ਭਾਰਤ ਨੂੰ ਅੱਜ ਤੇਜ਼ੀ ਨਾਲ ਪ੍ਰਦਰਸ਼ਨ ਕਰਨ ਵਾਲੇ ਦੇਸ਼ ਵਜੋਂ ਦੇਖਿਆ ਜਾ ਰਿਹਾ ਹੈ
Monday, Jun 22, 2026 - 03:46 PM (IST)
ਯੂਰਪ ਦੀ ਆਪਣੀ ਹਾਲੀਆ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਫਿਰ ਇਸ ਗੱਲ ਨੂੰ ਉਜਾਗਰ ਕੀਤਾ ਕਿ ਦੁਨੀਆ ’ਚ ਭਾਰਤ ਦਾ ਸਥਾਨ ਕਿੰਨੇ ਨਾਟਕੀ ਰੂਪ ’ਚ ਬਦਲ ਚੁੱਕਾ ਹੈ। ਇਕ ਸਮਾਂ ਸੀ ਜਦੋਂ ਭਾਰਤ ਨੂੰ ਅਕਸਰ ਸੰਭਾਵਨਾਵਾਂ ਦਾ ਦੇਸ਼ ਕਿਹਾ ਜਾਂਦਾ ਸੀ। ਅੱਜ ਇਸ ਨੂੰ ਤੇਜ਼ੀ ਨਾਲ ਪ੍ਰਦਰਸ਼ਨ ਕਰਨ ਵਾਲੇ ਦੇਸ਼ ਵਜੋਂ ਦੇਖਿਆ ਜਾ ਰਿਹਾ ਹੈ। ਗਲੋਬਲ ਸੰਮੇਲਨਾਂ ’ਚ, ਵਿਸ਼ੇਸ਼ ਤੌਰ ’ਤੇ ਜੀ-7 ਨੇਤਾਵਾਂ ਦੇ ਵਿਚਾਲੇ ਮੋਦੀ ਦੀ ਮੌਜੂਦਗੀ ਇਸ ਬਦਲਾਅ ਨੂੰ ਉਜਾਗਰ ਕਰਦੀ ਹੈ। ਹੁਣ ਉਹ ਦਰਵਾਜ਼ੇ ’ਤੇ ਦਸਤਕ ਦੇਣ ਵਾਲੇ ਕੋਈ ਬਾਹਰੀ ਵਿਅਕਤੀ ਨਹੀਂ ਹਨ, ਸਗੋਂ ਇਕ ਅਜਿਹੇ ਨੇਤਾ ਹਨ, ਜਿਨ੍ਹਾਂ ਦਾ ਉਸ ਕਮਰੇ ’ਚ ਸਵਾਗਤ ਕੀਤਾ ਜਾਂਦਾ ਹੈ, ਜਿੱਥੇ ਵਪਾਰ, ਸੁਰੱਖਿਆ, ਜਲਵਾਯੂ ਅਤੇ ਤਕਨੀਕ ’ਤੇ ਮਹੱਤਵਪੂਰਨ ਗੱਲਬਾਤ ਹੁੰਦੀ ਹੈ।
ਜਿਹੜੀ ਗੱਲ ਸਭ ਤੋਂ ਵੱਖਰੀ ਦਿਸਦੀ ਹੈ, ਉਹ ਸਿਰਫ ਭਾਰਤ ਦੀ ਵਧਦੀ ਆਰਥਿਕ ਤਾਕਤ ਨਹੀਂ ਹੈ, ਸਗੋਂ ਉਹ ਆਤਮ-ਵਿਸ਼ਵਾਸ ਵੀ ਹੈ, ਜਿਸਦੇ ਨਾਲ ਮੋਦੀ ਦੇਸ਼ ਦੀ ਆਵਾਜ਼ ਨੂੰ ਬੁਲੰਦ ਕਰਦੇ ਹਨ। ਭਾਵੇਂ ਜੰਗ, ਊਰਜਾ ਜਾਂ ਗਲੋਬਲ ਅਰਥਵਿਵਸਥਾ ਦੇ ਮੁੱਦਿਆਂ ’ਤੇ ਬੋਲਣਾ ਹੋਵੇ, ਉਹ ਇਕ ਅਜਿਹਾ ਪੱਕਾ ਵਿਸ਼ਵਾਸ ਪ੍ਰਦਰਸ਼ਿਤ ਕਰਦੇ ਹਨ, ਜੋ ਦੁਨੀਆ ਨੂੰ ਦੱਸਦਾ ਹੈ ਕਿ ਭਾਰਤ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਹ ਕਿੱਥੇ ਖੜ੍ਹਾ ਹੈ ਅਤੇ ਉਹ ਕਿੱਥੇ ਜਾਣਾ ਚਾਹੁੰਦਾ ਹੈ। ਸਾਡੇ ਭਾਰਤੀਆਂ ਲਈ ਇਹ ਕਿੱਡਾ ਵੱਡਾ ਬਦਲਾਅ ਹੈ।
ਪਿਛਲੇ ਕੁਝ ਸਾਲਾਂ ’ਚ, ਮੋਦੀ ਨੇ ਦੁਨੀਆ ਦੇ ਨੇਤਾਵਾਂ ਨਾਲ ਇਕ ਅਦਭੁਤ ਸਹਿਜਤਾ ਵਿਕਸਿਤ ਕੀਤੀ ਹੈ, ਜੋ ਉਨ੍ਹਾਂ ਦੀ ਕੂਟਨੀਤੀ ਦੀਆਂ ਸਭ ਤੋਂ ਸਪੱਸ਼ਟ ਵਿਸ਼ੇਸ਼ਤਾਵਾਂ ’ਚੋਂ ਇਕ ਬਣ ਗਈ ਹੈ। ਵੱਖ-ਵੱਖ ਰਾਜਨੀਤਿਕ ਵਿਚਾਰਧਾਰਾਵਾਂ ਦੇ ਨੇਤਾਵਾਂ ਨਾਲ ਉਨ੍ਹਾਂ ਦੇ ਤਾਲਮੇਲ ਨੇ ਅਕਸਰ ਓਨਾ ਹੀ ਧਿਆਨ ਖਿੱਚਿਆ ਹੈ, ਜਿੰਨਾ ਕਿ ਖੁਦ ਅਧਿਕਾਰਤ ਏਜੰਡੇ ਨੇ। ਡੋਨਾਲਡ ਟ੍ਰੰਪ ਨਾਲ ਉਨ੍ਹਾਂ ਦੀ ਸ਼ੁਰੂਆਤੀ ਦੋਸਤੀ ਤੋਂ ਲੈ ਕੇ, ਜਿੱਥੇ ਦੋਵੇਂ ਸਟੇਡੀਅਮ ਜਿੰਨੇ ਵੱਡੇ ਆਯੋਜਨਾਂ ਅਤੇ ਇਕ-ਦੂਜੇ ਦੀ ਪਿੱਠ ਥਪਥਪਾਉਣ ਦੀ ਕਲਾ ਦਾ ਆਨੰਦ ਲੈਂਦੇ ਦਿਸੇ, ਅੱਜ ਯੂਰਪੀਅਨ ਨੇਤਾਵਾਂ ਨਾਲ ਉਨ੍ਹਾਂ ਦੀ ਸਹਿਜ ਗੱਲਬਾਤ ਤੱਕ, ਮੋਦੀ ਨੇ ਦਿਖਾਇਆ ਹੈ ਕਿ ਨਿੱਜੀ ਕੂਟਨੀਤੀ ਮਾਅਨੇ ਰੱਖਦੀ ਹੈ।
ਟ੍ਰੰਪ ਨਾਲ ਆਪਣੀ ਗੱਲ ’ਤੇ ਅੜੇ ਰਹਿਣ ਅਤੇ ਨਾਲ ਹੀ ਪੱਛਮ ਦੇ ਨਾਲ ਸਬੰਧਾਂ ਨੂੰ ਡੂੰਘਾ ਕਰਨ ਦੀ ਉਨ੍ਹਾਂ ਦੀ ਸਮਰੱਥਾ ਨੇ ਇਕ ਅਜਿਹੇ ਨੇਤਾ ਨੂੰ ਪ੍ਰਦਰਸ਼ਿਤ ਕੀਤਾ ਜੋ ਆਪਣੇ ਆਪ ’ਚ ਸਹਿਜ ਹੈ। ਇਹ ਕਦੇ ਵੀ ਸਿਰਫ ਸਹਿਮਤ ਹੋਣ ਬਾਰੇ ਨਹੀਂ ਸੀ, ਇਹ ਆਪਣੀ ਗੱਲ ਸੁਣੇ ਜਾਣ ਅਤੇ ਇਸ ਤੋਂ ਵੀ ਮਹੱਤਵਪੂਰਨ ਗੱਲ, ਸਨਮਾਨਿਤ ਹੋਣ ਬਾਰੇ ਸੀ। ਦ੍ਰਿੜ੍ਹ ਰਹਿਣ ਦੇ ਨਾਲ-ਨਾਲ ਦੋਸਤਾਨਾ ਬਣੇ ਰਹਿਣ ਦੀ ਇਸ ਸਮਰੱਥਾ ਨੇ ਗਲੋਬਲ ਪੱਧਰ ’ਤੇ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕੀਤਾ ਹੈ।
ਅਤੇ ਫਿਰ ਕੂਟਨੀਤੀ ਦਾ ਇਕ ਹਲਕਾ-ਫੁਲਕਾ ਪਹਿਲੂ ਵੀ ਹੈ, ਉਹ ਪਹਿਲੂ, ਜੋ ਹਰ ਕਿਸੇ ਨੂੰ ਯਾਦ ਦਿਵਾਉਂਦਾ ਹੈ ਕਿ ਦੁਨੀਆ ਦੇ ਨੇਤਾ ਵੀ ਇਨਸਾਨ ਹਨ ਅਤੇ ਉਨ੍ਹਾਂ ਕੋਲ ਹਾਸੇ-ਮਜ਼ਾਕ ਦੀ ਚੰਗੀ ਸਮਝ ਹੈ। ਜਾਰਜੀਆ ਮੇਲੋਨੀ ਦੇ ਨਾਲ ਮੋਦੀ ਦੇ ਗਰਮਜੋਸ਼ੀ ਭਰੇ ਅਤੇ ਬੇਹੱਦ ਸਹਿਜ ਸਮੀਕਰਨ ਨੇ ਕਾਫੀ ਚਰਚਾ, ਮੀਮਜ਼ ਅਤੇ ਕਈ ਮਨੋਰੰਜਕ ਸੁਰਖੀਆਂ ਨੂੰ ਜਨਮ ਦਿੱਤਾ ਹੈ। ਉਨ੍ਹਾਂ ਦੀਆਂ ਜਨਤਕ ਮੁਲਾਕਾਤਾਂ ’ਚ ਅਕਸਰ ਇਕ ਸਾਫ਼ ਦਿਸਣ ਵਾਲੀ ਗਰਮਜੋਸ਼ੀ ਰਹੀ ਹੈ, ਜਿਸ ਨੇ ਕੂਟਨੀਤੀ ਦੀ ਅਕਸਰ ਨੀਰਸ ਰਹਿਣ ਵਾਲੀ ਦੁਨੀਆ ’ਚ ਸ਼ਖਸੀਅਤ ਦਾ ਇਕ ਰੰਗ ਜੋੜ ਦਿੱਤਾ ਹੈ। ਇਸਨੇ ਸਾਡੇ ਸਾਰਿਆਂ ਦੇ ਚਿਹਰਿਆਂ ’ਤੇ ਮੁਸਕਰਾਹਟ ਲਿਆ ਦਿੱਤੀ। ਇਹ ਤਾਜ਼ੀ ਹਵਾ ਦੇ ਇਕ ਬੁੱਲ੍ਹੇ ਵਰਗਾ ਸੀ।
ਇਹ ਮਨੁੱਖੀ ਤੱਤ ਹੀ ਹੈ ਜੋ ਕੂਟਨੀਤੀ ਨੂੰ ਸਮਝਣ ਯੋਗ ਅਤੇ ਅਪਣਾਪਨ ਮਹਿਸੂਸ ਕਰਵਾਉਣ ਵਾਲਾ ਬਣਾਉਂਦਾ ਹੈ। ਰਾਜਨੀਤੀ, ਆਖਰਕਾਰ ਬ੍ਰੀਫਿੰਗ ਨੋਟਸ ਪੜ੍ਹਨ ਵਾਲੇ ਰੋਬੋਟਾਂ ਵਲੋਂ ਨਹੀਂ ਚਲਾਈ ਜਾਂਦੀ, ਇਹ ਭਰੋਸੇ, ਸਹਿਜਤਾ ਅਤੇ ਨਿੱਜੀ ਤਾਲਮੇਲ ਨਾਲ ਆਕਾਰ ਲੈਂਦੀ ਹੈ। ਇਕ ਮੁਸਕਰਾਹਟ, ਇਕ ਸਾਂਝਾ ਮਜ਼ਾਕ ਜਾਂ ਇਕ ਗੈਰ-ਰਸਮੀ ਪਲ ਕਦੇ-ਕਦੇ ਇਕ ਰਸਮੀ ਭਾਸ਼ਣ ਦੀ ਤੁਲਨਾ ’ਚ ਕਿਤੇ ਵੱਧ ਗੱਲ ਕਹਿ ਸਕਦਾ ਹੈ। ਸੰਘਰਸ਼ ਅਤੇ ਤਣਾਅ ਨਾਲ ਲਗਾਤਾਰ ਘਿਰੀ ਇਸ ਦੁਨੀਆ ’ਚ, ਗਰਮਜੋਸ਼ੀ ਦੀਆਂ ਇਹ ਝਲਕੀਆਂ ਮਾਅਨੇ ਰੱਖਦੀਆਂ ਹਨ। ਇਹ ਭੂ-ਰਾਜਨੀਤੀ ਦੇ ਸਖ਼ਤ ਰੁਖ ਨੂੰ ਨਰਮ ਬਣਾਉਂਦੀਆਂ ਹਨ ਅਤੇ ਲੀਡਰਸ਼ਿਪ ਨੂੰ ਘੱਟ ਦੂਰ ਦਿਖਾਉਂਦੀਆਂ ਹਨ। ਮੋਦੀ ਦਾ ਨਮਸਤੇ ਵੀ ਸਾਨੂੰ ਮਾਣ ਮਹਿਸੂਸ ਕਰਵਾਉਂਦਾ ਹੈ।
ਭਾਰਤੀਆਂ ਲਈ, ਦੇਸ਼ ਅਤੇ ਵਿਦੇਸ਼ ਦੋਵਾਂ ਥਾਵਾਂ ’ਤੇ, ਇਹ ਗੱਲ ਬਹੁਤ ਮਾਅਨੇ ਰੱਖਦੀ ਹੈ। ਆਪਣੇ ਪ੍ਰਧਾਨ ਮੰਤਰੀ ਨੂੰ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਨੇਤਾਵਾਂ ਦੇ ਵਿਚਾਲੇ ਆਤਮ-ਵਿਸ਼ਵਾਸ ਨਾਲ ਚੱਲਦੇ ਦੇਖਣਾ ਮਾਣ ਅਤੇ ਭਰੋਸੇ ਦੀ ਭਾਵਨਾ ਪੈਦਾ ਕਰਦਾ ਹੈ। ਭਾਰਤੀ ਪ੍ਰਵਾਸੀਆਂ ਲਈ, ਇਹ ਇਸ ਭਾਵਨਾ ਨੂੰ ਮਜ਼ਬੂਤ ਕਰਦਾ ਹੈ ਕਿ ਭਾਰਤ ਦਾ ਕੱਦ ਵਧਿਆ ਹੈ ਅਤੇ ਕੌਮਾਂਤਰੀ ਪੱਧਰ ’ਤੇ ਉਨ੍ਹਾਂ ਦੀ ਪਛਾਣ ਨੂੰ ਵੱਧ ਵਜ਼ਨ ਮਿਲਦਾ ਹੈ। ਦੇਸ਼ ਦੇ ਲੋਕਾਂ ਲਈ, ਇਹ ਇਸ ਵਿਸ਼ਵਾਸ ਨੂੰ ਮਜ਼ਬੂਤ ਕਰਦਾ ਹੈ ਕਿ ਭਾਰਤ ਹੁਣ ਗਲੋਬਲ ਮਾਮਲਿਆਂ ’ਚ ਸਿਰਫ ਹਿੱਸਾ ਨਹੀਂ ਲੈ ਰਿਹਾ, ਸਗੋਂ ਉਨ੍ਹਾਂ ਨੂੰ ਆਕਾਰ ਦੇ ਰਿਹਾ ਹੈ।
ਮੋਦੀ ਦੀ ਯੂਰਪ ਯਾਤਰਾ ਸਿਰਫ ਇਕ ਹੋਰ ਕੂਟਨੀਤਿਕ ਕੈਲੰਡਰ ਐਂਟਰੀ ਨਹੀਂ ਸੀ, ਇਹ ਇਕ ਗੰਭੀਰ ਗਲੋਬਲ ਖਿਡਾਰੀ ਵਜੋਂ ਭਾਰਤ ਦੇ ਆਗਮਨ ਦਾ ਪ੍ਰਤੀਕ ਸੀ ਅਤੇ ਜੇਕਰ ਇਸ ਰਸਤੇ ’ਚ ਕੁਝ ਡੂੰਘੀਆਂ ਦੋਸਤੀਆਂ, ਕੁਝ ਯਾਦਗਾਰੀ ਤਸਵੀਰਾਂ ਅਤੇ ਕਦੇ-ਕਦਾਈਂ ਕੋਈ ਵਾਇਰਲ ਪਲ ਆ ਜਾਂਦਾ ਹੈ, ਤਾਂ ਇਹ ਸਿਰਫ ਕਹਾਣੀ ਨੂੰ ਹੋਰ ਅਮੀਰ ਕਰਦਾ ਹੈ-ਇਹ ਸਾਬਤ ਕਰਦੇ ਹੋਏ ਕਿ ਉੱਚ ਕੂਟਨੀਤੀ ’ਚ ਵੀ, ਥੋੜ੍ਹਾ ਜਿਹਾ ਮਨੁੱਖੀ ਛੋਹ ਇਕ ਲੰਮਾ ਰਸਤਾ ਤੈਅ ਕਰ ਸਕਦਾ ਹੈ। ਇਕ ਮੁਸਕਰਾਹਟ, ਇਕ ਹੱਥ ਮਿਲਾਉਣਾ, ਸਰੀਰਕ ਭਾਸ਼ਾ (ਬਾਡੀ ਲੈਂਗੂਏਜ) ਸਾਰਿਆਂ ਵਲੋਂ ਨੋਟ ਕੀਤੀ ਜਾਂਦੀ ਹੈ, ਜੋ ਮੋਦੀ ਨੂੰ ਦੁਨੀਆ ਦੇ ਚੋਟੀ ਦੇ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ’ਚ ਸਭ ਤੋਂ ਉੱਪਰ ਲੈ ਆਉਂਦੀ ਹੈ। ਹਰ ਭਾਰਤੀ ਇਸ ਅੰਤਰ ਨੂੰ ਦੇਖਦਾ ਹੈ ਅਤੇ ਮੋਦੀ ਨੂੰ ਉਨ੍ਹਾਂ ਨੇਤਾਵਾਂ ਦੇ ਬਰਾਬਰ ਖੜ੍ਹੇ ਹੋਣ ਜਾਂ ਉਨ੍ਹਾਂ ਤੋਂ ਇਕ ਕਦਮ ਅੱਗੇ ਰਹਿਣ ਲਈ ਸਲਾਮ ਹੈ, ਜੋ ਕਦੇ ਸੋਚਦੇ ਸਨ ਕਿ ਅਸੀਂ ਇਕ ਤੀਜੀ ਦੁਨੀਆ ਦੇ ਦੇਸ਼ ਨਾਲ ਸੰਬੰਧ ਰੱਖਦੇ ਹਾਂ।
—ਦੇਵੀ ਐੱਮ. ਚੇਰੀਅਨ
