‘ਨਸ਼ਾ ਸਮੱਗਲਿੰਗ ’ਚ ਵਧ ਰਹੀ’ ਔਰਤਾਂ ਦੀ ਸ਼ਮੂਲੀਅਤ!
Tuesday, Sep 16, 2025 - 06:57 AM (IST)

ਪਹਿਲਾਂ ਨਸ਼ਾ ਸਮੱਗਲਿੰਗ ਵਰਗੇ ਨਾਜਾਇਜ਼ ਧੰਦਿਆਂ ਨੂੰ ਮਰਦ ਪ੍ਰਧਾਨ ਹੀ ਮੰਨਿਆ ਜਾਂਦਾ ਸੀ ਪਰ ਹੁਣ ਨਸ਼ਾ ਸਮੱਗਲਰ ਇਸ ’ਚ ਵੱਡੀ ਗਿਣਤੀ ’ਚ ਆਪਣੀਆਂ ਪਤਨੀਆਂ ਅਤੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਨੂੰ ਵੀ ਸ਼ਾਮਲ ਕਰਨ ਲੱਗੇ ਹਨ। ਜਿਸ ਨਾਲ ਇਹ ਇਕ ‘ਫੈਮਿਲੀ ਬਿਜ਼ਨੈੱਸ’ ਜਿਹਾ ਬਣਦਾ ਜਾ ਰਿਹਾ ਹੈ। ਇਸ ਦੀਆਂ ਪਿਛਲੇ 2 ਹਫਤੇ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :
* 25 ਅਗਸਤ, 2025 ਨੂੰ ‘ਇੰਦੌਰ’ (ਮੱਧ ਪ੍ਰਦੇਸ਼) ਦੀ ਪੁਲਸ ਨੇ ਨਸ਼ੀਲੇ ਪਦਾਰਥਾਂ ਦਾ ਧੰਦਾ ਚਲਾਉਣ ਵਾਲੀ ਇਕ ਔਰਤ ਸਮੱਗਲਰ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕੋਲੋਂ ਲਗਭਗ 1 ਕਰੋੜ ਰੁਪਏ ਮੁੱਲ ਦੀ 516 ਗ੍ਰਾਮ ‘ਬ੍ਰਾਊਨ ਸ਼ੂਗਰ’ ਅਤੇ 45 ਲੱਖ ਰੁਪਏ ਨਕਦ ਬਰਾਮਦ ਕੀਤੇ।
* 30 ਅਗਸਤ ਨੂੰ ‘ਸਮਾਲਖਾ’ (ਹਰਿਆਣਾ) ਪੁਲਸ ਨੇ ਇਕ ਅੌਰਤ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ 64 ਗ੍ਰਾਮ ਗਾਂਜਾ ਬਰਾਮਦ ਕੀਤਾ।
* 30 ਅਗਸਤ ਨੂੰ ਹੀ ‘ਆਜ਼ਮਗੜ੍ਹ’ (ਉੱਤਰ ਪ੍ਰਦੇਸ਼) ਪੁਲਸ ਨੇ ‘ਪਵਈ ਲਾਡਪੁਰ’ ਪਿੰਡ ਦੀ ਰਹਿਣ ਵਾਲੀ ਇਕ ਅੌਰਤ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ ਹੈਰੋਇਨ ਦੀਆਂ ਲਗਭਗ 7 ਲੱਖ ਰੁਪਏ ਮੁੱਲ ਦੀਆਂ 153 ਪੁੜੀਆਂ (ਲਗਭਗ 7.65 ਗ੍ਰਾਮ) ਬਰਾਮਦ ਕੀਤੀਆਂ।
* 30 ਅਗਸਤ ਨੂੰ ਹੀ ‘ਭੋਪਾਲ’ (ਮੱਧ ਪ੍ਰਦੇਸ਼) ਪੁਲਸ ਨੇ ‘ਨਾਭਾ ਯੰਗਾ’ ਨਾਂ ਦੀ ਅੌਰਤ ਨੂੰ ‘ਭੋਪਾਲ’ ਰੇਲਵੇ ਸਟੇਸ਼ਨ ’ਤੇ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ 4 ਕਰੋੜ ਰੁਪਏ ਮੁੱਲ ਦੀ ‘ਕੋਕੀਨ’ ਅਤੇ ‘ਕ੍ਰਿਸਟਲ ਮੈਥ’ (ਐੱਮ.ਡੀ.) ਨਾਂ ਦਾ ਨਸ਼ੀਲਾ ਪਦਾਰਥ ਬਰਾਮਦ ਕੀਤਾ।
* 6 ਸਤੰਬਰ ਨੂੰ ‘ਰਾਮਨਗਰ’ (ਉੱਤਰਾਖੰਡ) ’ਚ ਪੁਲਸ ਨੇ 2 ਔਰਤਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 16 ਕਿਲੋਂ ਤੋਂ ਵੱਧ ਗਾਂਜਾ ਬਰਾਮਦ ਕੀਤਾ।
* 6 ਸਤੰਬਰ ਨੂੰ ਹੀ ‘ਪੌੜੀ’ (ਉੱਤਰਾਖੰਡ) ਜ਼ਿਲੇ ਦੇ ‘ਕੋਟਦਵਾਰ’ ਥਾਣਾ ਖੇਤਰ ’ਚ ਪੁਲਸ ਨੇ ਦੋ ਔਰਤਾਂ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 51 ਕਿਲੋਂ ਤੋਂ ਵੱਧ ਗਾਂਜਾ ਬਰਾਮਦ ਕੀਤਾ।
* 6 ਸਤੰਬਰ ਨੂੰ ਹੀ ‘ਸਿਰਮੌਰ’ (ਹਿਮਾਚਲ) ਪੁਲਸ ਨੇ ‘ਪਾਉਂਟਾ ਸਾਹਿਬ’ ’ਚ ‘ਕਾਜਲ’ ਨਾਂ ਦੀ ਇਕ ਮਹਿਲਾ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 5.11 ਗ੍ਰਾਮ ਸਮੈਕ ਬਰਾਮਦ ਕੀਤੀ।
* 7 ਸਤੰਬਰ ਨੂੰ ‘ਮੁਜ਼ੱਫਰਪੁਰ’ (ਬਿਹਾਰ) ’ਚ ਪੁਲਸ ਨੇ ਸ਼ਰਾਬ ਦੀ ਸਮੱਗਲਿੰਗ ਕਰਨ ਵਾਲੀਆਂ 8 ਔਰਤਾਂ ਸਮੇਤ 11 ਲੋਕਾਂ ਦੇ ਇਕ ਗਿਰੋਹ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 69 ਲੀਟਰ ਬ੍ਰਾਂਡਿਡ ਸ਼ਰਾਬ ਬਰਾਮਦ ਕੀਤੀ।
* 8 ਸਤੰਬਰ ਨੂੰ ‘ਭਾਗਲਪੁਰ’ (ਬਿਹਾਰ) ’ਚ ‘ਨਵਗਛੀਆ’ ਪੁਲਸ ਨੇ ‘ਜੂਲੀ’ ਨਾਂ ਦੀ ਅੌਰਤ ਅਤੇ ਇਕ ਨੌਜਵਾਨ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ ਚਾਕਲੇਟ ਦੇ ਡੱਬਿਆਂ ’ਚ ਲੁਕਾ ਕੇ ਰੱਖੀ ਹੋਈ ਲਗਭਗ 1 ਕਰੋੜ ਰੁਪਏ ਦੀ ‘ਬ੍ਰਾਊਨ ਸ਼ੂਗਰ’ ਬਰਾਮਦ ਕੀਤੀ।
* 9 ਸਤੰਬਰ ਨੂੰ ‘ਤਰਨਤਾਰਨ’ (ਪੰਜਾਬ) ਦੀ ਪੁਲਸ ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਮੰਗਵਾ ਕੇ ਸਪਲਾਈ ਕਰਨ ਵਾਲੇ 2 ਸਮੱਗਲਰਾਂ ਦੀਆਂ ਪਤਨੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ ਢਾਈ ਕਿਲੋ ਹੈਰੋਇਨ ਅਤੇ ਡੇਢ ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ।
* 10 ਸਤੰਬਰ ਨੂੰ ‘ਇੰਦੌਰ’ (ਮੱਧ ਪ੍ਰਦੇਸ਼) ’ਚ ਪੁਲਸ ਨੇ ਇਕ ਅੌਰਤ ਨਸ਼ਾ ਸਮੱਗਲਰ ‘ਪੰਗੂ’ ਉਰਫ ‘ਸਰਿਤਾ ਬਾਈ’ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕੋਲੋਂ 24 ਹਜ਼ਾਰ ਰੁਪਏ ਤੋਂ ਵੱਧ ਮੁੱਲ ਦੀ 24 ਗ੍ਰਾਮ ਬ੍ਰਾਊਨ ਸ਼ੂਗਰ ਬਰਾਮਦ ਕੀਤੀ।
* ਅਤੇ ਹੁਣ 13 ਸਤੰਬਰ ਨੂੰ ‘ਜਲੰਧਰ’ (ਪੰਜਾਬ) ਪੁਲਸ ਨੇ ‘ਗੜ੍ਹਾ’ ’ਚ ਨਸ਼ੇੜੀਆਂ ਨੂੰ ਹੈਰੋਇਨ ਸਪਲਾਈ ਕਰਨ ਵਾਲੀ ‘ਜਸਬੀਰ ਕੌਰ’ ਅਤੇ ਉਸ ਦੇ ਬੇਟੇ ‘ਵਿਸ਼ੂ’ ਨੂੰ ਇਸ ਸਿਲਸਿਲੇ ’ਚ ਗ੍ਰਿਫਤਾਰ ਕੀਤਾ ਹੈ।
ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਅੱਜ ਨਸ਼ੇ ਦੀ ਸਮੱਗਲਿੰਗ ਇਕ ਤਰ੍ਹਾਂ ਨਾਲ ‘ਪਰਿਵਾਰਕ ਧੰਦਾ’ ਬਣਦਾ ਜਾ ਰਿਹਾ ਹੈ ਅਤੇ ਲੋਕ ਆਪਣੇ ਪਰਿਵਾਰਾਂ ਦੇ ਮੈਂਬਰਾਂ, ਇੱਥੋਂ ਤੱਕ ਕਿ ਅੌਰਤਾਂ ਤੱਕ ਨੂੰ ਇਸ ਕਾਰੋਬਾਰ ’ਚ ਧੱਕ ਰਹੇ ਹਨ।
ਕਿਉਂਕਿ ਅੌਰਤਾਂ ’ਤੇ ਘੱਟ ਸ਼ੱਕ ਕੀਤਾ ਜਾਂਦਾ ਹੈ, ਇਸ ਲਈ ਇਸ ਧੰਦੇ ’ਚ ਅੌਰਤਾਂ ਦੀ ਵਰਤੋਂ ਜ਼ਿਆਦਾ ਸੁਰੱਖਿਅਤ ਸਮਝਣ ਦੇ ਕਾਰਨ ਨਸ਼ਿਆਂ ਦੇ ਸਮੱਗਲਰ ਉਨ੍ਹਾਂ ਨੂੰ ਆਪਣੇ ਧੰਦੇ ’ਚ ਸ਼ਾਮਲ ਕਰ ਰਹੇ ਹਨ ਅਤੇ ਅੌਰਤਾਂ ਗਰੀਬੀ ਅਤੇ ਬੇਰੋਜ਼ਗਾਰੀ ਦੇ ਕਾਰਨ ਨਸ਼ਾ ਸਮੱਗਲਿੰਗ ’ਚ ਸ਼ਾਮਲ ਹੋਣ ਲਈ ਮਜਬੂਰ ਹੋ ਰਹੀਆਂ ਹਨ।
ਇਸ ਲਈ ਇਸ ਨੂੰ ਰੋਕਣ ਲਈ ਜਿੱਥੇ ਸਰਕਾਰ ਨੂੰ ਰੋਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਦੀ ਲੋੜ ਹੈ, ਉਥੇ ਹੀ ਫੜੀਆਂ ਜਾਣ ਵਾਲੀਆਂ ਔਰਤਾਂ ਅਤੇ ਉਨ੍ਹਾਂ ਨੂੰ ਇਸ ਧੰਦੇ ’ਚ ਧੱਕਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
–ਵਿਜੇ ਕੁਮਾਰ