ਦੇਸ਼ ’ਚ ‘ਡੁਪਲੀਕੇਟ’ ਦਾ ਬੋਲਬਾਲਾ! ‘ਖੁਰਾਕੀ ਵਸਤਾਂ ਹੀ ਨਹੀਂ, ਨਕਲੀ ਅਧਿਕਾਰੀ ਵੀ ਫੜੇ ਜਾ ਰਹੇ’
Saturday, Sep 06, 2025 - 06:45 AM (IST)

ਦੇਸ਼ ’ਚ ਨਕਲੀ ਖੁਰਾਕੀ ਪਦਾਰਥਾਂ, ਦਵਾਈਆਂ, ਖਾਦਾਂ, ਕੀਟਨਾਸ਼ਕਾਂ, ਕਰੰਸੀ ਆਦਿ ਦੀਆਂ ਗੱਲਾਂ ਤਾਂ ਸੁਣੀਆਂ ਜਾਂਦੀਆਂ ਸਨ ਪਰ ਹੁਣ ਇਹ ਬੀਮਾਰੀ ਨਕਲੀ ਸਿਵਲ ਅਤੇ ਪੁਲਸ ਅਧਿਕਾਰੀਆਂ ਆਦਿ ਤੱਕ ਪਹੁੰਚ ਗਈ ਹੈ ਅਤੇ ਇਸ ’ਚ ਔਰਤਾਂ ਵੀ ਸ਼ਾਮਲ ਪਾਈਆਂ ਜਾ ਰਹੀਆਂ ਹਨ। ਜਿਸ ਦੀਆਂ ਸਿਰਫ 2 ਹਫਤੇ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :
* 22 ਅਗਸਤ ਨੂੰ ਦਿੱਲੀ ਦੇ ਵਿਵੇਕ ਬਿਹਾਰ ਇਲਾਕੇ ’ਚ ਨਕਲੀ ਸੀ. ਬੀ.ਆਈ. ਅਧਿਕਾਰੀ ਬਣ ਕੇ ਆਏ ਗੈਂਗ ਵਲੋਂ ਇਕ ਪ੍ਰਾਪਰਟੀ ਡੀਲਰ ਦੇ ਦਫਤਰ ਤੋਂ 2.3 ਕਰੋੜ ਰੁਪਏ ਦੀ ਲੁੱਟ ਦੇ ਮਾਮਲੇ ’ਚ ਪੁਲਸ ਨੇ ਇਕ ਮਹਿਲਾ ਸਮੇਤ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ 1.8 ਕਰੋੜ ਰੁਪਏ ਬਰਾਮਦ ਕੀਤੇ।
ਇਨ੍ਹਾਂ ਫਰਜ਼ੀ ਅਧਿਕਾਰੀਆਂ ’ਤੇ ਪ੍ਰਾਪਰਟੀ ਲੀਡਰ ਦੇ 2 ਕਰਮਚਾਰੀਆਂ ਨੂੰ ਬੁਰੀ ਤਰ੍ਹਾਂ ਕੁੱਟਣ, ਦਫਤਰ ’ਚ ਰੱਖਿਆ ਕੈਸ਼ ਚੁੱਕ ਕੇ ਲੈ ਜਾਣ ਅਤੇ ਉਨ੍ਹਾਂ ਨੂੰ ਬੰਦੀ ਬਣਾ ਕੇ ਵੱਖਰੀਆਂ-ਵੱਖਰੀਆਂ ਥਾਵਾਂ ’ਤੇ ਧਮਕਾਉਂਦੇ ਹੋਏ ਗੱਡੀ ਤੋਂ ਉਤਾਰ ਦੇਣ ਦਾ ਦੋਸ਼ ਹੈ।
* 27 ਅਗਸਤ ਨੂੰ ਧੌਲਪੁਰ (ਰਾਜਸਥਾਨ) ’ਚ ਸਦਰ ਥਾਣਾ ਦੀ ਪੁਲਸ ਨੇ ਪੱਛਮੀ ਬੰਗਾਲ ਦੇ ਰਹਿਣ ਵਾਲੇ ‘ਸੁਪ੍ਰਿਓ ਮੁਖਰਜੀ’ ਨਾਂ ਦੇ ਇਕ ਫਰਜ਼ੀ ਪੁਲਸ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ, ਜੋ ਲੋਕਾਂ ’ਤੇ ਧੌਂਸ ਜਮਾਉਣ ਅਤੇ ਟੋਲ ਟੈਕਸ ਤੋਂ ਬਚਣ ਲਈ ਪੁਲਸ ਦੀ ਵਰਦੀ ਪਾ ਕੇ ਘੁੰਮਦਾ ਅਤੇ ਲੋਕਾਂ ਨੂੰ ਠੱਗਦਾ ਸੀ।
ਉਸ ਨੇ ਆਪਣੀ ਗੱਡੀ ’ਤੇ ਨੀਲੀ ਬੱਤੀ ਅਤੇ ਵਰਦੀ ’ਤੇ ਤਿੰਨ ਸਟਾਰ ਵੀ ਲਗਾਏ ਹੋਏ ਸਨ। ਸ਼ੱਕ ਹੋਣ ’ਤੇ ਉਸ ਦੀ ਗੱਡੀ ਨੂੰ ਰੋਕ ਕੇ ਜਦੋਂ ਅਧਿਕਾਰੀਆਂ ਨੇ ਉਸ ਤੋਂ ਪੱੁਛਗਿੱਛ ਕੀਤੀ ਤਾਂ ਉਹ ਖੁਦ ਨੂੰ ਕਦੇ ਹੋਮਗਾਰਡ ਅਤੇ ਕਦੇ ਐੱਨ. ਸੀ. ਜੀ (ਨੈਸ਼ਨਲ ਕੋਸਟ ਗਾਰਡ) ਦਾ ਅਧਿਕਾਰੀ ਦੱਸਣ ਲੱਗਾ।
ਉਸ ਦੇ ਬਿਆਨ ’ਚ ਫਰਕ ਪਾਏ ਜਾਣ ’ਤੇ ਡੂੰਘੀ ਪੁੱਛਗਿੱਛ ਦੇ ਦੌਰਾਨ ਉਸ ਦੀ ਜਾਅਲਸਾਜ਼ੀ ਦਾ ਭਾਂਡਾ ਭੰਨੇ ਜਾਣ ’ਤੇ ਅਧਿਕਾਰੀਆਂ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਉਸ ਦੀ ਕਾਰ ਦੀ ਤਲਾਸ਼ੀ ਲੈਣ ’ਤੇ ਏਅਰਗੰਨ, ਕਾਰਤੂਸ, ਲੈਪਟਾਪ ਅਤੇ ਫਰਜ਼ੀ ਆਈ. ਡੀ. ਕਾਰਡ ਆਦਿ ਬਰਾਮਦ ਹੋਏ।
* 4 ਸਤੰਬਰ ਨੂੰ ‘ਲਖਨਊ’ (ਉੱਤਰ ਪ੍ਰਦੇਸ਼) ’ਚ ਖੁਦ ਨੂੰ ਆਈ. ਏ. ਐੱਸ. ਅਧਿਕਾਰੀ ਦੱਸ ਕੇ ਲੋਕਾਂ ਨਾਲ ਠੱਗੀ ਕਰ ਕੇ ਸ਼ਾਹੀ ਜ਼ਿੰਦਗੀ ਬਿਤਾਉਣ ਵਾਲੇ ‘ਸੌਰਭ ਤ੍ਰਿਪਾਠੀ’ ਨੂੰ ਗ੍ਰਿਫਤਾਰੀ ਕਰ ਕੇ ਪੁਲਸ ਨੇ ਉਸ ਦੇ ਕੋਲੋਂ 3 ਇਨੋਵਾ ਕਾਰਾਂ ਤੋਂ ਇਲਾਵਾ ਨੀਲੀ ਬੱਤੀ ਲਗਾਈ ਹੋਈ ਰੇਂਜ ਰੋਵਰ ਡਿਫੈਂਡਰ, ਮਰਸਡੀਜ਼ ਬੈਂਜ਼ ਅਤੇ ਟੋਇਟਾ ਫਾਰਚੂਨਰ ਵਰਗੀਆਂ 6 ਸੁਪਰ ਲਗਜ਼ਰੀ ਕਾਰਾਂ ਜ਼ਬਤ ਕੀਤੀਆਂ। ਜਿਨ੍ਹਾਂ ਦੇ ਦਸਤਾਵੇਜ਼ ਵੀ ਜਾਂਚ ਦੇ ਦੌਰਾਨ ਜਾਅਲੀ ਪਾਏ ਗਏ।
ਇਸ ਤੋਂ ਇਲਾਵਾ ਉਸ ਦੇ ਕੋਲੋਂ ਉੱਤਰ ਪ੍ਰਦੇਸ਼ ਸਕੱਤਰੇਤ ’ਚ ਐਂਟਰੀ ਲਈ ਬਣਾਏ ਗਏ ਫਰਜ਼ੀ ਪਾਸ ਅਤੇ ਹੋਰ ਚੀਜ਼ਾਂ ਵੀ ਬਰਾਮਦ ਕੀਤੀਆਂ ਗਈਆਂ।
ਵੱਖ-ਵੱਖ ਸਰਕਾਰੀ ਵਿਭਾਗਾਂ ’ਚ ਤਬਾਦਲਿਆਂ ਅਤੇ ਠੇਕੇ ਦੁਆਉਣ ਆਦਿ ਦੇ ਨਾਂ ’ਤੇ ਦਲਾਲੀ ਕਰਨ ਵਾਲਾ ਇਹ ਠੱਗ 60,000 ਰੁਪਏ ਮਾਸਿਕ ਕਿਰਾਏ ਦੇ ਫਲੈਟ ’ਚ ਰਹਿੰਦਾ ਸੀ। ਉਹ ਆਪਣੇ ਸ਼ੌਕ ਪੂਰੇ ਕਰਨ ਲਈ 1 ਮਹੀਨੇ ’ਚ ਲਗਭਗ 10 ਲੱਖ ਰੁਪਏ ਖਰਚ ਕਰਦਾ ਸੀ।
ਅਧਿਕਾਰੀਆਂ ਅਨੁਸਾਰ ਸੌਰਭ ਦੀਆਂ ਲਖਨਊ, ਨੋਇਡਾ, ਮਾਊ ਅਤੇ ਬਿਹਾਰ ’ਚ ਜਾਇਦਾਦਾਂ ਮਿਲੀਆਂ ਹਨ ਅਤੇ ਇਸ ਦੀ ਪਤਨੀ ਵੀ ਇੰਜੀਨੀਅਰ ਹੈ ਜੋ ਲਗਭਗ 1 ਲੱਖ ਰੁਪਏ ਤਨਖਾਹ ਲੈਂਦੀ ਹੈ।
* ਅਤੇ ਹੁਣ 5 ਸਤੰਬਰ ਨੂੰ (ਛੱਤੀਸਗੜ੍ਹ) ਦੀ ਰਾਜਧਾਨੀ ਰਾਏਪੁਰ ’ਚ ਖੁਦ ਨੂੰ ਕ੍ਰਾਈਮ ਬ੍ਰਾਂਚ ਦਾ ਸਿਪਾਹੀ ਦੱਸਣ ਵਾਲੇ ‘ਆਸ਼ੀਸ਼ ਘੋਸ਼’ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਉਸ ’ਤੇ 2 ਆਈ. ਪੀ. ਐੱਸ. ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸਿਪਾਹੀਆਂ, ਹੌਲਦਾਰਾਂ ਅਤੇ ਹੋਰ ਪੁਲਸ ਕਰਮਚਾਰੀਆਂ ਦਾ ਵੱਖ-ਵੱਖ ਥਾਣਿਆਂ ’ਚ ਤਬਾਦਲਾ ਕਰਵਾਉਣ ਅਤੇ ਉਨ੍ਹਾਂ ਤੋਂ ਵਸੂਲੀ ਕਰਨ ਦੇ ਦੋਸ਼ ਹਨ।
ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਦੇਸ਼ ’ਚ ਜਾਅਲਸਾਜ਼ੀ ਕਰ ਕੇ ਲੋਕਾਂ ਨੂੰ ਠੱਗਣ ਦੀ ਬੁਰਾਈ ਕਿਸ ਕਦਰ ਵਧ ਰਹੀ ਹੈ। ਇਸ ਲਈ ਅਜਿਹੇ ਸਮਾਜ ਵਿਰੋਧੀ ਤੱਤਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਲੋੜ ਹੈ ਤਾਂ ਕਿ ਦੂਜਿਆਂ ਨੂੰ ਸਬਕ ਮਿਲੇ। ਜਨਤਾ ਨੂੰ ਵੀ ਇਸ ਮਾਮਲੇ ’ਚ ਜਾਗਰੂਕ ਹੋਣ ਦੀ ਲੋੜ ਹੈ, ਜਿਸ ਨਾਲ ਕੋਈ ਠੱਗ ਉਨ੍ਹਾਂ ਦੀ ਗਾੜੇ ਪਸੀਨੇ ਦੀ ਕਮਾਈ ਨਾ ਲੁੱਟ ਸਕੇ।
–ਵਿਜੇ ਕੁਮਾਰ