ਸਿਹਤਮੰਦ ਬੁਢਾਪੇ ਲਈ ਯੋਗ : ਉਮਰ ਦੇ ਹਰ ਸਾਲ ਨੂੰ ਬਿਹਤਰ ਬਣਾਉਣ ਦਾ ਤਰੀਕਾ
Sunday, Jun 21, 2026 - 01:51 PM (IST)
ਸਦੀਆਂ ਤੋਂ ਭਾਰਤ ਦੀ ਇਕ ਵਿਲੱਖਣ ਪਛਾਣ ਰਹੀ ਹੈ। ਉਸ ਦੀ ਇਹ ਪਛਾਣ ‘ਵਸੁਧੈਵ ਕੁਟੁੰਬਕਮ’ – ਭਾਵ ਪੂਰੀ ਦੁਨੀਆ ਨੂੰ ਇਕ ਇਕਾਈ ਅਤੇ ਸਾਰੇ ਜੀਵ-ਜੰਤੂਆਂ ਨੂੰ ਇਕ ਮੰਨਣ ਦੀ ਮਹਾਨ ਸੋਚ ਵਿਚ ਸਮਾਈ ਹੋਈ ਹੈ। ਭਾਰਤ ਦੇ ਇਸ ਅਧਿਆਤਮਿਕ ਗਿਆਨ ’ਤੇ ਆਧਾਰਿਤ ਯੋਗ ਇਕ ਅਜਿਹੀ ਪ੍ਰਾਚੀਨ ਸਿੱਖਿਆ ਹੈ ਜੋ ਸਰੀਰ, ਮਨ ਅਤੇ ਆਤਮਾ ਦੇ ਵਿਚਾਲੇ ਇਕ ਸੰਤੁਲਨ ਸਥਾਪਿਤ ਕਰਦੀ ਹੈ। ਯੋਗ ਦੇ ਮੂਲ ਤੱਤਾਂ ’ਚ ਆਸਣ (ਸਰੀਰਕ ਮੁਦਰਾਵਾਂ), ਪ੍ਰਾਣਾਯਾਮ (ਸਾਹ ਲੈਣ ਦੀਆਂ ਤਕਨੀਕਾਂ) ਅਤੇ ਧਿਆਨ ਸ਼ਾਮਲ ਹਨ। ਇਨ੍ਹਾਂ ਤੱਤਾਂ ਦਾ ਸੁਮੇਲ ਸਰੀਰਕ ਤੰਦਰੁਸਤੀ, ਮਾਨਸਿਕ ਸਪੱਸ਼ਟਤਾ ਅਤੇ ਭਾਵਨਾਤਮਕ ਸੰਤੁਲਨ ਨੂੰ ਬਿਹਤਰ ਬਣਾਉਂਦਾ ਹੈ।
27 ਸਤੰਬਰ, 2014 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕਰਦਿਆਂ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਨੀਆ ਨੂੰ ਰਹਿਣ ਯੋਗ ਅਤੇ ਸਥਿਰ ਬਣਾਉਣ ਦੇ ਉਦੇਸ਼ ਨਾਲ ਲੋਕਾਂ ਦੀ ਜੀਵਨਸ਼ੈਲੀ ਵਿਚ ਬਦਲਾਅ ਲਿਆਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਯੋਗ ਮਨ ਅਤੇ ਸਰੀਰ, ਸੋਚ ਅਤੇ ਕਾਰਵਾਈ, ਸੰਜਮ ਅਤੇ ਸੰਤੁਸ਼ਟੀ ਵਿਚਕਾਰ ਏਕਤਾ, ਇਨਸਾਨ ਅਤੇ ਕੁਦਰਤ ਵਿਚਕਾਰ ਤਾਲਮੇਲ ਅਤੇ ਸਿਹਤ ਅਤੇ ਭਲਾਈ ਨਾਲ ਸਬੰਧਿਤ ਇਕ ਸੰਪੂਰਨ ਦ੍ਰਿਸ਼ਟੀਕੋਣ ਦਾ ਸੰਗਮ ਹੈ। ਮਾਣਯੋਗ ਪ੍ਰਧਾਨ ਮੰਤਰੀ ਦੇ ਬੇਨਤੀ ’ਤੇ 11 ਦਸੰਬਰ, 2014 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਨੇ 21 ਜੂਨ ਨੂੰ ‘ਅੰਤਰਰਾਸ਼ਟਰੀ ਯੋਗ ਦਿਵਸ’ ਐਲਾਨ ਕਰਨ ਨਾਲ ਸਬੰਧਤ 174 ਤੋਂ ਵੱਧ ਦੇਸ਼ਾਂ ਦੇ ਸਾਂਝੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ। ਸਾਲ 2015 ਤੋਂ ਦੁਨੀਆ ਭਰ ਵਿਚ ਲੱਖਾਂ ਲੋਕ ਜਨਤਕ ਥਾਵਾਂ ’ਤੇ ਇਕੱਠੇ ਹੋ ਕੇ ਯੋਗ ਕਰਦੇ ਹਨ ਅਤੇ ਇਸ ਤਰ੍ਹਾਂ ਸਾਡੇ ਪ੍ਰਾਚੀਨ ਗਿਆਨ ਨੂੰ ਇਕ ਵਿਸ਼ਵ-ਵਿਆਪੀ ਅੰਦੋਲਨ ਦਾ ਰੂਪ ਦਿੰਦੇ ਹਨ।
ਇਸ ਸਾਲ 21 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੱਥੇ ਕੋਲਕਾਤਾ ਵਿਚ ਯੋਗ ਦਿਵਸ ਦੀ ਅਗਵਾਈ ਕਰਨਗੇ, ਉੱਥੇ ਹੀ ਮੈਂ ਇਸ ਸਮਾਰੋਹ ਵਿਚ ਹਿੱਸਾ ਲੈਣ ਲਈ ਲੱਦਾਖ ਵਿਚ ਰਹਾਂਗਾ। ਨਿੱਜੀ ਤੌਰ ’ਤੇ ਪਿਛਲੇ ਕਈ ਸਾਲਾਂ ਤੋਂ ਮੈਂ ਵੀ ਯੋਗ ਅਤੇ ਪੰਚਕਰਮ ਦੇ ਨਿਯਮਿਤ ਅਭਿਆਸ ਦੇ ਲਾਭਾਂ ਨੂੰ ਮਹਿਸੂਸ ਕੀਤਾ ਹੈ।
ਯੋਗ : ਭਾਰਤ ਦੀ ਇਕ ਸਦੀਵੀ ਵਿਰਾਸਤ
ਮੰਨਿਆ ਜਾਂਦਾ ਹੈ ਕਿ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਭਲਾਈ ਨਾਲ ਸਬੰਧਤ ‘ਯੋਗ’ ਦੇ ਸਦੀਵੀ ਅਭਿਆਸ ਦੀ ਸ਼ੁਰੂਆਤ ਸਾਡੀ ਸੱਭਿਅਤਾ ਦੇ ਉਦੈ ਦੇ ਨਾਲ ਹੀ ਹੋਈ ਸੀ। ਯੋਗ ਦੀ ਪ੍ਰੰਪਰਾ ਵਿਚ ਭਗਵਾਨ ਸ਼ਿਵ ਨੂੰ ਜਿੱਥੇ ਸਭ ਤੋਂ ਪਹਿਲਾ ਯੋਗੀ ਜਾਂ ‘ਆਦਿ ਯੋਗੀ’ ਅਤੇ ਸਭ ਤੋਂ ਪਹਿਲਾ ਗੁਰੂ ਜਾਂ ‘ਆਦਿ ਗੁਰੂ’ ਮੰਨਿਆ ਜਾਂਦਾ ਹੈ, ਉੱਥੇ ਹੀ ਯੋਗ ਦੇ ਸਿਧਾਂਤਾਂ ਨੂੰ ‘ਯੋਗ ਸੂਤਰ’ ਵਿਚ ਵਿਵਸਥਿਤ ਰੂਪ ਵਿਚ ਸ਼ਾਮਲ ਕਰਨ ਦੇ ਕਾਰਨ ਮਹਾਰਿਸ਼ੀ ਪਤੰਜਲੀ ਨੂੰ ‘ਸ਼ਾਸਤਰੀ ਯੋਗ ਦਾ ਜਨਕ’ ਮੰਨਿਆ ਜਾਂਦਾ ਹੈ।
ਸਿਹਤਮੰਦ ਬੁਢਾਪੇ ਲਈ ਯੋਗ
ਹਰ ਸਾਲ ਸਾਡੇ ਦੇਸ਼ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਪੂਰੇ ਉਤਸ਼ਾਹ ਅਤੇ ਇਕ ਸਾਰਥਕ ਵਿਸ਼ੇ ਦੇ ਨਾਲ ਮਨਾਇਆ ਜਾਂਦਾ ਹੈ। ਇਸ ਵਰ੍ਹੇ ਦੇ ਵਿਸ਼ੇ ‘ਸਿਹਤਮੰਦ ਬੁਢਾਪੇ ਲਈ ਯੋਗ’ ਦਾ ਖ਼ਾਸ ਮਹੱਤਵ ਹੈ। ਸਿਹਤ ਸੰਭਾਲ ਅਤੇ ਜਨਤਕ ਸਿਹਤ ਪ੍ਰਣਾਲੀ ਵਿਚ ਹੋਈ ਸ਼ਲਾਘਾਯੋਗ ਪ੍ਰਗਤੀ ਅਤੇ ਮੌਤ ਦਰ ਵਿਚ ਆਈ ਕਮੀ ਦੇ ਕਾਰਨ ਦੁਨੀਆ ਭਰ ਵਿਚ ਲੋਕਾਂ ਦੀ ਔਸਤ ਉਮਰ ਵਧੀ ਹੈ। ਭਾਰਤ ਵੀ ਆਬਾਦੀ ਵਿਚ ਹੋ ਰਹੇ ਇਸ ਵੱਡੇ ਬਦਲਾਅ ਦਾ ਗਵਾਹ ਬਣ ਰਿਹਾ ਹੈ।
ਆਬਾਦੀ ’ਚ ਆਏ ਇਸ ਬਦਲਾਅ ਦੇ ਕਾਰਨ ਭਾਰਤ ’ਚ ‘ਸਿਲਵਰ ਇਕੌਨਮੀ’ ਦਾ ਵਿਸਥਾਰ ਹੋਇਆ ਹੈ, ਜੋ ਮੁੱਖ ਰੂਪ ’ਚ ਸਿਹਤ ਸੰਭਾਲ ਅਤੇ ਬਜ਼ੁਰਗ ਨਾਗਰਿਕਾਂ ਦੀਆਂ ਜ਼ਰੂਰਤਾਂ ਨਾਲ ਜੁੜੇ ਸਾਮਾਨਾਂ ਅਤੇ ਸੇਵਾਵਾਂ ’ਤੇ ਕੇਂਦ੍ਰਿਤ ਹੈ। ਉਦਯੋਗ ਜਗਤ ਦੇ ਮਾਹਿਰਾਂ ਦਾ ਅਨੁਮਾਨ ਹੈ ਕਿ ਹੁਣ ਇਸ ਦਾ ਅਕਾਰ ਲਗਭਗ 73,000 ਕਰੋੜ ਰੁਪਏ ਦਾ ਹੈ। ਆਉਣ ਵਾਲੇ ਸਾਲਾਂ ਵਿਚ ਇਸ ਸੈਕਟਰ ਦੇ ਬਹੁਤ ਵਧਣ ਦੀ ਉਮੀਦ ਹੈ।
ਇਸ ਪ੍ਰਕਾਰ ਅਸੀਂ ਪਾਉਂਦੇ ਹਾਂ ਕਿ ਦੁਨੀਆ ਭਰ ’ਚ ਬਦਲਦੀਆਂ ਜਨਸੰਖਿਆ ਸਥਿਤੀਆਂ ਦੇ ਵਿਚਾਲੇ ਭਾਰਤ ਦੁਨੀਆ ਨੂੰ ਸਫ਼ਲਤਾਪੂਰਵਕ ਅੱਗੇ ਵਧਣ ਦਾ ਇਕ ਵਿਲੱਖਣ ਮਾਡਲ ਪ੍ਰਦਾਨ ਕਰ ਰਿਹਾ ਹੈ । ਇਕ ਅਜਿਹਾ ਮਾਡਲ ਜੋ ਪ੍ਰਾਚੀਨ ਸੱਭਿਅਤਾ ਦੇ ਗਿਆਨ ਅਤੇ ਆਧੁਨਿਕ ਵਿਗਿਆਨਕ ਪ੍ਰਮਾਣਾਂ ਦੇ ਵਿਚਕਾਰ ਇਕ ਇਕਸਾਰ ਤਾਲਮੇਲ ਬਣਾਉਂਦਾ ਹੈ ਅਤੇ ਉਹ ਹੈ ਯੋਗ।
ਯੋਗ ਅੱਜ ਦੇ ਦੌਰ ਵਿਚ ਬੁਢਾਪੇ ਨਾਲ ਜੁੜੀਆਂ ਸਮੱਸਿਆਵਾਂ ਦਾ ਹੱਲ
ਆਧੁਨਿਕ ਵਿਗਿਆਨ ਸਾਡੇ ਉਨ੍ਹਾਂ ਰਿਸ਼ੀਆਂ ਅਤੇ ਯੋਗੀਆਂ ਦੀਆਂ ਸਦੀਵੀ ਗੱਲਾਂ ਦੀ ਪੁਸ਼ਟੀ ਕਰ ਰਿਹਾ ਹੈ, ਜਿਨ੍ਹਾਂ ਨੇ ਅਨੁਸ਼ਾਸਿਤ ਜੀਵਨ, ਯੋਗ ਅਤੇ ਅਧਿਆਤਮਿਕ ਸਾਧਨਾ ਦੇ ਜ਼ਰੀਏ ਅਸਾਧਾਰਨ ਲੰਮੀ ਉਮਰ, ਜੀਵਨ-ਸ਼ਕਤੀ ਅਤੇ ਮਾਨਸਿਕ ਸਪੱਸ਼ਟਤਾ ਹਾਸਿਲ ਕੀਤੀ ਸੀ। ਹਾਲ ਹੀ ਦੇ ਸਾਲਾਂ ਵਿਚ ਯੋਗ ਦੇ ਉਪਚਾਰਕ ਪਹਿਲੂਆਂ ਵਿਚ ਅਕਾਦਮਿਕ ਅਤੇ ਕਲੀਨਿਕਲ ਦਿਲਚਸਪੀ ਤੇਜ਼ੀ ਨਾਲ ਵਧੀ ਹੈ।
ਮੇਰੇ ਆਪਣੇ ਤਜਰਬੇ ਅਨੁਸਾਰ, ਅਹਿਮ ਗੱਲ ਇਹ ਹੈ ਕਿ ‘ਸਿਹਤਮੰਦ ਬੁਢਾਪੇ ਲਈ ਯੋਗ’ ਵਿਚ ਬਹੁਤ ਜ਼ਿਆਦਾ ਸਰੀਰਕ ਮਿਹਨਤ ਦੀ ਜ਼ਰੂਰਤ ਨਹੀਂ ਹੁੰਦੀ। ਪ੍ਰੰਪਰਾਗਤ ਯੋਗ ਕਿਰਿਆਵਾਂ ਨੂੰ ਕਾਫ਼ੀ ਸੋਚ-ਸਮਝ ਕੇ ਅਜਿਹੇ ਸੌਖੇ ਤਰੀਕਿਆਂ ਵਿਚ ਢਾਲਿਆ ਗਿਆ ਹੈ ਜੋ ਬਜ਼ੁਰਗਾਂ ਲਈ ਢੁੱਕਵੇਂ ਹਨ। ਨਾਲ ਹੀ ਯੋਗ ਉਨ੍ਹਾਂ ਦੇਖਭਾਲ ਕਰਨ ਵਾਲਿਆਂ ਅਤੇ ਪਰਿਵਾਰ ਦੇ ਮੈਂਬਰਾਂ ਲਈ ਵੀ ਹੌਸਲੇ ਅਤੇ ਸਹਿਣਸ਼ਕਤੀ ਦਾ ਸਰੋਤ ਹੈ, ਜੋ ਬਜ਼ੁਰਗਾਂ ਦੀ ਦੇਖਭਾਲ ਦੀਆਂ ਭਾਵਨਾਤਮਕ ਅਤੇ ਸਰੀਰਕ ਜ਼ਿੰਮੇਵਾਰੀਆਂ ਉਠਾਉਂਦੇ ਹਨ।
ਅੰਤਰਰਾਸ਼ਟਰੀ ਯੋਗ ਦਿਵਸ 2026 ਦੇ ਮੌਕੇ ’ਤੇ ਮੈਂ ਹਰ ਨਾਗਰਿਕ, ਵਿੱਦਿਅਕ ਸੰਸਥਾ, ਸਿਵਲ ਸੁਸਾਇਟੀ ਸੰਗਠਨ, ਸਿਹਤ ਸੇਵਾਵਾਂ ਨਾਲ ਜੁੜੇ ਪੇਸ਼ਾਵਰਾਂ ਅਤੇ ਭਾਈਚਾਰਿਆਂ ਦੇ ਆਗੂਆਂ ਨੂੰ ਤਾਕੀਦ ਕਰਦਾ ਹਾਂ ਕਿ ਉਹ ਯੋਗ ਨੂੰ ਸਿਰਫ ਕਦੇ-ਕਦਾਈਂ ਕੀਤੀ ਜਾਣ ਵਾਲੀ ਕਸਰਤ ਦੇ ਰੂਪ ’ਚ ਨਹੀਂ, ਸਗੋਂ ਜੀਵਨ ਭਰ ਚੱਲਣ ਵਾਲੀ ਸੱਭਿਆਚਾਰਕ ਅਤੇ ਸਿਹਤ ਨਾਲ ਜੁੜੀ ਇਕ ਆਦਤ ਵਜੋਂ ਅਪਣਾਉਣ। ਕਿਸੇ ਸਮਾਜ ਦੀ ਅਸਲ ਪਛਾਣ ਇਸ ਗੱਲ ਤੋਂ ਹੁੰਦੀ ਹੈ ਕਿ ਉਹ ਆਪਣੇ ਬਜ਼ੁਰਗਾਂ ਦਾ ਕਿੰਨਾ ਖਿਆਲ ਰੱਖਦਾ ਹੈ।
ਇਸ ਲਈ ਆਓ ਅਸੀਂ ਇਕ ਅਜਿਹਾ ਵਾਤਾਵਰਣ ਬਣਾਉਣ ਦੀ ਕੋਸ਼ਿਸ਼ ਕਰੀਏ ਜਿੱਥੇ ਸਾਡੇ ਬਜ਼ੁਰਗ ਡਰ, ਨਿਰਭਰਤਾ ਜਾਂ ਇਕੱਲੇਪਨ ਦੇ ਵਿਚਾਲੇ ਨਹੀਂ, ਸਗੋਂ ਸਨਮਾਨ, ਜੋਸ਼, ਸਾਰਥਕ ਉਦੇਸ਼ ਅਤੇ ਸ਼ਾਂਤੀ ਦੇ ਨਾਲ ਜੀਵਨ ਬਤੀਤ ਕਰ ਸਕਣ। ਯੋਗ ਨੂੰ ਜੀਵਨ ਦੀ ਇਕ ਲੈਅ ਬਣਾ ਕੇ ਅਸੀਂ ਸਾਰੇ ਮਿਲ ਕੇ ਇਹ ਯਕੀਨੀ ਬਣਾ ਸਕਦੇ ਹਾਂ ਕਿ ਸਾਡੇ ਨਾਗਰਿਕਾਂ ਦੇ ਜੀਵਨ ਦੇ ਸੁਨਹਿਰੀ ਸਾਲ ਸੱਚਮੁੱਚ ਸਿਹਤ, ਇਕਸਾਰਤਾ ਅਤੇ ਸੰਤੁਸ਼ਟੀ ਨਾਲ ਭਰੇ ਹੋਣ!
ਸੀ. ਪੀ. ਰਾਧਾਕ੍ਰਿਸ਼ਣਨ
(ਲੇਖਕ ਭਾਰਤ ਦੇ ਉਪ ਰਾਸ਼ਟਰਪਤੀ ਹਨ)
