ਸੰਗੀਤ ਨਾਲ ‘ਤਣਾਅ ਮੁਕਤੀ’ ਦਾ ਵਧਦਾ ਟ੍ਰੈਂਡ

Friday, Jul 17, 2026 - 05:49 PM (IST)

ਸੰਗੀਤ ਨਾਲ ‘ਤਣਾਅ ਮੁਕਤੀ’ ਦਾ ਵਧਦਾ ਟ੍ਰੈਂਡ

ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ’ਚ ਤਣਾਅ ਇਕ ਆਮ ਸਮੱਸਿਆ ਬਣ ਗਿਆ ਹੈ। ਕੰਮ ਦਾ ਪ੍ਰੈਸ਼ਰ, ਪਰਿਵਾਰਕ ਜ਼ਿੰਮੇਵਾਰੀਆਂ, ਆਰਥਿਕ ਚਿੰਤਾਵਾਂ ਅਤੇ ਸੋਸ਼ਲ ਮੀਡੀਆ ਦਾ ਲਗਾਤਾਰ ਮਚਣ ਵਾਲਾ ਸ਼ੋਰ, ਇਹ ਸਭ ਮਿਲ ਕੇ ਮਾਨਸਿਕ ਸਿਹਤ ’ਤੇ ਭਾਰੀ ਪੈ ਰਹੇ ਹਨ। ਅਜਿਹੇ ’ਚ ਲੋਕ ਰਾਹਤ ਦੀ ਭਾਲ ’ਚ ਰਵਾਇਤੀ ਤਰੀਕਿਆਂ ਵੱਲ ਪਰਤ ਰਹੇ ਹਨ ਅਤੇ ਇਨ੍ਹਾਂ ’ਚੋਂ ਸਭ ਤੋਂ ਪ੍ਰਮੁੱਖ ਹੈ ਸੰਗੀਤ। ਸੰਗੀਤ ਨਾ ਸਿਰਫ਼ ਮਨੋਰੰਜਨ ਦਾ ਸਾਧਨ ਹੈ, ਸਗੋਂ ਇਕ ਸ਼ਕਤੀਸ਼ਾਲੀ ਤਣਾਅ ਨਿਵਾਰਕ ਵੀ ਹੈ। ਹਾਲ ਹੀ ਦੇ ਸਾਲਾਂ ’ਚ ਇਹ ਟ੍ਰੈਂਡ ਤੇਜ਼ੀ ਨਾਲ ਵਧਿਆ ਹੈ, ਖਾਸ ਕਰ ਕੇ ਨੌਜਵਾਨਾਂ ਅਤੇ ਔਰਤਾਂ ’ਚ।

ਵਿਗਿਆਨਕ ਅਧਿਐਨਾਂ ਤੋਂ ਸਾਬਤ ਹੁੰਦਾ ਹੈ ਕਿ ਸੰਗੀਤ ਸੁਣਨਾ ਜਾਂ ਗਾਉਣਾ ਕੋਰਟੀਸੋਲ ਹਾਰਮੋਨ (ਸਟ੍ਰੈੱਸ ਹਾਰਮੋਨ) ਨੂੰ ਘੱਟ ਕਰਦਾ ਹੈ, ਆਕਸੀਟੋਸਿਨ (ਲਵ ਹਾਰਮੋਨ) ਵਧਾਉਂਦਾ ਹੈ ਅਤੇ ਮੂਡ ਸੁਧਾਰਦਾ ਹੈ। ਸਾਂਝੇ ਜਾਂ ਸਮੂਹਿਕ ਗਾਇਨ ’ਚ ਸਾਂਝੇਦਾਰੀ ਦਾ ਅਹਿਸਾਸ ਤਣਾਅ ਨੂੰ ਹੋਰ ਵੀ ਪ੍ਰਭਾਵਸ਼ਾਲੀ ਢੰਗ ਨਾਲ ਘੱਟ ਕਰਦਾ ਹੈ।

ਅਧਿਐਨ ਦੱਸਦੇ ਹਨ ਕਿ ਸੰਗੀਤ ਸਾਹ ਲੈਣ ਦੀ ਪ੍ਰਕਿਰਿਆ ਨੂੰ ਕੰਟਰੋਲ ਕਰਦਾ ਹੈ, ਦਿਮਾਗ ਨੂੰ ਵਰਤਮਾਨ ’ਚ ਲਿਆਉਂਦਾ ਹੈ ਅਤੇ ਐਂਡੋਰਫਿਨ ਹਾਰਮੋਨ ਰਿਲੀਜ਼ ਕਰਦਾ ਹੈ, ਜੋ ਕੁਦਰਤੀ ਦਰਦ ਨਿਵਾਰਕ ਅਤੇ ਖੁਸ਼ੀ (ਫ਼ੀਲ ਗੁੱਡ) ਦੇ ਹਾਰਮੋਨ ਹਨ। ਯੋਗਾ, ਧਿਆਨ ਜਾਂ ਕਸਰਤ ਦੀ ਤਰ੍ਹਾਂ, ਨਿਯਮਿਤ ਸੰਗੀਤਕ ਗਤੀਵਿਧੀਆਂ ਡਿਪ੍ਰੈਸ਼ਨ ਅਤੇ ਚਿੰਤਾ ਨੂੰ ਘੱਟ ਕਰਦੀਆਂ ਹਨ। ਖਾਸ ਕਰ ਕੇ ਸਮੂਹ ਗਾਇਨ ਸਮਾਜਿਕ ਸਾਂਝ ਵਧਾਉਂਦਾ ਹੈ, ਇਕੱਲੇਪਣ ਨੂੰ ਦੂਰ ਕਰਦਾ ਹੈ ਅਤੇ ਭਾਵਨਾਤਮਕ ਨਿਕਾਸ ਪ੍ਰਦਾਨ ਕਰਦਾ ਹੈ। ਮਨੋਵਿਗਿਆਨਕ ਇਸ ਨੂੰ ਤਣਾਅ ਮੁਕਤੀ ਦਾ ਸਭ ਤੋਂ ਆਸਾਨ ਅਤੇ ਲਾਭਦਾਇਕ ਸਾਧਨ ਮੰਨਦੇ ਹਨ।

ਪਿਛਲੇ ਕੁਝ ਸਾਲਾਂ ਤੋਂ ਭਾਰਤ ’ਚ ਨੌਜਵਾਨਾਂ ਵਿਚਾਲੇ ਇਕ ਨਵੇਂ ਰੁਝਾਨ ਦੀ ਸ਼ੁਰੂਆਤ ਹੋਈ ਹੈ ਜਿਸ ਨੂੰ ‘ਭਜਨ ਕਲੱਬਿੰਗ’ ਕਿਹਾ ਜਾਂਦਾ ਹੈ। ਨੌਜਵਾਨਾਂ ਦਾ ਇਹ ਨਵਾਂ ‘ਸੋਬਰ ਹਾਈ’ ਸਭ ਤੋਂ ਚਰਚਿਤ ਟ੍ਰੈਂਡ ਬਣ ਗਿਆ ਹੈ। ਰਵਾਇਤੀ ਭਜਨਾਂ ਨੂੰ ਕਲੱਬ-ਸਟਾਈਲ ਐਨਰਜੀ, ਆਧੁਨਿਕ ਸੰਗੀਤ, ਲਾਈਟਿੰਗ ਅਤੇ ਪਰਫਾਰਮੈਂਸ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਨੌਜਵਾਨਾਂ ਨੂੰ ਸ਼ਰਾਬ ਜਾਂ ਨਸ਼ੀਲੇ ਪਦਾਰਥਾਂ ਤੋਂ ਦੂਰ ਕਰ ਕੇ ਸਕਾਰਾਤਮਕ ਊਰਜਾ ਵਧਾਉਣ ਦੀ ਇਸ ਪਹਿਲ ਨੂੰ ਕਾਫ਼ੀ ਸਰਾਹਿਆ ਜਾ ਰਿਹਾ ਹੈ। ਗੌਰਤਲਬ ਹੈ ਕਿ ਮੁੰਬਈ, ਦਿੱਲੀ, ਬੈਂਗਲੁਰੂ, ਚੇਨਈ ਵਰਗੇ ਸ਼ਹਿਰਾਂ ’ਚ ਇਹ ਪ੍ਰੋਗਰਾਮ ਹਾਊਸਫੁੱਲ ਹੋ ਰਹੇ ਹਨ। ਇਨ੍ਹਾਂ ਪ੍ਰੋਗਰਾਮਾਂ ਤੋਂ ਪ੍ਰੇਰਨਾ ਲੈ ਕੇ ਕਈ ਨੌਜਵਾਨ ਆਪਣੇ ਗਰੁੱਪ ਬਣਾਉਣ ਲੱਗੇ ਹਨ ਅਤੇ ਅਜਿਹੇ ਪ੍ਰੋਗਰਾਮ ਆਯੋਜਿਤ ਕਰਨ ਲੱਗੇ ਹਨ।

ਦੇਖਿਆ ਗਿਆ ਹੈ ਕਿ ਇਨ੍ਹਾਂ ਪ੍ਰੋਗਰਾਮਾਂ ’ਚ ਨੌਜਵਾਨ ਕਾਲਜ ਵਿਦਿਆਰਥੀ, ਪ੍ਰੋਫੈਸ਼ਨਲ ਅਤੇ ਮੱਧ ਵਰਗ ਦੇ ਲੋਕ ਹਿੱਸਾ ਲੈਂਦੇ ਹਨ, ਜਿਨ੍ਹਾਂ ਦੀ ਔਸਤ ਉਮਰ 29-35 ਦੇ ਆਸ-ਪਾਸ ਹੁੰਦੀ ਹੈ। ਉਹ ਕਹਿੰਦੇ ਹਨ ਕਿ ਅਜਿਹੇ ਆਯੋਜਨ ਤਣਾਅ ਅਤੇ ਐਂਗਜ਼ਾਇਟੀ ਤੋਂ ਰਾਹਤ ਦਿੰਦੇ ਹਨ। ਸਮੂਹਿਕ ਚੈਂਟਿੰਗ, ਡਾਂਸਿੰਗ ਅਤੇ ਕਲੈਪਿੰਗ ਨਾਲ ‘ਬਲਿਸ’ ਅਤੇ ‘ਬਿਲੌਂਗਿੰਗ’ ਦਾ ਅਹਿਸਾਸ ਹੁੰਦਾ ਹੈ। ਇਕ ਪ੍ਰਬੰਧਕ ਅਨੁਸਾਰ, “ਲੋਕ ਤਣਾਅ ਲੈ ਕੇ ਆਉਂਦੇ ਹਨ ਅਤੇ ਸ਼ਾਂਤ ਹੋ ਕੇ ਜਾਂਦੇ ਹਨ, ਹੈਂਗਓਵਰ ਦੀ ਬਜਾਏ ਸ਼ਾਂਤੀ ਦੇ ਨਾਲ।”

ਨੌਜਵਾਨਾਂ ਵਿਚਾਲੇ ਇਹ ਨਵਾਂ ਟ੍ਰੈਂਡ ‘ਸੋਬਰ ਕਿਊਰੀਅਸ’ ਮੂਵਮੈਂਟ ਦਾ ਹਿੱਸਾ ਹੈ। ਅੱਜ-ਕੱਲ ਦਾ ਨੌਜਵਾਨ ਨਸ਼ੀਲੇ ਪਦਾਰਥਾਂ ਤੋਂ ਦੂਰ ਹਟ ਕੇ ਅਰਥਪੂਰਨ ਤਜਰਬਿਆਂ ਦੀ ਭਾਲ ਕਰ ਰਿਹਾ ਹੈ। ਸੋਸ਼ਲ ਮੀਡੀਆ ਰੀਲਜ਼ ਨੇ ਇਸ ਨੂੰ ਵਾਇਰਲ ਬਣਾਇਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਵੀ ‘ਮਨ ਕੀ ਬਾਤ’ ’ਚ ਇਸ ਦੀ ਸ਼ਲਾਘਾ ਕੀਤੀ। ਇਹ ਨਾ ਸਿਰਫ਼ ਮਨੋਰੰਜਨ ਹੈ, ਸਗੋਂ ਸਵੈ-ਦੇਖਭਾਲ ਅਤੇ ਸੱਭਿਆਚਾਰਕ ਜੜ੍ਹਾਂ ਨਾਲ ਜੁੜਾਅ ਵੀ ਹੈ। ਉੱਥੇ ਹੀ ਅਜਿਹੇ ਆਯੋਜਨਾਂ ’ਤੇ ਟਿਕਟ ਅਤੇ ਸਪਾਂਸਰਸ਼ਿਪਸ ਇਸ ਨੂੰ ਮੁੱਖ ਧਾਰਾ ਦਾ ਈਵੈਂਟ ਬਣਾ ਰਹੇ ਹਨ।

ਭਾਰਤ ਵਾਂਗ ਹੀ ਗੁਆਂਢੀ ਦੇਸ਼ ਪਾਕਿਸਤਾਨ ਦੇ ਕਰਾਚੀ ’ਚ ਵੀ ਔਰਤਾਂ ਵਲੋਂ ‘ਸਿੰਗ-ਅਲੌਂਗ’ ਦੀ ਪਹਿਲ ਕੀਤੀ ਗਈ ਹੈ, ਜਿਸ ’ਚ ਹਰ ਉਮਰ ਦੀਆਂ ਔਰਤਾਂ ਨੂੰ ‘ਆਪਣਾ ਸਮਾਂ’ ਮਿਲਦਾ ਹੈ। ਇਹ ਇਕ ਅਨੋਖੀ ਪਹਿਲ ਹੈ, ਜਿੱਥੇ ਵੱਖ-ਵੱਖ ਉਮਰ ਦੀਆਂ ਔਰਤਾਂ ਤਣਾਅ ਮੁਕਤੀ ਲਈ ਸਮੂਹ ’ਚ ਗਾਉਂਦੀਆਂ ਹਨ। ਹਾਲ ਹੀ ’ਚ ਇਕ ਟੀ. ਵੀ. ਰਿਪੋਰਟ ’ਚ ਇਹ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਇਹ ਮਹਿਫ਼ਿਲ ਤਣਾਅ ਤੋਂ ਛੁਟਕਾਰਾ ਪਾਉਣ ਦਾ ਸਾਧਨ ਬਣ ਗਈ ਹੈ। ਔਰਤਾਂ ਘਰੇਲੂ ਜ਼ਿੰਮੇਵਾਰੀਆਂ, ਕੰਮ ਦੇ ਬੋਝ ਅਤੇ ਸਮਾਜਿਕ ਦਬਾਅ ਤੋਂ ਉੱਭਰਨ ਲਈ ਸਮਾਂ ਕੱਢਦੀਆਂ ਹਨ। ਗਾਉਣ ਦੌਰਾਨ ਉਹ ਹੱਸਦੀਆਂ-ਬੋਲਦੀਆਂ ਹਨ, ਭਾਵਨਾਵਾਂ ਸਾਂਝੀਆਂ ਕਰਦੀਆਂ ਹਨ ਅਤੇ ਇਕ-ਦੂਜੇ ਦਾ ਸਾਥ ਦਿੰਦੀਆਂ ਹਨ। ਇਹ ਨਵਾਂ ਟ੍ਰੈਂਡ ਔਰਤਾਂ ਨੂੰ ਸੁਰੱਖਿਅਤ, ਮਜ਼ਬੂਤ ਅਤੇ ਜੁੜਿਆ ਹੋਇਆ ਮਹਿਸੂਸ ਕਰਵਾਉਂਦਾ ਹੈ। ਕਰਾਚੀ ਵਰਗੇ ਸ਼ਹਿਰ ’ਚ, ਜਿੱਥੇ ਰੋਜ਼ਾਨਾ ਜੀਵਨ ਚੁਣੌਤੀਪੂਰਨ ਹੈ, ਅਜਿਹੀਆਂ ਗਤੀਵਿਧੀਆਂ ਮਾਨਸਿਕ ਸਿਹਤ ਲਈ ਵਰਦਾਨ ਸਾਬਤ ਹੋ ਰਹੀਆਂ ਹਨ। ਸਮਾਨ ਰੂਪ ’ਚ, ਦੁਨੀਆ ਭਰ ’ਚ ਔਰਤਾਂ ਦੇ ਗਰੁੱਪ ਸਿੰਗਿੰਗ ਪ੍ਰੋਗਰਾਮ ‘ਪੋਸਟਨੈਟਲ ਡਿਪ੍ਰੈਸ਼ਨ’ (ਪ੍ਰਸੂਤੀ ਤੋਂ ਬਾਅਦ ਦਾ ਤਣਾਅ) ਅਤੇ ਐਂਗਜ਼ਾਇਟੀ ’ਚ ਰਾਹਤ ਦਿੰਦੇ ਪਾਏ ਗਏ ਹਨ।

ਸੰਗੀਤ ਤੋਂ ਇਲਾਵਾ, ਡਰੰਮ ਸਰਕਲ, ਡਾਂਸ, ਕਵਾਇਰ (ਸਮੂਹ ਗਾਇਨ) ਅਤੇ ਗਰੁੱਪ ਯੋਗਾ ਵੀ ਤਣਾਅ ਮੁਕਤੀ ਦੇ ਹੋਰ ਸਾਧਨ ਹਨ। ਦੁਨੀਆ ਭਰ ਦੇ ਵੱਖ-ਵੱਖ ਸ਼ਹਿਰਾਂ ’ਚ ਡਰੰਮ ਸਰਕਲ ਨੌਜਵਾਨਾਂ ਨੂੰ ਤਾਲ ਰਾਹੀਂ ਤਣਾਅ ਰਿਲੀਜ਼ ਕਰਨ ਦਾ ਮੌਕਾ ਦਿੰਦਾ ਹੈ। ਅਜਿਹੇ ਸਾਰੇ ਆਯੋਜਨ ਡਿਪ੍ਰੈਸ਼ਨ ਅਤੇ ਐਂਗਜ਼ਾਇਟੀ ਘੱਟ ਕਰਨ ’ਚ ‘ਐਂਟੀਡਿਪ੍ਰੈਸੈਂਟਸ’ (ਤਣਾਅ ਦੂਰ ਕਰਨ ਵਾਲੀਆਂ ਦਵਾਈਆਂ) ਜਿੰਨੇ ਹੀ ਪ੍ਰਭਾਵਸ਼ਾਲੀ ਪਾਏ ਗਏ ਹਨ। ਸਕੂਲਾਂ, ਕਾਰਪੋਰੇਟ ਕੰਪਨੀਆਂ ਅਤੇ ਕਮਿਊਨਿਟੀ ਸੈਂਟਰਾਂ ’ਚ ਅਜਿਹੇ ਪ੍ਰੋਗਰਾਮਾਂ ਨੂੰ ਸ਼ਾਮਲ ਕਰਨ ਦੀ ਲੋੜ ਹੈ।

ਸੰਗੀਤ ਤਣਾਅ ਮੁਕਤੀ ਦਾ ਪ੍ਰਾਚੀਨ ਪਰ ਸਦਾਬਹਾਰ ਤਰੀਕਾ ਹੈ। ਛੋਟੀਆਂ-ਛੋਟੀਆਂ ਸਮੂਹਿਕ ਗਤੀਵਿਧੀਆਂ ਵੱਡੇ ਬਦਲਾਅ ਲਿਆ ਸਕਦੀਆਂ ਹਨ। ਰੁੱਝੀ ਹੋਈ ਜ਼ਿੰਦਗੀ ’ਚੋਂ ਥੋੜ੍ਹਾ ਸਮਾਂ ਸੰਗੀਤ ਲਈ ਕੱਢੋ, ਇਹ ਨਾ ਸਿਰਫ਼ ਮਨ ਨੂੰ ਸ਼ਾਂਤ ਕਰੇਗਾ, ਸਗੋਂ ਰੂਹ ਨੂੰ ਵੀ ਨਵੀਂ ਊਰਜਾ ਦੇਵੇਗਾ।

—ਰਜਨੀਸ਼ ਕਪੂਰ


author

Anmol Tagra

Content Editor

Related News