ਭਾਰਤ ਰਾਸ਼ਟਰ ਸਮਿਤੀ ਦਾ ਭਵਿੱਖ ਕੀ ਹੈ
Tuesday, Sep 09, 2025 - 05:52 PM (IST)

ਰਾਜਨੀਤਿਕ ਪਰਿਵਾਰ ਕਿਉਂ ਮੰਨਦੇ ਹਨ ਕਿ ਉਹ ਅਣਮਿੱਥੇ ਸਮੇਂ ਲਈ ਸੱਤਾ ’ਤੇ ਟਿਕੇ ਰਹਿ ਸਕਦੇ ਹਨ? ਕਈ ਇਕ -ਮਰਦ ਜਾਂ ਇਕ-ਮਹਿਲਾ ਪਾਰਟੀਆਂ ’ਚ ਇਹ ਆਮ ਗੱਲ ਹੈ, ਜਿੱਥੇ ਨੇਤਾ ਅਕਸਰ ਆਪਣੇ ਰਿਸ਼ਤੇਦਾਰਾਂ ਨੂੰ ਸੱਤਾ ਦੇ ਅਹੁਦਿਆਂ ’ਤੇ ਬਿਠਾ ਕੇ ਭਾਈ ਭਤੀਜਾਵਾਦ ਕਰਦੇ ਹਨ। ਉਦਾਹਰਣ ਵਜੋਂ ਸਮਾਜਵਾਦੀ ਪਾਰਟੀ ਦੇ ਸਵਰਗੀ ਨੇਤਾ ਮੁਲਾਇਮ ਸਿੰਘ ਯਾਦਵ ਦੇ ਪਰਿਵਾਰ ਦੇ 20 ਤੋਂ ਵੱਧ ਮੈਂਬਰ ਰਾਜਨੀਤੀ ਵਿਚ ਸਰਗਰਮ ਸਨ। ਹਾਲਾਂਕਿ ਜਦੋਂ ਨੇਤਾ ਦਾ ਪ੍ਰਭਾਵ ਘੱਟ ਹੋਣ ’ਤੇ ਇਨ੍ਹਾਂ ਪਰਿਵਾਰਾਂ ਨੂੰ ਅਕਸਰ ਸੱਤਾ ਸੰਘਰਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹੀ ਕੁਝ ਤੇਲੰਗਾਨਾ ਵਿਚ ਹੋ ਰਿਹਾ ਹੈ, ਜਿੱਥੇ ਭਾਰਤ ਰਾਸ਼ਟਰ ਸਮਿਤੀ ਦੇ ਮੁਖੀ ਅਤੇ ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਆਪਣੀ ਧੀ ਕੇ. ਕਵਿਤਾ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਮੁਅੱਤਲ ਕਰ ਦਿੱਤਾ ਹੈ, ਹਾਲਾਂਕਿ ਉਸ ਨੇ ਪਹਿਲਾਂ ਉਸ ਨੂੰ ਉਤਸ਼ਾਹਿਤ ਕੀਤਾ ਸੀ। ਕਵਿਤਾ ਖਾਹਿਸ਼ੀ ਵੀ ਸੀ। ਕੇ. ਸੀ. ਆਰ. ਦੀ ਧੀ ਅਤੇ ਪੁੱਤਰ ਕੇ. ਟੀ. ਰਾਮਾ ਰਾਓ ਵਿਚਕਾਰ ਸੱਤਾ ਦੀ ਖਿਚੋਤਾਣ ਮੰਡਰਾ ਰਹੀ ਹੈ।
ਆਪਣੇ ਚਚੇਰੇ ਭਰਾਵਾਂ ਹਰੀਸ਼ ਰਾਓ ਅਤੇ ਸੰਤੋਸ਼ ਕੁਮਾਰ ਦਾ ਸਿੱਧਾ ਨਾਂ ਲੈ ਕੇ ਉਸਨੇ ਪਾਰਟੀ ਦੇ ਇਸ ਦਾਅਵੇ ਨੂੰ ਵੀ ਚੁਣੌਤੀ ਦਿੱਤੀ ਹੈ ਕਿ ਕਮਿਸ਼ਨ ਦੁਆਰਾ ਕੇ.ਸੀ.ਆਰ. ਅਤੇ ਹਰੀਸ਼ ਰਾਓ ਵਿਰੁੱਧ ਲਗਾਏ ਗਏ ਦੋਸ਼ ਰਾਜਨੀਤੀ ਤੋਂ ਪ੍ਰੇਰਿਤ ਸਨ। ਕਵਿਤਾ ਦੇ ਦੋਸ਼ ਬੀ. ਆਰ. ਐੱਸ. ਦੇ ਵਿਰੋਧੀਆਂ ਲਈ ਮਦਦਗਾਰ ਸਾਬਤ ਹੋ ਸਕਦੇ ਹਨ ਅਤੇ ਰਾਜਨੀਤਿਕ ਤਬਦੀਲੀਆਂ ਲਈ ਰਾਹ ਖੋਲ੍ਹ ਸਕਦੇ ਹਨ।
ਮੁਅੱਤਲੀ ਤੋਂ ਤੁਰੰਤ ਬਾਅਦ ਕਵਿਤਾ ਨੇ ਪਾਰਟੀ ਅਤੇ ਵਿਧਾਨ ਸਭਾ ਦੀ ਮੈਂਬਰਸ਼ਿਪ ਛੱਡ ਦਿੱਤੀ। ਉਹ ਆਪਣਾ ਰਾਜਨੀਤਿਕ ਸੰਗਠਨ ਸ਼ੁਰੂ ਕਰਨ ਬਾਰੇ ਵਿਚਾਰ ਕਰ ਰਹੀ ਹੈ। ਇਹ ਕਦਮ ਰਾਜ ਦੇ ਰਾਜਨੀਤਿਕ ਦ੍ਰਿਸ਼ ਨੂੰ ਮਹੱਤਵਪੂਰਨ ਤੌਰ ’ਤੇ ਬਦਲ ਸਕਦਾ ਹੈ ਪਰ ਸਿਰਫ ਤਾਂ ਹੀ ਜੇਕਰ ਉਹ ਸਫਲ ਹੋਣ। ਇਹ ਕਹਾਣੀ ਦੱਖਣੀ ਅਤੇ ਉੱਤਰੀ ਭਾਰਤ ਵਿਚ ਖੇਤਰੀ ਰਾਜਨੀਤੀ ਵਿਚ ਮੁੱਖ ਵਿਸ਼ਿਆਂ ਨੂੰ ਦਰਸਾਉਂਦੀ ਹੈ। ਉੱਤਰਾਧਿਕਾਰ ਦੇ ਮੁੱਦੇ ਲੰਬੇ ਸਮੇਂ ਤੋਂ ਖੇਤਰੀ ਪਾਰਟੀਆਂ ਨੂੰ ਪਰੇਸ਼ਾਨ ਕਰ ਰਹੇ ਹਨ, ਜਿਨ੍ਹਾਂ ਨੇ ਰਵਾਇਤੀ ਤੌਰ ’ਤੇ ਧੀਆਂ ਨਾਲੋਂ ਪੁੱਤਰਾਂ ਨੂੰ ਰਾਜਨੀਤਿਕ ਵਾਰਸ ਵਜੋਂ ਤਰਜੀਹ ਦਿੱਤੀ ਹੈ।
ਰਾਜਨੀਤਿਕ ਦੁਸ਼ਮਣੀਆਂ ਬਹੁਤ ਹਨ, ਜਿਨ੍ਹਾਂ ਵਿਚ ਵੀ. ਐੱਨ. ਜਾਨਕੀ ਬਨਾਮ ਜੇ. ਜੈਲਲਿਤਾ, ਐੱਨ. ਚੰਦਰਬਾਬੂ ਨਾਇਡੂ ਬਨਾਮ ਲਕਸ਼ਮੀ ਪਾਰਵਤੀ, ਐੱਮ.ਕੇ. ਸਟਾਲਿਨ ਬਨਾਮ ਐੱਮ.ਕੇ. ਅਲਾਗਿਰੀ, ਊਧਵ ਬਨਾਮ ਰਾਜ ਠਾਕਰੇ, ਅਤੇ ਹੁਣ ਕਵਿਤਾ ਬਨਾਮ ਕੇ.ਪੀ. ਰਾਮਾ ਰਾਓ ਸ਼ਾਮਲ ਹਨ।
ਕੇ. ਸੀ. ਆਰ. ਦੀ ਸਿਹਤ ਅਤੇ ਪ੍ਰਭਾਵ ਵਿਚ ਗਿਰਾਵਟ ਦੇ ਨਾਲ, ਬੀ.ਆਰ.ਐੱਸ. ਦੇ ਅੰਦਰ ਪਰਿਵਾਰਕ ਝਗੜਾ ਇਕ ਰਾਜਨੀਤਿਕ ਡਰਾਮੇ ਵਿਚ ਬਦਲ ਗਿਆ ਹੈ। ਉਸਦਾ ਕਰਿਸ਼ਮਾ 2023 ਦੀਆਂ ਚੋਣਾਂ ਵਿਚ ਵੋਟਰਾਂ ਨੂੰ ਪ੍ਰਭਾਵਿਤ ਕਰਨ ਵਿਚ ਅਸਫਲ ਰਿਹਾ, ਨਤੀਜੇ ਵਜੋਂ ਉਸਦੀ ਪਾਰਟੀ ਸੱਤਾ ਗੁਆ ਬੈਠੀ। 2024 ਦੀਆਂ ਲੋਕ ਸਭਾ ਚੋਣਾਂ ਵਿਚ ਬੀ.ਆਰ.ਐੱਸ. ਜ਼ੀਰੋ ’ਤੇ ਸਿਮਟ ਗਿਆ। ਕਵਿਤਾ, ਜਿਸ ਨੂੰ ਹਾਲ ਹੀ ਵਿਚ ਕਰੋੜਾਂ ਰੁਪਏ ਦੇ ਸ਼ਰਾਬ ਮਾਮਲੇ ਵਿਚ ਜੇਲ ਜਾਣ ਤੋਂ ਬਾਅਦ ਜ਼ਮਾਨਤ ’ਤੇ ਰਿਹਾਅ ਕੀਤਾ ਗਿਆ ਸੀ, ਹੁਣ ਆਪਣੇ ਪਿਤਾ ਦੇ ਵਿਸ਼ਵਾਸਪਾਤਰਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਉਹ ਰਾਜਨੀਤਿਕ ਤੌਰ ’ਤੇ ਢੁੱਕਵੇਂ ਬਣੇ ਰਹਿਣ ਲਈ ਸੰਘਰਸ਼ ਕਰ ਰਹੀ ਹੈ।
ਕੇ. ਸੀ.ਆਰ. ਦਾ ਪ੍ਰਧਾਨ ਮੰਤਰੀ ਬਣਨ ਦਾ ਇਕ ਵੱਡਾ ਸੁਪਨਾ ਸੀ, ਆਪਣੀ ਧੀ ਕਵਿਤਾ ਨੂੰ ਕੇਂਦਰੀ ਮੰਤਰੀ ਅਤੇ ਆਪਣੇ ਪੁੱਤਰ ਕੇ.ਪੀ. ਰਾਮਾ ਰਾਓ ਨੂੰ ਤੇਲੰਗਾਨਾ ਦਾ ਮੁੱਖ ਮੰਤਰੀ ਬਣਾਉਣਾ ਪਰ ਇਹ ਇਕ ਸੁਪਨਾ ਹੀ ਰਿਹਾ ਕਿਉਂਕਿ ਕੇ. ਸੀ.ਆਰ ਸਮੁੱਚੀ ਰਾਸ਼ਟਰੀ ਰਾਜਨੀਤੀ ਵਿਚ ਇਕ ਮਾਮੂਲੀ ਖਿਡਾਰੀ ਸੀ।
2023 ਵਿਚ ਸੱਤਾ ਤੋਂ ਬਾਹਰ ਹੋਣ ’ਤੇ ਬੀ.ਆਰ.ਐੱਸ. ਨੂੰ ਝਟਕਾ ਲੱਗਾ। ਜਿਵੇਂ ਕਿ ਕਈ ਖੇਤਰੀ ਪਾਰਟੀਆਂ ਦੇ ਮਾਮਲੇ ਵਿਚ ਹੁੰਦਾ ਹੈ, ਬੀ. ਆਰ. ਐੱਸ., ਜੋ 2023 ਦੀਆਂ ਚੋਣਾਂ ਵਿਚ ਤੀਜੇ ਸਥਾਨ ’ਤੇ ਰਹੀ ਦਾ ਮਨੋਬਲ ਟੁੱਟ ਗਿਆ ਸੀ। 2024 ਦੀਆਂ ਲੋਕ ਸਭਾ ਚੋਣਾਂ ਵਿਚ ਕਰਾਰੀ ਹਾਰ ਤੋਂ ਬਾਅਦ, ਕੇ. ਸੀ. ਆਰ. ਜਨਤਕ ਜੀਵਨ ਤੋਂ ਦੂਰ ਹੋ ਗਏ ਹਨ ਅਤੇ ਕਦੇ-ਕਦੇ ਹੀ ਮੀਡੀਆ ’ਚ ਦਿਖਾਈ ਦਿੰਦੇ ਹਨ । ਹੁਣ ਉਨ੍ਹਾਂ ਦਾ ਜ਼ਿਆਦਾਤਰ ਸਮਾਂ ਆਪਣੇ ਫਾਰਮ ਹਾਊਸ ਵਿਚ ਬੀਤਦਾ ਹੈ। ਇਸ ਤਰ੍ਹਾਂ ਇਕ ਖਲਾਅ ਪੈਦਾ ਹੋ ਗਿਆ ਹੈ ਜਿਸ ਨੂੰ ਇਕ ਯੋਗ ਰਾਜਨੀਤਿਕ ਉੱਤਰਾਧਿਕਾਰੀ ਦੁਆਰਾ ਭਰਨ ਦੀ ਜ਼ਰੂਰਤ ਹੈ। ਕੇ. ਸੀ. ਆਰ. ਖੁਦ ਆਪਣੇ ਸਿਆਸੀ ਉਤਰਾਅਧਿਕਾਰੀ ਦੇ ਰੂਪ ’ਚ ਆਪਣੇ ਬੇਟੇ ਕੇ. ਟੀ. ਆਰ. ’ਤੇ ਨਿਰਭਰ ਸਨ।
ਕਵਿਤਾ ਆਪਣੀ ਪਾਰਟੀ ਦੀ ਖੁੱਲ੍ਹ ਕੇ ਆਲੋਚਨਾ ਕਰਦੀ ਰਹੀ ਹੈ ਅਤੇ ਉਸ ਨੇ ਆਪਣੇ ਪਿਤਾ ਕੇ. ਸੀ.ਆਰ. ਨੂੰ ਉਨ੍ਹਾਂ ਦੀ ਹਾਲੀਆ ਊਰਜਾ ਦੀ ਘਾਟ ਬਾਰੇ ਛੇ ਪੰਨਿਆਂ ਦਾ ਪੱਤਰ ਲਿਖਿਆ ਹੈ। ਉਸ ਨੇ ਉਨ੍ਹਾਂ ਦੇ ਸਿਲਵਰ ਜੁਬਲੀ ਭਾਸ਼ਣ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਸ ਵਿਚ ਮਹੱਤਵਪੂਰਨ ਮੁੱਦਿਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ ਅਤੇ ਭਾਸ਼ਣ ਦੇ ਹੁਨਰ ਦੀ ਘਾਟ ਸੀ। ਕਵਿਤਾ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਚਚੇਰੇ ਭਰਾਵਾਂ ਨੇ ਉਨ੍ਹਾਂ ਦੇ ਪਿਤਾ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਲਈ ਕਾਂਗਰਸ ਨਾਲ ‘‘ਅਸਿੱਧਾ ਸਮਝੌਤਾ’’ ਕੀਤਾ ਹੈ ਅਤੇ ਚਿਤਾਵਨੀ ਦਿੱਤੀ ਕਿ ਉਨ੍ਹਾਂ ਨੂੰ ਵੀ ਇਸੇ ਤਰ੍ਹਾਂ ਦੇ ਨਤੀਜੇ ਭੁਗਤਣੇ ਪੈ ਸਕਦੇ ਹਨ।
ਦਿਲਚਸਪ ਗੱਲ ਇਹ ਹੈ ਕਿ ਕਵਿਤਾ ਕੇ. ਟੀ. ਆਰ. ਅਤੇ ਹਰੀਸ਼ ਰਾਓ ਸਾਰੇ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਚੋਣ ਲੜ ਰਹੇ ਹਨ।
ਕਵਿਤਾ ਦੀ ਬਗਾਵਤ ਇਕ ਨਾਜ਼ੁਕ ਸਮੇਂ ’ਤੇ ਆਈ ਹੈ ਜਦੋਂ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਕਾਲੇਸ਼ਵਰਮ ਲਿਫਟ ਸਿੰਚਾਈ ਪ੍ਰਾਜੈਕਟ ਨਾਲ ਸਬੰਧਤ ਕਥਿਤ ਮੁੱਦਿਆਂ ਦੀ ਜਾਂਚ ਕਰਨ ਲਈ ਤਿਆਰ ਹੈ, ਜਿਸ ਨੂੰ ਬੀ. ਆਰ. ਐੱਸ. ਨੇ ਤੇਲੰਗਾਨਾ ਦਾ ਰਤਨ ਦੱਸਿਆ ਹੈ।
ਕਵਿਤਾ ਨੇ ਦਾਅਵਾ ਕੀਤਾ, ‘ਕੇ. ਸੀ. ਆਰ. ਵਿਰੁੱਧ ਸੀ.ਬੀ.ਆਈ. ਜਾਂਚ ਪੂਰੀ ਤਰ੍ਹਾਂ ਹਰੀਸ਼ ਰਾਓ ਅਤੇ ਸੰਤੋਸ਼ ਕੁਮਾਰ ਦੇ ਭ੍ਰਿਸ਼ਟਾਚਾਰ ਦੇ ਕਾਰਨ ਹੈ।’’ ਮੁੱਖ ਮੰਤਰੀ ਰੇਵੰਤ ਰੈੱਡੀ ਦੁਆਰਾ ਤੇਲੰਗਾਨਾ ਦੇ ਇਕ ਮਹੱਤਵਪੂਰਨ ਪ੍ਰਾਜੈਕਟ ਕਾਲੇਸ਼ਵਰਮ ਪ੍ਰਾਜੈਕਟ ਵਿਚ ਬੇਨਿਯਮੀਆਂ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪਣ ਤੋਂ ਬਾਅਦ ਪਰਿਵਾਰਕ ਝਗੜਾ ਵਧ ਗਿਆ। ਰੈੱਡੀ ਨੇ ਤਤਕਾਲੀ ਮੁੱਖ ਮੰਤਰੀ ਕੇ. ਸੀ. ਆਰ. ਅਤੇ ਉਨ੍ਹਾਂ ਦੇ ਸਿੰਚਾਈ ਮੰਤਰੀ ਹਰੀਸ਼ ਰਾਓ ’ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਇਆ ਸੀ। ਕਵਿਤਾ ਨੇ ਕਾਲੇਸ਼ਵਰਮ ਵਿਚ ਬੇਨਿਯਮੀਆਂ ਨੂੰ ਲੈ ਕੇ ਆਪਣੇ ਚਚੇਰੇ ਭਰਾਵਾਂ ਹਰੀਸ਼ ਰਾਓ ਅਤੇ ਸੰਤੋਸ਼ ਰਾਓ ਦਾ ਸਾਹਮਣਾ ਕਰਨ ਦਾ ਫੈਸਲਾ ਕੀਤਾ ਹੈ। ਕੇ. ਸੀ. ਆਰ. ਦੀ ਸਿਹਤ ਵਿਗੜਨ ਤੋਂ ਬਾਅਦ ਸੱਤਾ ਸੰਘਰਸ਼ ਤੇਜ਼ ਹੋ ਗਿਆ ਹੈ। ਬੀ. ਆਰ. ਐੱਸ. ਦਾ ਭਵਿੱਖ ਕੀ ਹੈ, ਪਾਰਟੀ ਪਹਿਲਾਂ ਤੋਂ ਹੀ ਪਤਨ ਵੱਲ ਜਾ ਰਹੀ ਹੈ ਅਤੇ ਕਵਿਤਾ ਦੇ ਕੰਮਾਂ ਨਾਲ ਇਸ ਦੇ ਵੱਕਾਰ ਨੂੰ ਹੋਰ ਨੁਕਸਾਨ ਪਹੁੰਚ ਸਕਦਾ ਹੈ। ਕੇ. ਟੀ. ਆਰ. ਨੇ ਆਪਣੇ ਪਿਤਾ ਦੇ ਨਾਲ ਸਹਿਯੋਗ ਕੀਤਾ ਹੈ ਪਰ ਇਹ ਅਨਸ਼ਿਚਿਤ ਹੈ ਕਿ ਕੀ ਉਹ ਪਾਰਟੀ ਨੂੰ ਇਕ ਜੁੱਟ ਰੱਖ ਸਕਣਗੇ। ਇਸ ਦਾ ਭਵਿੱਖ ਅਨਿਸ਼ਚਿਤ ਬਣਿਆ ਹੋਇਆ ਹੈ। ਜਿਸ ਨਾਲ ਇਸ ਦੀ ਸਥਿਰਤਾ ਨੂੰ ਲੈ ਕੇ ਗੰਭੀਰ ਚਿੰਤਾਵਾਂ ਪੈਦਾ ਹੋ ਰਹੀਆਂ ਹਨ।
ਤੇਲੰਗਾਨਾ ਦੇ ਗਠਨ ਤੋਂ ਵੀ ਵੱਧ ਸਮੇਂ ਬਾਅਦ ਤੇਲੰਗਾਨਾ ਅੰਦੋਲਨ ਦੀ ਅਗਵਾਈ ਕਰਨ ਵਾਲੀ ਭਾਰਤ ਰਾਸ਼ਟਰੀ ਸੰਮਤੀ ਬੀ.ਆਰ.ਐੱਸ. ਸੜਕਾਂ ’ਤੇ ਹੈ। ਬੀ. ਆਰ. ਐੱਸ. ਦੇ ਸਾਹਮਣੇ ਹੋਂਦ ਦੀਆਂ ਚੁਣੌਤੀਆਂ ਹਨ। ਬੀ. ਆਰ. ਐੱਸ. ਮੈਂਬਰਾਂ ਦੇ ਕਾਂਗਰਸ ਜਾਂ ਭਾਜਪਾ ’ਚ ਸ਼ਾਮਲ ਹੋਣ ਦੀ ਸੰਭਾਵਨਾ ਸਿਆਸੀ ਦ੍ਰਿਸ਼ ਨੂੰ ਮਹੱਤਵਪੂਰਨ ਤੌਰ ’ਤੇ ਪ੍ਰਭਾਵਿਤ ਕਰ ਸਕਦੀ ਹੈ।
ਕਲਿਆਣੀ ਸ਼ੰਕਰ