ਕੀ ਨਵੇਂ ਅਕਾਲੀ ਦਲ ’ਚ ਸਭ ਠੀਕ-ਠਾਕ ਹੈ

Friday, Sep 19, 2025 - 04:09 PM (IST)

ਕੀ ਨਵੇਂ ਅਕਾਲੀ ਦਲ ’ਚ ਸਭ ਠੀਕ-ਠਾਕ ਹੈ

ਪੰਜਾਬ ਦੀ ਸਿਆਸਤ ’ਚ ਸ਼੍ਰੋਮਣੀ ਅਕਾਲੀ ਦਲ ਦੀ ਲੜਾਈ ਪਿਛਲੇ ਲੰਮੇ ਸਮੇਂ ਤੋਂ ਆਮ ਲੋਕਾਂ ਅਤੇ ਸਾਰੀਆਂ ਸਿਆਸੀ ਧਿਰਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਸ ਲੜਾਈ ਕਾਰਨ ਅਕਾਲੀ ਦਲ ਦੋ ਧਿਰਾਂ ਵਿਚ ਵੰਡਿਆ ਗਿਆ ਸੀ ਅਤੇ ਸਥਾਪਤ ਧਿਰ ਨੂੰ ਅਕਾਲੀ ਦਲ ਬਾਦਲ ਵਜੋਂ ਜਾਣਿਆ ਜਾਂਦਾ ਹੈ ਅਤੇ ਦੂਜੀ ਧਿਰ ਨੂੰ ਨਵਾਂ ਅਕਾਲੀ ਦਲ ( ਪੁਨਰ ਸੁਰਜੀਤ) ਦੇ ਨਾਂ ਨਾਲ ਜਾਣਿਆ ਜਾਣ ਲੱਗਾ ਹੈ। ਇਸ ਵੰਡ ਤੋਂ ਬਾਅਦ ਸਿਆਸੀ ਪਾਰਟੀਆਂ 2027 ਦੀਆਂ ਚੋਣਾਂ ਲਈ ਰਣਨੀਤੀ ਬਣਾਉਣ ਲਈ ਅਕਾਲੀ ਦਲ ਦੀ ਲੜਾਈ ਤੋਂ ਉਤਪੰਨ ਸਥਿੱਤੀ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਅਤੇ ਲੋਕਪ੍ਰਿਅਤਾ ਵੱਲ ਦੇਖ ਰਹੀਆਂ ਹਨ।

ਨਵੇਂ ਅਕਾਲੀ ਦਲ ਦੇ ਹੋਂਦ ਵਿਚ ਆਉਣ ਤੋਂ ਬਾਅਦ ਪੰਜਾਬ ਦੀ ਸਿਆਸੀ ਫਿਜ਼ਾ ਕਾਫੀ ਦਿਲਚਸਪ ਹੋ ਗਈ ਹੈ ਅਤੇ ਸਿਆਸੀ ਪਾਰਟੀਆਂ ਤੋਂ ਇਲਾਵਾ ਆਮ ਲੋਕਾਂ ’ਚ ਚਰਚਾ ਬਣੀ ਹੋਈ ਹੈ ਕਿ ਦੋਨਾਂ ਵਿਚੋਂ ਕਿਹੜਾ ਅਕਾਲੀ ਦਲ ਲੋਕਾਂ ਨੂੰ ਪ੍ਰਵਾਨ ਹੋਏਗਾ। ਇਸ ਲਈ ਦੋਵੇਂ ਅਕਾਲੀ ਦਲ ਜਿੱਥੇ ਆਪਣੇ ਤੌਰ ’ਤੇ ਕਾਰਵਾਈਆਂ ਕਰ ਕੇ ਵੋਟਰਾਂ ਨੂੰ ਲੁਭਾਉਣ ਲਈ ਕੋਸ਼ਿਸ਼ਾਂ ਕਰ ਰਹੇ ਹਨ, ਉਥੇ ਇਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਵੀ ਹਰ ਹੀਲਾ ਵਰਤ ਰਹੇ ਹਨ।

ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਧਾਨਗੀ ਸੰਭਾਲਣ ਦੇ ਪਹਿਲੇ ਦਿਨ ਸੁਖਬੀਰ ਸਿੰਘ ਬਾਦਲ ’ਤੇ ਤਿੱਖੇ ਹਮਲੇ ਕਰਦੇ ਹੋਏ ਬਾਦਲ ਅਕਾਲੀ ਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਨਾ ਮੰਨਣ ਦਾ ਦੋਸ਼ੀ ਦੱਸ ਕੇ ਭਗੌੜਾ ਦਲ ਦਾ ਖਿਤਾਬ ਦੇ ਦਿੱਤਾ ਅਤੇ ਹਮਲਾਵਰ ਹੁੰਦੇ ਹੋਏ ਅਕਾਲੀ ਦਲ ਦਾ ਦਫਤਰ , ਚੋਣ ਨਿਸ਼ਾਨ ਅਤੇ ਐੱਸ. ਜੀ. ਪੀ. ਸੀ. ’ਤੇ ਕੰਟਰੋਲ ਕਰਨ ਦੀ ਧਮਕੀ ਵੀ ਦੇ ਦਿੱਤੀ।

ਦੂਜੇ ਪਾਸੇ ਅਕਾਲੀ ਦਲ ਬਾਦਲ ਵੱਲੋਂ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਧੜੇ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਨਾ ਮੰਨਣ ਦਾ ਦੋਸ਼ ਲਾ ਕੇ ਇਹ ਕਿਹਾ ਜਾਣ ਲੱਗਾ ਕਿ ਅਕਾਲ ਤਖ਼ਤ ਸਾਹਿਬ ਨੇ ਅਕਾਲੀ ਦਲ ਨੂੰ ਏਕਾ ਕਰਨ ਲਈ ਕਿਹਾ ਸੀ ਨਾ ਕਿ ਅਲੱਗ ਅਕਾਲੀ ਦਲ ਬਣਾਉਣ ਲਈ। ਸੁਖਬੀਰ ਸਿੰਘ ਬਾਦਲ ਨੇ ਤਾਂ ਇਥੋਂ ਤੱਕ ਇਲਜ਼ਾਮ ਲਾਇਆ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਸਾਜ਼ਿਸ਼ ਅਧੀਨ ਇਕ ਕਹਾਣੀ ਬਣਾ ਕੇ ਮੈਨੂੰ ਪਾਰਟੀ ਅਤੇ ਪੰਥ ’ਚੋਂ ਕੱਢਣ ਲਈ ਇਕ ਸ਼ਿਕਾਇਤ ਲਿਖੀ ਅਤੇ ਮੇਰੇ ਵੱਲੋਂ ਅਕਾਲ ਤਖ਼ਤ ’ਤੇ ਅਕਾਲੀ ਸਰਕਾਰ ਵੇਲੇ ਹੋਈਆਂ ਸਭ ਗਲਤੀਆਂ ਆਪਣੀ ਝੋਲੀ ਪਵਾਉਣ ਤੋਂ ਬਾਅਦ ਵੀ ਨਹੀਂ ਹਟੇ।

ਇਸ ਤਕਰਾਰਬਾਜ਼ੀ ਦਰਮਿਆਨ ਗਿਆਨੀ ਹਰਪ੍ਰੀਤ ਸਿੰਘ ਦੀ ਬਿਆਨਬਾਜ਼ੀ ਨਾਲ ਇਕ ਵਾਰ ਇਹ ਪ੍ਰਭਾਵ ਬਣਨ ਲੱਗਾ ਸੀ ਕਿ ਨਵਾਂ ਅਕਾਲੀ ਦਲ, ਅਕਾਲੀ ਦਲ ਬਾਦਲ ਲਈ ਇਕ ਵੱਡੀ ਮੁਸੀਬਤ ਬਣ ਜਾਵੇਗਾ । ਗਿਆਨੀ ਹਰਪ੍ਰੀਤ ਸਿੰਘ ਦੀ ਕਾਰਜਸ਼ੈਲੀ ਦੇਖ ਕੇ ਲੱਗ ਰਿਹਾ ਸੀ ਕਿ ਅਕਾਲੀ ਦਲ ਬਾਦਲ ਨੂੰ ਗਿਆਨੀ ਹਰਪ੍ਰੀਤ ਸਿੰਘ ਦੇ ਤਿੱਖੇ ਹਮਲਿਆਂ ਦਾ ਜਵਾਬ ਦੇਣਾ ਔਖਾ ਹੋ ਜਾਵੇਗਾ ਅਤੇ ਕੁਝ ਸਮਾਂ ਅਜਿਹਾ ਬਣਿਆ ਵੀ ਰਿਹਾ ਅਤੇ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਬਾਦਲ ਨੂੰ ਪਿਛਾਂਹ ਧੱਕਣ ਵਿਚ ਕਾਮਯਾਬ ਹੁੰਦੇ ਵੀ ਦਿਸੇ।

ਨਵੇਂ ਅਕਾਲੀ ਦਲ ਨੇ ਇਹ ਪ੍ਰਭਾਵ ਵੀ ਦਿੱਤਾ ਕਿ ਨਵਾਂ ਅਕਾਲੀ ਦਲ ਜਲਦੀ ਹੀ ਜਥੇਬੰਧਕ ਢਾਂਚੇ ਦਾ ਗਠਨ ਕਰ ਦੇਵੇਗਾ ਅਤੇ ਸਿਆਸੀ ਸਰਗਰਮੀਆਂ ਤੇਜ਼ ਕਰ ਦੇਵੇਗਾ। ਇਸ ਕੜੀ ਅਧੀਨ ਪਹਿਲਾਂ ਜ਼ਿਲਾ ਪ੍ਰਧਾਨ ਅਤੇ ਸਰਕਲ ਪ੍ਰਧਾਨ ਬਣਾਉਣ ਦੀ ਤਜਵੀਜ਼ ਸੀ। ਪ੍ਰੰਤੂ ਨਵੇਂ ਅਕਾਲੀ ਦਲ ਨੇ ਇਨ੍ਹਾਂ ਨਿਯੁਕਤੀਆਂ ਨੂੰ ਅੱਗੇ ਪਾ ਕੇ ਜ਼ਿਲਾ ਅਬਜ਼ਰਵਰਾਂ ਦੀਆਂ ਨਿਯੁਕਤੀਆਂ ਕਰਨ ਨੂੰ ਪਹਿਲ ਦਿੱਤੀ ।

ਪਰ ਨਵੇਂ ਅਕਾਲੀ ਦਲ ਵੱਲੋਂ ਜਥੇਬੰਧਕ ਢਾਂਚਾ ਬਣਾਉਣ ’ਚ ਦੇਰੀ ਕਰਨ ਕਾਰਨ ਆਮ ਅਕਾਲੀ ਵਰਕਰਾਂ ਦੇ ਮਨਾਂ ਵਿਚ ਕੁਝ ਸ਼ੰਕਾ ਖੜ੍ਹੀ ਹੋਣੀ ਸ਼ੁਰੂ ਹੋ ਗਈ ਹੈ ਕਿ ਕੀ ਕਾਰਨ ਹੈ ਕਿ ਜਦੋਂ ਬਾਦਲ ਦਲ ਨੇ ਆਪਣਾ ਜਥੇਬੰਧਕ ਢਾਂਚਾ ਤਿਆਰ ਕਰ ਲਿਆ ਹੈ ਅਤੇ ਨਵਾਂ ਅਕਾਲੀ ਦਲ ਜਿਸ ਦੀ ਭਰਤੀ 15 ਲੱਖ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਕਿਉਂ ਜਥੇਬੰਧਕ ਢਾਂਚਾ ਬਣਾਉਣ ਵਿਚ ਪਿੱਛੇ ਹੈ। ਭਾਵੇਂ ਹੁਣ ਇਨ੍ਹਾਂ ਕਾਲਮਾਂ ਵਿਚ ਪਹਿਲਾਂ ਹੀ ਲਿਖੇ ਮੁਤਾਬਿਕ ਨਵੇਂ ਅਕਾਲੀ ਦਲ ਨੇ ਸਪੋਕਸਪਰਸਨ ਦੀਆਂ ਨਿਯੁਕਤੀਆਂ ਕਰ ਦਿੱਤੀਆਂ ਹਨ।

ਅਸੀਂ ਅੱਜ ਇਸ ਸਵਾਲ ’ਤੇ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਇਹ ਇਕ ਸੁਭਾਵਿਕ ਦੇਰੀ ਹੈ ਜਾਂ ਫਿਰ ਪਰਦੇ ਪਿੱਛੇ ਕੁੱਝ ਹੋਰ ਹੈ।

ਜੇਕਰ ਨਵੇਂ ਅਕਾਲੀ ਦਲ ਦੀ ਹੋਂਦ ’ਚ ਆਉਣ ਤੋਂ ਬਾਅਦ ਦੀ ਕਹਾਣੀ ’ਤੇ ਨਜ਼ਰ ਮਾਰੀਏ ਤਾਂ ਨਵੇਂ ਅਕਾਲੀ ਦਲ ਦੀ ਬਨਾਵਟ ਪੁਰਾਣੇ ਅਕਾਲੀ ਦਲ ਦੇ ਮੁਕਾਬਲੇ ਕੁਝ ਅਲੱਗ ਬਣਾਈ ਗਈ ਹੈ। ਇਸ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ । ਇਕ ਹਿੱਸਾ ਸਿਆਸੀ ਸਰਗਰਮੀਆਂ ਨੂੰ ਸੰਭਾਲਣ ਲਈ ਤਿਆਰ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਗਿਆਨੀ ਹਰਪ੍ਰੀਤ ਸਿੰਘ ਨੂੰ ਦਿੱਤੀ ਗਈ ਅਤੇ ਇਕ ਹਿੱਸਾ ਧਾਰਮਿਕ ਸਰਗਰਮੀਆਂ ਨੂੰ ਸੰਭਾਲਣ ਲਈ ਪੰਥਕ ਕੌਂਸਲ ਦੇ ਨਾਂ ’ਤੇ ਤਿਆਰ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਬੀਬੀ ਸਤਵੰਤ ਕੌਰ ਨੂੰ ਦਿੱਤੀ ਗਈ।

ਪਰ ਹੈਰਾਨਗੀ ਦੀ ਗੱਲ ਹੈ ਕਿ ਨਵੇਂ ਅਕਾਲੀ ਦਲ ਦੇ ਦੋਵੇਂ ਹਿੱਸੇ ਪ੍ਰਧਾਨਾਂ ਦੀ ਮੌਜੂਦਗੀ ਦੇ ਬਾਵਜੂਦ ਕੋਈ ਜਥੇਬੰਦਕ ਢਾਂਚਾ ਬਣਾਉਣ ਵਿਚ ਅਜੇ ਤੱਕ ਕਾਮਯਾਬ ਨਹੀਂ ਹੋਏ। ਜਿਨ੍ਹਾਂ ਤੋਂ ਪ੍ਰਭਾਵ ਮਿਲ ਰਿਹਾ ਹੈ ਕਿ ਨਵੇਂ ਅਕਾਲੀ ਦਲ ਵਿਚ ਸਭ ਅੱਛਾ ਨਹੀਂ ਹੈ।

ਕਿਉਂਕਿ ਪੰਜ ਮੈਂਬਰੀ ਕਮੇਟੀ ਦੀ ਸੋਚ ਹੈ ਕਿ ਉਨ੍ਹਾਂ ਨੇ ਮੈਂਬਰਸ਼ਿਪ ਪੂਰੀ ਕਰ ਕੇ ਪ੍ਰਧਾਨ ਬਣਾ ਕੇ ਅਕਾਲ ਤਖਤ ਸਾਹਿਬ ਦੇ ਹੁਕਮ ਦਾ ਇਕ ਹਿੱਸਾ ਪੂਰਾ ਕਰ ਦਿੱਤਾ ਹੈ ਪਰ ਪੰਥਕ ਏਕਤਾ ਕਰਵਾਉਣ ਦਾ ਕਾਰਜ ਸ਼ੁਰੂ ਕਰਨਾ ਅਜੇ ਬਾਕੀ ਹੈ ਜਿਸ ਲਈ ਗਿਆਨੀ ਹਰਪ੍ਰੀਤ ਸਿੰਘ ਦਾ ਸਾਥ ਜ਼ਰੂਰੀ ਹੈ।

ਦੂਜੇ ਪਾਸੇ ਨਵੇਂ ਅਕਾਲੀ ਦਲ ਵੱਲੋਂ ਅਜੇ ਤੱਕ ਕੋਈ ਰਸਮੀ ਮੀਟਿੰਗ ਕੀਤੇ ਜਾਣ ਬਾਰੇ ਕੋਈ ਖ਼ਬਰ ਨਹੀਂ ਹੈ। ਭਾਵੇਂ ਕਈ ਲੀਡਰ ਜਲਦੀ ਹੀ ਜਥੇਬੰਦਕ ਢਾਂਚਾ ਤਿਆਰ ਹੋ ਜਾਣ ਦਾ ਦਾਅਵਾ ਕਰ ਰਹੇ ਹਨ ਅਤੇ ਦੇਰੀ ਲਈ ਹੜ੍ਹਾਂ ਨੂੰ ਜ਼ਿੰਮੇਵਾਰ ਦੱਸ ਰਹੇ ਹਨ। ਇਥੋਂ ਤੱਕ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪੰਜ ਮੈਂਬਰੀ ਕਮੇਟੀ ਨਾਲ ਵੀ ਕੋਈ ਮੀਟਿੰਗ ਕੀਤੇ ਜਾਣ ਦੀ ਖ਼ਬਰ ਨਹੀਂ ਹੈ। ਪੰਜ ਮੈਂਬਰੀ ਕਮੇਟੀ ਦੇ ਮੈਂਬਰ ਭਾਵੇਂ ਇਸ ਬਾਰੇ ਕੁਝ ਕਹਿ ਨਹੀਂ ਰਹੇ ਪਰ ਉਹ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੁਧਾਰ ਲਹਿਰ ਵਾਲੀ ਲੀਡਰਸ਼ਿਪ ਨਾਲ ਨੇੜਤਾ ਰੱਖਣ ਕਾਰਨ ਆਪਣੇ ਆਪ ਨੂੰ ਨਜ਼ਰਅੰਦਾਜ਼ ਹੋਏ ਜ਼ਰੂਰ ਸਮਝਦੇ ਹਨ।

ਜੇਕਰ ਪੰਥਕ ਕੌਂਸਲ ਦੀ ਗੱਲ ਕਰੀਏ ਤਾਂ ਇਹ ਲੱਗ ਰਿਹਾ ਹੈ ਕਿ ਜਿਵੇਂ ਨਵੇਂ ਅਕਾਲੀ ਦਲ ਦੀ ਸਿਆਸੀ ਲੀਡਰਸ਼ਿਪ ਪੰਥਕ ਕੌਂਸਲ ਬਣਾਉਣ ਲਈ ਵੀ ਅਜੇ ਕੋਈ ਖ਼ਾਸ ਦਿਲਚਸਪੀ ਨਹੀਂ ਦਿਖਾ ਰਹੀ । ਪੰਥਕ ਕੌਂਸਲ ਦੀ ਪ੍ਰਧਾਨ ਬੀਬੀ ਸਤਵੰਤ ਕੌਰ ਕੌਂਸਲ ਦੇ ਅਹੁਦੇਦਾਰਾਂ ਦੀ ਨਿਯੁਕਤ ਕਰਨ ਵਿਚ ਦਿਲਚਸਪੀ ਦਿਖਾ ਰਹੇ ਹਨ ਅਤੇ ਪੰਥਕ ਕੌਂਸਲ ਦੇ ਕੁਝ ਅਹੁਦੇਦਾਰ ਅਤੇ ਮੈਂਬਰ ਬਣਾ ਕੇ ਪੰਥਕ ਏਕਤਾ ਵੱਲ ਕਦਮ ਪੁੱਟਣ ਦੀ ਤਿਆਰੀ ਕਰ ਰਹੇ ਹਨ ।

ਇਹ ਆਸ ਕੀਤੀ ਜਾ ਰਹੀ ਹੈ ਕਿ ਵੱਡੇ ਪੰਥਕ ਹਿੱਤਾਂ ਨੂੰ ਧਿਆਨ ’ਚ ਰਖਦੇ ਹੋਏ ਪੰਥਕ ਕੌਂਸਲ ਅਤੇ ਪੰਜ ਮੈਂਬਰੀ ਕਮੇਟੀ ਗਿਆਨੀ ਹਰਪ੍ਰੀਤ ਸਿੰਘ ਨਾਲ ਰਾਬਤਾ ਕਰ ਕੇ ਪੰਥਕ ਏਕਤਾ ਕਰਵਾਉਣ ਦੀ ਕੋਸ਼ਿਸ਼ ਕਰੇਗੀ।

ਇਕਬਾਲ ਸਿੰਘ ਚੰਨੀ


author

Rakesh

Content Editor

Related News