ਕੀ ਤੇਜਸਵੀ ਦੁਆਰਾ ਪਹਿਲਾਂ ਤੋਂ ਐਲਾਨੀਆਂ ਨੀਤੀਆਂ ਦੀ ਨਕਲ ਕਰ ਰਹੇ ਹਨ ਨਿਤੀਸ਼

Saturday, Sep 20, 2025 - 05:02 PM (IST)

ਕੀ ਤੇਜਸਵੀ ਦੁਆਰਾ ਪਹਿਲਾਂ ਤੋਂ ਐਲਾਨੀਆਂ ਨੀਤੀਆਂ ਦੀ ਨਕਲ ਕਰ ਰਹੇ ਹਨ ਨਿਤੀਸ਼

ਰਾਜ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨੌਜਵਾਨ ਵੋਟਰਾਂ ਨੂੰ ਲੁਭਾਉਣ ਲਈ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਐਲਾਨ ਕੀਤਾ ਸੀ ਕਿ ਰਾਜ ਸਰਕਾਰ 20-25 ਸਾਲ ਦੀ ਉਮਰ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਦੋ ਸਾਲਾਂ ਲਈ 1,000 ਰੁਪਏ ਪ੍ਰਤੀ ਮਹੀਨਾ ਪ੍ਰਦਾਨ ਕਰੇਗੀ। ਇਹ ਰਕਮ ‘ਮੁੱਖ ਮੰਤਰੀ ਨਿਸਚੇ ਸਵੈਮ ਸਹਾਇਤਾ ਭੱਤਾ ਯੋਜਨਾ’ ਦੇ ਤਹਿਤ ਗ੍ਰੈਜੂਏਟ ਡਿਗਰੀਆਂ ਵਾਲੇ ਬੇਰੋਜ਼ਗਾਰ ਨੌਜਵਾਨਾਂ ਨੂੰ ਪ੍ਰਦਾਨ ਕੀਤੀ ਜਾਵੇਗੀ। ਨਿਤੀਸ਼ ਕੁਮਾਰ ਨੇ ਇਹ ਵੀ ਵਾਅਦਾ ਕੀਤਾ ਕਿ ਅਗਲੇ ਪੰਜ ਸਾਲਾਂ ਵਿਚ ਰਾਜ ਦਾ ਟੀਚਾ ਇਕ ਕਰੋੜ ਨੌਜਵਾਨਾਂ ਨੂੰ ਨੌਕਰੀਆਂ ਜਾਂ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੈ।

ਸਰਕਾਰ ਨੌਜਵਾਨਾਂ ਨੂੰ ਨੌਕਰੀ ਲਈ ਤਿਆਰ ਅਤੇ ਸਵੈ-ਨਿਰਭਰ ਬਣਾਉਣ ਵਿਚ ਮਦਦ ਕਰਨ ਲਈ ਹੁਨਰ ਵਿਕਾਸ ਸਿਖਲਾਈ ਵੀ ਦੇ ਰਹੀ ਹੈ। ਇਸ ਦੌਰਾਨ ਆਪਣੀ ਬਿਹਾਰ ਅਧਿਕਾਰ ਯਾਤਰਾ ਦੇ ਦੂਜੇ ਦਿਨ ਪਟਨਾ ਦਿਹਾਤੀ ਦੇ ਬਖਤਿਆਰਪੁਰ ਵਿਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਜਦ ਨੇਤਾ ਤੇਜਸਵੀ ਯਾਦਵ ਨੇ ਰਾਜ ਦੇ ਲੋਕਾਂ ਨਾਲ ਇਕ ਨਵਾਂ ਬਿਹਾਰ ਬਣਾਉਣ ਦਾ ਵਾਅਦਾ ਕੀਤਾ ਜੋ ਰੋਜ਼ਗਾਰ, ਸਨਮਾਨ ਅਤੇ ਸੁਰੱਖਿਆ ਪ੍ਰਦਾਨ ਕਰੇਗਾ। ਉਨ੍ਹਾਂ ਦੋਸ਼ ਲਗਾਇਆ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਉਨ੍ਹਾਂ ਵਿਚਾਰਾਂ ਅਤੇ ਨੀਤੀਆਂ ਦੀ ਨਕਲ ਕਰ ਰਹੇ ਹਨ ਜੋ ਉਨ੍ਹਾਂ ਦੁਆਰਾ ਪਹਿਲਾਂ ਐਲਾਨੀਆਂ ਗਈਆਂ ਸਨ। ਉਨ੍ਹਾਂ ਇਕੱਠ ਨੂੰ ਕਿਹਾ, ‘‘ਉਹ ਉਨ੍ਹਾਂ ਭਲਾਈ ਯੋਜਨਾਵਾਂ ਦੇ ਵਿਚਾਰਾਂ ਦੀ ਨਕਲ ਕਰ ਰਹੇ ਹਨ ਜਿਨ੍ਹਾਂ ਦਾ ਐਲਾਨ ਮੈਂ ਪਹਿਲਾਂ ਆਪਣੀਆਂ ਜਨਤਕ ਮੀਟਿੰਗਾਂ ਵਿਚ ਕੀਤਾ ਸੀ।’’

ਬਿਹਾਰ ਵਿਚ ਮਹਾਗੱਠਜੋੜ ਦੀਆਂ ਰਾਜਨੀਤਿਕ ਯਾਤਰਾਵਾਂ ਦਾ ਮੁਕਾਬਲਾ ਕਰਨ ਲਈ ਭਾਜਪਾ ਪੂਰੀ ਤਰ੍ਹਾਂ ਸਰਗਰਮ: ਜਿਵੇਂ-ਜਿਵੇਂ ਬਿਹਾਰ ਵਿਚ ਚੋਣ ਲੜਾਈ ਨੇੜੇ ਆ ਰਹੀ ਹੈ, ਭਾਜਪਾ ਮਹਾਗੱਠਜੋੜ ਦੀਆਂ ਰਾਜਨੀਤਿਕ ਯਾਤਰਾਵਾਂ ਦਾ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਸਰਗਰਮ ਹੋ ਗਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬਿਹਾਰ ਦੇ ਮਿਸ਼ਨ 2025 ਦੀ ਸਫਲਤਾ ਨੂੰ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਨਿੱਜੀ ਤੌਰ ’ਤੇ ਸੰਭਾਲ ਰਹੇ ਜਾਪਦੇ ਹਨ। ਹਾਲਾਂਕਿ ਭਾਜਪਾ ਨੇ ਆਪਣੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਹੈ। ਅਮਿਤ ਸ਼ਾਹ ਦੀ ਬਿਹਾਰ ਫੇਰੀ ਰਣਨੀਤੀ, ਸੰਚਾਰ ਅਤੇ ਤਾਲਮੇਲ ’ਤੇ ਕੇਂਦ੍ਰਿਤ ਹੈ।

ਇਸ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਟਨਾ ਦੇ ਇਕ ਹੋਟਲ ਵਿਚ ਬੰਦ ਕਮਰੇ ਵਿਚ ਮੀਟਿੰਗ ਕੀਤੀ। ਉਪ ਮੁੱਖ ਮੰਤਰੀ ਸਮਰਾਟ ਚੌਧਰੀ, ਵਿਜੇ ਕੁਮਾਰ ਚੌਧਰੀ ਅਤੇ ਸੰਜੇ ਝਾਅ ਵੀ ਮੌਜੂਦ ਸਨ। ਸੂਤਰਾਂ ਅਨੁਸਾਰ ਚਰਚਾ ਬਿਹਾਰ ਵਿਚ ਐੱਨ. ਡੀ. ਏ. ਲਈ ਸੀਟਾਂ ਦੀ ਵੰਡ ਅਤੇ ਸਮੁੱਚੀ ਚੋਣ ਰਣਨੀਤੀ ’ਤੇ ਕੇਂਦ੍ਰਿਤ ਸੀ। ਹਾਲਾਂਕਿ ‘ਹਮ’ (ਸੈਕੂਲਰ) ਦੇ ਮੁਖੀ ਜੀਤਨ ਰਾਮ ਮਾਂਝੀ ਨੇ ਜਨਤਕ ਤੌਰ ’ਤੇ ਘੱਟੋ-ਘੱਟ 20 ਸੀਟਾਂ ’ਤੇ ਦਾਅਵਾ ਪੇਸ਼ ਕੀਤਾ ਅਤੇ ਐੱਨ. ਡੀ. ਏ. ਨੇਤਾਵਾਂ ਨੂੰ ਆਪਣੀ ਪਾਰਟੀ ਪ੍ਰਤੀ ਹਮਦਰਦੀ ਦਿਖਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।

‘‘ਹਮ’’ (ਸੈਕੂਲਰ) ਮੁੱਖ ਤੌਰ ’ਤੇ ਕੇਂਦਰੀ ਬਿਹਾਰ ਜ਼ਿਲਿਆਂ ਵਿਚ ਮੁਸਾਹਰ ਦਲਿਤ ਭਾਈਚਾਰੇ ਤੋਂ ਆਪਣੀ ਤਾਕਤ ਹਾਸਲ ਕਰਦਾ ਹੈ। ਚਿਰਾਗ ਪਾਸਵਾਨ ਦੀ ਪਾਰਟੀ ਨੇ ਲੋਕ ਸਭਾ ਚੋਣਾਂ ਵਿਚ 100 ਫੀਸਦੀ ਜਿੱਤ ਪ੍ਰਾਪਤ ਕੀਤੀ, ਸਾਰੀਆਂ ਪੰਜ ਸੀਟਾਂ ਜਿੱਤੀਆਂ ਪਰ ਹੁਣ ਲਗਭਗ 30 ਤੋਂ 35 ਸੀਟਾਂ ਦੀ ਮੰਗ ਕੀਤੀ ਹੈ। ਲੋਜਪਾ (ਰਾਲੌਦ) ਮੁੱਖ ਤੌਰ ’ਤੇ ਦਲਿਤਾਂ ਵਿਚ ਪਾਸਵਾਨ ਪਾਰਟੀ ਵਜੋਂ ਜਾਣੀ ਜਾਂਦੀ ਹੈ।

ਐੱਨ. ਡੀ. ਏ. ਸੂਤਰਾਂ ਅਨੁਸਾਰ, ਜਦ (ਯੂ) 50-50 ਫਾਰਮੂਲੇ ’ਤੇ ਜ਼ੋਰ ਦੇ ਰਹੀ ਹੈ। ਪਾਰਟੀ ਦੇ ਅੰਦਰੂਨੀ ਸੂਤਰਾਂ ਅਨੁਸਾਰ, ਬਿਹਾਰ ਵਿਚ ਐੱਨ. ਡੀ. ਏ. ਸਹਿਯੋਗੀਆਂ ਵਿਚਕਾਰ ਸੀਟਾਂ ਦੀ ਵੰਡ ਬਾਰੇ ਅੰਤਿਮ ਫੈਸਲਾ ਨਵਰਾਤਰੀ ਦੌਰਾਨ ਐਲਾਨੇ ਜਾਣ ਦੀ ਸੰਭਾਵਨਾ ਹੈ, ਜੋ ਕਿ 22 ਸਤੰਬਰ ਤੋਂ ਸ਼ੁਰੂ ਹੋ ਰਹੇ ਹਨ।

ਪ੍ਰਿਯੰਕਾ ਗਾਂਧੀ ਵਾਡਰਾ ਨੇ ‘‘ਵੋਟ ਚੋਰੀ’’ ਦਸਤਖਤ ਮੁਹਿੰਮ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ। ਕਾਂਗਰਸ ਜਨਰਲ ਸਕੱਤਰ ਅਤੇ ਵਾਇਨਾਡ ਤੋਂ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ਼ੁੱਕਰਵਾਰ ਨੂੰ ਦੇਸ਼ ਭਰ ਦੇ ਨਾਗਰਿਕਾਂ ਨੂੰ ਪਾਰਟੀ ਦੀ ‘‘ਵੋਟ ਚੋਰੀ’’ ਦਸਤਖਤ ਮੁਹਿੰਮ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ, ਜਿਸ ਦਾ ਉਦੇਸ਼ ‘‘ਇਕ ਵਿਅਕਤੀ, ਇਕ ਵੋਟ’’ ਦੇ ਲੋਕਤੰਤਰੀ ਸਿਧਾਂਤ ਦੀ ਰੱਖਿਆ ਕਰਨਾ ਹੈ। ਕਾਂਗਰਸ ਨੇਤਾ ਨੇ ਹਰੇਕ ਵਿਅਕਤੀ ਦੇ ਵੋਟ ਪਾਉਣ ਦੇ ਅਧਿਕਾਰ ਦੀ ਰੱਖਿਆ ਅਤੇ ਭਾਰਤੀ ਲੋਕਤੰਤਰ ਦੀ ਨੀਂਹ ਰੱਖਣ ਵਾਲੀਆਂ ਸੰਵਿਧਾਨਕ ਕਦਰਾਂ-ਕੀਮਤਾਂ ਦੀ ਰੱਖਿਆ ਲਈ ਪਾਰਟੀ ਦੀ ਵਚਨਬੱਧਤਾ ਨੂੰ ਦੁਹਰਾਇਆ।

ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਚੋਣ ਕਮਿਸ਼ਨ ਚੋਣ ਪ੍ਰਕਿਰਿਆ ਨੂੰ ‘‘ਕਮਜ਼ੋਰ ਕਰਨ ਦੀ ਗੰਢ-ਤੁੱਪ’’ ਕਰ ਰਿਹਾ ਹੈ। ਹਾਲਾਂਕਿ, ਪ੍ਰਿਯੰਕਾ 11 ਸਤੰਬਰ ਤੋਂ ਵਾਇਨਾਡ ਦੇ 10 ਦਿਨਾਂ ਦੇ ਦੌਰੇ ’ਤੇ ਹੈ। ਉਸਨੇ ਕਈ ਧਾਰਮਿਕ ਨੇਤਾਵਾਂ ਦੇ ਨਾਲ-ਨਾਲ ਚੇਰੂਵੈਲ ਰਮਨ, ਐੱਮ.ਐੱਨ. ਕਰਾਸੇਰੀ ਅਤੇ ਕਲਪੇਟਾ ਨਾਰਾਇਣਨ ਵਰਗੇ ਪ੍ਰਮੁੱਖ ਆਗੂਆਂ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਨੇ ਕਬਾਇਲੀ ਬਸਤੀਆਂ ਅਤੇ ਚੂਰਲਮਾਲਾ-ਮੁੰਡੱਕਾਈ ਜ਼ਮੀਨ ਖਿਸਕਣ ਦੇ ਪੀੜਤਾਂ ਨਾਲ ਵੀ ਮੁਲਾਕਾਤ ਕੀਤੀ।

ਇਸ ਦੌਰਾਨ ਬਿਹਾਰ ਚੋਣਾਂ ’ਤੇ ਨਜ਼ਰ ਰੱਖਦੇ ਹੋਏ ਕਾਂਗਰਸ ਵਰਕਿੰਗ ਕਮੇਟੀ 24 ਸਤੰਬਰ ਨੂੰ ਪਟਨਾ ਵਿਚ ਮੀਟਿੰਗ ਕਰੇਗੀ, ਜਿੱਥੇ ਲੀਡਰਸ਼ਿਪ ਰਾਜ ਲਈ ਆਪਣੀ ਚੋਣ ਰਣਨੀਤੀ ਅਤੇ ‘‘ਵੋਟ ਚੋਰੀ’’ ’ਤੇ ਭਾਜਪਾ ਵਿਰੁੱਧ ਆਪਣੀ ਮੁਹਿੰਮ ਨੂੰ ਅੰਤਿਮ ਰੂਪ ਦੇਵੇਗੀ।

ਕੰਗਨਾ ‘ਤੁਸੀਂ ਦੇਰ ਨਾਲ ਆਏ ਹੋ’: ਹਿਮਾਚਲ ਪ੍ਰਦੇਸ਼ ਵਿਚ ਬੱਦਲ ਫਟਣ ਅਤੇ ਭਾਰੀ ਬਾਰਸ਼ ਕਾਰਨ ਹਾਲ ਹੀ ਵਿਚ ਵਾਪਰੀ ਜ਼ਮੀਨ ਖਿਸਕਣ ਤੋਂ ਬਾਅਦ ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਮਨਾਲੀ ਦੀ ਆਪਣੀ ਫੇਰੀ ਦੌਰਾਨ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਿਆ। ਗੁੱਸੇ ਵਿਚ ਆਏ ਸਥਾਨਕ ਲੋਕਾਂ ਨੇ ‘ਕੰਗਨਾ ਵਾਪਸ ਜਾਓ’ ਅਤੇ ‘ਤੁਸੀਂ ਦੇਰ ਨਾਲ ਆਏ ਹੋ’ ਵਰਗੇ ਨਾਅਰੇ ਲਗਾਏ ਅਤੇ ਕੁਦਰਤੀ ਆਫ਼ਤ ਕਾਰਨ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਲਈ ਉਸ ਦੀ ਦੇਰੀ ਨਾਲ ਹੋਈ ਫੇਰੀ ’ਤੇ ਨਿਰਾਸ਼ਾ ਪ੍ਰਗਟ ਕੀਤੀ। ਹਿਮਾਚਲ ਦੇ ਕੁੱਲੂ ਜ਼ਿਲੇ ਦੇ ਮਨਾਲੀ ਦੇ ਪਤਲੀਕੁਹਲ ਇਲਾਕੇ ਵਿਚ ਕੰਗਨਾ ਰਣੌਤ ਦੇ ਦੌਰੇ ਵਿਰੁੱਧ ਸਥਾਨਕ ਲੋਕਾਂ ਵੱਲੋਂ ਆਪਣੀ ਨਾਰਾਜ਼ਗੀ ਜ਼ਾਹਿਰ ਕਰਨ ਦੇ ਵੀਡੀਓਜ਼ ਇੰਟਰਨੈੱਟ ’ਤੇ ਵਾਇਰਲ ਹੋ ਗਏ।

-ਰਾਹਿਲ ਨੋਰਾ ਚੋਪੜਾ


author

Harpreet SIngh

Content Editor

Related News