‘ਸਿੱਖਿਆ ਸੰਸਥਾਵਾਂ ’ਚ’ ਵਧ ਰਹੀਆਂ ਹਨ ਰੈਗਿੰਗ ਦੀਆਂ ਘਟਨਾਵਾਂ!
Tuesday, Jun 23, 2026 - 02:35 AM (IST)
ਇਨ੍ਹਾਂ ਦਿਨਾਂ ’ਚ ਉੱਚ ਸਿੱਖਿਆ ਸੰਸਥਾਵਾਂ ’ਚ ਦਾਖਲਾ ਲੈਣ ਵਾਲੇ ਨਵੇਂ ਵਿਦਿਆਰਥੀਆਂ ਦੀ ਸੀਨੀਅਰ ਵਿਦਿਆਰਥੀਆਂ ਵਲੋਂ ‘ਰੈਗਿੰਗ’ (ਤਸ਼ੱਦਦ) ਦੀ ਬੁਰਾਈ ਬੜੀ ਵਧ ਗਈ ਹੈ। ਇਸ ’ਚ ਉਨ੍ਹਾਂ ਨਾਲ ਨਿਰਾਦਰਯੋਗ ਛੇੜਛਾੜ, ਕੁੱਟਮਾਰ, ਤਸ਼ੱਦਦ ਆਦਿ ਅਣਮਨੁੱਖੀ ਕਾਰੇ ਸ਼ਾਮਲ ਹਨ, ਜਿਨ੍ਹਾਂ ਦੀਆਂ ਇਸੇ ਸਾਲ ਦੀਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :
* 12 ਜਨਵਰੀ ਨੂੰ ‘ਦੇਹਰਾਦੂਨ’ (ਉੱਤਰਾਖੰਡ) ਸਥਿਤ ‘ਦੂਨ ਮੈਡੀਕਲ ਕਾਲਜ’ ’ਚ ਐੱਮ. ਬੀ. ਬੀ. ਐੱਸ. ਦੇ 9 ਵਿਦਿਆਰਥੀਆਂ ਵਲੋਂ ਪਹਿਲੇ ਸਾਲ ਦੇ ਇਕ ਵਿਦਿਆਰਥੀ ਨੂੰ ਕੈਂਪਸ ਤੋਂ ਬਾਹਰ ਸੌਣ ਲਈ ਮਜਬੂਰ ਕਰਨ, ਉਸ ਨੂੰ ਬੈਲਟ ਅਤੇ ਚੱਪਲਾਂ ਨਾਲ ਕੁੱਟਣ ਅਤੇ ਜ਼ਬਰਦਸਤੀ ਉਸ ਦੇ ਵਾਲ ਕੱਟ ਦੇਣ ਦਾ ਮਾਮਲਾ ਸਾਹਮਣੇ ਆਇਆ।
ਇਸ ਦੇ ਤਹਿਤ 2 ਮੁੱਖ ਦੋਸ਼ੀਆਂ ਨੂੰ 2 ਮਹੀਨਿਆਂ ਲਈ ਜਮਾਤਾਂ ਤੋਂ ਸਸਪੈਂਡ ਅਤੇ ਹੋਸਟਲ ’ਚੋਂ ਕੱਢਣ ਅਤੇ ਪੂਰੇ ਮੈਡੀਕਲ ਕੋਰਸ ਦੌਰਾਨ ਉਨ੍ਹਾਂ ਦੇ ਇੰਟਰਨਸ਼ਿਪ ਕਰਨ ’ਤੇ ਪਾਬੰਦੀ ਲਗਾਉਣ ਤੋਂ ਇਲਾਵਾ 7 ਹੋਰ ਵਿਦਿਆਰਥੀਆਂ ਨੂੰ 1 ਮਹੀਨੇ ਲਈ ਸਸਪੈਂਡ ਕੀਤਾ ਗਿਆ।
* 16 ਜਨਵਰੀ ਨੂੰ ‘ਬੈਂਗਲੁਰੂ’ (ਕਰਨਾਟਕ) ’ਚ ਇਕ ਪ੍ਰਾਈਵੇਟ ਸਿੱਖਿਆ ਸੰਸਥਾ ਦੇ ‘ਦੇਵਨਹੱਲੀ’ ਸਥਿਤ ਕੇਂਦਰ ’ਚ ਸੀਨੀਅਰ ਵਿਦਿਆਰਥੀਆਂ ਨੇ ਜੂਨੀਅਰ ਵਿਦਿਆਰਥੀਆਂ ਨੂੰ ਸਿਗਰੇਟ ਅਤੇ ਸ਼ਰਾਬ ਲਿਆਉਣ ਲਈ ਮਜਬੂਰ ਕੀਤਾ।
ਕਾਲਜ ਸਟਾਫ਼ ਵਲੋਂ ਇਸ ਦਾ ਵਿਰੋਧ ਕਰਨ ਅਤੇ ਬਚਾਅ ਕਰਨ ’ਤੇ ਉਨ੍ਹਾਂ ’ਤੇ ਲੋਹੇ ਦੀਆਂ ਰਾਡਾਂ, ਡਾਂਗਾਂ ਅਤੇ ਪੱਥਰਾਂ ਨਾਲ ਜਾਨਲੇਵਾ ਹਮਲਾ ਕਰ ਕੇ ਜ਼ਖਮੀ ਕਰਨ ਦੇ ਦੋਸ਼ ’ਚ 23 ਦੋਸ਼ੀ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
* 28 ਅਪ੍ਰੈਲ ਨੂੰ ‘ਪੁਣੇ’ (ਮਹਾਰਾਸ਼ਟਰ) ਸਥਿਤ ‘ਇੰਡੀਅਨ ਲਾਅ ਸੁਸਾਇਟੀ (ਆਈ. ਐੱਲ. ਐੱਸ.) ਲਾਅ ਕਾਲਜ’ ਦੇ ਐੱਲ. ਐੱਲ. ਬੀ. ਦੇ ਦੂਜੇ ਸਾਲ ਦੇ ਵਿਦਿਆਰਥੀ ਨੇ ਕੁਝ ਸੀਨੀਅਰ ਵਿਦਿਆਰਥੀਆਂ ਦੇ ਵਿਰੁੱਧ ਬਿਨਾਂ ਵਜ੍ਹਾ ਹੀ ਉਸ ਦੀ ਕੁੱਟਮਾਰ ਕਰਨ, ਉਸ ਦੇ ਕਮਰੇ ਦੀਆਂ ਖਿੜਕੀਆਂ ਦੇ ਸ਼ੀਸ਼ੇ ਤੋੜਨ, ਉਸਦੇ ਕਮਰੇ ’ਚ ਆਂਡੇ ਸੁੱਟ ਕੇ ਅਤੇ ਗੁਟਖੇ ਦਾ ਥੁੱਕ ਸੁੱਟ ਕੇ ਗੰਦਗੀ ਫੈਲਾਉਣ ਦੇ ਦੋਸ਼ ’ਚ ਸ਼ਿਕਾਇਤ ਦਰਜ ਕਰਵਾਈ।
* 7 ਮਈ ਨੂੰ ‘ਗ੍ਰੇਟਰ ਨੋਇਡਾ’ (ਉੱਤਰ ਪ੍ਰਦੇਸ਼) ਸਥਿਤ ਇਕ ਨਿੱਜੀ ਯੂਨੀਵਰਸਿਟੀ ਦੇ ਹੋਸਟਲ ’ਚ ਇਕ ਜੂਨੀਅਰ ਵਿਦਿਆਰਥਣ ਨੂੰ ਘੇਰ ਕੇ ਬਿਨਾਂ ਵਜ੍ਹਾ ਗਾਲ੍ਹਾਂ ਕੱਢਣ, ਥੱਪੜ ਮਾਰਨ (ਜਿਸ ਨਾਲ ਉਸ ਦੇ ਮੂੰਹ ’ਚੋਂ ਖੂਨ ਨਿਕਲਣ ਲੱਗਾ) ਅਤੇ ਉਸ ਦੇ ਵਾਲ ਪੁੱਟਣ ਦੇ ਦੋਸ਼ ’ਚ ਯੂਨੀਵਰਸਿਟੀ ਦੀਆਂ 4 ਸੀਨੀਅਰ ਵਿਦਿਆਰਥਣਾਂ ਨੂੰ ਤੁਰੰਤ ਸਸਪੈਂਡ ਕੀਤਾ ਗਿਆ ਅਤੇ ਹੋਸਟਲ ’ਚੋਂ ਵੀ ਕੱਢ ਦਿੱਤਾ ਗਿਆ।
* 12 ਜੂਨ ਨੂੰ ‘ਬਰੇਲੀ’ (ਉੱਤਰ ਪ੍ਰਦੇਸ਼) ਸਥਿਤ ‘ਮੈਡੀਕਲ ਕਾਲਜ’ ’ਚ ਇਕ ਜੂਨੀਅਰ ਵਿਦਿਆਰਥੀ ਨੇ ਸੀਨੀਅਰਜ਼ ਵਲੋਂ ਕੀਤੀ ਜਾ ਰਹੀ ਉਸ ਦੀ ਰੈਗਿੰਗ ਅਤੇ ਮਾਨਸਿਕ ਤਸ਼ੱਦਦ ਤੋਂ ਤੰਗ ਆ ਕੇ ਕਾਲਜ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ, ਜਿਸ ਨਾਲ ਉਹ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ। ਪੀੜਤ ਵਿਦਿਆਰਥੀ ਦੀ ਸ਼ਿਕਾਇਤ ’ਤੇ ਪੁਲਸ ਨੇ 4 ਸੀਨੀਅਰ ਡਾਕਟਰਾਂ ਦੇ ਵਿਰੁੱਧ ਕੇਸ ਦਰਜ ਕੀਤਾ।
* 17 ਜੂਨ ਨੂੰ ‘ਹੈਦਰਾਬਾਦ’ (ਤੇਲੰਗਾਨਾ) ਸਥਿਤ ‘ਗਵਰਨਮੈਂਟ ਡੈਂਟਲ ਕਾਲਜ’ ’ਚ ਬੀ. ਡੀ. ਐੱਸ. ਅੰਤਿਮ ਸਾਲ ਦੇ 12 ਸੀਨੀਅਰਜ਼ ਦੁਆਰਾ ਆਪਣੇ ਹੋਸਟਲ ਵਿਚ ਰਹਿਣ ਵਾਲੇ ਬੀ. ਡੀ. ਐੱਸ. ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਲਈ ਜਬਰੀ ਬਾਹਰੋਂ ਸ਼ਰਾਬ, ਸਿਗਰੇਟ ਅਤੇ ਖਾਣਾ ਲਿਆਉਣ ਲਈ ਮਜਬੂਰ ਕਰਨ ’ਤੇ ਕਾਲਜ ਪ੍ਰਸ਼ਾਸਨ ਨੇ ਦੋਸ਼ੀ ਵਿਦਿਆਰਥੀਆਂ ਨੂੰ 6 ਮਹੀਨਿਆਂ ਲਈ ਸਸਪੈਂਡ ਕਰ ਦਿੱਤਾ।
* 18 ਜੂਨ ਨੂੰ ‘ਅਹਿਮਦਾਬਾਦ’ (ਗੁਜਰਾਤ) ਸਥਿਤ ਬੀ. ਜੇ. ਮੈਡੀਕਲ ਕਾਲਜ ਦੇ ਆਰਥੋਪੈਡਿਕ ਵਿਭਾਗ ’ਚ ਪੋਸਟ-ਗ੍ਰੈਜੂਏਸ਼ਨ ਦੇ ਦੂਜੇ ਸਾਲ ਦੇ ਵਿਦਿਆਰਥੀਆਂ ਵਲੋਂ ਪਹਿਲੇ ਸਾਲ ਦੇ ਰੈਜ਼ੀਡੈਂਟ ਡਾਕਟਰਾਂ ਨੂੰ ਪ੍ਰੇਸ਼ਾਨ ਕਰਨ, ਜ਼ਬਰਦਸਤੀ ‘ਮੁਰਗਾ’ ਬਣਾਉਣ, ਸੌਣ ਨਾ ਦੇਣ ਅਤੇ 2 ਲੱਖ ਤੱਕ ਦਾ ਖਾਣੇ ਅਤੇ ਸ਼ਰਾਬ ਦਾ ਖਰਚਾ ਚੁੱਕਣ ਲਈ ਮਜਬੂਰ ਕਰਨ ਦੇ ਦੋਸ਼ ’ਚ ਕਾਲਜ ਦੀ ਐਂਟੀ-ਰੈਗਿੰਗ ਕਮੇਟੀ ਵਲੋਂ ਦੋਸ਼ੀ ਪਾਏ ਗਏ 6 ਸੀਨੀਅਰ ਡਾਕਟਰਾਂ ਨੂੰ 6 ਮਹੀਨਿਆਂ ਤੋਂ ਲੈ ਕੇ 1 ਸਾਲ ਤੱਕ ਦੇ ਲਈ ਸਸਪੈਂਡ ਕਰ ਦਿੱਤਾ ਗਿਆ।
ਦੇਸ਼ ’ਚ ਰੈਗਿੰਗ ’ਤੇ ਪਾਬੰਦੀ ਹੈ ਅਤੇ ਕਾਲਜਾਂ ਵਿਚ ਐਂਟੀ-ਰੈਗਿੰਗ ਕਮੇਟੀਆਂ ਵੀ ਬਣੀਆਂ ਹੋਈਆਂ ਹਨ ਪਰ ਇਸ ਦੇ ਬਾਵਜੂਦ ਰੈਗਿੰਗ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਗੈਰ-ਸਰਕਾਰੀ ਸੰਗਠਨ Society Against Violence in Education ਵਲੋਂ ਜਾਰੀ ਰਿਪੋਰਟ ‘ਸਟੇਟ ਆਫ ਰੈਗਿੰਗ ਇਨ ਇੰਡੀਆ’ ਅਤੇ ‘ਨੈਸ਼ਨਲ ਐਂਟੀ-ਰੈਗਿੰਗ ਹੈਲਪਲਾਈਨ’ ਦੇ ਅਨੁਸਾਰ ਦੇਸ਼ ਦੀਆਂ ਸਿੱਖਿਆ ਸੰਸਥਾਵਾਂ ’ਚੋਂ ਆਉਣ ਵਾਲੀਆਂ ਰੈਗਿੰਗ ਦੀਆਂ ਕੁੱਲ ਸ਼ਿਕਾਇਤਾਂ ਦੀਆਂ ਲਗਭਗ 38.6 ਫੀਸਦੀ ਇਕੱਲੇ ਮੈਡੀਕਲ ਕਾਲਜਾਂ ਤੋਂ ਹੀ ਆਉਂਦੀਆਂ ਹਨ।
ਹਾਲਾਂਕਿ ਸਾਰੇ ਵਿਦਿਆਰਥੀ ਅਜਿਹੇ ਨਹੀਂ ਹਨ ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਯਕੀਨੀ ਤੌਰ ’ਤੇ ਦੁਖਦਾਈ ਹਨ ਅਤੇ ਇਨ੍ਹਾਂ ਲਈ ਜ਼ਿੰਮੇਵਾਰ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਿੱਖਿਆਦਾਇਕ ਸਜ਼ਾ ਮਿਲਣੀ ਹੀ ਚਾਹੀਦੀ ਹੈ ਤਾਂ ਜੋ ਇਸ ਬੁਰਾਈ ’ਤੇ ਸਥਾਈ ਰੋਕ ਲੱਗ ਸਕੇ।
— ਵਿਜੇ ਕੁਮਾਰ
