ਈਰਾਨ ਨੂੰ ਅਮਰੀਕਾ ’ਤੇ ਇਕ ਰਣਨੀਤਿਕ ਚੜ੍ਹਤ

Saturday, Jun 20, 2026 - 04:33 PM (IST)

ਈਰਾਨ ਨੂੰ ਅਮਰੀਕਾ ’ਤੇ ਇਕ ਰਣਨੀਤਿਕ ਚੜ੍ਹਤ

ਕੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਵਿਚਾਲੇ 17ਵੀਂ ਸਦੀ ਦੇ ਫਰਾਂਸੀਸੀ ਮਹਿਲ ਵਰਸਾਏ ’ਚ 17 ਜੂਨ ਨੂੰ ਹੋਇਆ ਅਮਰੀਕਾ-ਈਰਾਨ ਸਮਝੌਤਾ ਸਥਾਈ ਸ਼ਾਂਤੀ ਲਿਆਵੇਗਾ ਜਾਂ ਫਿਰ ਇਹ ਇਕ ਅਜਿਹੀ ਸ਼ਾਂਤੀ ਸਾਬਤ ਹੋਵੇਗਾ ਜੋ ਦੋਵਾਂ ਦੇਸ਼ਾਂ ਵਿਚਾਲੇ ਅਗਲੀ ਜੰਗ ਦੀ ਤਿਆਰੀ ਲਈ ਇਕ ਛੋਟੀ ਮਿਆਦ ਬਣ ਕੇ ਰਹਿ ਜਾਵੇਗਾ?

ਸਭ ਤੋਂ ਪਹਿਲਾਂ ਇਹ ਪ੍ਰਮਾਣ ਕੀਤਾ ਜਾਣਾ ਚਾਹੀਦਾ ਹੈ ਕਿ ਅਮਰੀਕਾ ਅਤੇ ਇਜ਼ਰਾਈਲ ਨੇ ਮਿਲ ਕੇ ਕੰਮ ਕਰਦੇ ਹੋਏ ਵੀ ਨਾ ਤਾਂ ਈਰਾਨ ਨੂੰ ਹਰਾਇਆ ਹੈ ਅਤੇ ਨਾ ਹੀ ਉਹ ਸੱਤਾ ਤਬਦੀਲੀ ਹਾਸਲ ਕਰ ਸਕੇ ਹਨ ਜਿਸ ਦੇ ਲਈ ਉਹ ਨਿਕਲੇ ਸਨ, ਹਾਲਾਂਕਿ ਈਰਾਨ ਦੇ ਤਤਕਾਲੀਨ ਸਰਵਉੱਚ ਨੇਤਾ ਅਯਾਤੁੱਲਾ ਅਲੀ ਖਾਮੇਨੇਈ 28 ਫਰਵਰੀ ਨੂੰ ਇਕ ਇਜ਼ਰਾਈਲੀ ਹਵਾਈ ਹਮਲੇ ’ਚ ਮਾਰੇ ਗਏ ਸਨ।

ਨਵਾਂ ਸ਼ਕਤੀ ਸੰਤੁਲਨ : ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਅਮਰੀਕੀ ਚਿੰਤਾਵਾਂ ਬਣੀਆਂ ਹੋਈਆਂ ਹਨ ਪਰ ਇਸ ਨੂੰ ਖਤਮ ਕਰਨ ਲਈ ਗੱਲਬਾਤ ਦੀ ਮਿਆਦ ਨੂੰ 60 ਦਿਨਾਂ ਲਈ ਵਧਾ ਦਿੱਤਾ ਗਿਆ ਹੈ। ਤਹਿਰਾਨ ਨੂੰ ਹਾਲਾਂਕਿ ਬੈਲਿਸਟਿਕ ਮਿਜ਼ਾਈਲਾਂ ਰੱਖਣ ਦੀ ‘ਇਜਾਜ਼ਤ’ ਦਿੱਤੀ ਜਾਵੇਗੀ ਕਿਉਂਕਿ ਟਰੰਪ ਦਾ ਮੰਨਣਾ ਹੈ ਕਿ ਜੇਕਰ ਸਾਊਦੀ ਅਰਬ ਅਤੇ ਕਤਰ ਸਮੇਤ ਹੋਰ ਦੇਸ਼ਾਂ ਕੋਲ ਇਹ ਮਿਜ਼ਾਈਲਾਂ ਹਨ ਤਾਂ ਪੂਰੀ ਨਿਰਪੱਖਤਾ ਦੇ ਨਾਲ ਈਰਾਨ ਕੋਲ ਵੀ ਹੋਣੀਆਂ ਚਾਹੀਦੀਆਂ ਹਨ।

ਕੁਝ ਹੱਦ ਤੱਕ ਵਰਣਨਯੋਗ ਰੂਪ ਨਾਲ, ਅਮਰੀਕਾ ਈਰਾਨ ਨੂੰ ‘ਮੁੜ-ਨਿਰਮਾਣ’ ਲਈ 300 ਅਰਬ ਡਾਲਰ ਦੀ ਸਹਾਇਤਾ ਪ੍ਰਦਾਨ ਕਰੇਗਾ ਅਤੇ ਵਾਸ਼ਿੰਗਟਨ ਈਰਾਨ ’ਤੇ ਲੱਗੀਆਂ ‘ਸਾਰੀਆਂ ਪਾਬੰਦੀਆਂ’ ਨੂੰ ਖਤਮ ਕਰ ਦੇਵੇਗਾ। ਹੋਰਮੁਜ਼ ਤੋਂ ਨਾਕਾਬੰਦੀ ਹਟਾਉਣ ਅਤੇ ਇਸ ਰਾਹੀਂ ਮੁਕਤ ਆਵਾਜਾਈ ਨੂੰ ਬਹਾਲ ਕਰਨ ਦੇ ਬਦਲੇ ਤਹਿਰਾਨ ਨੂੰ ਹੁਣ ਆਰਥਿਕ ਰਾਹਤ ਮਿਲੇਗੀ।

ਹੋਰਮੁਜ਼ ’ਚ ਸਮੁੰਦਰੀ ਆਵਾਜਾਈ ਨੂੰ ਬੰਦ ਕਰਨ ਦੀ ਈਰਾਨ ਦੀ ਸਮਰੱਥਾ, ਉਸਦੀ ਬੈਲਿਸਟਿਕ ਮਿਜ਼ਾਈਲ ਸਮਰੱਥਾ ਨੂੰ ਬਣਾਈ ਰੱਖਣ ਅਤੇ ਅੰਤਰਰਾਸ਼ਟਰੀ ਤੇਲ ਬਾਜ਼ਾਰ ’ਚ ਉਸਦੀ ਖੁੱਲ੍ਹੀ ਵਾਪਸੀ ਦੇ ਨਾਲ ਚਾਰ ਮਹੀਨਿਆਂ ਤੱਕ ਭਾਰੀ ਬੰਬਾਰੀ ਝੱਲਣ ਦੇ ਬਾਵਜੂਦ ਉਸ ਨੂੰ ਪੱਛਮੀ ਏਸ਼ੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ’ਚੋਂ ਇਕ ਵਜੋਂ ਸਥਾਪਿਤ ਕਰੇਗੀ।

ਅਮਰੀਕਾ ਦੀ ਸਾਖ ਘਟੀ ਹੈ : ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ’ਤੇ ਟਰੰਪ ਨੇ ਜੰਗ ਖਤਮ ਕਰਨ ਅਤੇ ਲੈਬਨਾਨ ’ਤੇ ਹਮਲੇ ਰੋਕਣ ਦਾ ਦਬਾਅ ਪਾਇਆ ਸੀ। ਕੀ ਇਸਦੀ ਕੀਮਤ ਉਨ੍ਹਾਂ ਨੂੰ ਇਸ ਸਾਲ ਦੇ ਅੰਤ ’ਚ ਹੋਣ ਵਾਲੀਆਂ ਚੋਣਾਂ ’ਚ ਹਾਰ ਦੇ ਰੂਪ ’ਚ ਚੁਕਾਉਣੀ ਪਵੇਗੀ, ਇਹ ਇਕ ਖੁੱਲ੍ਹਾ ਸਵਾਲ ਹੈ। ਇਜ਼ਰਾਈਲ ਨੇ ਇਸ ਸੰਘਰਸ਼ ’ਚ ਵੱਡੇ ਪੱਧਰ ’ਤੇ ਸੋਮੇ ਧੱਕ ਦਿੱਤੇ; ਉਸ ਦੇ ਨਾਗਰਿਕਾਂ ਨੂੰ ਈਰਾਨ ਤੋਂ ਵਾਰ-ਵਾਰ ਬੰਬਾਂ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ।

ਇਸ ਦੌਰਾਨ ਕੁਝ ਇਜ਼ਰਾਈਲੀਆਂ ਨੇ ਕੁਦਰਤੀ ਤੌਰ ’ਤੇ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਗੱਲਬਾਤ ’ਚ ਈਰਾਨ ਦੀ ਇਮਾਨਦਾਰੀ ’ਤੇ ਸਵਾਲ ਉਠਾਏ ਹਨ, ਕਿਉਂਕਿ ਹੁਣ ਅਮਰੀਕਾ ਨੇ ਤਹਿਰਾਨ ਤੋਂ ਆਰਥਿਕ ਅਤੇ ਫੌਜੀ ਦਬਾਅ ਹਟਾ ਲਿਆ ਹੈ।

ਇਸ ਸਮਝੌਤੇ ਦਾ ਅੰਤਰਰਾਸ਼ਟਰੀ ਤੇਲ ਕੀਮਤਾਂ ’ਤੇ ਤੁਰੰਤ ਅਸਰ ਪਿਆ ਹੈ ਪਰ ਸਵਾਲ ਇਹ ਹੈ ਕਿ ਕੀ ਉਹ ਘੱਟੋ-ਘੱਟ ਉਸ ਪੱਧਰ ਤੱਕ ਡਿੱਗਣਗੀਆਂ ਜੋ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਸਨ ਅਤੇ ਉੱਥੇ ਟਿਕੀਆਂ ਰਹਿਣਗੀਆਂ। ਵੀਰਵਾਰ ਨੂੰ ਤੇਲ ਦੀਆਂ ਕੀਮਤਾਂ ਜੰਗ ਸ਼ੁਰੂ ਹੋਣ ਤੋਂ ਬਾਅਦ ਦੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਈਆਂ।

ਜੰਗ ਦੌਰਾਨ ਪਹਿਲੀ ਵਾਰ ਤਹਿਰਾਨ ਨੇ ਹਿਜ਼ਬੁੱਲਾ ਦੇ ਟਿਕਾਣਿਆਂ ’ਤੇ ਇਜ਼ਰਾਈਲੀ ਹਮਲਿਆਂ ਦੇ ਜਵਾਬ ’ਚ ਇਜ਼ਰਾਈਲ ’ਤੇ ਮਿਜ਼ਾਈਲਾਂ ਦਾਗੀਆਂ। ਇਹ ਈਰਾਨ-ਇਜ਼ਰਾਈਲ ਸਮੀਕਰਨ ’ਚ ਅਤੇ ਵਿਆਪਕ ਰੂਪ ’ਚ ਖੇਤਰੀ ਸੁਰੱਖਿਆ ’ਚ ਇਕ ਮਹੱਤਵਪੂਰਨ ਬਦਲਾਅ ਨੂੰ ਦਰਸਾਉਂਦਾ ਹੈ।

ਇਜ਼ਰਾਈਲ ਦੀ ਤਰ੍ਹਾਂ ਈਰਾਨ ਨੇ ਵੀ ਆਪਣੀ ਸੁਰੱਖਿਆ ਦੀ ਰੱਖਿਆ ਲਈ ਆਪਣੀ ਸਰਹੱਦ ਤੋਂ ਪਾਰ ਦਖਲ ਦੇਣ ਦੇ ਆਪਣੇ ਅਧਿਕਾਰ ਦਾ ਦਾਅਵਾ ਕੀਤਾ ਹੈ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਈਰਾਨ ਨੇ ਟਰੰਪ ਨੂੰ ਜੋ ਇਜ਼ਰਾਈਲ ਪ੍ਰਤੀ ਕਾਫੀ ਝੁਕੇ ਹੋਏ ਹਨ, ਤੇਲ ਅਵੀਵ ’ਤੇ ਲੈਬਨਾਨ ’ਤੇ ਹਮਲੇ ਰੋਕਣ ਦਾ ਦਬਾਅ ਬਣਾਉਣ ਲਈ ਮਨਾ ਲਿਆ ਹੈ। 16 ਮਾਰਚ ਨੂੰ ਇਜ਼ਰਾਈਲ ਨੇ ਲੈਬਨਾਨ ’ਚ ਈਰਾਨ ਸਮਰਥਿਤ ਹਿਜ਼ਬੁੱਲਾ ਦੇ ਖਿਲਾਫ ਫਿਰ ਤੋਂ ਇਕ ਜ਼ਮੀਨੀ ਹਮਲਾ ਸ਼ੁਰੂ ਕੀਤਾ ਸੀ, ਜੋ ਈਰਾਨ ਨਾਲ ਜੰਗ ਤੋਂ ਉਪਜੇ ਵਿਆਪਕ ਖੇਤਰੀ ਤਣਾਅ ਦਾ ਹਿੱਸਾ ਬਣ ਗਿਆ ਸੀ।

ਇਸ ਦੌਰਾਨ ਈਰਾਨੀ ਤੇਲ ਦੀ ਵਿਕਰੀ ਤੋਂ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ। ਇਕ ਲੈਣ-ਦੇਣ ਵਾਲੀ ਕੂਟਨੀਤੀ ’ਤੇ ਚੱਲਣ ਵਾਲਾ ਭਾਰਤ, ਜਿਸਨੇ ਈਰਾਨ ’ਤੇ ਹਮਲਾ ਕਰਨ ਦੌਰਾਨ ਅਮਰੀਕਾ ਅਤੇ ਇਜ਼ਰਾਈਲ ਦੁਆਰਾ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਦੀ ਕਦੇ ਨਿੰਦਾ ਨਹੀਂ ਕੀਤੀ, ਜਦੋਂ ਤੱਕ ਮੌਕਾ ਚੰਗਾ ਹੈ, ਓਨਾ ਈਰਾਨੀ ਤੇਲ ਖਰੀਦੇਗਾ ਜਿੰਨਾ ਉਹ ਖਰੀਦ ਸਕਦਾ ਹੈ।

ਜਦੋਂ ਕਿ ਅੰਤਰਰਾਸ਼ਟਰੀ ਪੱਧਰ ’ਤੇ ਰੋਕੇ ਗਏ ਈਰਾਨੀ ਫੰਡਾਂ ਦਾ ਇਕ ਵੱਡਾ ਹਿੱਸਾ ਤਹਿਰਾਨ ਨੂੰ ਜਾਰੀ ਕੀਤਾ ਜਾਣਾ ਹੈ, ਇਹ ਗੈਰ-ਯਕੀਨੀ ਹੈ ਕਿ ਟਰੰਪ ਉਨ੍ਹਾਂ ਦੇ ਟ੍ਰਾਂਸਫਰ ਨੂੰ ਕਿਵੇਂ ਪ੍ਰਬੰਧਿਤ ਕਰਨਗੇ, ਕਿਉਂਕਿ ਵਾਸ਼ਿੰਗਟਨ ਇਸ ਗੱਲ ਤੋਂ ਇਨਕਾਰ ਕਰਦਾ ਹੈ ਕਿ ਕੋਈ ਵੀ ਫੰਡ ਅਗਾਊਂ ਰੂਪ ਨਾਲ ਜਾਰੀ ਕੀਤਾ ਗਿਆ ਹੈ ਜਾਂ ਕੀਤਾ ਜਾਵੇਗਾ।

ਇੱਥੋਂ ਤੱਕ ਕਿ ਸੰਯੁਕਤ ਅਰਬ ਅਮੀਰਾਤ ਵਰਗੇ ਖਾੜੀ ਦੇਸ਼ ਵੀ ਅਮਰੀਕਾ ਅਤੇ ਇਜ਼ਰਾਈਲ ਨਾਲ ਆਪਣੇ ਗੱਠਜੋੜ ਦੇ ਬਾਵਜੂਦ ਇਸ ਸੰਘਰਸ਼ ਦੇ ਜਲਦੀ ਖਾਤਮੇ ਦਾ ਸੁਆਗਤ ਕਰਨਗੇ। ਇਕ ਮਹੱਤਵਪੂਰਨ ਖੇਤਰੀ ਦੇਸ਼ ਨੇ ਈਰਾਨੀ ਕ੍ਰਾਂਤੀਕਾਰੀ ਸ਼ਾਸਨ ਨੂੰ ਮਾਨਤਾ ਪ੍ਰਦਾਨ ਕਰ ਦਿੱਤੀ ਹੈ।

ਹਾਲਾਂਕਿ ਈਰਾਨ ਦਾ ਜ਼ਿਆਦਾਤਰ ਸਿਵਲ ਅਤੇ ਆਰਥਿਕ ਬੁਨਿਆਦੀ ਢਾਂਚਾ ਬੰਬਾਰੀ ਨਾਲ ਨਸ਼ਟ ਹੋ ਗਿਆ ਸੀ ਪਰ ਉਸ ਨੇ ਖਾੜੀ ਦੇਸ਼ਾਂ ਅਤੇ ਵਿਸ਼ਵ ਅਰਥਚਾਰੇ ਦੀਆਂ ਅੰਤਰਰਾਸ਼ਟਰੀ ਪੱਧਰ ’ਤੇ ਜੁੜੀਆਂ ਅਰਥਵਿਵਸਥਾਵਾਂ ਨੂੰ ਮਾੜੇ ਤਰੀਕੇ ਨਾਲ ਪ੍ਰਭਾਵਿਤ ਕਰ ਕੇ ਉਨ੍ਹਾਂ ਨੂੰ ਭਾਰੀ ਦਰਦ ਦੇਣ ਦੀ ਆਪਣੀ ਸਮਰੱਥਾ ਦਿਖਾਈ।

ਆਸਾਰ : ਜੰਗ ਦਾ ਕੋਈ ਵੀ ਨਵਾਂ ਦੌਰ ਜੋ ਈਰਾਨ ਨੂੰ ਫਿਰ ਤੋਂ ਬੰਬਾਰੀ ਦੀ ਮੁਹਿੰਮ ਦੇ ਘੇਰੇ ’ਚ ਲਿਆਵੇਗਾ, ਉਹ ਨਾਲ ਹੀ ਅਮੀਰ ਖਾੜੀ ਅਰਥਵਿਵਸਥਾਵਾਂ ਲਈ ਆਰਥਿਕ ਦਰਦ ਨੂੰ ਵਧਾਏਗਾ, ਦੁਨੀਆ ਭਰ ’ਚ ਉੱਚ ਮੁਦਰਾਸਫੀਤੀ (ਮਹਿੰਗਾਈ) ਨੂੰ ਗਤੀ ਦੇਵੇਗਾ ਅਤੇ ਅਮਰੀਕਾ ’ਚ ਸੰਭਾਵਿਤ ਮੰਦੀ ਦਾ ਕਾਰਨ ਬਣੇਗਾ। ਨਵੀਂ ਸ਼ਾਂਤੀ ਵਾਰਤਾ ਦੀ ਸਥਿਤੀ ’ਚ ਈਰਾਨ ਕੋਲ ਵਧੇਰੇ ਮਜ਼ਬੂਤ ਸੌਦੇਬਾਜ਼ੀ ਦੀ ਸ਼ਕਤੀ ਹੋਵੇਗੀ, ਕਿਉਂਕਿ ਉਹ ਅਮਰੀਕਾ ਦੀ ਰਣਨੀਤਕ ਅਸਮਰੱਥਾ ਨੂੰ ਉਜਾਗਰ ਕਰਨ ਦੇ ਯੋਗ ਹੋਵੇਗਾ। ਕਿਉਂਕਿ ਇਕ ਫੌਜੀ ਪੱਖੋਂ ਕਮਜ਼ੋਰ ਈਰਾਨ ਦੀ ਕੂਟਨੀਤੀ ਨੇ ਸਪੱਸ਼ਟ ਤੌਰ ’ਤੇ ਉਸਦੀਆਂ ਕਮਜ਼ੋਰੀਆਂ ਦੀ ਪੂਰਤੀ ਕਰ ਦਿੱਤੀ ਹੈ।

-ਅਨੀਤਾ ਇੰਦਰ ਸਿੰਘ


author

Harpreet SIngh

Content Editor

Related News