‘ਅਮਰਨਾਥ ਯਾਤਰਾ ’ਤੇ ਆਉਣ ਵਾਲੇ ਕਸ਼ਮੀਰੀ ਲੋਕਾਂ ਦੇ ਹਨ ਮਹਿਮਾਨ’: ਮਹਿਬੂਬਾ

Wednesday, Jun 17, 2026 - 03:19 AM (IST)

‘ਅਮਰਨਾਥ ਯਾਤਰਾ ’ਤੇ ਆਉਣ ਵਾਲੇ ਕਸ਼ਮੀਰੀ ਲੋਕਾਂ ਦੇ ਹਨ ਮਹਿਮਾਨ’: ਮਹਿਬੂਬਾ

ਤੀਰਥ ਯਾਤਰਾਵਾਂ ਅਨੇਕਤਾ ’ਚ ਭਾਰਤ ਦੀ ਏਕਤਾ ਦੀਆਂ ਪ੍ਰਤੀਕ ਹਨ। ਇਨ੍ਹਾਂ ’ਚੋਂ ਹੀ ਇਕ ਹੈ ਜੰਮੂ-ਕਸ਼ਮੀਰ ’ਚ ਸਥਿਤ ਸ਼੍ਰੀ ਬਾਬਾ ਅਮਰਨਾਥ ਜੀ ਦੀ ਯਾਤਰਾ ਜੋ ਕਰੋੜਾਂ ਸ਼ਿਵ ਭਗਤਾਂ ਦੀ ਆਸਥਾ ਦਾ ਕੇਂਦਰ ਹੈ।

ਅਮਰਨਾਥ ਯਾਤਰਾ ’ਤੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂ ਅਜਿਹੇ ਨਿਹੱਥੇ ਵੀਰ ਸੈਨਿਕ ਹਨ ਜੋ ਇੱਥੇ ਦੇਸ਼ ਦੀ ਏਕਤਾ-ਅਖੰਡਤਾ ਮਜ਼ਬੂਤ ਕਰਨ ਅਤੇ ਇਸ ਦੀ ਰੱਖਿਆ ਦਾ ਸੰਕਲਪ ਲੈ ਕੇ ਆਉਂਦੇ ਹਨ ਅਤੇ ਇਹ ਗਿਣਤੀ ਹਰ ਸਾਲ ਵਧਦੀ ਜਾ ਰਹੀ ਹੈ।

ਸ਼੍ਰੀ ਅਮਰਨਾਥ ਦੀ ਪਵਿੱਤਰ ਗੁਫਾ ਦੀ ਮੁੜ-ਖੋਜ ‘ਬੂਟਾ ਮੁਹੰਮਦ’ ਨਾਂ ਦੇ ਇਕ ਨੇਕ ਦਿਲ ਮੁਸਲਮਾਨ ਗੁੱਜਰ ਨੇ ਕੀਤੀ ਸੀ ਅਤੇ ਇੱਥੇ ਚੜ੍ਹਾਏ ਜਾਣ ਵਾਲੇ ਚੜ੍ਹਾਵੇ ਦਾ ਇਕ ਹਿੱਸਾ ਅੱਜ ਵੀ ‘ਬੂਟਾ ਮੁਹੰਮਦ’ ਦੇ ਪਰਿਵਾਰ ਵਾਲਿਆਂ ਨੂੰ ਦਿੱਤਾ ਜਾਂਦਾ ਹੈ।

ਭਾਰਤ ਦੀ ਇਹ ਸਭ ਤੋਂ ਵੱਡੀ ਧਾਰਮਿਕ ਯਾਤਰਾ ਜੰਮੂ-ਕਸ਼ਮੀਰ ਦੇ ਸਾਰੇ ਧਰਮਾਂ ਦੇ ਲੋਕਾਂ ਨੂੰ ਇਕ ਭਾਵਨਾਤਮਕ ਬੰਧਨ ’ਚ ਬੰਨ੍ਹਣ ਤੇ ਭਾਈਚਾਰਾ ਮਜ਼ਬੂਤ ਕਰਨ ਅਤੇ ਇੱਥੋਂ ਦੇ ਘੋੜੇ, ਪਿੱਠੂ ਤੇ ਪਾਲਕੀ ਵਾਲਿਆਂ, ਸ਼ਿਕਾਰਾ ਚਲਾਉਣ ਵਾਲਿਆਂ ਅਤੇ ਹੋਟਲ ਮਾਲਕਾਂ ਦੀ ਕਮਾਈ ਦਾ ਸਾਧਨ ਵੀ ਹੈ।

ਮੁੱਖ ਤੌਰ ’ਤੇ ਇਸ ਯਾਤਰਾ ਤੋਂ ਹੋਣ ਵਾਲੀ ਆਮਦਨ ਨਾਲ ਹੀ ਇੱਥੋਂ ਦੇ ਲੋਕ ਆਪਣੇ ਬੇਟੇ-ਬੇਟੀਆਂ ਦੇ ਸ਼ਾਦੀ-ਵਿਆਹ, ਨਵੇਂ ਮਕਾਨਾਂ ਦੀ ਉਸਾਰੀ ਅਤੇ ਖਰੀਦਦਾਰੀ ਆਦਿ ਕਰਦੇ ਹਨ। ਇਸ ਨਾਲ ਜੰਮੂ-ਕਸ਼ਮੀਰ ਸਰਕਾਰ ਨੂੰ ਵੀ ਕਰੋੜਾਂ ਰੁਪਏ ਦੀ ਆਮਦਨ ਹੁੰਦੀ ਹੈ।

ਇਸ ਸਾਲ ਇਹ ਯਾਤਰਾ 3 ਜੁਲਾਈ ਨੂੰ ਸ਼ੁਰੂ ਹੋ ਕੇ 57 ਦਿਨਾਂ ਦੇ ਬਾਅਦ 28 ਅਗਸਤ ਨੂੰ ਸੰਪੰਨ ਹੋਵੇਗੀ ਅਤੇ ਇਸ ਦੌਰਾਨ ਸ਼ਰਧਾਲੂ ਅਨੰਤਨਾਗ ਜ਼ਿਲੇ ਦੇ ਰਵਾਇਤੀ 48 ਕਿਲੋਮੀਟਰ ਲੰਬੇ ‘ਨੁਨਵਾਨ-ਪਹਿਲਗਾਮ ਮਾਰਗ’ ਦੇ ਇਲਾਵਾ ‘ਗਾਂਦਰਬਲ’ ਜ਼ਿਲੇ ਦੇ 14 ਕਿਲੋਮੀਟਰ ਲੰਬੇ ‘ਬਾਲਟਾਲ ਮਾਰਗ’ ਦੀ ਵਰਤੋਂ ਕਰਨਗੇ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਯਾਤਰਾ ’ਚ ਸੁਰੱਖਿਆ ਪ੍ਰਬੰਧਾਂ ਸਬੰਧੀ ਨਵੀਂ ਦਿੱਲੀ ’ਚ ਹੋਈ ਉੱਚ ਪੱਧਰੀ ਸਮੀਖਿਆ ਬੈਠਕ ’ਚ ਯਾਤਰਾ ਮਾਰਗ ਦੇ ਇਲਾਵਾ ਪ੍ਰਮੁੱਖ ਸੈਲਾਨੀ ਸਥਾਨਾਂ ’ਤੇ ਵੀ ਮਜ਼ਬੂਤ ਸੁਰੱਖਿਆ ਵਿਵਸਥਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।

ਇਸ ਦੇ ਲਈ ਜੰਮੂ-ਕਸ਼ਮੀਰ ਪੁਲਸ ਨੇ ਅਤਿ-ਆਧੁਨਿਕ ਜਾਂਚ, ਸਕ੍ਰੀਨਿੰਗ ਤੇ ਹੋਰ ਉਪਕਰਨ ਵੀ ਤਾਇਨਾਤ ਕੀਤੇ ਹਨ। ਇਨ੍ਹਾਂ ’ਚ ਪੋਰਟੇਬਲ ਜੈਮਰ, ਡੀਪ ਸਰਚ ਮੈਟਲ ਡਿਟੈਕਟਰ, ਵਿਸਫੋਟਕ ਅਤੇ ਤਰਲ ਵਿਸਫੋਟਕ ਡਿਟੈਕਟਰ, ਨਾਨ-ਲੀਨੀਅਰ ਜੰਕਸ਼ਨ ਡਿਟੈਕਟਰ (ਐੱਨ. ਐੱਲ. ਜੇ. ਡੀ.) ਆਦਿ ਸ਼ਾਮਲ ਹਨ।

ਸਾਲ 2000 ’ਚ ਅਮਰਨਾਥ ਯਾਤਰਾ ’ਤੇ ਹੋਏ ਅੱਤਵਾਦੀ ਹਮਲੇ ’ਚ ਲਗਭਗ 105 ਸ਼ਰਧਾਲੂ ਮਾਰੇ ਗਏ ਸਨ ਜਦਕਿ 2001 ’ਚ ‘ਸ਼ੇਸ਼ਨਾਗ ਕੈਂਪ’ ’ਚ ਹੋਏ ਹਮਲੇ ’ਚ 13 ਸ਼ਰਧਾਲੂਆਂ ਦੀ ਜਾਨ ਗਈ ਸੀ। ਇਸੇ ਤਰ੍ਹਾਂ 2002 ’ਚ 9 ਅਤੇ 2017 ’ਚ ਹੋਏ ਅੱਤਵਾਦੀ ਹਮਲੇ ’ਚ 8 ਸ਼ਰਧਾਲੂ ਮਾਰੇ ਗਏ ਸਨ।

ਇਨ੍ਹਾਂ ਅੱਤਵਾਦੀ ਹਮਲਿਆਂ ਦੇ ਮੱਦੇਨਜ਼ਰ ‘ਪੀਪਲਜ਼ ਡੈਮੋਕ੍ਰੇਟਿਕ ਪਾਰਟੀ’ (ਪੀ. ਡੀ. ਪੀ.) ਦੀ ਪ੍ਰਧਾਨ ਅਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਪਹਿਲਗਾਮ ’ਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ :

‘‘ਅਮਰਨਾਥ ਯਾਤਰਾ ਭਾਰਤ ’ਚ ਕਸ਼ਮੀਰ ਦੇ ਵਿਸ਼ੇ ’ਚ ਫੈਲੀ ਨਫ਼ਰਤ ਅਤੇ ਅਵਿਸ਼ਵਾਸ ਨੂੰ ਸਮਾਪਤ ਕਰਨ ਦਾ ਇਕ ਮੌਕਾ ਹੈ। ਇਸ ਯਾਤਰਾ ’ਤੇ ਆਉਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਿਰਫ ਸੁਰੱਖਿਆ ਬਲਾਂ ਦੀ ਹੀ ਨਹੀਂ, ਸਗੋਂ ਇਹ ਸਮੁੱਚੇ ਕਸ਼ਮੀਰ ਦੇ ਲੋਕਾਂ ਦਾ ਵੀ ਸਮੂਹਿਕ ਫਰਜ਼ ਹੈ। ਅਮਰਨਾਥ ਦੀ ਯਾਤਰਾ ’ਤੇ ਦੇਸ਼ ਦੇ ਕੋਨੇ-ਕੋਨੇ ਤੋਂ ਆਉਣ ਵਾਲੇ ਸ਼ਰਧਾਲੂ ਕਸ਼ਮੀਰੀ ਲੋਕਾਂ ਦੇ ਮਹਿਮਾਨ ਹਨ।’’

‘‘ਇੱਥੋਂ ਵਿਦਾ ਹੁੰਦੇ ਹੋਏ ਉਹ ਭਾਰਤਵਰਸ਼ ਦੇ ਕੋਨੇ-ਕੋਨੇ ’ਚ ਜੰਮੂ-ਕਸ਼ਮੀਰ ਦੀ ਸਰਜ਼ਮੀਂ, ਜੰਮੂ-ਕਸ਼ਮੀਰ ਦੇ ਲੋਕਾਂ ਅਤੇ ਸਾਡੀਆਂ ਨੈਤਿਕ ਕਦਰਾਂ-ਕੀਮਤਾਂ ਦੀ ਕਹਾਣੀ ਆਪਣੇ ਨਾਲ ਲੈ ਕੇ ਜਾਂਦੇ ਹਨ। ਇਸ ਲਈ ਇਸ ਗੱਲ ਨੂੰ ਯਕੀਨੀ ਬਣਾਉਣਾ ਸਾਡਾ ਫਰਜ਼ ਹੈ ਕਿ ਅਮਰਨਾਥ ਦੀ ਯਾਤਰਾ ’ਤੇ ਆਉਣ ਵਾਲੇ ਸ਼ਰਧਾਲੂ ਇੱਥੋਂ ਦੇ ਲੋਕਾਂ ਦੇ ਪਿਆਰ, ਸਾਂਝ ਅਤੇ ਮਹਿਮਾਨ ਸਤਿਕਾਰ ਦੀ ਗਰਮਾਹਟ ਭਰੀਆਂ ਯਾਦਾਂ ਆਪਣੇ ਨਾਲ ਲੈ ਕੇ ਜਾਣ।’’

‘‘ਹਰੇਕ ਸ਼ਰਧਾਲੂ ਦੇ ਨਾਲ ਸਹੀ ਅਰਥਾਂ ’ਚ ਮਨੁੱਖਤਾ ਦੀ ਭਾਵਨਾ ਦੇ ਨਾਲ ਵਿਵਹਾਰ ਦੁਆਰਾ ਹੀ ਕਸ਼ਮੀਰ ਅਤੇ ਮੁਸਲਮਾਨਾਂ ਦੇ ਵਿਰੁੱਧ ਗਲਤਫ਼ਹਿਮੀਆਂ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ। ਇਸ ਯਾਤਰਾ ਦੀ ਤਹਿ-ਦਿਲੋਂ ਸੁਰੱਖਿਆ ਅਤੇ ਸਮਰਥਨ ਕਰਕੇ ਹੀ ਅਸੀਂ ਕਸ਼ਮੀਰ ਦੇ ਲੋਕਾਂ ’ਚ ਮੌਜੂਦ ਕਸ਼ਮੀਰੀਅਤ ਦੀ ਭਾਵਨਾ ਨੂੰ ਪ੍ਰਗਟ ਕਰ ਸਕਦੇ ਹਾਂ।’’

ਅਮਰਨਾਥ ਯਾਤਰਾ ਬਾਰੇ ਮਹਿਬੂਬਾ ਮੁਫਤੀ ਦੇ ਉਕਤ ਵਿਚਾਰ ਕਿਸੇ ਟਿੱਪਣੀ ਦੇ ਮੁਹਤਾਜ ਨਹੀਂ ਹਨ। ਆਸ ਹੈ ਕਿ ਇਸ ਸਾਲ ਭੋਲੇ ਬਾਬਾ ਦੇ ਧਾਮ ਦੀ ਇਹ ਯਾਤਰਾ ਪਹਿਲਾਂ ਦੀ ਤੁਲਨਾ ’ਚ ਵਧੇਰੇ ਸਫਲਤਾ ਨਾਲ ਸੰਪੰਨ ਹੋਵੇਗੀ।

-ਵਿਜੇ ਕੁਮਾਰ


author

Inder Prajapati

Content Editor

Related News