ਭਾਰਤ ਦੀ ਬਰਾਮਦ ਰਣਨੀਤੀ ’ਚ ਮੌਜੂਦ ਕਮੀ ਨੂੰ ਦੂਰ ਕਰਨ ਦਾ ਸਮਾਂ
Saturday, Jul 18, 2026 - 05:23 PM (IST)
ਪਿਛਲੇ ਇਕ ਦਹਾਕੇ ’ਚ, ਭਾਰਤ ਨੇ ਬ੍ਰਿਟੇਨ, ਆਸਟ੍ਰੇਲੀਆ ਅਤੇ ਯੂਰਪੀ ਸੰਘ ਵਰਗੇ ਵੱਡੇ ਬਾਜ਼ਾਰਾਂ ਸਮੇਤ 9 ਵਪਾਰਕ ਸਮਝੌਤਿਆਂ ’ਤੇ ਦਸਤਖਤ ਕੀਤੇ ਹਨ। ਭਾਰਤੀ ਕੰਪਨੀਆਂ ਨੂੰ ਹੁਣ ਵਿਕਸਿਤ ਦੇਸ਼ਾਂ ਦੇ ਬਹੁਤੇ ਬਾਜ਼ਾਰਾਂ ਤੱਕ ਪਹੁੰਚ ਹਾਸਲ ਹੋਵੇਗੀ। ਹਾਲਾਂਕਿ, ਸਿਰਫ ਪ੍ਰਤੀਯੋਗੀ ਕਾਰੋਬਾਰ ਹੀ ਇਸ ਮੌਕੇ ਨੂੰ ਬਰਾਮਦ, ਰੁਜ਼ਗਾਰ ਅਤੇ ਰੋਜ਼ੀ-ਰੋਟੀ ’ਚ ਬਦਲ ਸਕਦੇ ਹਨ। ਭਾਰਤੀ ਉਦਯੋਗਾਂ ਨੂੰ ਡਿਜੀਟਲ ਤੌਰ ’ਤੇ ਸਮਰੱਥ ਹੋਣਾ ਪਵੇਗਾ, ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਦੀ ਵਰਤੋਂ ਕਰਨੀ ਪਵੇਗੀ, ਵਿਸ਼ਵਵਿਆਪੀ ਮੰਗ ਨੂੰ ਸਮਝਣਾ ਪਵੇਗਾ, ਗਲੋਬਲ ਮਿਆਰਾਂ ਨੂੰ ਪੂਰਾ ਕਰਨਾ ਪਵੇਗਾ ਅਤੇ ਗਲੋਬਲ ਵੈਲਿਊ ਚੇਨ ’ਤੇ ਕਬਜ਼ਾ ਕਰਨ ਲਈ ਗੁਣਵੱਤਾ, ਲਾਗਤ ਅਤੇ ਸਮਾਂਬੱਧਤਾ ਦੇ ਮਾਪਦੰਡਾਂ ’ਤੇ ਖਰਾ ਉਤਰਨਾ ਪਵੇਗਾ।
ਭਾਰਤ ’ਚ ਬਰਾਮਦ ਸੰਬੰਧੀ ਚਰਚਾ ਆਮ ਤੌਰ ’ਤੇ ਵਿਆਪਕ ਪੱਧਰ ’ਤੇ ਹੁੰਦੀ ਹੈ, ਜਿਵੇਂ ਕਿ ਵਟਾਂਦਰਾ ਦਰਾਂ, ਲੌਜਿਸਟਿਕਸ, ਕਰਜ਼ਾ, ਬਿਜਲੀ, ਜ਼ਮੀਨ, ਲੇਬਰ ਅਤੇ ਵਪਾਰਕ ਸਮਝੌਤੇ। ਇਹ ਸਾਰੇ ਮਹੱਤਵਪੂਰਨ ਹਨ। ਇਨ੍ਹਾਂ ਤੋਂ ਬਿਨਾਂ ਕੰਪਨੀਆਂ ਮੁਕਾਬਲਾ ਨਹੀਂ ਕਰ ਸਕਦੀਆਂ। ਨਵੇਂ ਵਪਾਰਕ ਸਮਝੌਤਿਆਂ ’ਤੇ ਦਸਤਖਤ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ (ਐੱਮ. ਐੱਸ. ਐੱਮ. ਈ.) ਨੂੰ ਗਲੋਬਲ ਬਾਜ਼ਾਰਾਂ ’ਚ ਵਧੇਰੇ ਡੂੰਘਾਈ ਨਾਲ ਜੁੜਨ ਦਾ ਮੌਕਾ ਪ੍ਰਦਾਨ ਕਰਦੇ ਹਨ।
ਹਾਲਾਂਕਿ, ਬਾਜ਼ਾਰ ਤੱਕ ਪਹੁੰਚਣਾ ਅਤੇ ਬਾਜ਼ਾਰ ’ਚ ਪ੍ਰਵੇਸ਼ ਕਰਨਾ ਇਕੋ ਗੱਲ ਨਹੀਂ ਹੈ। ਬਰਾਮਦ ਉਦਯੋਗ ਦੇ ਪੱਧਰ ’ਤੇ ਹੁੰਦਾ ਹੈ। ਛੋਟੇ ਕਾਰੋਬਾਰਾਂ ਲਈ, ਸਭ ਤੋਂ ਵੱਡੀ ਰੁਕਾਵਟ ਅਕਸਰ ਸਿਰਫ਼ ਉਤਪਾਦਨ ਸਮਰੱਥਾ ਹੀ ਨਹੀਂ ਹੁੰਦੀ, ਸਗੋਂ ਮੰਗ ਨੂੰ ਸਮਝਣ, ਗਲੋਬਲ ਖਰੀਦਦਾਰਾਂ ਦੇ ਸਾਹਮਣੇ ਭਰੋਸੇਮੰਦ ਦਿਸਣ ਅਤੇ ਸਰਹੱਦਾਂ ਦੇ ਪਾਰ ਬਿਨਾਂ ਕਿਸੇ ਰੁਕਾਵਟ ਦੇ ਲੈਣ-ਦੇਣ ਕਰਨ ਦੀ ਸਮਰੱਥਾ ਵੀ ਹੁੰਦੀ ਹੈ। ਇਕ ਫਰਮ ਨੂੰ ਖਰੀਦਦਾਰ ਲੱਭਣਾ ਹੁੰਦਾ ਹੈ, ਭਰੋਸੇਯੋਗਤਾ ਦਾ ਸੰਕੇਤ ਦੇਣਾ ਹੁੰਦਾ ਹੈ, ਮਿਆਰਾਂ ਨੂੰ ਪੂਰਾ ਕਰਨਾ ਹੁੰਦਾ ਹੈ, ਆਪਣੇ ਉਤਪਾਦਾਂ ਦੀ ਸਹੀ ਕੀਮਤ ਤੈਅ ਕਰਨੀ ਹੁੰਦੀ ਹੈ, ਭਰੋਸੇਮੰਦ ਸਪਲਾਈ ਕਰਨੀ ਹੁੰਦੀ ਹੈ ਅਤੇ ਵਾਰ-ਵਾਰ ਮੰਗ ਪੈਦਾ ਕਰਨੀ ਹੁੰਦੀ ਹੈ। ਭਾਰਤ ਦੀ ਬਰਾਮਦ ਰਣਨੀਤੀ ’ਚ ਇਹੀ ਕਮੀ ਹੈ। ਜੇਕਰ ਭਾਰਤ ਚਾਹੁੰਦਾ ਹੈ ਕਿ ਐੱਮ. ਐੱਸ. ਐੱਮ. ਈਜ਼ ਗਲੋਬਲ ਵਿਕਰੇਤਾ ਬਣਨ, ਤਾਂ ਬਰਾਮਦ ਪ੍ਰਤੀਯੋਗਤਾ ਨੂੰ ਫਰਮ ਦੇ ਅੰਦਰ ਵਿਕਸਿਤ ਕਰਨਾ ਹੋਵੇਗਾ, ਨਾ ਕਿ ਸਿਰਫ਼ ਉਸਦੇ ਆਲੇ-ਦੁਆਲੇ।
ਪ੍ਰਤੀਯੋਗੀ ਲਾਭ ਦਾ ਨਿਰਧਾਰਨ ਤੇਜ਼ੀ ਨਾਲ ਡਿਜੀਟਲੀਕਰਨ ਰਾਹੀਂ ਹੋ ਰਿਹਾ ਹੈ। ਵਿਸ਼ਵ ਪੱਧਰ ’ਤੇ, ਡਿਜੀਟਲ ਖਰੀਦਦਾਰਾਂ ਦੀ ਗਿਣਤੀ 2024 ’ਚ 2.7 ਅਰਬ ਤੱਕ ਪਹੁੰਚ ਗਈ ਅਤੇ ਇਸ ਦੇ ਲਗਾਤਾਰ ਵਧਣ ਦੀ ਉਮੀਦ ਹੈ। ਇਸੇ ਸੰਦਰਭ ’ਚ, ਆਈ. ਸੀ. ਆਰ. ਦੀ ਇਕ ਹਾਲੀਆ ਰਿਪੋਰਟ ’ਚ ਪਾਇਆ ਗਿਆ ਹੈ ਕਿ ਬਾਜ਼ਾਰ ’ਚ ਬਿਹਤਰ ਪ੍ਰਦਰਸ਼ਨ ਕਰਨ ਲਈ ਡਿਜੀਟਲ ਤੌਰ ’ਤੇ ਏਕੀਕ੍ਰਿਤ ਕੰਪਨੀਆਂ ਹੁਣ ਲਾਜ਼ਮੀ ਹਨ। ਗੈਰ-ਏਕੀਕ੍ਰਿਤ ਕੰਪਨੀਆਂ ਉਪਭੋਗਤਾ ਦੇ ਵਿਵਹਾਰ ਅਤੇ ਰੁਝਾਨਾਂ ਨੂੰ ਸਮਝਣ ’ਚ ਸੰਘਰਸ਼ ਕਰਦੀਆਂ ਹਨ।
ਜ਼ਿਆਦਾਤਰ ਉਦਯੋਗਾਂ ਨੂੰ ਮੁਕੰਮਲ ਡਿਜੀਟਲ ਸਿਸਟਮ ਦੀ ਨਹੀਂ, ਸਗੋਂ ਡਿਜੀਟਲ ਪਰਿਪੱਕਤਾ ਵੱਲ ਵਧਣ ਦੇ ਇਕ ਰਸਤੇ ਦੀ ਲੋੜ ਹੁੰਦੀ ਹੈ। ਡਿਜੀਟਲ ਤਿਆਰੀ ਇਕ ਅਜਿਹੀ ਯਾਤਰਾ ਹੈ ਜੋ ਏ. ਆਈ. ਨਾਲ ਸ਼ੁਰੂ ਨਹੀਂ ਹੁੰਦੀ, ਸਗੋਂ ਆਨਲਾਈਨ ਮੌਜੂਦਗੀ ਨਾਲ ਸ਼ੁਰੂ ਹੁੰਦੀ ਹੈ, ਜਿਸ ਤੋਂ ਬਾਅਦ ਡਿਜੀਟਲ ਭੁਗਤਾਨ ਅਤੇ ਬੁਕਿੰਗ, ਗਾਹਕ ਸਬੰਧ ਪ੍ਰਬੰਧਨ, ਡਾਟਾ-ਅਾਧਾਰਿਤ ਮਾਰਕੀਟਿੰਗ, ਏ. ਆਈ. ਸਮਰੱਥ ਅਗਾਊਂ-ਅਨੁਮਾਨ ਅਤੇ ਫਿਰ ਰਣਨੀਤਕ ਮੁੱਲ ਨਿਰਧਾਰਨ ਸ਼ਾਮਲ ਹੁੰਦੇ ਹਨ।
ਗਲੋਬਲ ਵਪਾਰ ’ਚ, ਭਰੋਸਾ ਹੀ ਬੁਨਿਆਦੀ ਢਾਂਚਾ ਹੈ। ਖਰੀਦਦਾਰ ਨੂੰ ਆਰਡਰ ਦੇਣ ਤੋਂ ਪਹਿਲਾਂ ਗੁਣਵੱਤਾ, ਭਰੋਸੇਯੋਗਤਾ ਅਤੇ ਨਿਯਮਾਂ ਦੀ ਪਾਲਣਾ ਦਾ ਮੁਲਾਂਕਣ ਕਰਨ ਦੇ ਸਮਰੱਥ ਹੋਣਾ ਚਾਹੀਦਾ ਹੈ। ਭਰੋਸੇਯੋਗਤਾ ਦਾ ਸੰਕੇਤ ਦੇਣ ਲਈ, ਪ੍ਰਮਾਣਿਤ ਸਮੀਖਿਆਵਾਂ, ਪਾਰਦਰਸ਼ੀ ਕੀਮਤਾਂ, ਭਰੋਸੇਮੰਦ ਡਿਲਿਵਰੀ ਸਮਾਂ-ਸੀਮਾ, ਸਰਟੀਫਿਕੇਸ਼ਨ, ਉਤਪਾਦ ਦੀ ਟ੍ਰੇਸੇਬਿਲਟੀ, ਪੇਸ਼ੇਵਰ ਕੈਟਾਲਾਗ ਅਤੇ ਤੁਰੰਤ ਸੰਚਾਰ ਮਹੱਤਵਪੂਰਨ ਹਨ।
ਸੈਰ-ਸਪਾਟਾ ਖੇਤਰ ਇਹ ਦਰਸਾਉਂਦਾ ਹੈ ਕਿ ਸੇਵਾਵਾਂ ’ਚ ਡਿਜੀਟਲ ਅਨੁਭਵ ਰਣਨੀਤੀ ਕਿਵੇਂ ਕਾਰਗਰ ਹੋ ਸਕਦੀ ਹੈ। ਗੂਗਲ-ਕੈਂਟਰ ਦੀ ਇਕ ਰਿਪੋਰਟ ਅਨੁਸਾਰ, ਯੂ-ਟਿਊਬ ਯਾਤਰਾ ਸੰਬੰਧੀ ਪ੍ਰੇਰਨਾ ਦਾ ਪ੍ਰਮੁੱਖ ਸਰੋਤ ਬਣ ਕੇ ਉੱਭਰਿਆ ਹੈ। ਕਿਉਂਕਿ ਹੁਣ ਜ਼ਿਆਦਾਤਰ ਯਾਤਰਾ ਸੰਬੰਧੀ ਬੁਕਿੰਗ ਆਨਲਾਈਨ ਕੀਤੀ ਜਾਂਦੀ ਹੈ, ਇਸ ਲਈ ਡਿਜੀਟਲ ਸਮਰੱਥਾ ਦੇ ਪ੍ਰਮੁੱਖ ਕਾਰਕ ਇਕ ਤੇਜ਼, ਵਧੇਰੇ ਪਾਰਦਰਸ਼ੀ ਅਤੇ ਵਧੇਰੇ ਭਰੋਸੇਮੰਦ ਰਿਜ਼ਰਵੇਸ਼ਨ ਅਨੁਭਵ ਪ੍ਰਦਾਨ ਕਰਦੇ ਹਨ। ਇਸ ਨਾਲ ਇਕ ਵਾਰ ਫਿਰ ਉਦਯੋਗਾਂ ਲਈ ਡਿਜੀਟਲ ਤਿਆਰੀ ਪਹਿਲਾ ਕਦਮ ਬਣ ਜਾਂਦੀ ਹੈ।
-ਅਮਿਤਾਭ ਕਾਂਤ ਅਤੇ ਪ੍ਰਤੀਕ ਗੋਇਲ
