ਉੱਤਰੀ ਭਾਰਤ ਦੇ ਅਨੇਕ ਸੂਬੇ ਹੜ੍ਹਾਂ ਦੀ ਲਪੇਟ ’ਚ

Monday, Sep 08, 2025 - 06:51 AM (IST)

ਉੱਤਰੀ ਭਾਰਤ ਦੇ ਅਨੇਕ ਸੂਬੇ ਹੜ੍ਹਾਂ ਦੀ ਲਪੇਟ ’ਚ

ਇਨ੍ਹੀਂ ਦਿਨੀਂ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਅਨੇਕ ਸੂਬੇ ਜਿਵੇਂ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਉੱਤਰਾਖੰਡ ਆਦਿ ਪ੍ਰਚੰਡ ਹੜ੍ਹਾਂ ਦੀ ਤਬਾਹੀ ਨਾਲ ਜੂਝ ਰਹੇ ਹਨ।

ਪੰਜਾਬ 4 ਦਹਾਕਿਆਂ ਦੇ ਸਭ ਤੋਂ ਭਿਆਨਕ ਹੜ੍ਹਾਂ ’ਚੋਂ ਗੁਜ਼ਰ ਰਿਹਾ ਹੈ। ਸੂਬੇ ਦੇ ਸਾਰੇ 23 ਜ਼ਿਲੇ ਇਸ ਦੀ ਲਪੇਟ ’ਚ ਹਨ। 43 ਦੇ ਲਗਭਗ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਰਾਵੀ, ਬਿਆਸ ਅਤੇ ਸਤਲੁਜ ਨਦੀਆਂ ਸਮੇਤ ਸਾਰੇ ਨਦੀ ਨਾਲੇ ਸ਼ੂਕ ਰਹੇ ਹਨ। 1902 ਪਿੰਡ ਹੜ੍ਹਾਂ ਦੀ ਲਪੇਟ ’ਚ ਆਉਣ ਕਾਰਨ 11.7 ਲੱਖ ਹੈਕਟੇਅਰ ਫਸਲ ਤਬਾਹ ਹੋ ਚੁੱਕੀ ਹੈ।

ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲੇ ’ਚ ਸਤਲੁਜ ਨਦੀ ’ਤੇ ਬਣੇ ਭਾਖੜਾ ਡੈਮ ਅਤੇ ਹਿਮਾਚਲ ਦੇ ਹੀ ਕਾਂਗੜਾ ’ਚ ਬਿਆਸ ਨਦੀ ’ਤੇ ਬਣੇ ਪੌਂਗ ਡੈਮ ਦਾ ਸੰਚਾਲਨ ‘ਭਾਖੜਾ-ਬਿਆਸ ਮੈਨੇਜਮੈਂਟ ਬੋਰਡ’ ਕਰਦਾ ਹੈ। ਜਦਕਿ ਥੀਨ ਡੈਮ (ਰਣਜੀਤ ਸਾਗਰ ਡੈਮ) ਜੰਮੂ-ਕਸ਼ਮੀਰ ਅਤੇ ਪੰਜਾਬ ਦੀ ਹੱਦ ’ਤੇ ਸਥਿਤ ਹੈ। ਭਾਰੀ ਵਰਖਾ ਹੋਣ ’ਤੇ ਕੰਟਰੋਲਡ ਢੰਗ ਨਾਲ ਪਾਣੀ ਛੱਡਣ ’ਤੇ ਵੀ ਹੇਠਲੇ ਇਲਾਕਿਆਂ ’ਚ ਹੜ੍ਹ ਆ ਗਿਆ।

ਬੀਤੇ ’ਚ ਵੀ ਦੇਸ਼ ’ਚ ਅਜਿਹੇ ਭਿਆਨਕ ਹੜ੍ਹ ਆਉਣ ਦੇ ਬਾਅਦ ਤੋਂ ਹੀ ਇਸ ’ਤੇ ਕਾਬੂ ਪਾਉਣ ਦੇ ਲਈ ਸੋਚਿਆ-ਵਿਚਾਰਿਆਂ ਜਾਂਦਾ ਰਿਹਾ ਹੈ ਕਿ ਸੈਲਾਬ ਨੂੰ ਲੈ ਕੇ ਕਿਹੜੇ-ਕਿਹੜੇ ਉਪਾਅ ਕੀਤੇ ਜਾਣ ਪਰ ਪਾਣੀ ਉਤਰਨ ਤੋਂ ਬਾਅਦ ਸਭ ਭੁਲਾ ਦਿੱਤਾ ਜਾਂਦਾ ਹੈ।

ਰਾਜਧਾਨੀ ਦਿੱਲੀ ਐੱਨ. ਸੀ. ਆਰ. ’ਚ ਯਮੁਨਾ ਦਾ ਪਾਣੀ ਖਤਰੇ ਦਾ ਨਿਸ਼ਾਨ ਪਾਰ ਕਰ ਜਾਣ ਦੇ ਕਾਰਨ ਲੋਕਾਂ ਦੇ ਘਰਾਂ ’ਚ ਜਾ ਵੜਿਆ ਅਤੇ ਅਨੇਕ ਥਾਵਾਂ ’ਤੇ ਤਾਂ ਲੋਕ ਆਪਣੇ ਮਕਾਨਾਂ ਦੀ ਪਹਿਲੀ ਮੰਜ਼ਿਲ ’ਤੇ ਕੈਦ ਹੋਣ ਲਈ ਮਜਬੂਰ ਹੋ ਗਏ ਅਤੇ ਲਗਭਗ ਸਮੁੱਚੇ ਉੱਤਰ ਭਾਰਤ ’ਚ ਲੱਖਾਂ ਦੀ ਗਿਣਤੀ ’ਚ ਲੋਕਾਂ ਨੂੰ ਆਪਣੇ ਘਰ-ਬਾਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਜਾਣਾ ਪਿਆ।

ਉੱਤਰ ਪ੍ਰਦੇਸ਼ ਦੇ ਨੋਇਡਾ, ਲਖਨਊ, ਮਥੁਰਾ, ਆਗਰਾ ਸ਼ਹਿਰ ਦੇ ਕਈ ਘਾਟ ਅਤੇ ਸ਼ਮਸ਼ਾਨਘਾਟ ਪਾਣੀ ’ਚ ਡੁੱਬ ਗਏ। ਆਗਰਾ ’ਚ ਯਮੁਨਾ ਦਾ ਪਾਣੀ ਤਾਜਮਹਿਲ ਦੀ ਹੱਦ ਤੱਕ ਪਹੁੰਚ ਗਿਆ। ਕਈ ਥਾਵਾਂ ’ਤੇ ਹਜ਼ਾਰਾਂ ਫਾਰਮ ਹਾਊਸਾਂ ’ਚ ਪਾਣੀ ਭਰ ਗਿਆ।

ਹਰਿਆਣਾ ਦੇ ਝੱਜਰ, ਹਿਸਾਰ, ਯਮੁਨਾਨਗਰ, ਕੁਰੂਕਸ਼ੇਤਰ, ਪੰਚਕੂਲਾ, ਭਿਵਾਨੀ, ਅੰਬਾਲਾ ਆਦਿ ’ਚ ਜਲ-ਥਲ ਹੋ ਗਿਆ ਅਤੇ ਕਈ ਥਾਵਾਂ ’ਤੇ ਮਕਾਨਾਂ ’ਚ 2 ਤੋਂ 4 ਫੁੱਟ ਤੱਕ ਪਾਣੀ ਭਰ ਗਿਆ। ਹਿਮਾਚਲ ਪ੍ਰਦੇਸ਼ ’ਚ ਵੀ ਜਾਨ-ਮਾਲ ਦੇ ਪੂਰੇ ਨਾ ਹੋਣ ਵਾਲੇ ਨੁਕਸਾਨ ਤੋਂ ਇਲਾਵਾ ਡੇਢ ਹਜ਼ਾਰ ਦੇ ਲਗਭਗ ਸੜਕਾਂ ਬੰਦ ਹਨ ਅਤੇ ਜ਼ਮੀਨ ਖਿਸਕਣ, ਬੱਦਲ ਫਟਣ ਆਦਿ ਨਾਲ ਅਨੇਕਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ। ਮੱਧ ਪ੍ਰਦੇਸ਼, ਰਾਜਸਥਾਨ ਅਤੇ ਉੱਤਰਾਖੰਡ ਵੀ ਇਸ ਆਫਤ ਤੋਂ ਮੁਕਤ ਨਹੀਂ ਹਨ।

ਸਭ ਤੋਂ ਵਿਚਾਰਨਯੋਗ ਸਵਾਲ ਇਹ ਹੈ ਕਿ ਇਸ ਸਮੇਂ ਜਦੋਂ ਕਿ ਹੜ੍ਹਾਂ ਨਾਲ ਵੱਡੀ ਗਿਣਤੀ ’ਚ ਜਾਨ-ਮਾਲ ਦਾ ਨੁਕਸਾਨ ਹੋਇਆ ਹੈ, ਇਨਸਾਨਾਂ ਅਤੇ ਵੱਡੀ ਗਿਣਤੀ ’ਚ ਪਸ਼ੂਆਂ ਦੇ ਮਾਰੇ ਜਾਣ ਅਤੇ ਹਜ਼ਾਰਾਂ ਏਕੜ ਜ਼ਮੀਨ ’ਤੇ ਖੜ੍ਹੀਆਂ ਫਸਲਾਂ ਤਬਾਹ ਹੋਣ, ਸੜਕਾਂ ਟੁੱਟਣ ਅਤੇ ਪੁਲਾਂ ਦੇ ਰੁੜ੍ਹ ਜਾਣ ਆਦਿ ਦੇ ਕਾਰਨ ਸੁਮੱਚੇ ਉੱਤਰ ਭਾਰਤ ’ਚ ਹੜ੍ਹਾ ਦਾ ਸਿਰਫ ਕਿਸੇ ਇਕ ਸੂਬੇ ’ਤੇ ਨਹੀਂ ਸਗੋਂ ਸਾਰੇ ਦੇਸ਼ ’ਤੇ ਆਰਥਿਕ ਅਤੇ ਹੋਰਨਾਂ ਪਹਿਲੂਆਂ ਤੋਂ ਕੀ ਪ੍ਰਭਾਵ ਪਵੇਗਾ ਅਤੇ ਇਸ ਨੂੰ ਕਿਸ ਤਰ੍ਹਾਂ ਲੋਕਾਂ ਦੀ ਮਦਦ ਕਰ ਕਰ ਕੇ ਘਟ ਕੀਤਾ ਜਾ ਸਕਦਾ ਹੈ।

ਹੜ੍ਹਾਂ ਨਾਲ ਜਿੱਥੇ ਲੋਕਾਂ ਲਈ ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਉਥੇ ਹੀ ਹੜ੍ਹਾਂ ਦੇ ਗੰਦੇ ਪਾਣੀ ਨਾਲ ਨਾ ਸਿਰਫ ਗੰਦਗੀ ਅਤੇ ਸੰਕਰਮਣ ਫੈਲਦਾ ਹੈ, ਸਗੋਂ ਕਈ ਗੰਭੀਰ ਪਾਣੀ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਵੀ ਤੇਜ਼ੀ ਨਾਲ ਪਨਪਨ ਲੱਗਦੀਆਂ ਹਨ।

ਸਭ ਤੋਂ ਵੱਧ ਖਤਰਾ ਹੈਜਾ, ਪੀਲੀਆ, ਮਲੇਰੀਆ, ਡੇਂਗੂ, ਟਾਈਫਾਈਡ, ਉਲਟੀ, ਦਸਤ ਅਤੇ ਚਮੜੀ ਆਦਿ ਦੀਆਂ ਬੀਮਾਰੀਆਂ ਦਾ ਹੁੰਦਾ ਹੈ। ਡਾਕਟਰਾਂ ਅਨੁਸਾਰ ਹੜ੍ਹ ਤੋਂ ਬਾਅਦ ਫੈਲਣ ਵਾਲੀਆਂ ਬੀਮਾਰੀਆਂ ਦੇ ਲੱਛਣ ਅਲੱਗ-ਅਲੱਗ ਹੋ ਸਕਦੇ ਹਨ। ਹੈਪੇਟਾਈਟਿਸ-ਏ ਅਤੇ ਪੀਲੀਆ ਵਰਗੀਆਂ ਬੀਮਾਰੀਆਂ ’ਚ ਚਮੜੀ ਅਤੇ ਅੱਖਾਂ ਦਾ ਪੀਲਾ ਪੈਣਾ ਅਤੇ ਥਕਾਵਟ ਤੇ ਉਲਟੀ ਦੀ ਸ਼ਿਕਾਇਤ ਹੋ ਸਕਦੀ ਹੈ।

ਮਲੇਰੀਆ ਅਤੇ ਡੇਂਗੂ ’ਚ ਤੇਜ਼ ਬੁਖਾਰ, ਸਿਰਦਰਦ, ਸਰੀਰ ਦਰਦ ਅਤੇ ਮਾਸਪੇਸ਼ੀਆਂ ’ਚ ਖਿਚਾਅ ਹੋ ਸਕਦਾ ਹੈ। ਡੇਂਗੂ ’ਚ ਪਲੇਟਲੈਟਸ ਤੇਜ਼ੀ ਨਾਲ ਘੱਟ ਹੋਣ ਲੱਗਦੇ ਹਨ, ਜਿਸ ਨਾਲ ਪੀੜਤ ਵਿਅਕਤੀ ਦੇ ਪ੍ਰਾਣਾਂ ਨੂੰ ਖਤਰਾ ਵੀ ਹੋ ਸਕਦਾ ਹੈ।

ਇਸ ਲਈ ਹੜ੍ਹ ਦਾ ਪਾਣੀ ਉਤਰ ਜਾਣ ਦੇ ਬਾਅਦ ਵੀ ਲੋਕਾਂ ਦੀਆਂ ਸਮੱਸਿਆਵਾਂ ਦਾ ਅੰਤ ਨਜ਼ਰ ਨਹੀਂ ਆ ਰਿਹਾ। ਅਜਿਹੇ ’ਚ ਕੇਂਦਰੀ ਅਤੇ ਸਾਰੀਆਂ ਸੂਬਾਈ ਸਰਕਾਰਾਂ ਨੂੰ ਨਾ ਸਿਰਫ ਜਲਦੀ ਤੋਂ ਜਲਦੀ ਰਹਿਣ ਲਈ ਆਸਰਾ ਘਰ, ਆਰਥਿਕ ਮਦਦ, ਖਾਣਾ, ਸਾਫ ਪਾਣੀ ਅਤੇ ਬਿਜਲੀ ਮੁਹੱਈਆ ਕਰਵਾਉਣਾ ਚਾਹੀਦੀ ਹੈ , ਸਗੋਂ ਮੁਫਤ ਦਵਾਈਆਂ ਅਤੇ ਫਲੂ ਸ਼ਾਟਸ ਦਾ ਵੀ ਇੰਤਜ਼ਾਮ ਕਰ ਕੇ ਘਰ-ਘਰ ਪਹੁੰਚਾਉਣਾ ਹੋਵੇਗਾ।

ਕੁਲ ਮਿਲਾ ਕੇ ਇਹ ਹੜ੍ਹ ਜਿੱਥੇ ਸਬੰਧਤ ਸੂਬਿਆਂ ਦੀਆਂ ਸਰਕਾਰਾਂ ਲਈ ਇਕ ਚਿਤਾਵਨੀ ਅਤੇ ਸਬਕ ਲੈ ਕੇ ਆਏ ਹਨ ਕਿ ਜੇਕਰ ਇਨ੍ਹਾਂ ਨੇ ਗੈਰ-ਲੋੜੀਂਦੇ ਤੱਤਾਂ ਰਾਹੀਂ ਚੁਗਿਰਦੇ ਦੀ ਤਬਾਹੀ, ਨਾਜਾਇਜ਼ ਖਨਨ, ਨਾਜਾਇਜ਼ ਨਿਰਮਾਣ ਆਦਿ ’ਤੇ ਸਖਤੀ ਨਾਲ ਰੋਕ ਨਾ ਲਗਾਈ ਤਾਂ ਆਉਣ ਵਾਲੇ ਸਾਲ ਹੋਰ ਵੀ ਤਕਲੀਫਦੇਹ ਹੋ ਸਕਦੇ ਹਨ।

ਇਨ੍ਹਾਂ ਹੜ੍ਹਾਂ ’ਚ ਕੁਦਰਤੀ ਕਾਰਨਾਂ ਤੋਂ ਇਲਾਵਾ ਨਦੀ ਦੀ ਤਲਹਟੀ ਨੂੰ ਘਰ ਬਣਾਉਣ ਦੀ ਜ਼ਮੀਨ ਵਾਂਗ ਮੰਨਿਆ ਜਾ ਰਿਹਾ ਹੈ, ਇੱਥੋਂ ਤੱਕ ਕਿ ਛੋਟੇ-ਛੋਟੇ ਕਦਮ ਜਿਵੇਂ ਪਾਣੀ ਦੇ ਪੱਧਰ ਦੀ ਨਿਗਰਾਨੀ ਲਈ ਟੈਲੀਮੀਟਰ ਪ੍ਰਣਾਲੀ ਸਥਾਪਿਤ ਕਰਨਾ ਹਰ ਜਗ੍ਹਾ ਲਾਗੂ ਨਹੀਂ ਕੀਤੀ ਗਈ ਹੈ। ਇਸ ਤੋਂ ਇਲਾਵਾ ਘਰਾਂ ਦੇ ਆਸ-ਪਾਸ ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ ਵਾਲੇ ਖੇਤਰਾਂ ਜਾਂ ਜਲ ਨਿਕਾਸੀ ਪ੍ਰਣਾਲੀਅਾਂ ਨੂੰ ਸਾਫ ਰੱਖਣਾ ਜ਼ਰੂਰੀ ਹੈ। ਜੇਕਰ ਅਸੀਂ ਅਜੇ ਵੀ ਨਾ ਸੰਭਲੇ ਤਾਂ ਕੁਦਰਤ ਆਪਣਾ ਬਦਲਾ ਲਵੇਗੀ ਅਤੇ ਪਰਲੋ ਦਸਤਕ ਦੇਵੇਗੀ ਹੀ।


author

Sandeep Kumar

Content Editor

Related News