ਭਾਰਤੀ ਸਿਨੇਮਾ ਦਾ ਸਮਾਜ ਨੂੰ ਯੋਗਦਾਨ

Monday, Jun 15, 2026 - 05:20 PM (IST)

ਭਾਰਤੀ ਸਿਨੇਮਾ ਦਾ ਸਮਾਜ ਨੂੰ ਯੋਗਦਾਨ

ਸਿਨੇਮਾ ਵੇਖਣ ਵਾਲੇ ਇਹ ਕਦੇ ਨਾ ਭੁੱਲਣ ਕਿ ਬਾਲੀਵੁੱਡ ’ਚ ਬਣੀਆਂ ਫ਼ਿਲਮਾਂ ਨੇ ਸਿਰਫ਼ ਜਨਤਾ ਦਾ ਮਨੋਰੰਜਨ ਹੀ ਕੀਤਾ ਹੈ, ਅਜਿਹੀਆਂ ਕਈ ਫ਼ਿਲਮਾਂ ਆਈਆਂ ਹਨ, ਜੋ ਕਲਾਸੀਕਲ, ਸਮਾਜ ਪ੍ਰਤੀ ਜ਼ਿੰਮੇਵਾਰ, ਸਮਾਜਿਕ ਤਬਦੀਲੀ ਲਿਆਉਣ ਵਾਲੀਆਂ, ਬੁੱਧੀਜੀਵੀ ਮਨਾਂ ਨੂੰ ਹਲੂਣਨ ਵਾਲੀਆਂ ਅਤੇ ਦੇਸ਼ ਭਗਤੀ ਦੀਆਂ ਭਾਵਨਾਵਾਂ ਨੂੰ ਜਗਾਉਣ ਵਾਲੀਆਂ ਬਣ ਗਈਆਂ। ਧਾਰਮਿਕ ਖੇਤਰ ’ਚ ‘ਰਾਮਾਇਣ’ ਬਣਾ ਕੇ ਨਿਰਮਾਤਾ, ਨਿਰਦੇਸ਼ਕ ਰਾਮਾਨੰਦ ਸਾਗਰ ਅਮਰ ਹੋ ਗਏ। ‘ਮਹਾਭਾਰਤ’ ਵਰਗੇ ਮਹਾਕਾਵਿ, ਜਿਸ ਨੂੰ ਸਮਝਣਾ ਪੜ੍ਹੇ-ਲਿਖੇ ਸਮਾਜ ਲਈ ਵੀ ਔਖਾ ਹੈ, ਉਸ ਨੂੰ ਆਮ ਜਨਤਾ ਤੱਕ ਪਹੁੰਚਾਉਣ ਲਈ ਬੀ. ਆਰ. ਚੋਪੜਾ ਪੂਜਣਯੋਗ ਬਣ ਗਏ। ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ‘ਮਹਾਭਾਰਤ’ ਦੀ ‘ਸਕ੍ਰਿਪਟ’ ਅਤੇ ਸੰਵਾਦ ਇਕ ਮੁਸਲਿਮ ਲੇਖਕ ‘ਡਾ. ਰਾਹੀ ਮਾਸੂਮ ਰਜ਼ਾ’ ਨੇ ਲਿਖੇ। ਉਨ੍ਹਾਂ ਨੇ ਆਪਣੀ ਇਤਿਹਾਸਕ ਜ਼ਿੰਮੇਵਾਰੀ ਪੂਰੀ ਧਰਮਨਿਰਪੱਖਤਾ ਨਾਲ ਨਿਭਾਈ।

1965 ’ਚ ਆਈ ਫ਼ਿਲਮ ‘ਸ਼ਹੀਦ’ ’ਚ ਕੀ ਮਨੋਜ ਕੁਮਾਰ ਅਸਲ ’ਚ ਭਗਤ ਸਿੰਘ ਨਹੀਂ ਲੱਗਦੇ? ਕੀ ਪ੍ਰੇਮ ਚੋਪੜਾ ਅਸਲੀ ਸੁਖਦੇਵ ਨਹੀਂ ਲੱਗਦੇ? 1967 ਦੀ ਮਨੋਜ ਕੁਮਾਰ ਦੀ ‘ਉਪਕਾਰ’ ਫ਼ਿਲਮ ਦੋ ਸਕੇ ਭਰਾਵਾਂ ’ਚ ‘ਖੇਤੀਬਾੜੀ’ ਦੀ ਜ਼ਮੀਨ ਅਤੇ ਜ਼ਮੀਨ ਦੀ ਵੰਡ ਦਾ ਅਸਲੀ ਚਿੱਤਰ ਪੇਸ਼ ਨਹੀਂ ਕਰਦੀ? ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਦੇ ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ ਨੂੰ ਬੁਲੰਦ ਨਹੀਂ ਕਰਦੀ? ਇਸ ਤੋਂ ਵੀ ਪਹਿਲਾਂ ਦਿਲੀਪ ਕੁਮਾਰ ਵੱਲੋਂ ਅਭਿਨੀਤ ‘ਸ਼ਹੀਦ’ ਦੇ ਗੀਤ ‘ਵਤਨ ਕੀ ਰਾਹ ਮੇਂ, ਵਤਨ ਕੇ ਨੌਜਵਾਨ ਸ਼ਹੀਦ ਹੋਂ’ ’ਚ ਮੁਹੰਮਦ ਰਫ਼ੀ ਨੇ ਦੇਸ਼ ਭਗਤੀ ਦੀ ਭਾਵਨਾ ਨੂੰ ਉਜਾਗਰ ਨਹੀਂ ਕਰ ਦਿੱਤਾ ਸੀ?

ਅਕਤੂਬਰ 1959 ’ਚ ਰਿਲੀਜ਼ ਹੋਈ ਐੱਸ. ਐੱਸ. ਵਾਸਨ ਦੀ ‘ਪੈਗਾਮ’ ਦੇਸ਼ ’ਚ ਯੂਨੀਅਨ ਬਣਾਉਣ, ਉਦਯੋਗਪਤੀਆਂ ਵੱਲੋਂ ਮਜ਼ਦੂਰਾਂ ਦੇ ਸ਼ੋਸ਼ਣ ਵਿਰੁੱਧ ਇਕ ਕ੍ਰਾਂਤੀਕਾਰੀ ਫ਼ਿਲਮ ਸੀ। ਰੇਹੜੀ ਵਾਲਿਆਂ, ਰਿਕਸ਼ਾ ਚਾਲਕਾਂ, ਬੱਸ ਕੰਡਕਟਰਾਂ, ਰੇਲਵੇ ਮੁਲਾਜ਼ਮਾਂ ਵੱਲੋਂ ਧੜਾਧੜ ਯੂਨੀਅਨਾਂ ਬਣਾਉਣ ਦੀ ਪ੍ਰੰਪਰਾ ਇਸੇ ਫ਼ਿਲਮ ਰਾਹੀਂ ਸ਼ੁਰੂ ਹੋਈ। ਇਸੇ ਫ਼ਿਲਮ ਦਾ ਅਮਰ ਗੀਤ ‘ਇੰਸਾਨ ਕਾ ਇੰਸਾਨ ਸੇ ਹੋ ਭਾਈਚਾਰਾ ਯਹੀ ਪੈਗਾਮ ਹਮਾਰਾ’ ਇਕ ਨਵੇਂ ਯੁੱਗ ਦਾ ਸੂਤਰਧਾਰ ਬਣਿਆ। ਸਵਰਗੀ ਨਿਰਮਾਤਾ-ਨਿਰਦੇਸ਼ਕ ਮਹਿਬੂਬ ਖਾਨ ਵੱਲੋਂ ਬਣਾਈ ਗਈ ‘ਮਦਰ ਇੰਡੀਆ’ ਬਾਲੀਵੁੱਡ ਸਿਨੇ ਉਦਯੋਗ ’ਚ ਇਕ ਮੀਲ ਦਾ ਪੱਥਰ ਸੀ। 25 ਅਕਤੂਬਰ, 1957 ਨੂੰ ਰਿਲੀਜ਼ ਹੋਈ ਇਸ ਫ਼ਿਲਮ ’ਚ ‘ਸ਼ਾਹੂਕਾਰਾਂ’ ਵੱਲੋਂ ਅਨਪੜ੍ਹ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਹੜੱਪਣ ਦਾ ਮੁੱਦਾ ਬਹੁਤ ਬਾਰੀਕੀ ਢੰਗ ਨਾਲ ਉਠਾਇਆ ਗਿਆ ਸੀ।

1963 ’ਚ ਨਿਰਦੇਸ਼ਕ ਸੀ. ਬੀ. ਸ਼੍ਰੀਧਰ ਦੀ ਫ਼ਿਲਮ ‘ਦਿਲ ਏਕ ਮੰਦਰ’ ਇਕ ਰੋਮਾਂਟਿਕ ਡਰਾਮਾ ਸੀ, ਜਿਸ ’ਚ ਰਾਜਿੰਦਰ ਕੁਮਾਰ, ਮੀਨਾ ਕੁਮਾਰੀ ਅਤੇ ਰਾਜ ਕੁਮਾਰ ਮੁੱਖ ਭੂਮਿਕਾ ’ਚ ਸਨ। ਇਸ ਫ਼ਿਲਮ ’ਚ ਇਕ ਡਾਕਟਰ ਦੀ ਜ਼ਿੰਮੇਵਾਰੀ ਨੂੰ ਦਰਸਾਇਆ ਗਿਆ ਸੀ ਜੋ ਆਪਣੇ ਪਿਆਰ ਨੂੰ ਆਪਣੇ ਪੇਸ਼ੇ ਦੇ ਸਾਹਮਣੇ ਕੁਝ ਨਹੀਂ ਸਮਝਦਾ। ਰਾਜ ਕੁਮਾਰ ਨੇ ਇਕ ਮਰੀਜ਼ ਦੀ ਭੂਮਿਕਾ ਨਿਭਾਅ ਕੇ ਆਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਲਿਆ ਸੀ।

ਯਸ਼ ਚੋਪੜਾ ਵੱਲੋਂ ਨਿਰਦੇਸ਼ਿਤ ਅਤੇ ਬੀ. ਆਰ. ਚੋਪੜਾ ਵੱਲੋਂ ਬਣਾਈ ਗਈ ਫ਼ਿਲਮ ‘ਧੂਲ ਕਾ ਫੂਲ’ ਇਕ ਅਣਵਿਆਹੀ ਮਾਂ ਦੇ ਸੰਘਰਸ਼ ਦੀ ਕਹਾਣੀ ਹੈ। ਇਸ ’ਚ ਮਨਮੋਹਨ ਕ੍ਰਿਸ਼ਨ ’ਤੇ ਫ਼ਿਲਮਾਇਆ ਗੀਤ ‘ਤੂ ਹਿੰਦੂ ਬਨੇਗਾ ਨਾ ਮੁਸਲਮਾਨ ਬਨੇਗਾ, ਇੰਸਾਨ ਕੀ ਔਲਾਦ ਹੈ ਇੰਸਾਨ ਬਨੇਗਾ’ ਹਿੰਦੂ-ਮੁਸਲਿਮ ਏਕਤਾ ਦਾ ਸੰਦੇਸ਼ ਦਿੰਦਾ ਹੈ। ਫ਼ਿਲਮ ‘ਮੁਗ਼ਲ-ਏ-ਆਜ਼ਮ’ ’ਚ ਮੁਗ਼ਲ ਰਾਜਿਆਂ ਦੀ ਸ਼ਾਨੋ-ਸ਼ੌਕਤ ਨੂੰ ਕੇ. ਆਸਿਫ਼ ਨੇ ਪੂਰੀ ਇਮਾਨਦਾਰੀ ਨਾਲ ਨਿਭਾਇਆ। ਪ੍ਰਿਥਵੀ ਰਾਜ ਕਪੂਰ, ਦਿਲੀਪ ਕੁਮਾਰ, ਮਧੂਬਾਲਾ ਅਤੇ ਅਜੀਤ ਨੇ ਆਪਣਾ-ਆਪਣਾ ਕਿਰਦਾਰ ਬਾਖ਼ੂਬੀ ਨਿਭਾਇਆ ਸੀ। ‘ਮੁਗ਼ਲ-ਏ-ਆਜ਼ਮ’ ਵਿਚ ਯੁੱਧ ਦੇ ਫ਼ਿਲਮਾਏ ਦ੍ਰਿਸ਼ ਬਹੁਤ ਸਜੀਵ ਬਣੇ ਹਨ।

ਦੇਵਾਨੰਦ ਨੇ ਆਪਣੇ ਫ਼ਿਲਮੀ ਕਰੀਅਰ ’ਚ ਅਨੇਕਾਂ ਫ਼ਿਲਮਾਂ ‘ਨਵਕੇਤਨ’ ਬੈਨਰ ਹੇਠ ਬਣਾਈਆਂ, ਪਰ ਉਨ੍ਹਾਂ ਦੀ ਯੁੱਧ ਦੀ ਭਿਆਨਕਤਾ ’ਤੇ ਬਣਾਈ ਫ਼ਿਲਮ ‘ਹਮ ਦੋਨੋਂ’ ਇਕ ਅਮਰ ਕ੍ਰਿਤੀ ਸੀ। ਇਸ ਫ਼ਿਲਮ ’ਚ ਦੇਵਾਨੰਦ ਨੇ ਡਬਲ ਰੋਲ ਨਿਭਾਇਆ ਸੀ। ਦੋਵਾਂ ’ਚ ਉਨ੍ਹਾਂ ਦੀ ਭੂਮਿਕਾ ਸੈਨਾ ਦੇ ਮੇਜਰ ਅਤੇ ਕਰਨਲ ਦੀ ਸੀ। ‘ਹਮ ਦੋਨੋਂ’ ਫ਼ਿਲਮ ਰਾਹੀਂ ਇਹ ਦਰਸਾਇਆ ਗਿਆ ਹੈ ਕਿ ਯੁੱਧ ਨਾਲ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ। ਦੇਵਾਨੰਦ ਵਰਗੇ ਰੋਮਾਂਟਿਕ ਹੀਰੋ ਹੀ ‘ਗਾਈਡ’ ਵਰਗੀ ਕਲਾਸੀਕਲ ਫ਼ਿਲਮ ’ਚ ਇਕ ਗਾਈਡ ਤੋਂ ਸਾਧੂ ਦੀ ਭੂਮਿਕਾ ਨਿਭਾਅ ਸਕਦੇ ਸਨ। ਵਿਸ਼ੇਸ਼ ਤੌਰ ’ਤੇ ਦੇਵਾਨੰਦ ਦੀ ‘ਗਾਈਡ’ ਫ਼ਿਲਮ ਦਾ ਆਖਰੀ ਦ੍ਰਿਸ਼ ਤਾਂ ਬਹੁਤ ਭਾਵੁਕ ਬਣ ਗਿਆ। ਆਤਮਾ ਅਤੇ ਪਰਮਾਤਮਾ ਆਹਮਣੇ-ਸਾਹਮਣੇ ਹਨ ਅਤੇ ਸਾਧੂ ਦੇ ਰੂਪ ’ਚ ਦੇਵਾਨੰਦ ਕਹਿ ਰਹੇ ਹਨ, ‘ਅਬ ਨਾ ਯਹਾਂ ਇੰਸਾਨ ਹੈ, ਨਾ ਭਗਵਾਨ, ਸਿਰਫ਼ ਮੈਂ, ਸਿਰਫ਼ ਮੈਂ।’ ਅਦਭੁਤ ਸੰਵਾਦ ਸਨ। ਇਸ ਦੀ ਸਫ਼ਲਤਾ ਦਾ ਸਿਹਰਾ ਦੇਵਾਨੰਦ ਦੇ ਭਰਾ ਵਿਜੇ ਆਨੰਦ ਨੂੰ ਜਾਂਦਾ ਹੈ।

ਰਾਜ ਕਪੂਰ ਦੀ ਮਸ਼ਹੂਰ ਫ਼ਿਲਮ ‘ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ’ ਸਾਲ 1960 ’ਚ ਬਣੀ, ਜੋ ‘ਚੰਬਲ ਦੇ ਡਾਕੂਆਂ’ ਨੂੰ ਸਮਾਜ ਦਾ ਅੰਗ ਬਣਾਉਣ ਦੀ ਇਕ ਸੁਖਦਾਈ ਉਦਾਹਰਣ ਸੀ। ਇਹ ਫ਼ਿਲਮ ਡਾਕੂਆਂ ਨੂੰ ਸੁਧਾਰਨ ਦਾ ਇਕ ਹਿੰਮਤੀ ਯਤਨ ਸੀ। ਸਮਾਜ ’ਚ ਤਬਦੀਲੀ ਲਿਆਉਣਾ, ਜਾਗਰੂਕਤਾ ਨਾਲ ਸਮਾਜ ਨੂੰ ਸੱਦਾ ਦੇਣਾ ਨਿਰਮਾਤਾ, ਨਿਰਦੇਸ਼ਕ ਅਤੇ ਐਕਟਰ ਗੁਰੂਦੱਤ ਨੇ ਸਿਨੇ-ਪ੍ਰੇਮੀਆਂ ਨੂੰ ਸਿਖਾਇਆ। ਉਨ੍ਹਾਂ ਵੱਲੋਂ ਬਣਾਈ ਗਈ ਫ਼ਿਲਮ ‘ਪਿਆਸਾ’ ਅਤੇ ‘ਕਾਗਜ਼ ਕੇ ਫੂਲ’ ਸਮੇਂ ਤੋਂ ਕਾਫ਼ੀ ਅੱਗੇ ਦੀਆਂ ਫ਼ਿਲਮਾਂ ਸਨ, ਪਰ ਉਨ੍ਹਾਂ ਦੇ ਅਚਾਨਕ ਦਿਹਾਂਤ ਨੇ ਸਿਨੇ ਉਦਯੋਗ ਨੂੰ ਰੁਆ ਦਿੱਤਾ ਸੀ। ਹਾਂ, ਸੰਜੀਵ ਕੁਮਾਰ ਅਤੇ ਅਮਿਤਾਭ ਬੱਚਨ ਦੀ ਫ਼ਿਲਮ ‘ਤ੍ਰਿਸ਼ੂਲ’ ਇਕ ਨਵਾਂ ਵਿਸ਼ਾ ਲੈ ਕੇ ਆਈ। ਅਮਿਤਾਭ ਬੱਚਨ ਦੀ ਫ਼ਿਲਮ ‘ਦੀਵਾਰ’ ਦੋ ਵਿਰੋਧੀ ਵਿਚਾਰਾਂ ਦੀ ਲੜਾਈ ਸੀ। ਆਮਿਰ ਖ਼ਾਨ ਦੀ ‘ਲਗਾਨ’ ਅਤੇ ‘ਦੰਗਲ’ ਪ੍ਰੇਰਨਾਦਾਇਕ ਫ਼ਿਲਮਾਂ ਸਨ।

ਸਿਨੇ ਉਦਯੋਗ ’ਚ ਬਿਮਲ ਰਾਏ ਨੇ ਜੋ ਫ਼ਿਲਮਾਂ ਬਣਾਈਆਂ, ਉਹ ਸਮਾਜ ਨੂੰ ਵੱਖਰਾ ਸੰਦੇਸ਼ ਦਿੰਦੀਆਂ ਹਨ। ਉਨ੍ਹਾਂ ਦੀ ‘ਦੋ ਬੀਘਾ ਜ਼ਮੀਨ’, ‘ਦੇਵਦਾਸ’ ਸਦਾਬਹਾਰ ਫ਼ਿਲਮਾਂ ਹਨ। ਦੇਵਦਾਸ ਸਿਨੇਮਾ ਦਾ ਉਹ ਕਿਰਦਾਰ ਹੈ, ਜੋ ਇਸ ਫ਼ਲਸਫ਼ੇ ’ਤੇ ਆਧਾਰਿਤ ਹੈ ਕਿ ਸਾਰਾ ਸਮਾਜ ਉਸ ਦੀ ਪ੍ਰਵਾਹ ਕਰੇ, ਪਰ ਦੇਵਦਾਸ ਕਿਸੇ ਦੀ ਪ੍ਰਵਾਹ ਨਾ ਕਰੇ। ਦਿਲੀਪ ਕੁਮਾਰ, ਬਲਰਾਜ ਸਾਹਨੀ, ਸੰਜੀਵ ਕੁਮਾਰ ਅਤੇ ਵੈਜੰਤੀ ਮਾਲਾ ਦੀ ਫ਼ਿਲਮ ‘ਸੰਘਰਸ਼’ ਪ੍ਰਾਚੀਨ ਤੀਰਥ ਅਸਥਾਨਾਂ ’ਤੇ ਪੰਡਿਤਾਂ ਦੇ ਅੰਧ-ਵਿਸ਼ਵਾਸ ’ਤੇ ਕਰਾਰੀ ਸੱਟ ਹੈ।

-ਮਾਸਟਰ ਮੋਹਨ ਲਾਲ


author

Harpreet SIngh

Content Editor

Related News