‘ਕੁਝ! ਰਿਸ਼ਵਤਖੋਰ ਪੁਲਸ ਮੁਲਾਜ਼ਮ’ ਬਣ ਰਹੇ ਬਦਨਾਮੀ ਦਾ ਕਾਰਨ!
Wednesday, Jun 24, 2026 - 03:16 AM (IST)
ਹਾਲਾਂਕਿ ਪੁਲਸ ਵਿਭਾਗ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਤੋਂ ਰਿਸ਼ਵਤਖੋਰੀ ਵਰਗੀਆਂ ਬੁਰਾਈਆਂ ਤੋਂ ਦੂਰ ਰਹਿਣ ਦੀ ਉਮੀਦ ਕੀਤੀ ਜਾਂਦੀ ਹੈ, ਪਰ ਦੇਸ਼ ’ਚ ‘‘ਕੁਝ’’ ਪੁਲਸ ਮੁਲਾਜ਼ਮ ਅਤੇ ਅਧਿਕਾਰੀ, ਜਿਨ੍ਹਾਂ ’ਚ ਮਹਿਲਾ ਪੁਲਸ ਮੁਲਾਜ਼ਮ ਵੀ ਸ਼ਾਮਲ ਹਨ, ਭ੍ਰਿਸ਼ਟਾਚਾਰ ’ਚ ਸ਼ਾਮਲ ਹੋ ਕੇ ਆਪਣੇ ਹੀ ਵਿਭਾਗ ਦੀ ਬਦਨਾਮੀ ਦਾ ਕਾਰਨ ਬਣ ਰਹੇ ਹਨ, ਜਿਨ੍ਹਾਂ ਦੀਆਂ ਪਿਛਲੇ ਲਗਭਗ 4 ਮਹੀਨਿਆਂ ਦੀਆਂ ਘਟਨਾਵਾਂ ਹੇਠਾਂ ਦਰਜ ਹਨ :
* 26 ਫਰਵਰੀ ਨੂੰ ‘ਕੋਰੀਆ’ (ਛੱਤੀਸਗੜ੍ਹ) ’ਚ ‘ਭ੍ਰਿਸ਼ਟਾਚਾਰ ਵਿਰੋਧੀ ਬਿਊਰੋ’ ਦੇ ਅਧਿਕਾਰੀਆਂ ਨੇ ‘ਪੋਡੀ’ ਪੁਲਸ ਥਾਣੇ ’ਚ ਤਾਇਨਾਤ ਇਕ ਸਬ-ਇੰਸਪੈਕਟਰ ‘ਅਬਦੁਲ ਮੁਨਾਫ’ ਨੂੰ ‘ਸਤਵੇਂਦਰ ਪ੍ਰਜਾਪਤੀ’ ਨਾਂ ਦੇ ਇਕ ਕਿਸਾਨ ਤੋਂ 25,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ।
* 23 ਮਾਰਚ ਨੂੰ ‘ਉਦੈਪੁਰ’ (ਰਾਜਸਥਾਨ) ’ਚ ‘ਭ੍ਰਿਸ਼ਟਾਚਾਰ ਰੋਕੂ ਬਿਊਰੋ’ ਦੀ ਟੀਮ ਨੇ ‘ਮਾਂਡਵਾ’ ਦੇ ਐੱਸ. ਐੱਚ. ਓ. ‘ਨਿਰਮਲ ਕੁਮਾਰ’ ਅਤੇ ਇਕ ਕਾਂਸਟੇਬਲ ‘ਭਲਾ ਰਾਮ’ ਨੂੰ ਐੱਨ. ਡੀ. ਪੀ. ਐੱਸ. (ਨਸ਼ੇ) ਦੇ ਇਕ ਕੇਸ ’ਚ ਮੁਲਜ਼ਮ ਦਾ ਨਾਂ ਹਟਾਉਣ ਦੇ ਬਦਲੇ 8 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ।
* 29 ਮਾਰਚ ਨੂੰ ‘ਅਨੰਤਨਾਗ’ (ਜੰਮੂ-ਕਸ਼ਮੀਰ) ’ਚ ‘ਭ੍ਰਿਸ਼ਟਾਚਾਰ ਰੋਕੂ ਬਿਊਰੋ’ ਨੇ ਜ਼ਬਤ ਕੀਤੇ ਵਾਹਨ ਦੇ ਦਸਤਾਵੇਜ਼ ਵਾਪਸ ਕਰਨ ਦੇ ਬਦਲੇ ‘ਲਰਨੂ’ ਪੁਲਸ ਸਟੇਸ਼ਨ ਦੇ ਵਿਸ਼ੇਸ਼ ਪੁਲਸ ਅਧਿਕਾਰੀ ‘ਇਮਤਿਆਜ਼ ਅਹਿਮਦ ਭੱਟ’ ਨੂੰ 18,000 ਰੁਪਏ ਰਿਸ਼ਵਤ ਲੈਂਦਿਆਂ ਫੜਿਆ।
* 1 ਮਈ ਨੂੰ ‘ਸ਼੍ਰੀਨਗਰ’ (ਜੰਮੂ-ਕਸ਼ਮੀਰ) ’ਚ ‘ਭ੍ਰਿਸ਼ਟਾਚਾਰ ਰੋਕੂ ਬਿਊਰੋ’ ਦੇ ਅਧਿਕਾਰੀਆਂ ਨੇ ‘ਸੌਰਾ’ ਪੁਲਸ ਥਾਣੇ ’ਚ ਤਾਇਨਾਤ ਹੈੱਡ ਕਾਂਸਟੇਬਲ ‘ਪਰਵੇਜ਼ ਅਹਿਮਦ ਰਾਥਰ’ ਨੂੰ ਇਕ ਐੱਫ. ਆਈ. ਆਰ. ’ਚੋਂ ਸ਼ਿਕਾਇਤਕਰਤਾ ਦਾ ਨਾਂ ਹਟਾਉਣ ਦੇ ਬਦਲੇ 15,000 ਰੁਪਏ ਰਿਸ਼ਵਤ ਲੈਂਦਿਆਂ ਫੜਿਆ।
* 29 ਮਈ ਨੂੰ ‘ਪਾਣੀਪਤ’ (ਹਰਿਆਣਾ) ’ਚ ‘ਭ੍ਰਿਸ਼ਟਾਚਾਰ ਰੋਕੂ ਬਿਊਰੋ’ ਦੇ ਅਧਿਕਾਰੀਆਂ ਨੇ ‘ਥਾਣਾ ਤਹਿਸੀਲ ਕੈਂਪ’ ’ਚ ਤਾਇਨਾਤ ‘ਸਤੀਸ਼’ ਨਾਂ ਦੇ ਇਕ ਹੈੱਡ ਕਾਂਸਟੇਬਲ ਨੂੰ 15,000 ਰੁਪਏ ਰਿਸ਼ਵਤ ਲੈਂਦਿਆਂ ਹਿਰਾਸਤ ’ਚ ਲਿਆ।
* 6 ਜੂਨ ਨੂੰ ‘ਕੇਂਦਰੀ ਜਾਂਚ ਬਿਊਰੋ’ (ਸੀ. ਬੀ. ਆਈ.) ਨੇ ਭ੍ਰਿਸ਼ਟਾਚਾਰ ਦੀ ਇਕ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਚੰਡੀਗੜ੍ਹ ਦੇ ਪੁਲਸ ਸਟੇਸ਼ਨ-39 ’ਚ ਤਾਇਨਾਤ ਅਸਿਸਟੈਂਟ ਸਬ-ਇੰਸਪੈਕਟਰ ‘ਹਿਤੇਸ਼’ ਨੂੰ 40,000 ਰੁਪਏ ਦੀ ਨਕਦੀ ਸਮੇਤ ਫੜਿਆ।
* 15 ਜੂਨ ਨੂੰ ‘ਰਾਜਸਥਾਨ ਭ੍ਰਿਸ਼ਟਾਚਾਰ ਰੋਕੂ ਬਿਊਰੋ’ ਦੇ ਅਧਿਕਾਰੀਆਂ ਨੇ ਦਾਜ ਤਸ਼ੱਦਦ ਦੇ ਇਕ ਕੇਸ ਦੀ ਜਾਂਚ ਦੇ ਸਿਲਸਿਲੇ ’ਚ ਜੈਪੁਰ ਆਈ ‘ਬੈਂਗਲੁਰੂ’ ਦੇ ਐੱਚ. ਏ. ਐੱਲ. ਥਾਣੇ ਦੀ ਇਕ ਮਹਿਲਾ ਐੱਸ. ਆਈ. ‘ਅਨੀਤਾ’ ਅਤੇ ਦੋ ਹੈੱਡ ਕਾਂਸਟੇਬਲਾਂ ‘ਉਰਗੱਪਾ’ ਤੇ ‘ਯਤੀਸ਼’ ਨੂੰ ਦਾਜ ਤਸ਼ੱਦਦ ਦੇ ਇਕ ਮਾਮਲੇ ’ਚ ਮੁਲਜ਼ਮਾਂ ਨੂੰ ਰਾਹਤ ਦੇਣ ਦੇ ਨਾਂ ’ਤੇ 40,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜੇ ਜਾਣ ਤੋਂ ਉਨ੍ਹਾਂ ਨੂੰ ਬਾਅਦ ਮੁਅੱਤਲ ਕੀਤਾ।
* 18 ਜੂਨ ਨੂੰ ‘ਅਹਿਲਿਆ ਨਗਰ’ (ਮਹਾਰਾਸ਼ਟਰ) ’ਚ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੀ ਟੀਮ ਨੇ ਇਕ ਸੜਕ ਹਾਦਸੇ ਦੀ ਸ਼ਿਕਾਇਤ ਦਰਜ ਕਰਨ ਦੇ ਬਦਲੇ 7,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ’ਚ 3 ਪੁਲਸ ਮੁਲਾਜ਼ਮਾਂ ਨੂੰ ਹਿਰਾਸਤ ’ਚ ਲਿਆ।
* 18 ਜੂਨ ਨੂੰ ਹੀ ‘ਜਲੰਧਰ’ ’ਚ ‘ਪੰਜਾਬ ਵਿਜੀਲੈਂਸ ਬਿਊਰੋ’ ਦੀ ਟੀਮ ਨੇ ‘ਐਂਟੀ ਨਾਰਕੋਟਿਕਸ ਟਾਸਕ ਫੋਰਸ’ ’ਚ ਤਾਇਨਾਤ ਸਬ-ਇੰਸਪੈਕਟਰ ‘ਅਮਨਦੀਪ ਸਿੰਘ’ ਨੂੰ 1,00,000 ਰੁਪਏ ਦੀ ਰਿਸ਼ਵਤ ਲੈਂਦਿਆਂ ਫੜਿਆ।
* 22 ਜੂਨ ਨੂੰ ‘ਟੋਹਾਣਾ’ (ਹਰਿਆਣਾ) ’ਚ ‘ਭ੍ਰਿਸ਼ਟਾਚਾਰ ਰੋਕੂ ਬਿਊਰੋ’ ਦੀ ਟੀਮ ਨੇ ਕਾਰਵਾਈ ਕਰਦਿਆਂ ਇਕ ਸਬ-ਇੰਸਪੈਕਟਰ ‘ਮਹਿੰਦਰ ਸਿੰਘ’ ਨੂੰ 35,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ।
* 22 ਜੂਨ ਨੂੰ ਹੀ ‘ਜਲੰਧਰ’ ਦੇ ਫਿਲੌਰ ਥਾਣੇ ’ਚ ਤਾਇਨਾਤ ਮਹਿਲਾ ਸਬ-ਇੰਸਪੈਕਟਰ ‘ਅਮਨਦੀਪ ਕੌਰ’ ਨੂੰ 20,000 ਰੁਪਏ ਰਿਸ਼ਵਤ ਲੈਂਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ ਗ੍ਰਿਫ਼ਤਾਰ ਕੀਤਾ। ਉਸ ਨੇ ਡਰੱਗਜ਼ ਦੇ ਇਕ ਮਾਮਲੇ ’ਚ ਸ਼ਾਮਲ ਮੁਲਜ਼ਮ ਨੂੰ ਜ਼ਮਾਨਤ ਦਿਵਾਉਣ ’ਚ ਮਦਦ ਕਰਨ ਦੇ ਬਦਲੇ ਇਹ ਰਕਮ ਮੰਗੀ ਸੀ।
* ਅਤੇ ਹੁਣ 23 ਜੂਨ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ‘ਭੋਗਪੁਰ’ (ਪੰਜਾਬ) ’ਚ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ’ਚ ਤਾਇਨਾਤ ਇੰਸਪੈਕਟਰ ‘ਰਜਨੀਸ਼ ਰਾਮਪਾਲ’ ਅਤੇ ਜ਼ਿਲਾ ਫੂਡ ਕੰਟਰੋਲਰ ਜਲੰਧਰ ਦਫ਼ਤਰ ’ਚ ਤਾਇਨਾਤ ਜੂਨੀਅਰ ਆਡੀਟਰ ‘ਮਾਨਵ ਭਨੋਟ’ ਨੂੰ ਤਰਤੀਬਵਾਰ 70,000 ਅਤੇ 50,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ।
ਪਹਿਲਾਂ ਵੀ ਪੁਲਸ ਦੇ ਕੁਝ ਮੁਲਾਜ਼ਮ ਆਪਣੀਆਂ ਅਜਿਹੀਆਂ ਹਰਕਤਾਂ ਕਾਰਨ ਕਾਨੂੰਨ ਦੇ ਸ਼ਿਕੰਜੇ ’ਚ ਫਸ ਚੁੱਕੇ ਹਨ। ਪੁਲਸ ਮੁਲਾਜ਼ਮਾਂ ਦਾ ਇਸ ਤਰ੍ਹਾਂ ਦਾ ਗਲਤ ਵਿਵਹਾਰ ਸੁਰੱਖਿਆ ਵਿਵਸਥਾ ਲਈ ਵੱਡਾ ਖ਼ਤਰਾ ਸਾਬਤ ਹੋ ਸਕਦਾ ਹੈ।
ਇਸ ਲਈ ਅਜਿਹਾ ਕਰਨ ਵਾਲੇ ਪੁਲਸ ਮੁਲਾਜ਼ਮਾਂ ਨੂੰ ਸਖ਼ਤ ਅਤੇ ਸਿੱਖਿਆਦਾਇਕ ਸਜ਼ਾ ਦੇਣ ਦੀ ਲੋੜ ਹੈ, ਤਾਂ ਜੋ ਦੂਜਿਆਂ ਨੂੰ ਵੀ ਇਸ ਤੋਂ ਸਬਕ ਮਿਲੇ ਅਤੇ ਉਹ ਰਿਸ਼ਵਤ ਲੈਣ ਦੀ ਗੱਲ ਤਾਂ ਦੂਰ, ਇਸ ਦੇ ਨਾਂ ਤੋਂ ਵੀ ਡਰਨ ਲੱਗਣ।
—ਵਿਜੇ ਕੁਮਾਰ
