ਖੇਤਰੀ ਪਾਰਟੀਆਂ ਆਖ਼ਿਰ ਕਿਉਂ ਖਿੱਲਰ ਰਹੀਆਂ ਹਨ ?

Thursday, Jun 25, 2026 - 04:23 PM (IST)

ਖੇਤਰੀ ਪਾਰਟੀਆਂ ਆਖ਼ਿਰ ਕਿਉਂ ਖਿੱਲਰ ਰਹੀਆਂ ਹਨ ?

ਪੱਛਮੀ ਬੰਗਾਲ ’ਚ ਹਾਰ ਦੇ ਕੁਝ ਹੀ ਹਫ਼ਤਿਆਂ ਦੇ ਅੰਦਰ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਵਰਗੀ ਖੇਤਰੀ ਪਾਰਟੀ ਦੇ ਅਚਾਨਕ ਪਤਨ ਅਤੇ ਸ਼ਿਵ ਸੈਨਾ (ਯੂ. ਬੀ. ਟੀ.) ’ਚ ਦੂਜੀ ਵਾਰ ਵੰਡ ਦੇ ਨਾਲ, ਇਹ ਸੰਕੇਤ ਮਿਲ ਗਿਆ ਹੈ ਕਿ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ ਅਤੇ ਸਮੇਂ ਦੇ ਨਾਲ, ਹੋਰ ਖੇਤਰੀ ਪਾਰਟੀਆਂ ਵੀ ਇਸੇ ਰਾਹ ’ਤੇ ਚੱਲ ਸਕਦੀਆਂ ਹਨ।

ਜਿਸ ਤੇਜ਼ੀ ਨਾਲ ਪਾਰਟੀਆਂ ਖਿਲਰ ਰਹੀਆਂ ਹਨ ਅਤੇ ਜਿਸ ਪੱਧਰ ’ਤੇ ਵੰਡ ਹੋ ਰਹੀ ਹੈ, ਉਸ ਨੇ ਕਈ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਪੱਛਮੀ ਬੰਗਾਲ ਵਿਧਾਨ ਸਭਾ ’ਚ ਹਾਰ ਦੇ ਕੁਝ ਹੀ ਹਫ਼ਤਿਆਂ ਦੇ ਅੰਦਰ 80 ਵਿਧਾਇਕਾਂ ਵਾਲੀ ਟੀ. ਐੱਮ. ਸੀ. ਟੁੱਟ ਗਈ ਅਤੇ ਇਸ ਤੋਂ ਬਾਅਦ ਪਾਰਟੀ ਦੇ 28 ਲੋਕ ਸਭਾ ਸੰਸਦ ਮੈਂਬਰਾਂ ’ਚੋਂ 20 ਨੇ ਆਪਣੇ ਧੜੇ ਦਾ ਨੈਸ਼ਨਲਿਸਟ ਸਿਟੀਜ਼ਨਜ਼ ਪਾਰਟੀ ਆਫ਼ ਇੰਡੀਆ ਨਾਂ ਦਾ ਇਕ ਘੱਟ ਚਰਚਿਤ ਪਾਰਟੀ ’ਚ ਰਲੇਵਾਂ ਕਰਨ ਅਤੇ ਸੰਸਦ ’ਚ ਭਾਜਪਾ ਦੀ ਅਗਵਾਈ ਵਾਲੇ ਐੱਨ. ਡੀ. ਏ. ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਅਤੇ ਸੋਮਵਾਰ ਨੂੰ, ਬਾਗੀ ਵਿਧਾਇਕਾਂ ਨੇ ਟੀ. ਐੱਮ. ਸੀ. ਪ੍ਰਧਾਨ ਦੇ ਅਹੁਦੇ ਤੋਂ ਬੈਨਰਜੀ ਨੂੰ ਹਟਾ ਦਿੱਤਾ, ਜਿਸ ਨਾਲ ਅਸਲੀ ਪਾਰਟੀ ਕੌਣ ਹੈ, ਇਸ ’ਤੇ ਅਦਾਲਤੀ ਲੜਾਈ ਦਾ ਮੰਚ ਤਿਆਰ ਹੋ ਗਿਆ ਹੈ।

ਇਹ ਕੋਈ ਲੁਕੀ ਹੋਈ ਗੱਲ ਨਹੀਂ ਹੈ ਕਿ ਅਪ੍ਰੈਲ ’ਚ ਲੋਕ ਸਭਾ ’ਚ ਮਿਲੀ ਹਾਰ ਤੋਂ ਬਾਅਦ ਭਾਜਪਾ ਸੰਸਦ ’ਚ ਦੋ-ਤਿਹਾਈ ਬਹੁਮਤ ਹਾਸਲ ਕਰਨਾ ਚਾਹੇਗੀ। ਇਸ ਨਾਲ ਉਸ ਨੂੰ ਵਿਸਤਾਰਿਤ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ’ਚ ਔਰਤਾਂ ਦੇ ਲਈ 33 ਫੀਸਦੀ ਸੀਟਾਂ ਦੇ ਰਾਖਵੇਂਕਰਨ ਨੂੰ ਅੱਗੇ ਵਧਾਉਣ ਅਤੇ ਚੋਣ ਹਲਕਿਆਂ ਦੀ ਹੱਦਬੰਦੀ ਨੂੰ ਆਸਾਨ ਬਣਾਉਣ ਦੇ ਉਦੇਸ਼ ਨਾਲ ਸੰਵਿਧਾਨਕ ਸੋਧ ਬਿੱਲ ਪਾਸ ਕਰਨ ’ਚ ਸਹਾਇਤਾ ਮਿਲੇਗੀ। ਭਾਜਪਾ 2029 ’ਚ ਸੱਤਾ ਬਰਕਰਾਰ ਰੱਖਣ ਦੇ ਆਪਣੇ ਯਤਨਾਂ ਦੇ ਲਈ ਔਰਤਾਂ ਦੇ ਸਮਰਥਨ ਅਤੇ ਹੱਦਬੰਦੀ ਨੂੰ ਮਹੱਤਵਪੂਰਨ ਮੰਨਦੀ ਹੈ।

ਖ਼ਬਰਾਂ ਮੁਤਾਬਕ, ਭਾਜਪਾ ਦ੍ਰਮੁਕ ਦੇ ਕੁਝ ਇਤਰਾਜ਼ਾਂ ਨੂੰ ਦੂਰ ਕਰਨ ਲਈ ਹੱਦਬੰਦੀ ਬਿੱਲ ’ਚ ਬਦਲਾਅ ਕਰ ਰਹੀ ਹੈ। ਭਾਜਪਾ ਦ੍ਰਮੁਕ ਦੇ 22 ਲੋਕ ਸਭਾ ਸੰਸਦ ਮੈਂਬਰਾਂ ਨੂੰ ਆਪਣੇ ਨਾਲ ਲਿਆਉਣ ਲਈ ਲਾਲਚ ਅਤੇ ਦਬਾਅ ਦੋਵਾਂ ਦੀ ਵਰਤੋਂ ਕਰ ਰਹੀ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਦ੍ਰਮੁਕ, ਜੋ ਕਾਂਗਰਸ ਵੱਲੋਂ ਉਸ ਨੂੰ ਨਜ਼ਰਅੰਦਾਜ਼ ਕਰਕੇ ਅਭਿਨੇਤਾ ਵਿਜੇ ਦੀ ਟੀ. ਵੀ. ਕੇ. ਦਾ ਸਾਥ ਦੇਣ ਨਾਲ ਪਹਿਲਾਂ ਹੀ ਨਾਰਾਜ਼ ਹੈ, ਸੋਧੇ ਹੋਏ ਹੱਦਬੰਦੀ ਬਿੱਲ ਨੂੰ ਸਵੀਕਾਰ ਕਰ ਸਕਦੀ ਹੈ ਜਾਂ ਤਾਂ ਵੋਟਿੰਗ ਤੋਂ ਦੂਰ ਰਹਿ ਕੇ ਜਾਂ ਸੱਤਾਧਾਰੀ ਦਲ ਨੂੰ ਮੁੱਦਿਆਂ ਦੇ ਆਧਾਰ ’ਤੇ ਸਮਰਥਨ ਦੇ ਕੇ। ਜੇਕਰ ਅਜਿਹਾ ਹੁੰਦਾ ਹੈ ਤਾਂ ਭਾਜਪਾ ਕੋਲ ਐੱਨ. ਡੀ. ਏ. ਦੇ 293 ਸੰਸਦ ਮੈਂਬਰਾਂ ’ਚ 48 ਵਾਧੂ ਲੋਕ ਸਭਾ ਸੰਸਦ ਮੈਂਬਰ ਜੁੜ ਜਾਣਗੇ - 20 ਟੀ. ਐੱਮ. ਸੀ. ਦੇ ਬਾਗੀ ਸੰਸਦ ਮੈਂਬਰ, 22 ਦ੍ਰਮੁਕ ਦੇ ਅਤੇ 6 ਸ਼ਿਵ ਸੈਨਾ (ਯੂ. ਬੀ. ਟੀ.) ਦੇ ਸੰਸਦ ਮੈਂਬਰ ਅਤੇ ਇਸ ਤਰ੍ਹਾਂ ਭਾਜਪਾ ਨੂੰ ਦੋ-ਤਿਹਾਈ ਬਹੁਮਤ (ਲੋਕ ਸਭਾ ਦੀ ਮੌਜੂਦਾ ਗਿਣਤੀ 540) ਤੋਂ ਸਿਰਫ਼ 19 ਸੰਸਦ ਮੈਂਬਰ ਘੱਟ ਮਿਲਣਗੇ।

‘ਕਰੀਅਰਵਾਦੀਆਂ ਦਾ ਦਬਦਬਾ : ਹਾਲਾਂਕਿ ਭਾਜਪਾ ਨੂੰ ਆਪਣੇ ਇਰਾਦਿਆਂ ਦਾ ਪਤਾ ਹੈ ਪਰ ਇਹ ਦੇਖਣਾ ਮਹੱਤਵਪੂਰਨ ਹੈ ਕਿ ਟੀ.ਐੱਮ. ਸੀ. ਅਤੇ ਸ਼ਿਵ ਸੈਨਾ (ਯੂ. ਬੀ. ਟੀ.) ਵਰਗੀਆਂ ਪਾਰਟੀਆਂ ਅਚਾਨਕ ਕਿਉਂ ਖਿਲਰ ਰਹੀਆਂ ਹਨ।

ਇਨ੍ਹਾਂ ’ਚੋਂ ਕੁਝ ਕਥਿਤ ਬਾਗੀ ਭਾਰਤੀ ਆਈ. ਸੀ . ਈ. (ਆਮਦਨ ਕਰ, ਸੀ. ਬੀ. ਆਈ. ਅਤੇ ਇਨਫੋਰਸਮੈਂਟ ਡਾਇਰੈਕਟੋਰੇਟ) ਦੀ ਕਾਰਵਾਈ ਤੋਂ ਡਰ ਸਕਦੇ ਹਨ। ਉੱਥੇ ਹੀ, ਕੁਝ ਹੋਰ ਜਾਣਦੇ ਹਨ ਕਿ 2029 ’ਚ ਉਹ ਆਪਣੀ ਮੂਲ ਪਾਰਟੀ ਦੇ ਟਿਕਟ ’ਤੇ ਚੋਣ ਨਹੀਂ ਜਿੱਤ ਸਕਣਗੇ ਅਤੇ ਅਜਿਹੀਆਂ ਖ਼ਬਰਾਂ ਹਨ ਕਿ ਭਾਜਪਾ ਨੇ ਉਨ੍ਹਾਂ ਨੂੰ 2029 ’ਚ ਟਿਕਟ ਦੇਣ ਦਾ ਭਰੋਸਾ ਦਿੱਤਾ ਹੈ। ਦੂਜੇ ਪਾਸੇ ਕੁਝ ਹੋਰ ਲੋਕਾਂ ਦਾ ਮੰਨਣਾ ਹੈ ਅਤੇ ਬਾਗੀ ਸ਼ਿਵ ਸੈਨਾ (ਯੂ. ਬੀ. ਟੀ.) ਸੰਸਦ ਮੈਂਬਰਾਂ ਨੇ ਇਸ ਨੂੰ ਖੁੱਲ੍ਹ ਕੇ ਪ੍ਰਗਟਾਇਆ ਹੈ, ਕਿ ਸੱਤਾਧਾਰੀ ਦਲ ਦਾ ਸਾਥ ਦੇਣ ’ਤੇ ਉਨ੍ਹਾਂ ਨੂੰ ਆਪਣੇ ਚੋਣ ਹਲਕਿਆਂ ਦੇ ਵਿਕਾਸ ਦੇ ਲਈ ਫੰਡ ਮਿਲੇਗਾ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕਈਆਂ ਨੂੰ ਲੱਗਦਾ ਹੈ ਕਿ ਵਿਰੋਧੀ ਧਿਰ ਦੇ ਲਈ ਇਹ ਇਕ ਲੰਬੀ ਲੜਾਈ ਹੋਣ ਵਾਲੀ ਹੈ ਅਤੇ ਭਾਜਪਾ ਦੀ ਅੱਜ ਦੀ ਲੱਗਭਗ ਅਜਿੱਤ ਸਥਿਤੀ ਨੂੰ ਦੇਖਦੇ ਹੋਏ, ਉਸ ਦੇ ਨਾਲ ਰਹਿਣਾ ਬਿਹਤਰ ਹੈ।

ਤਾਜ਼ਾ ਘਟਨਾਵਾਂ ਨੇ ਭਾਰਤੀ ਲੋਕਤੰਤਰ ’ਚ ਲੋਕ ਫਤਵੇ ਦੀ ਪਰਿਭਾਸ਼ਾ ਨੂੰ ਬਦਲ ਦਿੱਤਾ ਹੈ। ‘ਆਇਆ ਰਾਮ, ਗਿਆ ਰਾਮ’ ਦੀ ਘਟਨਾ (1960 ਦੇ ਦਹਾਕੇ ਦੇ ਅਖੀਰ ’ਚ ਲਗਾਤਾਰ ਦਲਬਦਲੀ ਕਰਨ ਵਾਲਿਆਂ ਦੇ ਲਈ ਘੜਿਆ ਗਿਆ ਇਕ ਹਿੰਦੀ ਮੁਹਾਵਰਾ) ਕੋਈ ਨਵੀਂ ਗੱਲ ਨਹੀਂ ਹੈ। 1980 ’ਚ ਜਦੋਂ ਇੰਦਰਾ ਗਾਂਧੀ ਸੱਤਾ ’ਚ ਪਰਤੀ ਤਾਂ ਜਨਤਾ ਪਾਰਟੀ ਦੀ ਸਰਕਾਰ ਦੇ ਮੁਖੀ ਹਰਿਆਣਾ ਦੇ ਮੁੱਖ ਮੰਤਰੀ ਭਜਨ ਲਾਲ ਨੇ ਪੂਰੀ ਵਿਧਾਨ ਸਭਾ ਨੂੰ ਕਾਂਗਰਸ ’ਚ ਮਿਲਾ ਲਿਆ ਅਤੇ ਰਾਤੋ-ਰਾਤ ਕਾਂਗਰਸ ਦੇ ਮੁੱਖ ਮੰਤਰੀ ਬਣ ਗਏ। ਹੁਣ ਫੁੱਟ ਪਾਉਣ ਵਾਲੀਆਂ ਪਾਰਟੀਆਂ ਵੱਲੋਂ ਬਹੁਮਤ ਹਾਸਲ ਕਰਨ ਨੂੰ ਅਕਸਰ ਨਵੀਂ ਮਾਨਤਾ ਦਿੱਤੀ ਜਾ ਰਹੀ ਹੈ। ਬੀਤੇ ਸਾਲਾਂ ’ਚ ਮੌਜੂਦ ਨੈਤਿਕ ਕਦਰਾਂ-ਕੀਮਤਾਂ ਨੂੰ ਭੁੱਲ ਜਾਓ, ਉਹ ਦਿਖਾਵਟੀ ਪਰਦੇ ਵੀ ਗਾਇਬ ਹੋ ਚੁੱਕੇ ਹਨ ਜੋ ਕਦੇ ਹੋਇਆ ਕਰਦੇ ਸਨ।

‘ਅਭਿਸ਼ੇਕ’ ਦੀ ਘਟਨਾ : ਮੁਲਾਇਮ ਸਿੰਘ ਯਾਦਵ, ਲਾਲੂ ਪ੍ਰਸਾਦ, ਨਿਤਿਸ਼ ਕੁਮਾਰ, ਮਮਤਾ ਬੈਨਰਜੀ, ਕੇ. ਚੰਦਰਸ਼ੇਖਰ ਰਾਓ, ਐੱਚ. ਡੀ. ਦੇਵਗੌੜਾ ਜਾਂ ਐੱਮ.ਕੇ. ਸਟਾਲਿਨ ਵਰਗੇ ਸੱਤਾਧਾਰੀ ਨੇਤਾਵਾਂ ਨੇ ਆਪਣੇ ਸਾਮਰਾਜ ਦਾ ਨਿਰਮਾਣ ਕੀਤਾ (ਹਾਲਾਂਕਿ ਦ੍ਰਵਿੜ ਪਾਰਟੀਆਂ ਵੈਚਾਰਿਕ ਰੂਪ ’ਚ ਵੱਧ ਸਥਿਰ ਰਹੀਆਂ ਹਨ)। ਇਨ੍ਹਾਂ ਸਾਰਿਆਂ ਨੇ ਸੱਤਾ ਦੀ ਵਾਗਡੋਰ ਕਿਸੇ ਭਰੋਸੇਮੰਦ ਸਾਥੀ ਦੀ ਬਜਾਏ ਆਪਣੇ ਪਰਿਵਾਰ ਦੇ ਮੈਂਬਰ ਨੂੰ ਸੌਂਪੀ। ਜਦੋਂ ਧਨ ਦਾ ਵੱਡਾ ਦਾਅ ਲੱਗਿਆ ਹੋਵੇ ਤਾਂ ਨੇਤਾ ਆਪਣੇ ਸਾਥੀ ਦੀ ਤੁਲਨਾ ’ਚ ਆਪਣੇ ਬੇਟੇ, ਬੇਟੀ ਜਾਂ ਪਤਨੀ ’ਤੇ ਵੱਧ ਭਰੋਸਾ ਕਰਦੇ ਹਨ।

ਪਰ ਹੁਣ ਇਕ ਪ੍ਰਤੀਕਿਰਿਆ ਸ਼ੁਰੂ ਹੁੰਦੀ ਦਿਖਾਈ ਦੇ ਰਹੀ ਹੈ, ਸ਼ਾਇਦ ਪਰਿਵਾਰਵਾਦ ਦੇ ਸਿਧਾਂਤ ਦੇ ਖ਼ਿਲਾਫ਼ ਨਹੀਂ, ਸਗੋਂ ਪਰਿਵਾਰਵਾਦੀਆਂ ਦੇ ਕੰਮਕਾਜ ਦੇ ਤਰੀਕੇ ਦੇ ਖ਼ਿਲਾਫ਼। ਇਸ ਨੂੰ ਸੰਖੇਪ ’ਚ ‘ਅਭਿਸ਼ੇਕ ਘਟਨਾਚੱਕਰ’ ਕਿਹਾ ਜਾ ਸਕਦਾ ਹੈ।

ਮਮਤਾ ਬੈਨਰਜੀ ਦੇ ਭਤੀਜੇ ਅਤੇ ਭਵਿੱਖ ਦੇ ਉੱਤਰਾਧਿਕਾਰੀ ਅਭਿਸ਼ੇਕ ਬੈਨਰਜੀ ਦੀ ਅਗਵਾਈ ਨੂੰ ਲੈ ਕੇ ਟੀ. ਐੱਮ. ਸੀ. ’ਚ ਸਪੱਸ਼ਟ ਰੂਪ ’ਚ ਅਸੰਤੋਸ਼ ਪਨਪ ਰਿਹਾ ਸੀ, ਜਿਨ੍ਹਾਂ ਨੂੰ ਪਾਰਟੀ ਦੀ ਅਸੀਮਿਤ ਵਾਗਡੋਰ ਸੌਂਪੀ ਗਈ ਸੀ। ਭਾਜਪਾ ਨੂੰ ਟੀ. ਐੱਮ. ਸੀ. ਦੀ ਇਸ ਅਸ਼ਾਂਤ ਸਥਿਤੀ ਦਾ ਫਾਇਦਾ ਉਠਾਉਣ ਦਾ ਮੌਕਾ ਮਿਲਿਆ, ਕਿਉਂਕਿ ਮਮਤਾ ਬੈਨਰਜੀ ਜਾਂ ਤਾਂ ਇਸ ਅਸੰਤੋਸ਼ ਨੂੰ ਸਮਝ ਨਹੀਂ ਸਕੀਂ ਅਤੇ ਸ਼ਾਂਤ ਨਹੀਂ ਕਰ ਸਕੀ ਜਾਂ ਉਨ੍ਹਾਂ ਨੇ ਇਸ ਨੂੰ ਨਜ਼ਰਅੰਦਾਜ਼ ਕਰਨਾ ਚੁਣਿਆ।

ਹਾਲ ਹੀ ’ਚ ਹੋਏ ਕਈ ‘ਤਲਾਕ’ ਹੋਰਨਾਂ ਧਿਰਾਂ ਦੇ ਲਈ ਇਕ ਚਿਤਾਵਨੀ ਦੇ ਰੂਪ ’ਚ ਸਾਹਮਣੇ ਆਏ ਹਨ , ਉਨ੍ਹਾਂ ਨੂੰ ਆਤਮ-ਚਿੰਤਨ ਅਤੇ ਆਪਣੀ ਦਿਸ਼ਾ ’ਚ ਸੁਧਾਰ ਕਰਨਾ ਚਾਹੀਦਾ ਹੈ।

-ਕ੍ਰਿਸ਼ਨ ਭਨੋਟ


author

Harpreet SIngh

Content Editor

Related News