‘ਫਰਜ਼ੀ ਕਾਲ ਸੈਂਟਰ ਚਲਾਉਣ ਵਾਲੇ’ ਲੋਕਾਂ ਨੂੰ ਠੱਗ ਰਹੇ ਹਨ!
Thursday, Sep 18, 2025 - 06:42 AM (IST)

ਬੀਤੇ ਸਾਲ ਦੇਸ਼ ’ਚ ਸਾਈਬਰ ਠੱਗੀ ਦੇ 36,37,288 ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ’ਚ ਲੋਕਾਂ ਨਾਲ 22845 ਕਰੋੜ ਰੁਪਏ ਦੀ ਠੱਗੀ ਕੀਤੀ ਗਈ। ਕ੍ਰੈਡਿਟ ਕਾਰਡ ਦੀ ਲਿਮਿਟ ਵਧਾਉਣ , ਨੌਕਰੀ ਦਿਵਾਉਣ ਆਦਿ ਦੇ ਨਾਂ ’ਤੇ ਦੇਸ਼-ਵਿਦੇਸ਼ ਦੇ ਲੋਕਾਂ ਨੂੰ ਫਰਜ਼ੀ ਕਾਲ ਸੈਂਟਰਾਂ ਦੇ ਫਰਜ਼ੀ ਮੈਸੇਜ ਭੇਜ ਕੇ ਠੱਗਣ ਵਾਲੇ ਗਿਰੋਹ ਦੇਸ਼ ’ਚ ਤੇਜ਼ੀ ਨਾਲ ਵਧ ਰਹੇ ਹਨ, ਜਿਨ੍ਹਾਂ ਦੀਆਂ ਪਿਛਲੇ ਸਾਢੇ ਤਿੰਨ ਮਹੀਨਿਆਂ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :
*22 ਮਈ ਨੂੰ ‘ਅਨਕਾਪੱਲੀ’ (ਅਾਂਧਰਾ ਪ੍ਰਦੇਸ਼) ’ਚ ਪੁਲਸ ਨੇ ਅਮਰੀਕਾ, ਇੰਗਲੈਂਡ ਅਤੇ ਅਾਸਟ੍ਰੇਲੀਅਾ ਅਾਦਿ ਦੇਸ਼ਾਂ ਦੇ ਨਾਗਰਿਕਾਂ ਨੂੰ ਅਾਪਣਾ ਸ਼ਿਕਾਰ ਬਣਾਉਣ ਵਾਲੇ ਇਕ ਫਰਜ਼ੀ ‘ਇੰਟਰਨੈਸ਼ਨਲ ਕਾਲ ਸੈਂਟਰ’ ਨੂੰ ਬੇਨਕਾਬ ਕਰ ਕੇ ਉੱਥੇ ਕੰਮ ਕਰਦੇ ਕਈ ਵਿਅਕਤੀਅਾਂ ਨੂੰ ਫੜਿਅਾ।
* 18 ਜੂਨ ਨੂੰ ਪੁਲਸ ਨੇ ‘ਲਖਨਊ’ (ਉੱਤਰ ਪ੍ਰਦੇਸ਼) ’ਚ ਇਕ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ, ਜਿੱਥੇ ਏਅਰ ਲਾਈਨਜ਼ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੋਕਾਂ ਨੂੰ ਠੱਗਿਅਾ ਜਾਂਦਾ ਸੀ। ਪੁਲਸ ਨੇ ਇਸ ਸਬੰਧੀ 4 ਮਰਦਾਂ ਅਤੇ 5 ਅੌਰਤਾਂ ਨੂੰ ਗ੍ਰਿਫਤਾਰ ਕੀਤਾ।
* 21 ਅਗਸਤ ਨੂੰ ‘ਵਾਰਾਨਸੀ’ ( ਉੱਤਰ ਪ੍ਰਦੇਸ਼) ’ਚ ਫਰਜ਼ੀ ਕਾਲ ਸੈਂਟਰ ਬਣਾ ਕੇ ਠੱਗੀ ਕਰਨ ਦੇ ਦੋਸ਼ ਹੇਠ ਇਕ ਅੌਰਤ ਸਮੇਤ 29 ਸਾਈਬਰ ਅਪਰਾਧੀਅਾਂ ਨੂੰ ਗ੍ਰਿਫਤਾਰ ਕੀਤਾ ਗਿਅਾ। ਡੀ. ਸੀ. ਪੀ. ਕ੍ਰਾਈਮ ‘ਸਰਵਨ ਟੀ’ ਮੁਤਾਬਕ ਇਹ ਸਭ ਸ਼ੇਅਰ ਮਾਰਕੀਟ ’ਚ ਟ੍ਰੇਡਿੰਗ ਅਤੇ ਇਨਵੈਸਟਮੈਂਟ ਦੇ ਨਾਂ ’ਤੇ ਲੋਕਾਂ ਨਾਲ ਠੱਗੀ ਕਰਦੇ ਸਨ।
* 23 ਅਗਸਤ ਨੂੰ ‘ਗੁਰੂਗ੍ਰਾਮ’ (ਹਰਿਅਾਣਾ) ਦੇ ਸੈਕਟਰ 30 ’ਚ ਸਥਿਤ ਸਾਈਬਰ ਥਾਣਾ ਪੁਲਸ ਨੇ ਇਕ ਫਰਜ਼ੀ ਕਾਲ ਸੈਂਟਰ ’ਤੇ ਛਾਪਾ ਮਾਰਿਅਾ ਜਿੱਥੇ ਇਸ ਗਿਰੋਹ ਦੇ ਮੈਂਬਰ ਅਾਪਣੇ ਅਾਪ ਨੂੰ ਬੈਂਕ ਮੁਲਾਜ਼ਮ ਦੱਸ ਕੇ ਲੋਕਾਂ ਨੂੰ ਠੱਗ ਰਹੇ ਸਨ। ਇਸ ਸਬੰਧੀ ਗ੍ਰਿਫਤਾਰ ਕੀਤੇ ਗਏ 7 ਮੁਲਜ਼ਮਾਂ ’ਚ ਇਕ ਮੁਟਿਅਾਰ ਵੀ ਸ਼ਾਮਲ ਸੀ।
*23 ਅਗਸਤ ਨੂੰ ਹੀ ‘ਦਿੱਲੀ’ ’ਚ ਇਕ ਫੇਕ ਕਾਲ ਸੈਂਟਰ ਨੂੰ ਬੇਨਕਾਬ ਕੀਤਾ ਗਿਅਾ, ਜਿੱਥੇ ਇਨਵੈਸਟਮੈਂਟ ਦੇ ਨਾਂ ’ਤੇ ਲੋਕਾਂ ਨੂੰ ਠੱਗਿਅਾ ਜਾ ਰਿਹਾ ਸੀ। ਜਾਂਚ ਦੌਰਾਨ ਮੁਲਜ਼ਮਾਂ ਵੱਲੋਂ ਲਗਭਗ 125 ਕਰੋੜ ਰੁਪਇਅਾਂ ਦੀ ਠੱਗੀ ਦਾ ਪਤਾ ਲੱਗਾ। ਇੱਥੋਂ ਈ. ਡੀ. ਦੇ ਸਟਾਫ ਨੇ ਕਈ ਅਹਿਮ ਦਸਤਾਵੇਜ਼ ਅਤੇ ਡਿਜੀਟਲ ਰਿਕਾਰਡ , 30 ਬੈਂਕ ਅਕਾਊਂਟ, 8 ਲਗਜ਼ਰੀ ਕਾਰਾਂ, ਕਈ ਮਹਿੰਗੀਅਾਂ ਘੜੀਅਾਂ ਅਤੇ ਹੋਰ ਕੀਮਤੀ ਸਾਮਾਨ ਜ਼ਬਤ ਕੀਤਾ।
* 12 ਸਤੰਬਰ ਨੂੰ ‘ਫਰੀਦਾਬਾਦ’ (ਹਰਿਅਾਣਾ) ਪੁਲਸ ਨੇ ‘ਨੋਇਡਾ’ ਸਥਿਤ ਇਕ ਫਰਜ਼ੀ ਕਾਲ ਸੈਂਟਰ ਦੇ 2 ਮੁਲਾਜ਼ਮਾਂ ‘ਅਸ਼ੀਸ਼ ਕੁਮਾਰ’ ਅਤੇ ‘ਅਾਕਿਬ ਖਾਨ’ ਨੂੰ ਗ੍ਰਿਫਤਾਰ ਕੀਤਾ, ਜੋ ਕ੍ਰੈਡਿਟ ਕਾਰਡ ਦੀ ਲਿਮਿਟ ਵਧਵਾਉਣ ਅਤੇ ਸਾਲਾਨਾ ਚਾਰਜ ਘੱਟ ਕਰਨ ਦਾ ਲਾਲਚ ਦੇ ਕੇ ਲੋਕਾਂ ਨਾਲ ਠੱਗੀ ਕਰਦੇ ਸਨ। ਉਨ੍ਹਾਂ ਨੇ ਸ਼ਿਕਾਇਤਕਰਤਾ ਨੂੰ ਸਾਲਾਨਾ ਟੈਕਸ ਹਟਾਉਣ ਦੇ ਬਹਾਨੇ ਇਕ ਐਪ ਡਾਊਨਲੋਡ ਕਰਵਾ ਕੇ 34,976 ਰੁਪਏ ਦੀ ਠੱਗੀ ਮਾਰ ਲਈ।
* 13 ਸਤੰਬਰ ਨੂੰ ਸੀ. ਬੀ. ਅਾਈ. ਨੇ ‘ਨਾਸਿਕ’ ਅਤੇ ‘ਕਲਿਅਾਣ’ (ਮਹਾਰਾਸ਼ਟਰ) ’ਚ ਛਾਪੇਮਾਰੀ ਕਰ ਕੇ 2 ਫਰਜ਼ੀ ਕਾਲ ਸੈਂਟਰਾਂ ਦੇ 2 ਮੁਲਾਜ਼ਮਾਂ ‘ਗਣੇਸ਼’ ਅਤੇ ‘ਸ਼ਿਅਾਮ ਕਮਨਕਰ’ ਨੂੰ ਗ੍ਰਿਫਤਾਰ ਕੀਤਾ।
ਇਹ ਲੋਕਾਂ ਨੂੰ ਫੋਨ ਕਰ ਕੇ ਖੁਦ ਨੂੰ ਬੀਮਾ ਏਜੰਟ ਜਾਂ ਸਰਕਾਰੀ ਅਧਿਕਾਰੀ ਦੱਸ ਕੇ ਉਨ੍ਹਾਂ ਦੇ ਬੈਂਕ ਅਤੇ ਕ੍ਰੈਡਿਟ ਕਾਰਡਾਂ ਦੀ ਖੂਫੀਅਾ ਜਾਣਕਾਰੀ ਕਢਵਾ ਕੇ ਨਕਲੀ ਬੀਮਾ ਪਾਲਿਸੀਅਾਂ ਦੇ ਨਾਂ ’ਤੇ ਉਨ੍ਹਾਂ ਕੋਲੋਂ ਪੈਸੇ ਬਟੋਰਦੇ ਸਨ।
* ਅਤੇ ਹੁਣ 16 ਸਤੰਬਰ ਨੂੰ ਮੁੰਬਈ ਪੁਲਸ ਨੇ ਇਕ ਫਰਜ਼ੀ ਕਾਲ ਸੈਂਟਰ ਚਲਾਉਣ ਵਾਲੇ ਇਕ ਗਿਰੋਹ ਦੇ 13 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ’ਤੇ ਅਮਰੀਕੀ ਨਾਗਰਿਕਾਂ ਨੂੰ ਉਨ੍ਹਾਂ ਦੇ ਕੰਪਿਊਟਰ ਦੇ ‘ਐਂਟੀ ਵਾਇਰਸ ਸਾਫਟਵੇਅਰ’ ਨੂੰ ਅਪਡੇਟ ਕਰਨ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਹੈ।
ਛਾਪੇਮਾਰੀ ਦੌਰਾਨ ਫੜੇ ਗਏ ਉਕਤ ਫਰਜ਼ੀ ਕਾਲ ਸੈਂਟਰ ਤਾਂ ਧੋਖਾਦੇਹੀ ਰੂਪੀ ਸਾਗਰ ’ਚ ਇਕ ਬੂੰਦ ਦੇ ਬਰਾਬਰ ਹਨ। ਜਦੋਂ ਕਿ ਦੇਸ਼ ’ਚ ਅਜਿਹੇ ਫਰਜ਼ੀ ਕਾਲ ਸੈਂਟਰਾਂ ਦੀ ਭਰਮਾਰ ਹੈ, ਜੋ ਲੋਕਾਂ ਨੂੰ ਠੱਗ ਰਹੇ ਹਨ।
ਲੋਕਾਂ ਨਾਲ ਹੋ ਰਹੀ ਇਸ ਤਰ੍ਹਾਂ ਦੀ ਠੱਗੀ ਦਾ ਕਾਰਨ ਲੋਕਾਂ ’ਚ ਜਾਗਰੂਕਤਾ ਦੀ ਕਮੀ ਵੀ ਹੈ। ਅਜਿਹੇ ਮਾਮਲਿਅਾਂ ’ਚ ਅਪਰਾਧੀਅਾਂ ਵਿਰੁੱਧ ਤੁਰੰਤ ਸਖਤ ਕਾਰਵਾਈ ਕਰਨ ਤੋਂ ਇਲਾਵਾ ਸਰਕਾਰ ਨੂੰ ਜਾਗਰੂਕਤਾ ਮੁਹਿੰਮ ਚਲਾਉਣ ਦੀ ਲੋੜ ਹੈ। ਇਸ ਮੁਹਿੰਮ ਅਧੀਨ ਅਾਮ ਲੋਕਾਂ ਨੂੰ ਸਾਈਬਰ ਠੱਗੀ ਤੋਂ ਬਚਣ ਦੇ ਤਰੀਕੇ ਦੱਸਣਾ ਜ਼ਰੂਰੀ ਹੈ। ਕਾਨੂੰਨੀ ਸਖਤੀ ਅਤੇ ਲੋਕਾਂ ਦੀ ਜਾਗਰੂਕਤਾ ਨਾਲ ਹੀ ਅਜਿਹੇ ਸਾਈਬਰ ਅਪਰਾਧੀਅਾਂ ਤੋਂ ਬਚਿਅਾ ਜਾ ਸਕਦਾ ਹੈ।
-ਵਿਜੇ ਕੁਮਾਰ