ਫੁੱਟਪਾਥ ’ਤੇ ਕਿਸ ਦਾ ਅਧਿਕਾਰ...?

Monday, Jul 27, 2026 - 04:17 PM (IST)

ਫੁੱਟਪਾਥ ’ਤੇ ਕਿਸ ਦਾ ਅਧਿਕਾਰ...?

ਮੈਂ ਆਖਿਰਕਾਰ ਪਤਾ ਲਾ ਲਿਆ ਹੈ ਕਿ ਅਮਰੀਕੀ ਕਿਉਂ ਨਹੀਂ ਚੱਲਦੇ।

ਉਨ੍ਹਾਂ ਦੇ ਫੁੱਟਪਾਥਾਂ ’ਤੇ ਕੋਈ ਵੈਂਡਰ (ਵਿਕਰੇਤਾ) ਨਹੀਂ ਹੁੰਦੇ।

ਮੈਂ ਇਕ ਛੋਟੇ ਜਿਹੇ ਅਮਰੀਕੀ ਸ਼ਹਿਰ ’ਚ ਸਵੇਰ ਦੀ ਸੈਰ ’ਤੇ ਗਿਆ ਅਤੇ ਕਾਫ਼ੀ ਨਿਰਾਸ਼ ਹੋਇਆ। ਉੱਥੇ ਭੁੱਜੀ ਹੋਈ ਮੂੰਗਫਲੀ ਵੇਚਣ ਵਾਲਾ ਇਕ ਵੀ ਆਦਮੀ ਨਹੀਂ ਸੀ। ਕਿਸੇ ਨੇ ਮੈਨੂੰ ਧੁੱਪ ਦੇ ਚਸ਼ਮੇ, ਜੁਰਾਬਾਂ, ਮੋਬਾਈਲ ਕਵਰ, ਗੁਬਾਰੇ, ਚਾਹ, ਵੜਾ ਪਾਵ ਜਾਂ ਬੁਢਾਪੇ ਨੂੰ ਛੱਡ ਕੇ ਬਾਕੀ ਸਭ ਠੀਕ ਕਰਨ ਦੀ ਗਾਰੰਟੀ ਦੇਣ ਵਾਲੀਆਂ ਚਮਤਕਾਰੀ ਦਵਾਈਆਂ ਨਹੀਂ ਦਿੱਤੀਆਂ।

ਫੁੱਟਪਾਥ...! ਬਸ ਇਕ ਫੁੱਟਪਾਥ ਸੀ।

ਕਿੰਨੀ ਬਰਬਾਦੀ ਹੈ।

ਭਾਰਤ ’ਚ ਅਸੀਂ ਹਰ ਇਕ ਵਰਗ ਫੁੱਟ ਨੂੰ ਉਤਪਾਦਕ ਬਣਾਉਣ ’ਚ ਵਿਸ਼ਵਾਸ ਕਰਦੇ ਹਾਂ।

ਇਕ ਫੁੱਟਪਾਥ ’ਤੇ ਸਿਰਫ ਲੋਕਾਂ ਨੂੰ ਚੱਲਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ। ਇਸ ਨੂੰ ਅਰਥਵਿਵਸਥਾ ’ਚ ਯੋਗਦਾਨ ਦੇਣ ਵਾਲਾ ਬਣਨਾ ਚਾਹੀਦਾ ਹੈ।

ਘਰੋਂ ਨਿਕਲਣ ਤੱਕ, ਤੁਹਾਨੂੰ ਕੇਲੇ ਖਰੀਦਣ, ਆਪਣਾ ਫੋਨ ਰੀਚਾਰਜ ਕਰਨ, ਆਪਣੀਆਂ ਚੱਪਲਾਂ ਠੀਕ ਕਰਵਾਉਣ, ਨਾਸ਼ਤਾ ਕਰਨ, ਦੋ ਟੀ-ਸ਼ਰਟਾਂ ਖਰੀਦਣ, ਆਪਣਾ ਕੋਰੀਅਰ ਲੈਣ ਅਤੇ ਟ੍ਰੈਫਿਕ ਪੁਲਸ ਵਾਲੇ ਨਾਲ ਬਹਿਸ ਕਰਨ ’ਚ ਸਮਰੱਥ ਹੋਣਾ ਚਾਹੀਦਾ ਹੈ ਅਤੇ ਇਹ ਸਭ ਫੁੱਟਪਾਥ ਛੱਡੇ ਬਿਨਾਂ।

ਬਸ਼ਰਤੇ, ਤੁਸੀਂ ਫੁੱਟਪਾਥ ਲੱਭ ਸਕੋ।

ਇਹੀ ਅਸਲੀ ਚੁਣੌਤੀ ਹੈ।

ਭਾਰਤ ’ਚ, ਪੈਦਲ ਚੱਲਣ ਵਾਲਾ ਇਕ ਅਣਚਾਹੇ ਮਹਿਮਾਨ ਵਾਂਗ ਹੋ ਗਿਆ ਹੈ। ਫੁੱਟਪਾਥ ਉਨ੍ਹਾਂ ਸਾਰਿਆਂ ਦਾ ਹੈ, ਸਿਵਾਏ ਉਸ ਵਿਅਕਤੀ ਦੇ, ਜੋ ਉਸ ’ਤੇ ਚੱਲਣਾ ਚਾਹੁੰਦਾ ਹੈ।

ਦੁਕਾਨਦਾਰ ਨੇ ਪਿਆਰ ਨਾਲ ਆਪਣਾ ਸ਼ੋਅਰੂਮ ਉਸ ’ਤੇ ਫੈਲਾਅ ਦਿੱਤਾ ਹੈ। ਵੈਂਡਰ ਨੇ ਪੱਕਾ ਨਿਵਾਸ ਬਣਾ ਲਿਆ ਹੈ। ਮੋਟਰਸਾਈਕਲ ਵਾਲੇ ਨੇ ਤੈਅ ਕਰ ਲਿਆ ਹੈ ਕਿ ਟ੍ਰੈਫਿਕ ਜਾਮ ਦੌਰਾਨ ਇਹ ਇਕ ਬਹੁਤ ਵਧੀਆ ਸ਼ਾਰਟਕੱਟ ਹੈ। ਕਾਰਾਂ ਉਸ ’ਤੇ ਪਾਰਕ ਹੋ ਜਾਂਦੀਆਂ ਹਨ ਕਿਉਂਕਿ ਸੜਕ ਭਰੀ ਹੋਈ ਹੈ। ਨਿਰਮਾਣ ਸਮੱਗਰੀ ਆਉਂਦੀ ਹੈ ਅਤੇ ਕਦੇ ਜਾਣ ਦਾ ਨਾਂ ਨਹੀਂ ਲੈਂਦੀ। ਕਿਤੇ ਵਿਚਕਾਰ ਇਕ ਇਕੱਲਾ ਪੈਦਲ ਚੱਲਣ ਵਾਲਾ ਖੜ੍ਹਾ ਹੋ ਕੇ ਸੋਚਦਾ ਹੈ ਕਿ ਕੀ ਜੀਵਨ ਬੀਮਾ ’ਚ ਪੈਦਲ ਚੱਲਣਾ ਸ਼ਾਮਲ ਹੈ।

ਬੇਸ਼ੱਕ, ਕੋਈ ਨਹੀਂ ਪੁੱਛਦਾ ਕਿ ਇਹ ਸਭ ਕਿਵੇਂ ਹੁੰਦਾ ਹੈ।

ਉੱਥੇ ਹਮੇਸ਼ਾ ਉਹ ਰਹੱਸਮਈ ਅਦ੍ਰਿਸ਼ ਵਿਵਸਥਾ ਹੁੰਦੀ ਹੈ, ਜਿਸ ਦੇ ਬਾਰੇ ਹਰ ਕੋਈ ਜਾਣਦਾ ਹੈ ਪਰ ਕੋਈ ਗੱਲ ਨਹੀਂ ਕਰਦਾ। ਇੱਥੇ ਇਕ ਛੋਟੀ ਜਿਹੀ ਹਫ਼ਤਾਵਾਰੀ ਉਗਰਾਹੀ, ਜਿਸ ਨੂੰ ‘ਹਫ਼ਤਾ’ ਕਿਹਾ ਜਾਂਦਾ ਹੈ, ਅਧਿਕਾਰੀਆਂ ਵੱਲੋਂ ਗੈਰ-ਰਸਮੀ ਤੌਰ ’ਤੇ ਇਕੱਠੀ ਕੀਤੀ ਜਾਂਦੀ ਹੈ। ਉੱਥੇ ਥੋੜ੍ਹਾ ਅਣਦੇਖਾ ਕਰ ਦਿੱਤਾ ਜਾਂਦਾ ਹੈ। ਅਧਿਕਾਰੀ ਧਿਆਨ ਨਾ ਦੇਣ ਦਾ ਨਾਟਕ ਕਰਦੇ ਹਨ। ਵੈਂਡਰ ਸਭ ਕੁਝ ਕਾਨੂੰਨੀ ਹੋਣ ਦਾ ਨਾਟਕ ਕਰਦੇ ਹਨ। ਪੈਦਲ ਚੱਲਣ ਵਾਲਾ ਇਹ ਨਾਟਕ ਕਰਦਾ ਹੈ ਕਿ ਉਸ ਨੂੰ ਬੱਸਾਂ ਤੋਂ ਬਚ ਕੇ ਲੰਘਣ ’ਚ ਮਜ਼ਾ ਆਉਂਦਾ ਹੈ।

ਹਰ ਕੋਈ ਖੁਸ਼ ਹੈ। ਸਿਵਾਏ ਪੈਦਲ ਚੱਲਣ ਵਾਲੇ ਦੇ।

ਅਜੀਬ ਗੱਲ ਇਹ ਹੈ ਕਿ ਭਾਰਤ ’ਚ ਸੰਭਵ ਤੌਰ ’ਤੇ ਅਮਰੀਕਾ ਦੇ ਮੁਕਾਬਲੇ ਕਿਤੇ ਜ਼ਿਆਦਾ ਲੋਕ ਪੈਦਲ ਚੱਲਦੇ ਹਨ। ਲੱਖਾਂ ਲੋਕ ਕਾਰ ਨਹੀਂ ਖਰੀਦ ਸਕਦੇ। ਉਹ ਕੰਮ ’ਤੇ, ਸਕੂਲ, ਰੇਲਵੇ ਸਟੇਸ਼ਨ ਅਤੇ ਬਾਜ਼ਾਰ ਪੈਦਲ ਜਾਂਦੇ ਹਨ। ਇਸ ’ਤੇ ਅਸੀਂ ਉਨ੍ਹਾਂ ਨਾਲ ਅਜਿਹਾ ਵਿਵਹਾਰ ਕਰਦੇ ਹਾਂ, ਜਿਵੇਂ ਉਹ ਦੂਜੇ ਦਰਜੇ ਦੇ ਨਾਗਰਿਕ ਹੋਣ।

ਫਿਰ ਅਸੀਂ ਮਾਣ ਨਾਲ ਇਕ ਹੋਰ ਚਮਕਦੀ ਗਗਨਚੁੰਬੀ ਇਮਾਰਤ ਜਾਂ ਇਕ ਸ਼ਾਨਦਾਰ ਪੁਲ ਦਾ ਉਦਘਾਟਨ ਕਰਦੇ ਹਾਂ।

ਸ਼ਾਨਦਾਰ।

ਪਰ ਕੀ ਅੱਸੀ ਸਾਲ ਦੀ ਦਾਦੀ ਦਵਾਈ ਦੀ ਦੁਕਾਨ ਤੱਕ ਜਾ ਸਕਦੀ ਹੈ, ਬਿਨਾਂ ਕੱਲ ਦੀ ਹੈੱਡਲਾਈਨ ਬਣਨ ਦੇ ਜੋਖਮ ਦੇ?

ਵਿਕਾਸ ਗਗਨ ਨੂੰ ਛੂਹਣ ਵਾਲੀਆਂ ਇਮਾਰਤਾਂ ਤੋਂ ਸ਼ੁਰੂ ਨਹੀਂ ਹੁੰਦਾ। ਇਹ ਇਕ ਅਜਿਹੇ ਫੁੱਟਪਾਥ ਤੋਂ ਸ਼ੁਰੂ ਹੁੰਦਾ ਹੈ, ਜਿੱਥੇ ਇਕ ਬੱਚਾ ਉੱਛਲ-ਕੁੱਦ ਸਕੇ, ਇਕ ਬਜ਼ੁਰਗ ਆਦਮੀ ਟਹਿਲ ਸਕੇ, ਇਕ ਮਾਂ ਪ੍ਰੈਮ (ਬੱਚਿਆਂ ਦੀ ਗੱਡੀ) ਨੂੰ ਧੱਕ ਸਕੇ ਅਤੇ ਇਕ ਦਿਵਿਆਂਗ ਵਿਅਕਤੀ ਸਤਿਕਾਰ ਨਾਲ ਚੱਲ ਸਕੇ।

ਕਿਸੇ ਦੇਸ਼ ਦੀ ਮਹਾਨਤਾ ਉਸ ਦੇ ਟਾਵਰਾਂ ਦੀ ਉਚਾਈ ਤੋਂ ਨਹੀਂ, ਸਗੋਂ ਇਸ ਗੱਲ ਤੋਂ ਮਾਪੀ ਜਾਂਦੀ ਹੈ ਕਿ ਉਸ ਦੇ ਆਮ ਨਾਗਰਿਕ ਉਨ੍ਹਾਂ ਦੇ ਹੇਠਾਂ ਕਿੰਨੇ ਸੁਰੱਖਿਅਤ ਤੌਰ ’ਤੇ ਚੱਲ ਸਕਦੇ ਹਨ।

ਤਦ ਤੱਕ, ਜੇਕਰ ਕੋਈ ਮੈਥੋਂ ਪੁੱਛਦਾ ਹੈ ਕਿ ਭਾਰਤ ’ਚ ਫੁੱਟਪਾਥ ’ਤੇ ਕਿਸ ਦਾ ਅਧਿਕਾਰ ਹੈ, ਤਾਂ ਮੇਰੇ ਕੋਲ ਸਿਰਫ ਇਕ ਉੱਤਰ ਹੈ।

ਯਕੀਨੀ ਤੌਰ ’ਤੇ ਉਹ ਵਿਅਕਤੀ ਤਾਂ ਨਹੀਂ, ਜੋ ਪੈਦਲ ਚੱਲ ਰਿਹਾ ਹੈ...!

ਰਾਬਰਟ ਕਲੀਮੈਂਟਸ


author

Anmol Tagra

Content Editor

Related News