ਦੇਹ ਵਪਾਰ ਨੂੰ ਸਮਾਜਿਕ ਮਾਨਤਾ?
Friday, Jun 19, 2026 - 05:08 PM (IST)
ਹਾਲ ਹੀ ’ਚ ਸੁਪਰੀਮ ਕੋਰਟ ਨੇ ਵੇਸਵਾਗਮਨੀ ਨਾਲ ਜੁੜੇ 10 ਸਾਲ ਪੁਰਾਣੇ ਇਕ ਕਾਨੂੰਨ ਦੀ ਵਿਆਪਕ ਸਮੀਖਿਆ ਤੋਂ ਬਾਅਦ ਦੇਹ ਵਪਾਰ ’ਤੇ ਇਕ ਵੱਡਾ ਫੈਸਲਾ ਦਿੱਤਾ ਹੈ। ਮਾਣਯੋਗ ਅਦਾਲਤ ਨੇ ਕਿਹਾ ਹੈ ਕਿ ਇਸ ਨਾਲ ਜੁੜੇ ਕਾਨੂੰਨ ਦਾ ਮੁੱਖ ਉਦੇਸ਼ ਨਾ ਤਾਂ ਵੇਸਵਾਗਮਨੀ ਨੂੰ ਖ਼ਤਮ ਕਰਨਾ ਹੈ ਅਤੇ ਨਾ ਹੀ ਇਸ ਨੂੰ ਇਕ ਸਜ਼ਾਯੋਗ ਅਪਰਾਧ ਬਣਾਉਣਾ ਹੈ, ਸਗੋਂ ਇਸ ਦੇ ਵਪਾਰੀਕਰਨ ਨੂੰ ਰੋਕਣਾ ਹੈ।
ਪ੍ਰਾਚੀਨ ਭਾਰਤ ’ਚ ਦੇਹ ਵਪਾਰ ਇਕ ਸੰਗਠਿਤ, ਸਮਾਜਿਕ ਅਤੇ ਕਾਨੂੰਨੀ ਤੌਰ ’ਤੇ ਮਾਨਤਾ ਪ੍ਰਾਪਤ ਸੰਸਥਾ ਸੀ, ਜਿਸ ਦਾ ਜ਼ਿਕਰ ਕਾਮਸੂਤਰ ਵਰਗੇ ਪ੍ਰਾਚੀਨ ਸਾਹਿਤ ’ਚ ਮਿਲਦਾ ਹੈ। ਆਧੁਨਿਕ ਸਮਾਜ ਦੀ ਤੁਲਨਾ ’ਚ ਪ੍ਰਾਚੀਨ ਕਾਲ ’ਚ ਇਸ ਕਿੱਤੇ ਨੂੰ ਸਿਰਫ ਇਕ ਕਲੰਕ ਵਜੋਂ ਨਹੀਂ ਦੇਖਿਆ ਜਾਂਦਾ ਸੀ, ਸਗੋਂ ਇਸ ਨੂੰ ਆਰਥਿਕਤਾ ਅਤੇ ਸ਼ਹਿਰੀ ਸੱਭਿਆਚਾਰ ਦਾ ਇਕ ਮਹੱਤਵਪੂਰਨ ਹਿੱਸਾ ਮੰਨਿਆ ਜਾਂਦਾ ਸੀ। ਪ੍ਰਾਚੀਨ ਭਾਰਤ ’ਚ ਦੇਹ ਵਪਾਰ ਸਿਰਫ ਇਕ ਸਰੀਰਕ ਸਬੰਧ ਦਾ ਜ਼ਰੀਆ ਨਹੀਂ ਸੀ, ਸਗੋਂ ਕਲਾ, ਰਾਜਨੀਤੀ ਅਤੇ ਅਰਥਸ਼ਾਸਤਰ ਨਾਲ ਜੁੜਿਆ ਇਕ ਗੁੰਝਲਦਾਰ ਸਮਾਜਿਕ ਢਾਂਚਾ ਸੀ। ਇਸ ਦਾ ਵਰਣਨ ਕੌਟਿਲਿਆ ਦੇ ਅਰਥਸ਼ਾਸਤਰ ’ਚ ਵੀ ਆਉਂਦਾ ਹੈ।
ਪ੍ਰਾਚੀਨ ਭਾਰਤ ’ਚ ਔਰਤਾਂ ਦੇ ਇਸ ਕਿੱਤੇ ’ਚ ਆਉਣ ਦੇ ਕਈ ਮੁੱਖ ਸਮਾਜਿਕ ਅਤੇ ਆਰਥਿਕ ਕਾਰਨ ਸਨ, ਜਿਵੇਂ ਕਿ ਗਰੀਬ ਪਰਿਵਾਰਾਂ ਦੀਆਂ ਔਰਤਾਂ ਕੋਲ ਗੁਜ਼ਾਰੇ ਲਈ ਕੋਈ ਹੋਰ ਸਾਧਨ ਨਾ ਹੋਣਾ। ਬਦਚਲਣੀ ਜਾਂ ਹੋਰ ਸਮਾਜਿਕ ਬੰਧਨਾਂ ਦੀ ਉਲੰਘਣਾ ਕਾਰਨ ਪਰਿਵਾਰ ਵੱਲੋਂ ਤਿਆਗ ਦਿੱਤਾ ਜਾਣਾ। ਯੁੱਧ ਦੌਰਾਨ ਬੰਦੀ ਬਣਾਈਆਂ ਗਈਆਂ ਔਰਤਾਂ ਨੂੰ ਵੀ ਅਕਸਰ ਰਾਜ ਜਾਂ ਰਾਜੇ ਦੁਆਰਾ ਇਸ ਧੰਦੇ ’ਚ ਧੱਕ ਦਿੱਤਾ ਜਾਂਦਾ ਸੀ। ਮਰਦ ਪ੍ਰਧਾਨ ਸਮਾਜ ’ਚ ਛੋਟੀ ਉਮਰ ’ਚ ਵਿਧਵਾ ਹੋਣ ਜਾਂ ਅਸੰਤੋਖਜਨਕ ਵਿਆਹੁਤਾ ਜੀਵਨ ਕਾਰਨ ਰੋਜ਼ੀ-ਰੋਟੀ ਲਈ ਮਜਬੂਰ ਹੋਣਾ।
ਸਾਡੇ ਦੇਸ਼ ’ਚ ਬਾਲਗਾਂ ਵਿਚਾਲੇ ਆਪਸੀ ਸਹਿਮਤੀ ਨਾਲ ਕੀਤਾ ਗਿਆ ਸੈਕਸ ਵਰਕ ਆਪਣੇ ਆਪ ’ਚ ਗੈਰ-ਕਾਨੂੰਨੀ ਨਹੀਂ ਹੈ ਪਰ ਇਸ ਨਾਲ ਜੁੜੀਆਂ ਕਈ ਗਤੀਵਿਧੀਆਂ ਕਾਨੂੰਨ ਦੇ ਦਾਇਰੇ ’ਚ ਆਉਂਦੀਆਂ ਹਨ। ਮਾਣਯੋਗ ਕੋਰਟ ਨੇ ਸਾਫ਼ ਤੌਰ ’ਤੇ ਕਿਹਾ ਹੈ ਕਿ ਸੈਕਸ ਵਰਕਰ ਨੂੰ ਵੀ ਭਾਰਤ ਦੇ ਹਰ ਨਾਗਰਿਕ ਵਾਂਗ ਸੰਵਿਧਾਨ ਦੀ ਧਾਰਾ 21 ਤਹਿਤ ਜੀਵਨ ਅਤੇ ਨਿੱਜੀ ਆਜ਼ਾਦੀ ਦਾ ਅਧਿਕਾਰ ਪ੍ਰਾਪਤ ਹੈ। ਉਨ੍ਹਾਂ ਦੀ ਮਾਣ-ਮਰਿਆਦਾ ਨੂੰ ਵੀ ਕਾਨੂੰਨੀ ਸੁਰੱਖਿਆ ਮਿਲਣੀ ਚਾਹੀਦੀ ਹੈ।
ਭਾਰਤ ’ਚ ਸੈਕਸ ਵਰਕ ਕਾਨੂੰਨੀ ਤਾਂ ਨਹੀਂ ਹੈ ਪਰ ਦੁਨੀਆ ਦੇ ਕਈ ਦੇਸ਼ ਅਜਿਹੇ ਹਨ ਜਿੱਥੇ ਸੈਕਸ ਵਰਕ ਲੀਗਲ ਹੈ। ਦੇਸ਼ ’ਚ ਦੇਹ ਵਪਾਰ ਨੂੰ ਲੈ ਕੇ ਸਥਿਤੀ ਨਾ ਤਾਂ ਪੂਰੀ ਤਰ੍ਹਾਂ ਕਾਨੂੰਨੀ ਹੈ ਅਤੇ ਨਾ ਹੀ ਪੂਰੀ ਤਰ੍ਹਾਂ ਗੈਰ-ਕਾਨੂੰਨੀ। ਇਸ ਕਾਰਨ ਸੈਕਸ ਨਾਲ ਫੈਲਣ ਵਾਲੀਆਂ ਬਿਮਾਰੀਆਂ ’ਚ ਵਾਧਾ ਹੋ ਰਿਹਾ ਹੈ। ਅੱਜ ਬਿਨਾਂ ਕਾਨੂੰਨੀ ਮਾਨਤਾ ਦੇ ਵੀ ਪੂਰੇ ਦੇਸ਼ ’ਚ ਇਹ ਦੇਹ ਵਪਾਰ ਦਾ ਕਾਰੋਬਾਰ ਕਿਤੇ ਸ਼ਰੇਆਮ ਅਤੇ ਕਿਤੇ ਚੋਰੀ-ਛਿਪੇ ਚੱਲ ਰਿਹਾ ਹੈ। ਇਕ ਰਿਪੋਰਟ ਅਨੁਸਾਰ ਦੇਸ਼ ’ਚ ਅੱਜ ਕੁੱਲ 1170 ਰੈੱਡ ਲਾਈਟ ਏਰੀਆ ਹਨ।
ਇਤਿਹਾਸ ਦੇ ਪੰਨਿਆਂ ਨੂੰ ਫਰੋਲ ਕੇ ਦੇਖੀਏ ਤਾਂ ਪਹਿਲਾਂ ਜੋ ‘ਮੁਜਰਾ’ ਅਤੇ ਨਾਚ-ਗਾਣੇ ਦੇ ਕੇਂਦਰ ਵਜੋਂ ਜਾਣੇ ਜਾਂਦੇ ਸਨ, ਉਹੀ ਬਾਅਦ ’ਚ ਵੇਸਵਾਗਮਨੀ ਦੇ ਅੱਡਿਆਂ ਵਜੋਂ ਮਸ਼ਹੂਰ ਹੋ ਗਏ। ਇਕ ਅਧਿਐਨ ਰਿਪੋਰਟ ’ਚ ਕਿਹਾ ਗਿਆ ਹੈ ਕਿ ਦੇਸ਼ ’ਚ ਸੈਕਸ ਵਰਕਰਾਂ ਦੀ ਗਿਣਤੀ ’ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। 1997 ’ਚ ਸੈਕਸ ਵਰਕਰਾਂ ਦੀ ਗਿਣਤੀ 20 ਲੱਖ ਸੀ, ਜੋ 2003-04 ਤੱਕ ਵਧ ਕੇ 30 ਲੱਖ ਹੋ ਗਈ। ਹੁਣ ਇਸ ਗਿਣਤੀ ’ਚ ਕਈ ਗੁਣਾ ਵਾਧਾ ਹੋ ਚੁੱਕਾ ਹੈ। ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਨਾਲ ਲੱਗਦੇ ਦੱਖਣ 24 ਪਰਗਨਾ ਜ਼ਿਲੇ ਦੇ ਮਧੂਸੂਦਨ ਪਿੰਡ ’ਚ ਤਾਂ ਵੇਸਵਾਗਮਨੀ ਨੂੰ ਜ਼ਿੰਦਗੀ ਦਾ ਹਿੱਸਾ ਮੰਨਿਆ ਜਾਂਦਾ ਹੈ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਉੱਥੋਂ ਦੇ ਲੋਕ ਇਸ ਨੂੰ ਕੋਈ ਬਦਨਾਮੀ ਨਹੀਂ ਮੰਨਦੇ। ਉਨ੍ਹਾਂ ਅਨੁਸਾਰ ਇਹ ਸਭ ਉਨ੍ਹਾਂ ਦੀ ਜੀਵਨਸ਼ੈਲੀ ਦਾ ਹਿੱਸਾ ਹੈ ਅਤੇ ਉਨ੍ਹਾਂ ਨੂੰ ਇਸ ’ਤੇ ਕੋਈ ਸ਼ਰਮਿੰਦਗੀ ਨਹੀਂ ਹੈ। ਇਸ ਪੂਰੇ ਪਿੰਡ ਦੀ ਆਰਥਿਕਤਾ ਇਸੇ ਧੰਦੇ ’ਤੇ ਟਿਕੀ ਹੋਈ ਹੈ। ਇਸੇ ਤਰ੍ਹਾਂ ਇਸ ਸਮੇਂ ਦੇਸ਼ ਦੇ ਅਨੇਕਾਂ ਗਰੀਬ ਘਰਾਂ ਦੀ ਰੋਟੀ ਦੇਹ ਵਪਾਰ ਨਾਲ ਚੱਲ ਰਹੀ ਹੈ।
ਕੌੜੀ ਸੱਚਾਈ ਇਹ ਹੈ ਕਿ ਖਰੀਦਦਾਰ ਮਰਦਾਂ ਅਤੇ ਜਿਸਮ ਵੇਚਦੀਆਂ ਔਰਤਾਂ ਵਾਲੇ ਕਿੱਤੇ ਨੂੰ ਹੀ ਦੇਹ ਵਪਾਰ ਕਹਿਣ ਦੇ ਦਿਨ ਹੁਣ ਚਲੇ ਗਏ ਹਨ। ਹੁਣ ਇਸ ਪਰਿਭਾਸ਼ਾ ’ਚ ਤਬਦੀਲੀ ਆ ਰਹੀ ਹੈ ਕਿਉਂਕਿ ਹੁਣ ਇਸ ਕਿੱਤੇ ’ਚ ਮਰਦ ਵੀ ਉਤਰ ਚੁੱਕੇ ਹਨ। ਇਸ ਨਵੇਂ ਜ਼ਮਾਨੇ ’ਚ ਦੇਹ ਦਾ ਖਰੀਦਦਾਰ ਪੁਰਸ਼ ਜਾਂ ਅੌਰਤ ਕੋਈ ਵੀ ਹੋ ਸਕਦਾ ਹੈ। ਸੱਚ ਤਾਂ ਇਹ ਹੈ ਕਿ ਚਮਕ-ਦਮਕ ਭਰੀ ਜ਼ਿੰਦਗੀ ਅਤੇ ਉਪਭੋਗਤਾਵਾਦੀ ਬਾਜ਼ਾਰ ’ਚ ਆਪਣੀ ਜਗ੍ਹਾ ਬਣਾਉਣ ਦੀ ਕੋਸ਼ਿਸ਼ ’ਚ ਕੁਝ ਮਰਦ ਵੀ ਆਪਣੀ ਕੀਮਤ ਲਗਵਾਉਣ ਤੋਂ ਪਿੱਛੇ ਨਹੀਂ ਰਹਿੰਦੇ।
ਕੱਟੜ ਸੱਚਾਈ ਹੈ ਕਿ ਦੇਹ ਦਾ ਗਾਹਕ ਚਾਹੇ ਮਰਦ ਹੋਵੇ ਜਾਂ ਔਰਤ, ਕੋਈ ਵੀ ਹੋਵੇ, ਕਿਤੇ ਨਾ ਕਿਤੇ ਤਾਂ ਪੈਸਾ ਕਮਾਉਣਾ ਹੈ ਅਤੇ ਕੁਝ ਲੋਕਾਂ ਲਈ ਪੈਸਾ ਹਾਸਲ ਕਰਨ ਵਾਸਤੇ ਜਿਸਮ ਇਕ ਬਿਹਤਰ ਜ਼ਰੀਆ ਬਣ ਕੇ ਸਾਹਮਣੇ ਆਇਆ ਹੈ। ਗਰੀਬੀ ਕਾਰਨ ਤਾਂ ਲੋਕ ਦੇਹ ਵਪਾਰ ਦੇ ਕਿੱਤੇ ’ਚ ਆਉਂਦੇ ਹੀ ਹਨ ਪਰ ਦੂਜੀ ਵੱਡੀ ਵਜ੍ਹਾ ਇਹ ਵੀ ਹੈ ਕਿ ਮੌਜ-ਮਸਤੀ ਦੇ ਨਾਲ-ਨਾਲ ਬਿਨਾਂ ਕਿਸੇ ਦਬਾਅ, ਅਨੁਸ਼ਾਸਨ ਜਾਂ ਬੰਦਿਸ਼ ਵਾਲਾ ਧੰਦਾ ਹੋਣ ਕਰ ਕੇ ਨੌਜਵਾਨ ਇਸ ਪਾਸੇ ਆਕਰਸ਼ਿਤ ਹੋ ਰਹੇ ਹਨ।
ਦੇਸ਼ ’ਚ ਦੇਹ ਵਪਾਰ ਨੂੰ ਲੈ ਕੇ ਲਚਕੀਲਾ ਰੁਖ਼ ਦੱਸ ਰਿਹਾ ਹੈ ਕਿ ਆਉਣ ਵਾਲੇ ਦਿਨਾਂ ’ਚ ਇਸ ਨੂੰ ਸੀਮਤ ਸਮਾਜਿਕ ਮਾਨਤਾ ਵੀ ਮਿਲ ਸਕਦੀ ਹੈ। ਅੱਜ ਆਰਥਿਕ ਮਜਬੂਰੀ, ਕਾਮ ਵਾਸਨਾ ਦੀ ਪਿਆਸੀ ਔਰਤ ਅਤੇ ਮਰਦ ਦੀ ਕਾਮ-ਪਿਆਸ ਦਾ ਸ਼ਾਂਤ ਨਾ ਹੋਣਾ ਅਤੇ ਆਸਾਨ ਤਰੀਕੇ ਨਾਲ ਪੈਸਾ ਕਮਾਉਣਾ ਵੀ ਦੇਸ਼ ’ਚ ਦੇਹ ਵਪਾਰ ’ਚ ਵਾਧੇ ਦਾ ਵੱਡਾ ਕਾਰਨ ਹੈ। ਕੀ ਸਮਾਜਿਕ ਬੰਧਨਾਂ ਨਾਲ ਇਸ ਨੂੰ ਰੋਕਣਾ ਸੰਭਵ ਹੋਵੇਗਾ?
—ਡਾ. ਵਰਿੰਦਰ ਭਾਟੀਆ
