ਜ਼ਬਰਦਸਤੀ ਵਿਆਹਾਂ ਦਾ ਔਰਤਾਂ ’ਤੇ ਪ੍ਰਭਾਵ
Thursday, Jul 23, 2026 - 05:02 PM (IST)
ਦੇਸ਼ ’ਚ ਵਿਆਹ ਤੋਂ ਬਾਅਦ ਕੁੱਝ ਕੁੜੀਆਂ ਦੁਆਰਾ ਆਪਣੇ ਪਤੀ ਦਾ ਕਤਲ ਕਰਨ ਜਾਂ ਕਰਵਾ ਦੇਣ ਦੀਆਂ ਘਟਨਾਵਾਂ ’ਚ ਵਾਧਾ ਚਰਚਾ ’ਚ ਹੈ। ਜ਼ਬਰਦਸਤੀ ਦਾ ਵਿਆਹ ਇਕ ਗੰਭੀਰ ਸਮੱਸਿਆ ਹੈ ਜੋ ਨਾ ਸਿਰਫ਼ ਔਰਤਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ, ਸਗੋਂ ਸਮਾਜ ਲਈ ਵੀ ਇਹ ਇਕ ਵੱਡੀ ਚੁਣੌਤੀ ਹੈ। ਜ਼ਬਰਦਸਤੀ ਦੇ ਵਿਆਹਾਂ ਦੇ ਕਈ ਕਾਰਨ ਹੋ ਸਕਦੇ ਹਨ, ਜਿਨ੍ਹਾਂ ’ਚੋਂ ਕੁੱਝ ਮੁੱਖ ਕਾਰਨ ਹਨ ਸਮਾਜਿਕ ਦਬਾਅ ਅਤੇ ਪ੍ਰੰਪਰਾਵਾਂ। ਕਈ ਸਮਾਜਾਂ ’ਚ, ਵਿਆਹ ਨੂੰ ਇਕ ਮਹੱਤਵਪੂਰਨ ਸਮਾਜਿਕ ਅਤੇ ਧਾਰਮਿਕ ਅਨੁਸ਼ਠਾਨ ਮੰਨਿਆ ਜਾਂਦਾ ਹੈ।
ਇਸ ਨਾਲ ਜੁੜੇ ਅਪ੍ਰਤੱਖ ਦਬਾਅ ਦੇ ਕਾਰਨ, ਕਈ ਵਾਰ ਕੁੜੀਆਂ ਨੂੰ ਉਨ੍ਹਾਂ ਦੀ ਇੱਛਾ ਦੇ ਵਿਰੁੱਧ ਵਿਆਹ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ, ਆਰਥਿਕ ਮਜਬੂਰੀਆਂ ਵੀ ਇਕ ਮਹੱਤਵਪੂਰਨ ਕਾਰਨ ਹੋ ਸਕਦੀਆਂ ਹਨ ਕਿਉਂਕਿ ਕਈ ਪਰਿਵਾਰਾਂ ’ਚ, ਕੁੜੀਆਂ ਨੂੰ ਵਿਆਹ ਦੇ ਮਾਧਿਅਮ ਨਾਲ ਆਰਥਿਕ ਸੁਰੱਖਿਆ ਪ੍ਰਦਾਨ ਕਰਨ ਦਾ ਇਕ ਸਾਧਨ ਮੰਨਿਆ ਜਾਂਦਾ ਹੈ। ਇਸ ਕਾਰਨ, ਕੁੜੀਆਂ ਨੂੰ ਉਨ੍ਹਾਂ ਦੀ ਇੱਛਾ ਦੇ ਵਿਰੁੱਧ ਵਿਆਹ ਕਰਨ ਲਈ ਮਜਬੂਰ ਕੀਤਾ ਜਾ ਸਕਦਾ ਹੈ।
ਜ਼ਬਰਦਸਤੀ ਦੇ ਵਿਆਹਾਂ ਦਾ ਔਰਤਾਂ ’ਤੇ ਨਾਂਹ-ਪੱਖੀ ਪ੍ਰਭਾਵ ਪੈ ਰਿਹਾ ਹੈ। ਸਭ ਤੋਂ ਪਹਿਲਾਂ, ਇਹ ਉਨ੍ਹਾਂ ਦੀ ਮਾਨਸਿਕ ਸਿਹਤ ’ਤੇ ਬੁਰਾ ਪ੍ਰਭਾਵ ਪਾਉਂਦਾ ਹੈ। ਜਦੋਂ ਇਕ ਔਰਤ ਨੂੰ ਉਸ ਦੀ ਇੱਛਾ ਦੇ ਵਿਰੁੱਧ ਵਿਆਹ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ, ਤਾਂ ਇਸ ਨਾਲ ਉਸ ਦੇ ਆਤਮ-ਸਨਮਾਨ ਅਤੇ ਆਤਮ-ਵਿਸ਼ਵਾਸ ’ਤੇ ਗ਼ਲਤ ਪ੍ਰਭਾਵ ਪੈਂਦਾ ਹੈ। ਇਸ ਨਾਲ ਉਹ ਡਿਪ੍ਰੈਸ਼ਨ, ਚਿੰਤਾ ਅਤੇ ਹੋਰ ਮਾਨਸਿਕ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੀ ਹੈ।
ਜ਼ਬਰਦਸਤੀ ਕੀਤੇ ਗਏ ਵਿਆਹਾਂ ਦੀ ਪ੍ਰਥਾ ਉਨ੍ਹਾਂ ਦੇ ਬੁਨਿਆਦੀ ਅਧਿਕਾਰਾਂ, ਸਿੱਖਿਆ ਅਤੇ ਸਰੀਰਕ ਆਜ਼ਾਦੀ ਦਾ ਹਨਨ ਕਰਦੀ ਹੈ। ਬਿਨਾਂ ਸਹਿਮਤੀ ਦੇ ਵਿਆਹ ’ਚ ਔਰਤਾਂ ਨੂੰ ਅਕਸਰ ਸਰੀਰਕ, ਭਾਵਨਾਤਮਕ ਅਤੇ ਜਿਨਸੀ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੂੰ ਆਪਣੀ ਇੱਛਾ ਦੇ ਵਿਰੁੱਧ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕੀਤਾ ਜਾਂਦਾ ਹੈ।
ਲਗਾਤਾਰ ਦਬਾਅ, ਹਿੰਸਾ ਅਤੇ ਘੁੱਟਣ ਦੇ ਕਾਰਨ ਔਰਤਾਂ ਡਿਪ੍ਰੈਸ਼ਨ ਅਤੇ ਗੰਭੀਰ ਚਿੰਤਾ ਦਾ ਸ਼ਿਕਾਰ ਹੋ ਸਕਦੀਆਂ ਹਨ। ਉਨ੍ਹਾਂ ਦਾ ਆਤਮ-ਵਿਸ਼ਵਾਸ ਅਤੇ ਆਤਮ-ਸਨਮਾਨ ਪੂਰੀ ਤਰ੍ਹਾਂ ਨਾਲ ਟੁੱਟ ਜਾਂਦਾ ਹੈ। ਸਿੱਖਿਆ ਅਤੇ ਆਰਥਿਕ ਆਜ਼ਾਦੀ ਦਾ ਫਰਕ : ਘੱਟ ਉਮਰ ’ਚ ਜਾਂ ਜ਼ਬਰਦਸਤੀ ਵਿਆਹ ਹੋਣ ਦੇ ਕਾਰਨ ਕੁੜੀਆਂ ਦੀ ਪੜ੍ਹਾਈ ਛੁੱਟ ਜਾਂਦੀ ਹੈ। ਉਹ ਆਰਥਿਕ ਤੌਰ ’ਤੇ ਆਤਮਨਿਰਭਰ ਨਹੀਂ ਬਣ ਸਕਦੀਅਾਂ ਅਤੇ ਜੀਵਨ ਭਰ ਦੂਜਿਆਂ ’ਤੇ ਨਿਰਭਰ ਰਹਿੰਦੀਆਂ ਹਨ। ਜਬਰਨ ਵਿਆਹਾਂ ਦੇ ਕਾਰਨ ਘੱਟ ਉਮਰ ’ਚ ਹੀ ਗਰਭਧਾਰਨ ਅਤੇ ਪ੍ਰਸਵ ਦਾ ਜੋਖ਼ਮ ਵਧ ਜਾਂਦਾ ਹੈ, ਜਿਸ ਨਾਲ ਔਰਤਾਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਸਿਹਤ ਨੂੰ ਭਾਰੀ ਖ਼ਤਰਾ ਹੁੰਦਾ ਹੈ। ਜੇਕਰ ਔਰਤਾਂ ਇਸ ਜ਼ਬਰਦਸਤੀ ਦੇ ਖ਼ਿਲਾਫ਼ ਆਵਾਜ਼ ਉਠਾਉਂਦੀਆਂ ਹਨ ਜਾਂ ਵਿਆਹ ਤੋਂ ਬਾਹਰ ਨਿਕਲਣ ਦਾ ਯਤਨ ਕਰਦੀਆਂ ਹਨ, ਤਾਂ ਉਨ੍ਹਾਂ ਨੂੰ ਆਪਣੇ ਹੀ ਪਰਿਵਾਰ ਤੋਂ ‘ਆਨਰ ਕਿਲਿੰਗ’ ਜਾਂ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਜ਼ਬਰਦਸਤੀ ਦੇ ਵਿਆਹਾਂ ਤੋਂ ਮਰਦ ਸਮਾਜ ਵੀ ਅਛੂਤਾ ਨਹੀਂ ਹੈ। ਮੁੰਡਾ ਹੋਵੇ ਜਾਂ ਫਿਰ ਕੁੜੀ, ਕਿਸੇ ਦਾ ਵੀ ਜੇਕਰ ਵਿਆਹ ਜ਼ਬਰਦਸਤੀ ਹੋਵੇ ਤਾਂ ਤਿੰਨ ਲੋਕਾਂ ਦਾ ਵੱਡਾ ਨੁਕਸਾਨ ਹੁੰਦਾ ਹੈ ਅਤੇ ਉਸ ਤੋਂ ਇਲਾਵਾ ਤਿੰਨ ਲੋਕਾਂ ਦੇ ਪਰਿਵਾਰ ਦਾ ਵੀ ਓਨਾ ਹੀ ਨੁਕਸਾਨ ਹੁੰਦਾ ਹੈ। ਇਕ ਮੁੰਡੇ ਦਾ ਪਰਿਵਾਰ ਅਤੇ ਮੁੰਡਾ, ਦੂਜਾ ਕੁੜੀ ਅਤੇ ਉਸ ਦਾ ਪਰਿਵਾਰ ਅਤੇ ਤੀਜਾ ਪ੍ਰੇਮੀ ਜੋ ਉਨ੍ਹਾਂ ’ਚੋਂ ਕਿਸੇ ਦੇ ਨਾਲ ਪਿਆਰ ’ਚ ਸੀ। ਅਜਿਹਾ ਕਰਨ ਤੋਂ ਬਾਅਦ ਤਿੰਨ ਲੋਕਾਂ ਦੀ ਜ਼ਿੰਦਗੀ ਤਬਾਹ ਹੁੰਦੀ ਹੈ। ਉਹ ਤਿੰਨ ਲੋਕ ਪੂਰਾ ਜੀਵਨ ਪਰੇਸ਼ਾਨ ਰਹਿਣਗੇ ਅਤੇ ਆਪਣੀ ਨਾਂਹ-ਪੱਖੀ ਊਰਜਾ ਨਾਲ ਪੂਰੇ ਪਰਿਵਾਰ ਲਈ ਪਰੇਸ਼ਾਨੀ ਪੈਦਾ ਕਰਨਗੇ।
ਜ਼ਬਰਦਸਤੀ ਦੇ ਵਿਆਹਾਂ ਦੀ ਸਮੱਸਿਆ ਅਤੇ ਇਸ ਦੇ ਬੁਰੇ ਨਤੀਜੇ ਇਕ ਗੰਭੀਰ ਚੁਣੌਤੀ ਹਨ, ਜਿਸ ਦਾ ਹੱਲ ਕਰਨ ਲਈ ਸਾਨੂੰ ਸਿੱਖਿਆ, ਕਾਨੂੰਨੀ ਸਮਰਥਨ ਅਤੇ ਆਰਥਿਕ ਤੇ ਸਮਾਜਿਕ ਸਮਰਥਨ ਦੇ ਮਾਧਿਅਮ ਨਾਲ ਔਰਤਾਂ ਨੂੰ ਹੋਰ ਸ਼ਕਤੀਸ਼ਾਲੀ ਬਣਾਉਣ ਲਈ ਕੰਮ ਕਰਨਾ ਚਾਹੀਦਾ ਹੈ ਅਤੇ ਜਿਵੇਂ ਕਿ ਦੇਖਣ ’ਚ ਆ ਰਿਹਾ ਹੈ ਕਿ ਸਾਨੂੰ ਇਹ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਇਸ ਸ਼ਕਤੀਕਰਨ ਦੀ ਦੁਰਵਰਤੋਂ ਨਾ ਹੋਵੇ।
-ਡਾ. ਵਰਿੰਦਰ ਭਾਟੀਆ
