‘ਲੋਕਾਂ ’ਚ ਵਧ ਰਿਹਾ ਗੁੱਸਾ’ ‘ਕਰ ਰਹੇ ਹਿੰਸਾ ਦੀਆਂ ਸਾਰੀਆਂ ਹੱਦਾਂ ਪਾਰ!’
Saturday, Sep 20, 2025 - 06:48 AM (IST)

ਪ੍ਰਾਚੀਨ ਕਾਲ ਤੋਂ ਹੀ ਭਾਰਤ ਨੂੰ ਉੱਚ ਨੈਤਿਕਤਾ, ਅਹਿੰਸਾ ਅਤੇ ਮਨੁੱਖੀ ਕਦਰਾਂ-ਕੀਮਤਾਂ ਦੇ ਝੰਡਾਬਰਦਾਰ ਦੇ ਰੂਪ ’ਚ ਜਾਣਿਆ ਜਾਂਦਾ ਸੀ ਪਰ ਅੱਜ ਲੋਕ ਆਪਣੇ ਉੱਚ ਆਦਰਸ਼ਾਂ ਨੂੰ ਭੁੱਲ ਕੇ ਅਨੈਤਿਕ ਅਤੇ ਅਣਮਨੁੱਖੀ ਕਾਰਿਆਂ ’ਚ ਸ਼ਾਮਲ ਹੋ ਕੇ ਮਨੁੱਖਤਾ ਨੂੰ ਸ਼ਰਮਸਾਰ ਕਰ ਰਹੇ ਹਨ। ਇਸ ਦੀਆਂ ਪਿਛਲੇ 1 ਮਹੀਨੇ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :
* 19 ਅਗਸਤ ਨੂੰ ‘ਬਾੜਮੇਰ’ (ਰਾਜਸਥਾਨ) ’ਚ ‘ਸੇੜਵਾ’ ਥਾਣਾ ਖੇਤਰ ਦੇ ‘ਹਰ ਪਾਲੀਆ ਮਹਾਦੇਵ ਸੇਵਾ ਸਮਿਤੀ’ ਗੁਰੂਕੁਲ ’ਚ ਪੜ੍ਹਨ ਵਾਲੇ ਬੱਚਿਆਂ ਨੇ ਆਪਣੇ ਅਧਿਆਪਕ ’ਤੇ ਉਨ੍ਹਾਂ ਨਾਲ ਮਾਰਕੁੱਟ ਕਰਨ ਅਤੇ ਗਰਮ ਚੀਜ਼ ਨਾਲ ਸਾੜਨ ਦੇ ਗੰਭੀਰ ਦੋਸ਼ ਲਗਾਏ।
* 24 ਅਗਸਤ ਨੂੰ ‘ਚੰਬਾ’ (ਹਿਮਾਚਲ ਪ੍ਰਦੇਸ਼) ਦੇ ‘ਚੁਵਾੜੀ’ ’ਚ ਸ਼ਰਾਬ ਦੇ ਨਸ਼ੇ ’ਚ 2 ਮੁਲਜ਼ਮਾਂ ਨੇ ਇਕ 62 ਸਾਲਾ ਬਜ਼ੁਰਗ ਮਹਿਲਾ ਨੂੰ ਜ਼ਬਰਦਸਤੀ ਫੜ ਕੇ ਉਸ ਦੇ ਨਾਲ ਦਰਿੰਦਗੀ ਕਰਨ ਅਤੇ ਉਸ ਦੇ ਗੁਪਤ ਅੰਗਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਉਣ ਤੋਂ ਬਾਅਦ ਉਸ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ।
* 27 ਅਗਸਤ ਨੂੰ ‘ਨਵਾਦਾ’ (ਬਿਹਾਰ) ਦੇ ਪਿੰਡ ‘ਪਾਂਚੂ ਗੜ੍ਹ ਮੁਸਹਰੀ’ ’ਚ ਇਕ ਮਹਿਲਾ ਅਤੇ ਉਸ ਦੇ ਪਤੀ ‘ਗਯਾ ਮਾਂਝੀ’ ’ਤੇ ‘ਡੈਣ’ ਅਤੇ ‘ਮਨਹੂਸ’ ਹੋਣ ਦਾ ਦੋਸ਼ ਲਗਾ ਕੇ ਕੁਝ ਲੋਕਾਂ ਨੇ ਦੋਵਾਂ ਨੂੰ ਨੰਗਿਆਂ ਕਰ ਕੇ ਅਤੇ ਸਿਰ ਮੁੰਡਵਾ ਕੇ ਅਤੇ ਚੱਪਲਾਂ ਦੀ ਮਾਲਾ ਪਹਿਨਾ ਕੇ ਸਾਰੇ ਮੁਹੱਲੇ ’ਚ ਘੁਮਾਇਆ, ਫਿਰ ਬੇਰਹਿਮੀ ਨਾਲ ਕੁੱਟਿਆ ਅਤੇ ਸ਼ਮਸ਼ਾਨਘਾਟ ’ਚ ਲਿਜਾ ਕੇ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕੀਤੀ। ਇਸ ਨਾਲ 70 ਸਾਲਾ ‘ਗਯਾ ਮਾਂਝੀ’ ਦੀ ਮੌਤ ਹੋ ਗਈ।
* 15 ਸਤੰਬਰ ਨੂੰ ‘ਸ਼ਾਹਜਹਾਂਪੁਰ’ (ਉੱਤਰ ਪ੍ਰਦੇਸ਼) ਦੇ ‘ਗੋਹਾਵਰ’ ਪਿੰਡ ’ਚ ਪਸ਼ੂ ਚਰਾ ਰਹੇ ਚਰਵਾਹੇ ਨੇ ਨਦੀ ਦੇ ਕੰਢੇ ’ਤੇ ਇਕ ਹੱਥ ਨੂੰ ਜ਼ਮੀਨ ’ਚੋਂ ਬਾਹਰ ਨਿਕਲਦੇ ਦੇਖਿਆ। ਨੇੜੇ ਜਾਣ ’ਤੇ ਉਸ ਨੂੰ ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਉਸ ਨੇ ਮਿੱਟੀ ਨੂੰ ਹਟਾਇਆ ਤਾਂ ਉੱਥੋਂ ਲਹੂ-ਲੁਹਾਨ ਹਾਲਤ ’ਚ ਇਕ ਨਵਜਾਤ ਬੱਚੀ ਬਰਾਮਦ ਹੋਈ, ਜਿਸ ਨੂੰ ਕੋਈ ਦੁਸ਼ਟ ਉੱਥੇ ਦੱਬ ਕੇ ਛੱਡ ਗਿਆ ਸੀ।
* 17 ਸਤੰਬਰ ਨੂੰ ‘ਊਧਮ ਿਸੰਘ ਨਗਰ’ (ਉੱਤਰਾਖੰਡ) ’ਚ ਇਕ ਨੌਜਵਾਨ ਨੂੰ 14 ਸਾਲਾ ਲੜਕੀ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਉਸ ਦਾ ਹੱਥ ਤੋੜ ਦੇਣ, ਬਲੇਡ ਨਾਲ ਉਸ ਦਾ ਢਿੱਡ ਅਤੇ ਚਿਹਰਾ ਪਾੜ ਦੇਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਿਗਆ, ਜਿਸ ਨਾਲ ਬੱਚੀ ਦੀ ਤੜਫ-ਤੜਫ ਕੇ ਮੌਤ ਹੋ ਗਈ।
* 17 ਸਤੰਬਰ ਨੂੰ ਹੀ ‘ਅਲੀਗੜ੍ਹ’ (ਉੱਤਰ ਪ੍ਰਦੇਸ਼) ਦੇ ‘ਨਗਲਾ ਮੰਦਰ’ ਪਿੰਡ ’ਚ ਪਸ਼ੂ ਚੋਰੀ ਕਰਨ ਦੇ ਸ਼ੱਕ ’ਚ ਇਕ ਅਣਪਛਾਤੇ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰ ਦੇਣ ਦੇ ਦੋਸ਼ ’ਚ ਪੁਲਸ ਨੇ 2 ਨੌਜਵਾਨਾਂ ‘ਪ੍ਰਦੀਪ’ ਅਤੇ ‘ਅੰਸ਼ੂ’ ਨੂੰ ਗ੍ਰਿਫਤਾਰ ਕੀਤਾ।
* 17 ਸਤੰਬਰ ਨੂੰ ਹੀ ‘ਬਰੇਲੀ’ (ਉੱਤਰ ਪ੍ਰਦੇਸ਼) ’ਚ ਇਕ ਸ਼ਾਦੀਸ਼ੁਦਾ ਡਾਕਟਰ ਨੇ ਆਪਣੀ ਪ੍ਰੇਮਿਕਾ ਤੋਂ ਪਿੱਛਾ ਛੁਡਾਉਣ ਦੀ ਖਾਤਿਰ ਪਹਿਲਾਂ ਤਾਂ ਉਸ ਨੂੰ ਤਿੰਨ ਇੰਜੈਕਸ਼ਨ ਲਗਾ ਕੇ ਬੇਹੋਸ਼ ਕੀਤਾ ਅਤੇ ਫਿਰ ਉਸ ਦੀ ਪਿੱਠ ਅਤੇ ਢਿੱਡ ’ਤੇ ਬਲੇਡ ਨਾਲ ਡੂੰਘੇ ਜ਼ਖਮ ਕਰਨ ਤੋਂ ਬਾਅਦ ਨੰਗਿਆਂ ਕਰ ਕੇ ਦਿੱਲੀ-ਲਖਨਊ ਹਾਈਵੇ ’ਤੇ ਸੁੱਟ ਦਿੱਤਾ।
* 17 ਸਤੰਬਰ ਨੂੰ ਹੀ ‘ਹਮੀਰਪੁਰ’ (ਹਿਮਾਚਲ ਪ੍ਰਦੇਸ਼) ਦੇ ਪਿੰਡ ‘ਬੇਲਾਗ’ ’ਚ ‘ਅਭੈ ਠਾਕੁਰ’ ਨਾਂ ਦੇ ਇਕ ਨੌਜਵਾਨ ਨੇ ਪੈਸਿਆਂ ਨੂੰ ਲੈ ਕੇ ਹੋਏ ਵਿਵਾਦ ’ਚ ਆਪਣੀ ਮਾਂ ‘ਸੋਮਲਤਾ’ ’ਤੇ ਕੱਪੜੇ ਪ੍ਰੈੱਸ ਕਰਨ ਵਾਲੀ ‘ਪ੍ਰੈੱਸ’ ਮਾਰ ਕੇ ਉਸ ਨੂੰ ਮਾਰ ਦਿੱਤਾ।
* 18 ਸਤੰਬਰ ਨੂੰ ‘ਲੁਧਿਆਣਾ’ (ਪੰਜਾਬ) ’ਚ ਇਕ ਮਕਾਨ ’ਚ ਦਾਖਲ ਇਕ ਵਿਅਕਤੀ ਨੂੰ ਚੋਰੀ ਦੇ ਦੋਸ਼ ’ਚ ਫੜ ਕੇ ਲੋਕਾਂ ਨੇ ਖੰਭੇ ਨਾਲ ਬੰਨ੍ਹ ਕੇ ਉਸ ਨੂੰ ਬੁਰੀ ਤਰ੍ਹਾਂ ਕੁੱਟਣ ਤੋਂ ਬਾਅਦ ਉਸ ਦੇ ਸਿਰ ’ਤੇ ਉਸਤਰਾ ਫੇਰ ਕੇ ਉਸ ਨੂੰ ਗੰਜਾ ਕਰ ਦਿੱਤਾ।
* 18 ਸਤੰਬਰ ਨੂੰ ਹੀ ‘ਫਤਹਿਗੜ੍ਹ ਸਾਹਿਬ’ (ਪੰਜਾਬ) ਦੇ ਪਿੰਡ ‘ਪੱਤੋ’ ’ਚ ‘ਵਰਿੰਦਰ ਪ੍ਰਤਾਪ ਿਸੰਘ’ (24) ਨਾਂ ਦੇ ਨੌਜਵਾਨ ਨੇ ਆਪਣਾ ਜਨਮ ਦਿਨ ਮਨਾਉਣ ਲਈ 5000 ਰੁਪਏ ਨਾ ਦੇਣ ’ਤੇ ਆਪਣੇ ਪਿਤਾ ‘ਪਰਮਜੀਤ ਿਸੰਘ’ ਦੇ ਢਿੱਡ ’ਚ ਕੈਂਚੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।
* 18 ਸਤੰਬਰ ਨੂੰ ਹੀ ‘ਪੰਨਾ’ (ਮੱਧ ਪ੍ਰਦੇਸ਼) ਦੇ ‘ਅਜੇਗੜ੍ਹ’ ’ਚ ਆਪਣੇ 5 ਸਾਲਾ ਬੇਟੇ ਦੇ ਨਾਲ ਰਹਿਣ ਵਾਲੀ ਇਕ ਮਹਿਲਾ ਨਾਲ ਜਬਰ-ਜ਼ਨਾਹ ਕਰਨ ’ਚ ਅਸਫਲ ਰਹਿਣ ’ਤੇ ਦੋ ਦਰਿੰਦਿਆਂ ਨੇ ਮਹਿਲਾ ਅਤੇ ਉਸ ਦੇ ਬੇਟੇ ਦੇ ਮੂੰਹ ’ਚ ਕੱਪੜਾ ਤੁੰਨ ਕੇ ਉਨ੍ਹਾਂ ਨੂੰ ਮਾਰ ਦਿੱਤਾ।
ਗੁੱਸਾ, ਭਾਵਨਾਵਾਂ ਦੀ ਪ੍ਰਬਲਤਾ ਅਤੇ ਗੈਰ-ਵਿਵਹਾਰਿਕ ਇੱਛਾਵਾਂ ਲੋਕਾਂ ’ਤੇ ਜਿਸ ਤਰ੍ਹਾਂ ਹਾਵੀ ਹੋ ਰਹੀਆਂ ਹਨ, ਉਸ ਦਾ ਨਤੀਜਾ ਅਜਿਹੀਆਂ ਘਟਨਾਵਾਂ ਦੇ ਰੂਪ ’ਚ ਸਾਹਮਣੇ ਆ ਰਿਹਾ ਹੈ। ਇਸ ਲਈ ਜਿੱਥੇ ਅਜਿਹੇ ਅਪਰਾਧੀਆਂ ਨੂੰ ਸਖਤ ਸਜ਼ਾ ਦੇਣ ਦੀ ਲੋੜ ਹੈ, ਉੱਥੇ ਹੀ ਲੋਕਾਂ ’ਚ ਤਰਸ ਦੀ ਭਾਵਨਾ ਪੈਦਾ ਕਰਨ ਦੀ ਸਿੱਖਿਆ ਦੇਣ ਦੀ ਵੀ ਲੋੜ ਹੈ।
–ਵਿਜੇ ਕੁਮਾਰ