ਕਿਉਂਕਿ ਸਭ ਕੁਝ ਜਾਣਦੇ ਹਨ-ਕਾਂ
Tuesday, Sep 09, 2025 - 05:04 PM (IST)

ਸਰਾਧ ਜਾਂ ਪਿੱਤਰ ਪੱਖ ਉੱਤਰ ਭਾਰਤੀਆਂ ਦੇ ਮਨਾਂ ਵਿਚ ਆਪਣੇ ਪੁਰਖਿਆਂ ਨੂੰ ਯਾਦ ਕਰਨ ਦਾ ਇਕ ਤਰੀਕਾ ਹੈ। ਦਾਦੀ, ਦਾਦਾ, ਪਿਤਾ, ਮਾਤਾ ਦਾ ਸਰਾਧ ਕੀਤਾ ਜਾਂਦਾ ਹੈ। ਇਸ ਦਿਨ ਪਰਿਵਾਰ ਦੇ ਉਸ ਮੈਂਬਰ ਨੂੰ ਜੋ ਵੀ ਖਾਣਾ ਪਸੰਦ ਸੀ, ਉਹ ਵਿਸ਼ੇਸ਼ ਤੌਰ ’ਤੇ ਬਣਾਇਆ ਜਾਂਦਾ ਹੈ।
ਪੂਰੀ, ਪਕਵਾਨ ਦੇ ਨਾਲ ਜੇਕਰ ਕਿਸੇ ਨੂੰ ਮਾਂਹ ਦੀ ਦਾਲ ਅਤੇ ਮਿੱਸੀ ਰੋਟੀ ਪਸੰਦ ਸੀ ਤਾਂ ਉਹ ਵੀ। ਬ੍ਰਜ ਪ੍ਰਦੇਸ਼ ਤੋਂ ਆਉਂਦੀ ਹਾਂ ਤਾਂ ਉਥੋਂ ਦਾ ਖਾਸ ਰਿਵਾਜ਼ ਇਹ ਸੀ ਅਤੇ ਸ਼ਾਇਦ ਅੱਜ ਵੀ ਹੋਵੇ ਕਿ ਖਾਣਾ ਪੰਡਿਤ ਜੀ ਨੂੰ ਪਰੋਸਣ ਤੋਂ ਬਾਅਦ 5 ਜਾਂ 7 ਥਾਲੀਆਂ ਬਣਾਈਆਂ ਜਾਂਦੀਆਂ ਸਨ। ਇਨ੍ਹਾਂ ਨੂੰ ਘਰ-ਘਰ ਉੱਗੀ ਤੋਰੀ ਦੀ ਵੇਲ ਦੇ ਪੱਤਿਆਂ ਨਾਲ ਬਣਾਇਆ ਜਾਂਦਾ ਸੀ।
ਫਿਰ ਇਨ੍ਹਾਂ ’ਚ ਜਿਹੜਾ ਵੀ ਭੋਜਨ ਉਸ ਦਿਨ ਬਣਿਆ ਹੈ, ਉਸ ਨੂੰ ਪਰੋਸਿਆਂ ਜਾਂਦਾ ਸੀ, ਘਰ ਦੇ ਲੋਕ ਇਨ੍ਹਾਂ ਥਾਲੀਆਂ ਨੂੰ ਲੈ ਕੇ ਛੱਤ ’ਤੇ ਜਾਂਦੇ ਸਨ ਅਤੇ ਕਾਵਾਂ ਨੂੰ ਆਵਾਜ਼ ਲਗਾਈ ਜਾਂਦੀ ਸੀ। ਆਓ-ਆਓ ਅਤੇ ਹੈਰਾਨੀ ਦੀ ਗੱਲ ਹੈ ਕਿ ਕਾਂ ਉੱਡਦੇ ਹੋਏ ਜਿਵੇਂ ਦੌੜ ਰਹੇ ਹੋਣ, ਇਸ ਤਰ੍ਹਾਂ ਆਉਂਦੇ ਸਨ।
ਉਹ ਉੱਥੇ ਹੀ ਬੈਠ ਕੇ ਖੂਬ ਆਨੰਦ ਨਾਲ ਪਕਵਾਨ ਖਾਂਦੇ ਅਤੇ ਘਰ ਵਾਲੇ ਇਸ ਨੂੰ ਆਪਣੀ ਖੁਸ਼ਕਿਸਮਤੀ ਮੰਨਦੇ। ਕਾਵਾਂ ਨੂੰ ਖੁਆਉਣ ਦੇ ਬਾਅਦ ਹੀ ਘਰ ਦੇ ਲੋਕ ਭੋਜਨ ਕਰਦੇ ਸਨ। ਮਾਨਤਾ ਸੀ ਕਿ ਕਾਂ ਸਾਡੇ ਵਿਛੜੇ ਪਰਿਵਾਰਕ ਮੈਂਬਰਾਂ ਤੱਕ ਭੋਜਨ ਪਹੁੰਚਾ ਦਿੰਦੇ ਹਨ।
ਸ਼ਾਇਦ ਇਸ ਦੇ ਪਿੱਛੇ ਇਸ ਪੰਛੀ ਨੂੰ ਵੀ ਸਮਾਜ ’ਚ ਉਚਿੱਤ ਜਗ੍ਹਾ ਮਿਲੇ, ਇਹ ਸੋਚ ਰਹੀ ਹੋਵੇ, ਕਿਉਂਕਿ ਕਾਵਾਂ ਨੂੰ ਆਮ ਤੌਰ ’ਤੇ ਕੋਈ ਪਸੰਦ ਨਹੀਂ ਕਰਦਾ ਹੈ।
ਇਕ ਦੋਹਾ ਤਾਂ ਤੁਸੀਂ ਸੁਣਿਆ ਹੀ ਹੋਵੇਗਾ–
‘‘ਕਾਗਾ ਕਾ ਕੌ ਲੇਤ ਹੈ, ਕੋਯਲ ਕਾ ਕੋ ਦੇਤ’
ਮੀਠੇ ਬੋਲ ਸੁਨਾਏ ਕੇ ਸਬਕੋ ਮਨ ਹਰ ਲੇਤ’
ਪਿਛਲੀ ਦਿਨੀਂ ਪਿੰਡ ਤੋਂ ਇਕ ਰਿਸ਼ਤੇਦਾਰ ਆਏ ਸਨ ਦੱਸਣ ਲੱਗੇ ਕਿ ਉਨ੍ਹਾਂ ਨੇ ਆਪਣੀ ਬੇਟੀ ਦਾ ਰਿਸ਼ਤਾ ਤੈਅ ਕਰਨਾ ਹੈ ਪਰ ਸਰਾਧਾਂ ਦੇ ਬਾਅਦ ਕਰਨਗੇ। ਇਨ੍ਹੀਂ ਦਿਨੀਂ ਕੋਈ ਵੀ ਸ਼ੁੱਭ ਕੰਮ ਨਹੀਂ ਕੀਤਾ ਜਾਂਦਾ ਹੈ। ਇਹ ਸੋਗ ਦੇ ਦਿਨ ਹੁੰਦੇ ਹਨ। ਉਨ੍ਹਾਂ ਨਾਲ ਗੱਲ ਕਰਦੇ-ਕਰਦੇ ਕਾਵਾਂ ਬਾਰੇ ਗੱਲਾਂ ਹੋਣ ਲੱਗੀਆਂ। ਬੜੇ ਅਫਸੋਸ ਨਾਲ ਬੋਲੇ ਕਿ ਹੁਣ ਪਿੰਡ ’ਚ ਵੀ ਕਾਂ ਦਿਖਾਈ ਨਹੀਂ ਦਿੰਦੇ, ਪਤਾ ਨਹੀਂ ਸਭ ਕਿੱਥੇ ਚਲੇ ਗਏ। ਸੁਣ ਕੇ ਬੜਾ ਅਫਸੋਸ ਹੋਇਆ।
ਕਾਂ ਗਾਇਬ ਹੋ ਰਹੇ ਹਨ, ਇਸ ਦੀ ਕਿਸੇ ਨੂੰ ਖਬਰ ਤੱਕ ਨਹੀਂ, ਕੁਦਰਤੀ ਸੰਤੁਲਨ ਨੂੰ ਬਣਾਈ ਰੱਖਣ ’ਚ ਕਾਂ ਬਹੁਤ ਜ਼ਰੂਰੀ ਹਨ ਪਰ ਇਕ ਪਾਸੇ ਤਾਂ ਕਾਵਾਂ ਨੂੰ ਖੁਆਉਣ ਦਾ ਰਿਵਾਜ਼ ਹੈ ਤਾਂ ਦੂਜੇ ਪਾਸੇ ਉਨ੍ਹਾਂ ਨੂੰ ਬਹੁਤ ਭੈੜੇ ਅਤੇ ਚਾਲਬਾਜ਼ ਪੰਛੀ ਮੰਨਿਆ ਜਾਂਦਾ ਹੈ, ਤਮਾਮ ਲੋਕ ਕਥਾਵਾਂ ’ਚ ਅਜਿਹਾ ਜ਼ਿਕਰ ਮਿਲਦਾ ਹੈ।
ਜਦਕਿ ਸੱਚ ਇਹ ਹੈ ਕਿ ਕਾਂ ਬਹੁਤ ਸਿੱਧਾ ਪੰਛੀ ਹੁੰਦਾ ਹੈ, ਇਕ ਛੋਟੀ ਜਿਹੀ ਗੌਰੈਯਾ ਵੀ ਉਸ ਪਾਸੇ ਝੁੰਜ ਫਾੜ ਕੇ ਦੌੜੇ ਤਾਂ ਦੌੜ ਜਾਂਦਾ ਹੈ ਪਰ ਹੁਸ਼ਿਆਰ ਬਹੁਤ ਹੁੰਦਾ ਹੈ ਜੇਕਰ ਸੁੱਕੇ ਚੌਲ, ਰੋਟੀ ਜਾਂ ਬਿਸਕੁੱਟ ਆਦਿ ਉਸ ਨੂੰ ਦਿੱਤੇ ਜਾਣ ਤਾਂ ਉਹ ਝੁੰਜ ’ਚ ਭਰ ਕੇ ਉਨ੍ਹਾਂ ਨੂੰ ਅਜਿਹੀ ਜਗ੍ਹਾ ਲੈ ਜਾਂਦਾ ਹੈ ਜਿੱਥੇ ਪਾਣੀ ਹੋਵੇ। ਫਿਰ ਪਾਣੀ ’ਚ ਭਿਉਂ ਕੇ ਖਾਣ ਲਾਇਕ ਬਣਾਉਂਦਾ ਹੈ ਅਤੇ ਖਾਂਦਾ ਹੈ। ਕਿਸੇ ਹੁਸ਼ਿਆਰ ਕਾਂ ਤੋਂ ਕੋਇਲ ਆਪਣੇ ਬੱਚਿਆਂ ਦੀ ਪਾਲਣਾ ਕਰਵਾ ਲੈਂਦੀ ਹੈ।
ਕੋਇਲ ਆਲ੍ਹਣੇ ਤੋਂ ਕਾਂ ਦੇ ਆਂਡੇ ਹੇਠਾਂ ਡੇਗ ਕੇ ਉਸ ’ਚ ਆਪਣੇ ਆਂਡੇ ਰੱਖ ਦਿੰਦੀ ਹੈ, ਬੱਚੇ ਨਿਕਲਣ ’ਤੇ ਕਾਂ ਉਨ੍ਹਾਂ ਨੂੰ ਪਾਲਦੇ ਹਨ ਅਤੇ ਕੋਇਲ ਮੌਜ ਉਡਾਉਂਦੀ ਫਿਰਦੀ ਹੈ, ਕਿਉਂਕਿ ਉਸ ਦੇ ਹਿੱਸੇ ਦੀ ਮਿਹਨਤ ਕੋਈ ਹੋਰ ਕਰ ਰਿਹਾ ਹੈ। ਕਾਂ ਹੀ ਇਨ੍ਹਾਂ ਬੱਚਿਆਂ ਨੂੰ ਉੱਡਣਾ ਸਿਖਾਉਂਦੇ ਹਨ, ਜਿਉਂ ਹੀ ਇਹ ਬੱਚੇ ਉੱਡਣ ਲਾਇਕ ਹੁੰਦੇ ਹਨ, ਕੋਇਲ ਇਨ੍ਹਾਂ ਨੂੰ ਆਪਣੇ ਨਾਲ ਉਡਾ ਕੇ ਨਾਲ ਲੈ ਜਾਂਦੀ ਹੈ। ਕੋਇਲ ਦੀ ਚਲਾਕੀ ਅਤੇ ਕਾਂ ਦੇ ਸਿੱਧੇਪਣ ਦੀ ਇਹ ਇਕ ਅਨੋਖੀ ਉਦਾਹਰਣ ਹੈ।
ਦਿੱਲੀ ’ਚ ਇਕ ਕਾਂ ਮਾਹਿਰ ਨਵੀਨ ਸਹਿਗਲ ਰਹਿੰਦੇ ਸਨ। ਉਨ੍ਹਾਂ ਦੇ ਆਸ-ਪਾਸ ਦਰੱਖਤਾਂ ’ਤੇ ਉਨੀਂ ਦਿਨੀਂ ਬਹੁਤ ਸਾਰੇ ਕਾਂ ਰਹਿੰਦੇ ਸਨ। ਨਵੀਨ ਛੱਤ ’ਤੇ ਜਾ ਕੇ ਉਨ੍ਹਾਂ ਨੂੰ ਸੱਦਦੇ ਤਾਂ ਸਾਰੇ ਕਾਂ ਆ ਜਾਂਦੇ। ਉਹ ਉਨ੍ਹਾਂ ਦੇ ਹੱਥੋਂ ਦਾਣਾ ਖਾਂਦੇ, ਉਨ੍ਹਾਂ ਦੇ ਮੋਢਿਆਂ ’ਤੇ ਚੜ੍ਹਦੇ, ਆਪਣੀ ਭਾਸ਼ਾ ਨਾਲ ਉਨ੍ਹਾਂ ਨਾਲ ਕੰਮ ਕਰਦੇ। ਦਿਲਚਸਪ ਇਹ ਹੈ ਕਿ ਨਵੀਨ ਨੇ ਇਨ੍ਹਾਂ ਕਾਵਾਂ ਦੇ ਨਾਂ ਰੱਖੇ ਹੋਏ ਸਨ, ਕਾਂ ਆਪਣਾ ਨਾਂ ਪਛਾਣਦੇ ਸਨ। ਉਹ ਜਿਸ ਕਾਂ ਨੂੰ ਨਾਂ ਨਾਲ ਸੱਦਦੇ ਉਹ ਆ ਜਾਂਦਾ। ਗਰਮੀਆਂ ਦੇ ਦਿਨਾਂ ’ਚ ਇਹ ਕਾਂ ਗਾਇਬ ਹੋ ਜਾਂਦੇ ਸਨ। ਨਵੀਨ ਦਾ ਕਹਿਣਾ ਸੀ ਕਿ ਉਹ ਅਜਿਹਾ ਗਰਮੀ ਤੋਂ ਬਚਣ ਲਈ ਕਰਦੇ ਹਨ। ਠੰਡੀਆਂ ਥਾਵਾਂ ਵੱਲ ਚਲੇ ਜਾਂਦੇ ਹਨ। ਮੌਸਮ ਬਦਲਦੇ ਹੀ ਆ ਜਾਂਦੇ ਹਨ।
ਹਾਲ ਹੀ ’ਚ ਕਾਵਾਂ ਨਾਲ ਸਬੰਧਤ ਇਕ ਖੋਜ ਸਾਹਮਣੇ ਆਈ ਤਾਂ ਇਹ ਸਾਰੀਆਂ ਗੱਲਾਂ ਯਾਦ ਆ ਗਈਆਂ, ਵਾਸ਼ਿੰਗਟਨ, ਅਮਰੀਕਾ ’ਚ ਹੋਈ ਇਸ ਖੋਜ ’ਚ ਦੱਸਿਆ ਗਿਆ ਕਿ ਕਾਂ ਬਹੁਤ ਭਾਵੁਕ ਹੁੰਦੇ ਹਨ। ਉਨ੍ਹਾਂ ਦੀ ਯਾਦਾਸ਼ਤ ਬਹੁਤ ਤੇਜ਼ ਹੁੰਦੀ ਹੈ, ਉਹ ਦੋਸਤ ਅਤੇ ਦੁਸ਼ਮਣ ਦੇ ਚਿਹਰੇ ਪਛਾਣਦੇ ਹਨ। ਜੇਕਰ ਕਿਸੇ ਨੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ ਹੈ ਤਾਂ ਉਹ ਉਸ ਦਾ ਚਿਹਰਾ ਯਾਦ ਰੱਖਦੇ ਹਨ। ਇਹੀ ਨਹੀਂ ਉਹ ਇਸ ਦੀ ਸੂਚਨਾ ਆਪਣੇ ਸਾਥੀਆਂ ਨੂੰ ਵੀ ਦੇ ਦਿੰਦੇ ਹਨ। ਇਸ ਨੂੰ ਸਾਬਤ ਕਰਨ ਲਈ ਵਿਗਿਆਨੀਆਂ ਨੇ ਚਿਹਰਿਆਂ ’ਤੇ ਮਾਸਕ ਪਾ ਕੇ ਕਾਵਾਂ ਦੇ ਨਾਲ ਬੁਰਾ ਵਿਵਹਾਰ ਕੀਤਾ। ਉਨ੍ਹਾਂ ਨੂੰ ਫੜਿਆ, ਆਪਣੇ ਨਾਲ ਰੱਖਿਆ, ਫਿਰ ਛੱਡ ਦਿੱਤਾ।
ਉਸ ਤੋਂ ਬਾਅਦ ਉਸ ਇਲਾਕੇ ਦੇ ਕਾਵਾਂ ਨੂੰ ਕੋਈ ਵੀ ਵਿਅਕਤੀ ਮਾਸਕ ਪਹਿਨੀ ਦਿਸਦਾ ਤਾਂ ਉਹ ਉਸ ’ਤੇ ਹਮਲਾ ਕਰਦੇ, ਉਸ ਦੇ ਸਿਰ ’ਤੇ ਚੁੰਜ ਮਾਰਦੇ। ਕਿਉਂਕਿ ਮਾਸਕ ਦੇ ਕਾਰਨ ਉਹ ਉਨ੍ਹਾਂ ਲੋਕਾਂ ਦਾ ਤਾਂ ਚਿਹਰਾ ਨਹੀਂ ਦੇਖ ਸਕੇ ਸਨ, ਜਿਨ੍ਹਾਂ ਦਾ ਵਿਵਹਾਰ ਉਨ੍ਹਾਂ ਨੂੰ ਬੁਰਾ ਲੱਗਾ ਸੀ, ਇਸ ਲਈ ਕਿਸੇ ਵੀ ਮਾਸਕ ਪਹਿਨੀ ਵਿਅਕਤੀ ਨੂੰ ਦੁਸ਼ਮਣ ਸਮਝ ਕੇ ਉਸ ’ਤੇ ਟੁਟ ਪੈਂਦੇ। ਇਸ ਲਈ ਮਾਸਕ ਪਹਿਨਣ ਵਾਲੇ ਲੋਕਾਂ ਦੀ ਆਫਤ ਆ ਗਈ। ਸੋਚੋ ਕਿ ਜੇਕਰ ਕੋਰੋਨਾ ਕਾਲ ’ਚ ਅਜਿਹਾ ਹੋਇਆ ਹੁੰਦਾ ਤਾਂ ਕੀ ਹੁੰਦਾ? ਇਨ੍ਹਾਂ ਕਾਵਾਂ ਨੂੰ ਚਾਰੋਂ ਪਾਸੇ ਆਪਣੇ ਦੁਸ਼ਮਣ ਹੀ ਦਿਖਾਈ ਦਿੰਦੇ।
ਜਿਹੜੇ ਵਿਗਿਆਨੀਆਂ ਨੇ ਇਹ ਖੋਜ ਕੀਤੀ ਉਨ੍ਹਾਂ ਦਾ ਕਹਿਣਾ ਸੀ ਕਿ ਕਾਵਾਂ ਨਾਲ ਕਦੇ ਦੁਸ਼ਮਣੀ ਮੁਲ ਨਾ ਲਓ। ਕਿਉਂਕਿ ਉਹ ਕਦੇ ਇਸ ਨੂੰ ਨਹੀਂ ਭੁੱਲਣਗੇ। ਤੁਸੀਂ ਜਦੋਂ ਹੀ ਦਿਖਾਈ ਦੇਵੋਗੇ ਉਹ ਹਮਲਾਵਰ ਹੋ ਜਾਣਗੇ, ਦੂਰ ਤੱਕ ਪਿੱਛਾ ਕਰਨਗੇ।
ਸ਼ਮਾ ਸ਼ਰਮਾ