ਅੱਜ ਕੌਮਾਂਤਰੀ ਚੰਦਰਮਾ ਦਿਵਸ ’ਤੇ ਵਿਸ਼ੇਸ਼: ਕਲਪਨਾਵਾਂ ਦਾ ਨਹੀਂ, ਵਿਗਿਆਨ ਦੀ ਜਿੱਤ ਦਾ ਪ੍ਰਤੀਕ ਹੈ ਚੰਦਰਮਾ
Monday, Jul 20, 2026 - 06:26 PM (IST)
ਚੰਦਰਮਾ ਦੀ ਸਤ੍ਹਾ ’ਤੇ ਮਨੁੱਖ ਵਲੋਂ ਪਹਿਲੀ ਲੈਂਡਿੰਗ ਦੀ ਵਰ੍ਹੇਗੰਢ ਦੇ ਰੂਪ ’ਚ 20 ਜੁਲਾਈ ਨੂੰ ਸਾਲ 2022 ਤੋਂ ‘ਕੌਮਾਂਤਰੀ ਚੰਦਰਮਾ ਦਿਵਸ’ ਮਨਾਇਆ ਜਾ ਰਿਹਾ ਹੈ। ਇਸ ਸਾਲ 5ਵਾਂ ਅੰਤਰਰਾਸ਼ਟਰੀ ਚੰਦਰਮਾ ਦਿਵਸ ‘ਇਕ ਚੰਦਰਮਾ, ਇਕ ਦ੍ਰਿਸ਼ਟੀ, ਇਕ ਭਵਿੱਖ’ ਵਿਸ਼ੇ ਨਾਲ ਮਨਾਇਆ ਜਾ ਰਿਹਾ ਹੈ, ਜੋ ਗਲੋਬਲ ਸਹਿਯੋਗ ਅਤੇ ਚੰਦਰ ਖੋਜ ਅਤੇ ਮਨੁੱਖਤਾ ਲਈ ਇਸ ਦੇ ਲਾਭਾਂ ਵਾਸਤੇ ਇਕ ਸਾਂਝੇ ਦ੍ਰਿਸ਼ਟੀਕੋਣ ’ਤੇ ਜ਼ੋਰ ਦਿੰਦਾ ਹੈ। ਭਾਰਤ ਸਮੇਤ ਕਈ ਦੇਸ਼ ਚੰਦਰਮਾ ’ਤੇ ਜੀਵਨ ਦੇ ਰਹੱਸਾਂ ਤੋਂ ਪਰਦਾ ਹਟਾਉਣ ਦੇ ਯਤਨਾਂ ’ਚ ਜੁਟੇ ਹੋਏ ਹਨ ਅਤੇ ਅੰਤਰਰਾਸ਼ਟਰੀ ਪੁਲਾੜ ਕਾਨੂੰਨ ਦੇ ਦਾਇਰੇ ’ਚ ਰਹਿੰਦੇ ਹੋਏ ਚੰਦਰਮਾ ’ਤੇ ਮੌਸਮ ਅਤੇ ਜੀਵਨ ਸਮੇਤ ਹੋਰ ਸੰਭਾਵਨਾਵਾਂ ’ਤੇ ਲਗਾਤਾਰ ਕੰਮ ਕਰ ਰਹੇ ਹਨ।
ਭਾਰਤ ਲਈ ਇਸ ਦਿਵਸ ਦੀ ਮਹੱਤਤਾ ਬਹੁਤ ਜ਼ਿਆਦਾ ਹੈ ਕਿਉਂਕਿ 14 ਜੁਲਾਈ, 2023 ਨੂੰ ਚੰਦਰ ਮਿਸ਼ਨ ਦੇ ਤਹਿਤ ‘ਚੰਦਰਯਾਨ-3’ ਲਾਂਚ ਕੀਤਾ ਗਿਆ ਸੀ, ਜਿਸ ਦੇ ਜ਼ਰੀਏ 23 ਅਗਸਤ, 2023 ਨੂੰ ਪੁਲਾੜ ਖੇਤਰ ’ਚ ਇਕ ਅਭੁੱਲ ਅਧਿਆਏ ਲਿਖਦੇ ਹੋਏ ਭਾਰਤ ਨੇ ਸੁਨਹਿਰੀ ਇਤਿਹਾਸ ਰਚਿਆ ਸੀ। ਚੰਦਰਯਾਨ-3 ਨੇ ਚੰਦਰਮਾ ਦੇ ਜਿਸ ਬੇਹੱਦ ਰਹੱਸਮਈ ਅਤੇ ਗੁੰਮਨਾਮ ਦੱਖਣੀ ਧਰੁਵ ’ਤੇ ਕਦਮ ਰੱਖੇ ਸਨ, ਉਹ ਚੰਦਰਮਾ ਦਾ ਬੇਹੱਦ ਖ਼ਤਰਨਾਕ ਖੇਤਰ ਮੰਨਿਆ ਜਾਂਦਾ ਹੈ ਅਤੇ ਭਾਰਤ ਤੋਂ ਇਲਾਵਾ ਦੁਨੀਆ ਦਾ ਕੋਈ ਵੀ ਦੇਸ਼ ਚੰਦ ਦੇ ਦੱਖਣੀ ਧਰੁਵ ਨੂੰ ਨਹੀਂ ਛੂਹ ਸਕਿਆ ਸੀ। ਇਸ ਮਿਸ਼ਨ ਦੀ ਸਫ਼ਲਤਾ ਦੇ ਨਾਲ ਹੀ ਭਾਰਤ ਅਮਰੀਕਾ, ਰੂਸ ਅਤੇ ਚੀਨ ਤੋਂ ਬਾਅਦ ਚੰਦਰਮਾ ’ਤੇ ਪਹੁੰਚਣ ਵਾਲਾ ਚੌਥਾ ਦੇਸ਼ ਬਣ ਗਿਆ ਸੀ। ਚੰਦਰਯਾਨ-3 ਮਿਸ਼ਨ ਦੀ ਵੱਡੀ ਸਫ਼ਲਤਾ ਤੋਂ ਬਾਅਦ ਇਸਰੋ ਹੁਣ ਚੰਦਰਯਾਨ-4 ਮਿਸ਼ਨ ਨੂੰ ਲਾਂਚ ਕਰਨ ਦੀਆਂ ਤਿਆਰੀਆਂ ’ਚ ਜੁਟਿਆ ਹੋਇਆ ਹੈ।
ਭਾਰਤ ਦੇ ਇਸ ਚੌਥੇ ਮੂਨ ਮਿਸ਼ਨ ਨੂੰ 2028 ਤੱਕ ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ। ਚੰਦਰਯਾਨ-4 ਨੂੰ ਚੰਦ ਤੋਂ ਮਿੱਟੀ ਦੇ ਨਮੂਨੇ ਲਿਆਉਣ ਲਈ ਬਣਾਇਆ ਜਾ ਰਿਹਾ ਹੈ, ਜੋ ‘ਸ਼ਿਵ ਸ਼ਕਤੀ’ ਬਿੰਦੂ ਤੋਂ ਇਹ ਨਮੂਨੇ ਧਰਤੀ ’ਤੇ ਲਿਆਵੇਗਾ।
ਇਹ ਜਾਣਨਾ ਵੀ ਦਿਲਚਸਪ ਹੈ ਕਿ ਚੰਦਰਮਾ ’ਤੇ 14-15 ਦਿਨ ਤੱਕ ਸੂਰਜ ਨਿਕਲਦਾ ਹੈ ਅਤੇ ਬਾਕੀ ਦੇ 14-15 ਦਿਨ ਹਨੇਰਾ ਰਹਿੰਦਾ ਹੈ। ਇਹੀ ਨਹੀਂ, ਚੰਦਰਮਾ ਦਾ ਇਕ ਦਿਨ ਸਾਡੀ ਧਰਤੀ ਦੇ 29.5 ਦਿਨਾਂ ਦੇ ਬਰਾਬਰ ਹੁੰਦਾ ਹੈ। 20 ਜੁਲਾਈ, 1969 ਪੂਰੀ ਦੁਨੀਆ ਲਈ ਇਕ ਇਤਿਹਾਸਕ ਦਿਨ ਸੀ, ਕਿਉਂਕਿ ਉਸ ਦਿਨ ਅਮਰੀਕੀ ਪੁਲਾੜ ਉਡਾਣ ‘ਅਪੋਲੋ-11’ ਮਿਸ਼ਨ ਦੇ ਹਿੱਸੇ ਵਜੋਂ ਅਮਰੀਕੀ ਪੁਲਾੜ ਯਾਤਰੀ ਨੀਲ ਆਰਮਸਟ੍ਰਾਂਗ ਚੰਦਰਮਾ ’ਤੇ ਕਦਮ ਰੱਖਣ ਵਾਲੇ ਪਹਿਲੇ ਮਨੁੱਖ ਸਨ। ਉਨ੍ਹਾਂ ਦੇ ਨਾਲ ਚੰਦਰ ਮਾਡਿਊਲ ਪਾਇਲਟ ਬਜ ਐਲਡ੍ਰਿਨ ਵੀ ਸਨ। ਬਜ ਐਲਡ੍ਰਿਨ 19 ਮਿੰਟ ਬਾਅਦ ਨੀਲ ਆਰਮਸਟ੍ਰਾਂਗ ਨਾਲ ਸ਼ਾਮਲ ਹੋਏ ਸਨ ਅਤੇ ਦੋਵਾਂ ਨੇ ਉਸ ਜਗ੍ਹਾ ਦੀ ਖੋਜ ’ਚ ਸਵਾ ਦੋ ਘੰਟੇ ਇਕੱਠੇ ਬਿਤਾਏ ਸਨ।
ਨੀਲ ਆਰਮਸਟ੍ਰਾਂਗ ਨੇ ਜਦੋਂ ਪੌੜੀ ਤੋਂ ਹੇਠਾਂ ਉਤਰ ਕੇ ਚੰਦਰਮਾ ਦੀ ਸਤ੍ਹਾ ’ਤੇ ਪਹਿਲਾ ਕਦਮ ਰੱਖਿਆ, ਉਦੋਂ ਕਿਹਾ ਸੀ ਕਿ ‘‘ਇਹ ਇਕ ਮਨੁੱਖ ਲਈ ਇਕ ਛੋਟਾ ਕਦਮ ਹੈ, ਪਰ ਮਨੁੱਖਤਾ ਲਈ ਇਕ ਵੱਡੀ ਛਲਾਂਗ ਹੈ।’’ ਚੰਦਰਮਾ ਦੀ ਸਤ੍ਹਾ ’ਤੇ ਰਹਿੰਦੇ ਹੋਏ ਨੀਲ ਅਤੇ ਬਜ ਨੇ ਧਰਤੀ ’ਤੇ ਖੋਜ ਅਤੇ ਅਧਿਐਨ ਲਈ ਲਿਆਉਣ ਵਾਸਤੇ ਚੰਦਰਮਾ ਤੋਂ ਕਰੀਬ 21.5 ਕਿਲੋਗ੍ਰਾਮ ਸਮੱਗਰੀ ਇਕੱਠੀ ਕੀਤੀ ਸੀ।
ਨਾਸਾ ਦਾ ਇਹ ਬਹੁਤ ਵੱਡਾ ਮਿਸ਼ਨ ਸੀ, ਜਿਸ ਦੇ ਤਹਿਤ ਨੀਲ ਅਤੇ ਬਜ ਨੂੰ ਪੁਲਾੜ ਤੱਕ ਪਹੁੰਚਾਉਣ ਦੇ ਅਪੋਲੋ ਮਿਸ਼ਨ ’ਚ ਪੁਲਾੜ ਯਾਤਰੀਆਂ ਤੋਂ ਲੈ ਕੇ ਮਿਸ਼ਨ ਕੰਟਰੋਲਰ, ਵਿਗਿਆਨੀ, ਇੰਜੀਨੀਅਰ, ਡਾਕਟਰ, ਨਰਸਾਂ, ਗਣਿਤ-ਸ਼ਾਸਤਰੀ, ਪ੍ਰੋਗਰਾਮਰ, ਠੇਕੇਦਾਰ, ਕੈਟਰਰ ਆਦਿ ਕਰੀਬ 4 ਲੱਖ ਲੋਕ ਸਰਗਰਮ ਸਨ। ਨਾਸਾ ਦੇ ਇਸ ਅਭਿਲਾਸ਼ੀ ਮਿਸ਼ਨ ਦੌਰਾਨ 20-30 ਵਿਅਕਤੀਆਂ ਦੀ ਟੀਮ ਹਰ ਪਲ ਸਰਗਰਮ ਰਹਿੰਦੀ ਸੀ ਅਤੇ ਨਾਸਾ ਦੇ ਮਿਸ਼ਨ ਕੰਟਰੋਲਰ ਨੂੰ ਪੂਰੀ ਦੁਨੀਆ ’ਚ ਮੌਜੂਦ ਗਰਾਊਂਡ ਸਟੇਸ਼ਨਾਂ ਨਾਲ ਸੰਪਰਕ ਰੱਖਣਾ ਪੈਂਦਾ ਸੀ।
ਖ਼ੈਰ, ਚੰਦ ’ਤੇ ਇਨਸਾਨ ਦਾ ਪਹਿਲਾ ਕਦਮ ਪੈਣ ਦੇ ਨਾਲ ਹੀ ਅਮਰੀਕਾ ਨੇ ਇਹ ਸਾਬਤ ਕਰ ਦਿੱਤਾ ਸੀ ਕਿ ਪੂਰੀ ਦੁਨੀਆ ’ਚ ਇਨਸਾਨ ਤੋਂ ਤਾਕਤਵਰ ਕੋਈ ਨਹੀਂ ਹੈ ਅਤੇ ਇਸੇ ਸਫ਼ਲਤਾ ਨੂੰ ਸੈਲੀਬ੍ਰੇਟ ਕਰਨ ਲਈ ਹਰ ਸਾਲ ‘ਕੌਮਾਂਤਰੀ ਚੰਦਰਮਾ ਦਿਵਸ’ ਮਨਾਇਆ ਜਾਣ ਲੱਗਾ ਹੈ। ਨਾਸਾ ਦੇ ਪੁਲਾੜ ਯਾਨ ਅਪੋਲੋ ਦੀ ਚੰਦਰਮਾ ਦੀ ਯਾਤਰਾ ਦਾ ਸਫ਼ਰ 16 ਜੁਲਾਈ, 1969 ਨੂੰ ਸ਼ੁਰੂ ਹੋਇਆ ਸੀ ਅਤੇ ਦੱਸਿਆ ਜਾਂਦਾ ਹੈ ਕਿ ਨੀਲ ਅਤੇ ਬਜ ਜਦੋਂ ਚੰਦ ਦੀ ਸਤ੍ਹਾ ’ਤੇ ਪਹੁੰਚੇ ਤਾਂ ਯਾਨ ਦੇ ਅਲਾਰਮ ਵੱਜ ਰਹੇ ਸਨ, ਯਾਨ ’ਚ ਫਿਊਲ ਦੀ ਮਾਤਰਾ ਬੇਹੱਦ ਘੱਟ ਸੀ, ਪਰ ਫਿਰ ਵੀ ਨੀਲ ਨੇ ਬੜੀ ਸਹਿਜਤਾ ਨਾਲ ਪੁਲਾੜ ਯਾਨ ਨੂੰ ਚੰਦ ’ਤੇ ਉਤਾਰ ਦਿੱਤਾ ਅਤੇ ਚੰਦਰਮਾ ਦੀ ਬੇਹੱਦ ਉੱਬੜ-ਖਾਬੜ ਸਤ੍ਹਾ ’ਤੇ ਪਹਿਲਾ ਕਦਮ ਰੱਖਦੇ ਹੋਏ ਚੰਦ ’ਤੇ ਝੰਡਾ ਲਹਿਰਾ ਕੇ ਇਤਿਹਾਸ ਰਚ ਦਿੱਤਾ ਸੀ।
ਸਾਰੀ ਮਨੁੱਖ ਜਾਤੀ ਲਈ ਉਹ ਇਕ ਅਜਿਹਾ ਇਤਿਹਾਸਕ ਕਾਰਜ ਸੀ, ਜਿਸ ਤੋਂ ਬਾਅਦ ਵਿਗਿਆਨ ਅਤੇ ਪੁਲਾੜ ਨੂੰ ਦੇਖਣ ਦਾ ਦੁਨੀਆ ਦਾ ਦ੍ਰਿਸ਼ਟੀਕੋਣ ਹੀ ਬਦਲ ਗਿਆ। ਅਸਲ ’ਚ ਹਜ਼ਾਰਾਂ ਸਾਲਾਂ ਤੋਂ ਮਨੁੱਖੀ ਸੱਭਿਅਤਾਵਾਂ ਸਾਡੇ ਇਕਮਾਤਰ ਕੁਦਰਤੀ ਉਪਗ੍ਰਹਿ ਚੰਦਰਮਾ ਦੀ ਉਤਪਤੀ ਅਤੇ ਰਹੱਸਾਂ ਬਾਰੇ ਸੋਚਦਿਆਂ ਆਕਾਸ਼ ਵੱਲ ਦੇਖਦੀਆਂ ਰਹੀਆਂ ਹਨ। ਹਾਲਾਂਕਿ ਚੰਦਰਮਾ ਦੀ ਉਤਪਤੀ ਨੂੰ ਲੈ ਕੇ ਵਿਗਿਆਨੀਆਂ ਦੁਆਰਾ ਕਈ ਤਰ੍ਹਾਂ ਦੇ ਸਿਧਾਂਤ ਦਿੱਤੇ ਗਏ ਹਨ, ਜਿਨ੍ਹਾਂ ’ਚੋਂ ਸਭ ਤੋਂ ਵੱਧ ਪ੍ਰਮਾਣਿਤ ‘ਬਿਗ ਇੰਪੈਕਟ ਥਿਊਰੀ’ ਹੀ ਹੈ, ਜਿਸ ਅਨੁਸਾਰ ਕਈ ਅਰਬ ਸਾਲ ਪਹਿਲਾਂ ਮੰਗਲ ਗ੍ਰਹਿ ਦੇ ਆਕਾਰ ਦਾ ਇਕ ਪਿੰਡ ਸਾਡੀ ਧਰਤੀ ਨਾਲ ਟਕਰਾਇਆ ਅਤੇ ਉਸ ਟਕਰਾਅ ਦੇ ਨਤੀਜੇ ਵਜੋਂ ਧਰਤੀ ਦੀ ਉਪਰਲੀ ਸਤ੍ਹਾ ਟੁੱਟ ਕੇ ਪੁਲਾੜ ’ਚ ਬਿਖਰ ਗਈ। ਧਰਤੀ ਦੇ ਗੁਰੂਤਾਕਰਸ਼ਣ ਪ੍ਰਭਾਵ ਦੇ ਕਾਰਨ ਉਹ ਮਲਬਾ ਧਰਤੀ ਦੇ ਚਾਰੇ ਪਾਸੇ ਚੱਕਰ ਲਗਾਉਣ ਲੱਗਾ ਅਤੇ ਹੌਲੀ-ਹੌਲੀ ਇਕ ਪਿੰਡ ਦੇ ਰੂਪ ’ਚ ਬਦਲ ਗਿਆ ਅਤੇ ਇਸ ਤਰ੍ਹਾਂ ਧਰਤੀ ਦੇ ਕੁਦਰਤੀ ਉਪਗ੍ਰਹਿ ਚੰਦਰਮਾ ਦਾ ਜਨਮ ਹੋਇਆ। ਧਰਤੀ ਨਾਲ ਹੋਈ ਟੱਕਰ ਦੇ ਨਤੀਜੇ ਵਜੋਂ ਹੀ ਧਰਤੀ ਆਪਣੇ ਧੁਰੇ ਤੋਂ 23.5 ਡਿਗਰੀ ਝੁਕ ਗਈ ਅਤੇ ਉਸੇ ਤੋਂ ਬਾਅਦ ਧਰਤੀ ’ਤੇ ਵੱਖ-ਵੱਖ ਰੁੱਤਾਂ ਦਾ ਜਨਮ ਹੋਇਆ ਅਤੇ ਧਰਤੀ ਦੇ ਘੁੰਮਣ ’ਚ ਸਥਿਰਤਾ ਆਈ।
ਪੁਲਾੜ ਵਿਗਿਆਨੀਆਂ ਦਾ ਮੰਨਣਾ ਹੈ ਕਿ ਸੌਰ ਮੰਡਲ ’ਚ ਜਦੋਂ ਧਰਤੀ ਦਾ ਜਨਮ ਹੋਇਆ, ਉਦੋਂ ਉਹ ਅੱਜ ਵਾਂਗ ਹਰੀ-ਭਰੀ ਨਹੀਂ ਸੀ ਸਗੋਂ ਇਕ ਭਖਦਾ ਹੋਇਆ ਅੱਗ ਦਾ ਗੋਲਾ ਸੀ ਅਤੇ ਉਸ ਦੀ ਗਤੀ, ਘੁੰਮਣ ਅਤੇ ਦਿਨ-ਰਾਤ ਦੀ ਮਿਆਦ ਵੀ ਪੂਰੀ ਤਰ੍ਹਾਂ ਵੱਖਰੀ ਸੀ, ਪਰ ਉਸ ਟੱਕਰ ਦੇ ਕਾਰਨ ਹੀ ਧਰਤੀ ’ਤੇ ਜੀਵਨ ਦੇ ਵਿਕਾਸ ਲਈ ਅਨੁਕੂਲ ਵਾਤਾਵਰਣ ਦਾ ਜਨਮ ਹੋਇਆ। ਪੁਲਾੜ ਵਿਗਿਆਨੀਆਂ ਮੁਤਾਬਕ ਜੇਕਰ ਸਾਨੂੰ ਧਰਤੀ ਨੂੰ ਸਮਝਣਾ ਹੈ ਤਾਂ ਉਸ ਦੇ ਲਈ ਪਹਿਲਾਂ ਚੰਦਰਮਾ ਨੂੰ ਸਮਝਣਾ ਜ਼ਰੂਰੀ ਹੈ, ਕਿਉਂਕਿ ਉਸ ਤੋਂ ਬਿਨਾਂ ਅਸੀਂ ਆਪਣੇ ਸੌਰ ਮੰਡਲ ਨੂੰ ਵੀ ਸਹੀ ਢੰਗ ਨਾਲ ਨਹੀਂ ਸਮਝ ਸਕਦੇ।
—ਯੋਗੇਸ਼ ਕੁਮਾਰ ਗੋਇਲ
