਵਜਾਉਣਾ ਜਾਰੀ ਰੱਖਦੇ ਹਾਂ, ਜਦੋਂ ਕਿ ਉਚਿਤ ਕਾਨੂੰਨੀ ਪ੍ਰਕਿਰਿਆ ਨੂੰ ਜਨਤਕ ਤਮਾਸ਼ੇ ਨਾਲ ਬਦਲ ਦਿੱਤਾ ਜਾਂਦਾ ਹੈ, ਤਾਂ ਇਕ ਦਿਨ ਤੁਸੀਂ ਅਤੇ ਮੈਂ ਸਿਰਫ਼ ਖ਼ਬਰਾਂ ਨਹੀਂ ਦੇਖ ਰਹੇ ਹੋਵਾਂਗੇ।
ਅਸੀਂ ਖੁਦ ਖ਼ਬਰ ਬਣ ਜਾਵਾਂਗੇ। ਸਿਰਫ਼ ਇਕ ਹੋਰ ਚਰਚਾ ਦਾ ਵਿਸ਼ਾ...!
-ਰਾਬਰਟ ਕਲੀਮੈਂਟਸ
