ਸੱਜੇ-ਪੱਖੀ ਰੁਝਾਨ ਵਾਲੀਆਂ ਸਰਕਾਰਾਂ ਆਪਣੇ ਪ੍ਰਭਾਵ ਖੇਤਰ ’ਚ ਹਿੰਸਾ ਨੂੰ ਉਤਸ਼ਾਹਤ ਕਰ ਰਹੀਆਂ
Monday, Sep 15, 2025 - 06:48 AM (IST)

ਸਾਬਕਾ ਅਮਰੀਕੀ ਰਾਸ਼ਟਰਪਤੀ ਬੁਸ਼ ਨੇ ਕਿਹਾ ਸੀ, ‘‘ਸਿਆਸੀ ਵਿਰੋਧੀ ਧਿਰ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਉਹ ਤੁਹਾਡੀ ਘਾਤਕ ਦੁਸ਼ਮਣ ਹੈ।’’ਪਰ ਅੱਜ ਅਜਿਹਾ ਲੱਗਦਾ ਹੈ ਕਿ ਅਮਰੀਕਾ ਜਾਂ ਕਿਸੇ ਵੀ ਸੱਜੇ-ਪੱਖੀ ਸਰਕਾਰ ’ਚ ਕੋਈ ਵੀ ਇਸ ’ਤੇ ਵਿਸ਼ਵਾਸ ਜਾਂ ਗੱਲ ਕਰਨਾ ਨਹੀਂ ਚਾਹੁੰਦਾ।
ਅਰਬਪਤੀ ਐਲੋਨ ਮਸਕ ਜਿਨ੍ਹਾਂ ਨੇ ਲੰਡਨ ’ਚ ਨੇਤਾ ਟੌਮੀ ਰੋਬਿਨਸਨ ਵਲੋਂ ਆਯੋਜਿਤ ਇਕ ਐਂਟੀ ਇਮੀਗ੍ਰੇਸ਼ਨ ਰੈਲੀ ਨੂੰ ਸੰਬੋਧਨ ਕਰਦੇ ਹੋਏ ਯੂ. ਕੇ. ’ਚ ਸ਼ਾਸਨ ਤਬਦੀਲੀ ਦੀ ਮੰਗ ਕੀਤੀ। ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਕਿਹਾ ਕਿ ਉਨ੍ਹਾਂ ਦੇ ਕੋਲ ਸਿਰਫ ਦੋ ਬਦਲ ਹਨ-‘ਲੜੋ ਜਾਂ ਮਰੋ’ ਅਤੇ ਚਿਤਾਵਨੀ ਦਿੱਤੀ ਕਿ ‘ਹਿੰਸਾ ਸਿਰ ’ਤੇ ਹੈ’।
ਇਹ ਉਦੋਂ ਜਦੋਂਕਿ 2 ਦਿਨ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਮੁੱਖ ਸਮਰਥਕ ‘ਚਾਰਲੀ ਕਿਰਕ’ ਦੀ ਹੱਤਿਆ ਨਾਲ ਅਮਰੀਕਾ ’ਚ ਇਕ ਨਵੀਂ ਕਿਸਮ ਦੀ ਹਿੰਸਕ ਰਾਜਨੀਤੀ ਨੂੰ ਉਤਸ਼ਾਹ ਮਿਲਿਆ ਹੈ। ਟਰੰਪ ਨੇ ‘ਚਾਰਲੀ ਕਿਰਕ’ ਨੂੰ ਅਮਰੀਕਾ ਦਾ ਸਰਵਉੱਚ ਨਾਗਰਿਕ ਸਨਮਾਨ ‘ਪ੍ਰੈਜ਼ੀਡੈਂਸ਼ੀਅਲ ਮੈਡਲ ਆਫ ਫਰੀਡਮ’ ਦੇਣ ਦਾ ਐਲਾਨ ਕੀਤਾ ਹੈ। ਉੱਥੇ ਹੀ ਚਾਰਲੀ ਕਿਰਕ ਦੀ ਪਤਨੀ ਨੇ ਵੀ ਹਿੰਸਾ ਅਤੇ ਨਫਰਤ ਦੀ ਗੱਲ ਨੂੰ ਅੱਗੇ ਵਧਾਉਣ ਦੀ ਵਕਾਲਤ ਕੀਤੀ ਹੈ।
ਇਹ ਘਟਨਾ 1960 ਦੇ ਦਹਾਕੇ ਦੀ ਯਾਦ ਦਿਵਾਉਂਦੀ ਹੈ, ਜਦੋਂ ਲੋਕ ਆਪਣੀ ਗੱਲ ਦੱਸਣ ਲਈ ਸੜਕ ’ਤੇ ਉੱਤਰ ਆਏ ਸਨ ਪਰ ਉਦੋਂ ਅਤੇ ਹੁਣ ’ਚ ਫਰਕ ਇਹ ਆਇਆ ਹੈ ਕਿ ਹੁਣ ਸੱਜੇ-ਪੱਖੀ ਰੁਝਾਨ ਵਾਲੀਆਂ ਤਾਕਤਾਂ ਇਸ ਹਿੰਸਾ ਨੂੰ ਭੜਕਾ ਰਹੀਆਂ ਹਨ। ਇਸੇ ਨੂੰ ਲੈ ਕੇ ਬੀਤੇ ਦਿਨੀਂ ਅਮਰੀਕਾ ਦੇ ਪ੍ਰਤੀਨਿਧੀ ਸਦਨ ’ਚ ਰਿਪਬਲਿਕਨਾਂ ਅਤੇ ਡੈਮੋਕ੍ਰੇਟਾਂ ਦੇ ਵਿਚਾਲੇ ਖੂਬ ਗਾਲੀ-ਗਲੋਚ ਹੋਇਆ ਅਤੇ ਸਦਨ ਕਿਸੇ ‘ਮੱਛੀ ਬਾਜ਼ਾਰ’ ਵਰਗਾ ਦ੍ਰਿਸ਼ ਪੇਸ਼ ਕਰਨ ਲੱਗਾ।
ਸਿਆਸੀ ਅਬਜ਼ਰਵਰਾਂ ਦਾ ਕਹਿਣਾ ਹੈ ਕਿ ਇਸ ਘਟਨਾ ਨੇ ਹਿੰਸਾ ’ਚ ਵਿਸ਼ਵਾਸ ਰੱਖਣ ਵਾਲਿਆਂ ਨੂੰ ਭਵਿੱਖ ’ਚ ਅਜਿਹਾ ਹੀ ਕਰਨ ਦਾ ਅਭੈਦਾਨ ਜਿਹਾ ਦੇ ਦਿੱਤਾ ਹੈ। ਪਿਛਲੇ ਕੁਝ ਸਾਲਾਂ ਤੋਂ ਅਮਰੀਕਾ ’ਚ ਅਜਿਹਾ ਹੀ ਰੁਝਾਨ ਚੱਲ ਰਿਹਾ ਹੈ।
ਇੱਥੋਂ ਤਕ ਕਿ ਬੀਤੇ ਸਾਲ ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਵੀ ਕੀਤੀ ਜਾ ਚੁੱਕੀ ਹੈ ਅਤੇ ਜੇਕਰ ਗੋਲੀ ਉਨ੍ਹਾਂ ਦੇ ਸਰੀਰ ਦੇ ਇਕ ਚੌਥਾਈ ਇੰਚ ਤੋਂ ਖੁੰਝ ਨਾ ਗਈ ਹੁੰਦੀ ਤਾਂ ਉਨ੍ਹਾਂ ਦੀ ਮੌਤ ਤੈਅ ਸੀ। ਟਰੰਪ ਦੇ ਹੱਤਿਆਰੇ ਦਾ ਕੋਈ ਸਿਆਸੀ ਝੁਕਾਅ ਨਹੀਂ ਸੀ।
ਇੱਥੇ ਇਹ ਗੱਲ ਵੀ ਵਰਨਣਯੋਗ ਹੈ ਕਿ ਇਸੇ ਤਰ੍ਹਾਂ ਦੀਅਾਂ ਹੋਰ ਘਟਨਾਵਾਂ ’ਚ ਅਮਰੀਕਾ ਦੀ ਸਾਬਕਾ ਸਪੀਕਰ ਨੈਂਸੀ ਪੇਲੋਸੀ ਦੇ ਬਜ਼ੁਰਗ ਪਤੀ ਪਾਲ ਦੀ ਇਕ ਸੱਜੇ-ਪੱਖੀ ਹਮਲਾਵਰ ਨੇ ਹੱਤਿਆ ਕਰ ਦਿੱਤੀ ਸੀ। ਉਨ੍ਹਾਂ ਦੇ ਇਲਾਵਾ ਮਿਸ਼ੀਗਨ ਦੇ ਡੈਮੋਕ੍ਰੇਟਿਕ ਗਵਰਨਰ ਗ੍ਰੇਚੇਨ ਵਿਟਮੇਰ ਦੇ ਅਗਵਾ ਤੋਂ ਇਲਾਵਾ ਸੁਪਰੀਮ ਕੋਰਟ ਦੇ ਇਕ ਹੋਰ ਰੂੜੀਵਾਦੀ ਵਿਚਾਰਧਾਰਾ ਵਾਲੇ ਜੱਜ ‘ਬ੍ਰੈਟ ਕਬਾਨਾ’ ਦੀ ਹੱਤਿਆ ਦਾ ਸੱਜੇ-ਪੱਖੀ ਹਮਲਾਵਰਾਂ ਵਲੋਂ ਯਤਨ ਕੀਤਾ ਜਾ ਚੁੱਕਾ ਹੈ। ਇਸੇ ਸਾਲ ਜੂਨ ’ਚ ਮਿਨੀਸੋਟਾ ਅਸੈਂਬਲੀ ਦੇ ਡੈਮੋਕ੍ਰੇਟਿਕ ਸਪੀਕਰ ਅਤੇ ਉਨ੍ਹਾਂ ਦੀ ਪਤਨੀ ਦੀ ਹੱਤਿਆ ਕਰ ਦਿੱਤੀ ਗਈ ਸੀ।
ਇਸੇ ਤਰ੍ਹਾਂ ਦੀ ਸਭ ਤੋਂ ਖਤਰਨਾਕ ਘਟਨਾ 6 ਜਨਵਰੀ, 2021 ਨੂੰ ਹੋਈ ਸੀ ਜਦੋਂ ਖਰੁਦੀ ਭੀੜ ਨੇ ਕੈਪੀਟੋਲ ਹਿੱਲ ’ਤੇ ਹੱਲਾ ਬੋਲ ਕੇ ਰਿਪਬਲਿਕਨ ਪਾਰਟੀ ਦੇ ਵਾਈਸ ਪ੍ਰੈਜ਼ੀਡੈਂਟ ‘ਮਾਈਕ ਪੈਂਸ’ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ।
2020 ’ਚ ਜੋਅ ਬਾਈਡਨ ਦੀ ਜਿੱਤ ਨੰੂ ਪ੍ਰਮਾਣਿਤ ਕਰਨ ਤੋਂ ਰੋਕਣ ਦੇ ਯਤਨ ’ਚ 4 ਲੋਕਾਂ ਦੀ ਜਾਨ ਚਲੀ ਗਈ ਸੀ ਅਤੇ ਇਸ ਦੇ ਕੁਝ ਹੀ ਮਹੀਨਿਆਂ ਬਾਅਦ ਕਾਨੂੰਨ ਲਾਗੂ ਕਰਨ ਵਾਲੇ ਉਨ੍ਹਾਂ ਅਨੇਕ ਅਧਿਕਾਰੀਆਂ ਨੇ ਆਤਮ-ਹੱਤਿਆ ਕਰ ਕੇ ਆਪਣੀ ਜਾਨ ਗੁਆ ਦਿੱਤੀ ਸੀ ਜੋ ਉਸ ਦਿਨ ਉੱਥੇ ਮੌਜੂਦ ਸਨ। ਅਜਿਹੀ ਹਿੰਸਾ ਅਮਰੀਕਾ ’ਚ ਹੀ ਨਹੀਂ ਯੂਰਪ ਦੇ 70 ਫੀਸਦੀ ਦੇਸ਼ਾਂ ’ਚ ਵੀ ਹੈ।
ਹਿੰਸਾ ਵਧ ਰਹੀ ਹੈ। ਇਸ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਗੱਲਾਂ ਨਾਲ ਹੁੰਦੀ ਹੈ, ਫਿਰ ਇਸ ਵਿਸ਼ੇ ’ਤੇ ਭਾਸ਼ਣਾਂ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ। ਉਸ ਤੋਂ ਬਾਅਦ ਇਸਦਾ ਆਨਲਾਈਨ ਮੀਡੀਆ ’ਤੇ ਪ੍ਰਚਾਰ ਸ਼ੁਰੂ ਕਰ ਦਿੱਤਾ ਜਾਂਦਾ ਹੈ। ਫਿਰ ਇਹ ਸਿਲਸਿਲਾ ਹਿੰਸਾ ਦਾ ਭਿਆਨਕ ਰੂਪ ਧਾਰਨ ਕਰ ਲੈਂਦਾ ਹੈ ਅਤੇ ਕਥਨੀ ਕਰਨੀ ’ਚ ਤਬਦੀਲ ਹੋ ਜਾਂਦੀ ਹੈ ।
ਅਜਿਹਾ ਪਹਿਲਾਂ ਨਹੀਂ ਹੁੰਦਾ ਸੀ ਪਰ ਹੁਣ ਇਕ ਤਾਂ ਟਰੰਪ ਅਤੇ ਦੂਸਰਾ ਸੋਸ਼ਲ ਮੀਡੀਆ ਦੇ ਵਧਣ ਦੇ ਕਾਰਨ ਇਹ ਜ਼ਿਆਦਾ ਹੋਣਾ ਸ਼ੁਰੂ ਹੋ ਗਿਆ ਹੈ। ਅਮਰੀਕਾ ’ਚ ਅਜਿਹੇ ਕਿੰਨੇ ਹੀ ਟਰੰਪ ਸਮਰਥਕ ਹਨ ਜੋ ਸਮਾਨਤਾ ਨੂੰ ਨਹੀਂ ਮੰਨਦੇ ਅਤੇ ਸੋਚਦੇ ਹਨ ਕਿ ਗੋਰੇ ਕਿਸੇ ਹੋਰ ਰੰਗ ਅਤੇ ਨਸਲ ਨਾਲੋਂ ਬਿਹਤਰ ਹਨ। ਇਹ ਸਭ ਚੀਜ਼ਾਂ ਬਾਹਰ ਨਿਕਲ ਕੇ ਆ ਰਹੀਆਂ ਹਨ ਅਤੇ ਸਹਿਣਸ਼ੀਲਤਾ ਖਤਮ ਹੁੰਦੀ ਜਾ ਰਹੀ ਹੈ ।
ਅਮਰੀਕਾ ’ਚ ਇਸ ਤਰ੍ਹਾਂ ਦੀ ਹਿੰਸਾ ਹੋਣ ਦਾ ਇਹ ਪਹਿਲਾ ਮੌਕਾ ਨਹੀਂ ਹੈ, ਪਹਿਲਾਂ ਵੀ ਉੱਥੇ 4 ਰਾਸ਼ਟਰਪਤੀ-ਇਬਰਾਹਮ ਲਿੰਕਨ, ਜੇਮਸ ਏ.ਗਾਰਫੀਲਡ, ਵਿਲੀਅਮ ਮੈਕੀਨਲੇ ਅਤੇ ਜਾਨ ਐੱਫ ਕੈਨੇਡੀ ਹਿੰਸਕ ਘਟਨਾਵਾਂ ’ਚ ਮਾਰੇ ਜਾ ਚੁੱਕੇ ਹਨ। ਸੱਜੇ-ਪੱਖੀ ਗੰਨ ਕੰਟਰੋਲ ਦਾ ਕੋਈ ਨਿਯਮ ਬਦਲਣਾ ਨਹੀਂ ਚਾਹੁੰਦੇ, ਜਿਸ ਨਾਲ ਹਿੰਸਾ ਨੂੰ ਅੰਜਾਮ ਤਕ ਲੈ ਜਾਣਾ ਆਸਾਨ ਹੈ।
ਸਰਕਾਰਾਂ ਨੂੰ ਨਫਰਤੀ ਭਾਸ਼ਣ ਦੇਣ ਦੇ ਰੁਝਾਨ ’ਚ ਕਮੀ ਲਿਆਉਣੀ ਪਵੇਗੀ। ਹਰ ਪਾਰਟੀ ਨੂੰ ਇਹ ਸੋਚਣਾ ਪਵੇਗਾ ਕਿ ਭਾਵੇਂ ਉਹ ਉਦਾਰਵਾਦੀ ਹੋਣ ਜਾਂ ਰੂੜੀਵਾਦੀ, ਹਰ ਕਿਸੇ ਨੂੰ ਇਹ ਮੰਨਣਾ ਪਵੇਗਾ ਕਿ ਇਹ ਦੂਜੇ ਦਾ ਦ੍ਰਿਸ਼ਟੀਕੋਣ ਹੈ ਅਤੇ ਆਪਣਾ ਵੱਖਰਾ ਦ੍ਰਿਸ਼ਟੀਕੋਣ ਰੱਖਣ ਨਾਲ ਹੀ ਕੋਈ ਵਿਅਕਤੀ ਦੇਸ਼ਧ੍ਰੋਹੀ ਨਹੀਂ ਹੋ ਜਾਂਦਾ।