ਤੇਜਸਵੀ ਨੇ ਨਿਤੀਸ਼ ਸਰਕਾਰ ਨੂੰ ਦੱਸਿਆ ‘ਨਕਲਚੀ’
Saturday, Oct 11, 2025 - 05:10 PM (IST)

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਪ੍ਰਸਾਦ ਯਾਦਵ ਨੇ ਵਾਅਦਾ ਕੀਤਾ ਸੀ ਕਿ ਜੇਕਰ ਰਾਜਦ ਦੀ ਅਗਵਾਈ ਵਾਲਾ ਮਹਾਗੱਠਜੋੜ ਸੱਤਾ ਵਿਚ ਆਉਂਦਾ ਹੈ ਤਾਂ ਹਰ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰ ਬਣਨ ਦੇ 20 ਦਿਨਾਂ ਦੇ ਅੰਦਰ ਅਜਿਹਾ ਕਰਨ ਲਈ ਕਾਨੂੰਨ ਪੇਸ਼ ਕੀਤਾ ਜਾਵੇਗਾ। ਤੇਜਸਵੀ ਦੇ ਇਸ ਐਲਾਨ ਨੂੰ ਸੱਤਾਧਾਰੀ ਐੱਨ. ਡੀ. ਏ. ਦੀ ਭਲਾਈ ਯੋਜਨਾਵਾਂ ਨੂੰ ਲਾਗੂ ਕਰਨ ਦੀ ਚੋਣ ਪਹਿਲਕਦਮੀ ਦੇ ਜਵਾਬ ਵਜੋਂ ਦੇਖਿਆ ਜਾ ਰਿਹਾ ਹੈ। ਹਰ ਘਰ ਵਿਚ ਮਹਿਲਾ ਉੱਦਮੀਆਂ ਨੂੰ 10,000 ਰੁਪਏ ਦੇਣ ਦੀ ਸਰਕਾਰ ਦੀ ਪਹਿਲਕਦਮੀ ਨੇ ਮਹਿਲਾ ਵੋਟਰਾਂ ਨੂੰ ਸੱਤਾਧਾਰੀ ਗੱਠਜੋੜ ਵੱਲ ਆਕਰਸ਼ਿਤ ਕੀਤਾ ਹੈ। ਤੇਜਸਵੀ ਜਿਸ ਨੂੰ ਮਹਾਗੱਠਜੋੜ ਦੇ ਮੁੱਖ ਮੰਤਰੀ ਅਹੁਦੇ ਦੇ ਸੰਭਾਵੀ ਉਮੀਦਵਾਰ ਵਜੋਂ ਦੇਖਿਆ ਜਾ ਰਿਹਾ ਹੈ, ਨੇ ਵਾਰ-ਵਾਰ ਨਿਤੀਸ਼ ਕੁਮਾਰ ਸਰਕਾਰ ਨੂੰ ‘ਨਕਲਚੀ’ ਦੱਸਿਆ ਹੈ ਅਤੇ ਕਿਹਾ ਹੈ ਕਿ ਹਾਲ ਹੀ ਦੇ ਮਹੀਨਿਆਂ ਵਿਚ ਬਹੁਤ ਸਾਰੇ ਲੋਕ ਲੁਭਾਊ ਕਦਮ ਰਾਜਦ ਨੇਤਾ ਦੇ ਪਹਿਲਾਂ ਦੇ ਚੋਣ ਵਾਅਦਿਆਂ ਤੋਂ ਪ੍ਰੇਰਿਤ ਜਾਪਦੇ ਹਨ।
ਬਿਹਾਰ ਵਿਚ ਸੀਟਾਂ ਦੀ ਵੰਡ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਐੱਨ. ਡੀ. ਏ. ਸਖ਼ਤ ਮਿਹਨਤ ਕਰ ਰਿਹਾ ਹੈ : ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਅਤੇ ਇਸ ਦੇ ਐੱਨ. ਡੀ. ਏ. ਸਹਿਯੋਗੀ ਇਕ ਪ੍ਰਭਾਵਸ਼ਾਲੀ ਸੀਟਾਂ ਦੀ ਵੰਡ ਦਾ ਪ੍ਰਬੰਧ ਕਰਨ ਲਈ ਆਪਣੇ ਜ਼ੋਰਦਾਰ ਯਤਨ ਜਾਰੀ ਰੱਖ ਰਹੇ ਹਨ ਪਰ ਸਹਿਮਤੀ ਅਤੇ ਮੁਸਕਰਾਹਟ ਦੇ ਵਿਚਕਾਰ ਚਿਰਾਗ ਪਾਸਵਾਨ ਨੂੰ ਮਨਾਉਣ ਲਈ ਵੀ ਖੂਬ ਯਤਨ ਕੀਤੇ ਗਏ। ਕੇਂਦਰੀ ਮੰਤਰੀ ਨਿਤਿਆਨੰਦ ਰਾਏ ਪਾਸਵਾਨ ਦੇ ਨਿਵਾਸ ਸਥਾਨ ’ਤੇ ਤਿੰਨ ਵਾਰ ਗਏ, ਇਕ ਵਾਰ ਉਨ੍ਹਾਂ ਦੀ ਮਾਂ ਨੂੰ ਮਿਲਣ ਲਈ, ਫਿਰ ਚਿਰਾਗ ਨੂੰ ਖੁਦ ਮਿਲਣ ਲਈ ਅਤੇ ਤੀਜੀ ਵਾਰ ਪ੍ਰਧਾਨ ਦੇ ਨਾਲ ਗਏ।
ਸੂਤਰਾਂ ਅਨੁਸਾਰ, ਪਾਸਵਾਨ 35 ਸੀਟਾਂ ਦੀ ਮੰਗ ਕਰ ਰਹੇ ਹਨ ਪਰ ਭਾਜਪਾ ਨੇ ਕਥਿਤ ਤੌਰ ’ਤੇ ਆਪਣੇ ਐੱਨ. ਡੀ. ਏ. ਸਹਿਯੋਗੀ ਨੂੰ 26 ਸੀਟਾਂ ਤੋਂ ਇਲਾਵਾ ਭਵਿੱਖ ’ਚ ਇਕ-ਇਕ ਐੱਮ. ਐੱਲ. ਸੀ. ਅਤੇ ਰਾਜ ਸਭਾ ਸੀਟ ਦੇਣ ਦਾ ਭਰੋਸਾ ਦਿੱਤਾ ਹੈ। ਪਾਸਵਾਨ 2024 ਦੀਆਂ ਆਮ ਚੋਣਾਂ ਵਿਚ ਉਨ੍ਹਾਂ ਦੀ ਪਾਰਟੀ ਦੁਆਰਾ ਜਿੱਤੀਆਂ ਗਈਆਂ ਪੰਜ ਲੋਕ ਸਭਾ ਸੀਟਾਂ - ਹਾਜੀਪੁਰ, ਜਮੂਈ, ਵੈਸ਼ਾਲੀ, ਖਗੜੀਆ ਅਤੇ ਸਮਸਤੀਪੁਰ ਵਿਚੋਂ ਘੱਟੋ-ਘੱਟ ਦੋ ਸੀਟਾਂ ’ਤੇ ਜ਼ੋਰ ਦੇ ਰਹੇ ਹਨ ਹਾਲਾਂਕਿ, ਪਾਸਵਾਨ ਨੇ ਕਿਹਾ ਕਿ ਗੱਲਬਾਤ ਸਾਕਾਰਾਤਮਕ ਦਿਸ਼ਾ ਵਿਚ ਅੱਗੇ ਵਧ ਰਹੀ ਹੈ।
ਮਾਂਝੀ ਜਿੱਥੇ 15 ਸੀਟਾਂ ਦੀ ਮੰਗ ਕਰ ਰਹੇ ਹਨ, ਉੱਥੇ ਭਾਜਪਾ ਨੇ ਲਗਭਗ 10 ਸੀਟਾਂ ਦੀ ਪੇਸ਼ਕਸ਼ ਕੀਤੀ ਹੈ। ਐੱਨ. ਡੀ. ਏ. ਸੂਤਰਾਂ ਅਨੁਸਾਰ ਜਦ (ਯੂ) 50-50 ਦੇ ਫਾਰਮੂਲੇ ’ਤੇ ਜ਼ੋਰ ਦੇ ਰਿਹਾ ਹੈ। ਪਾਰਟੀ ਦੇ ਅੰਦਰੂਨੀ ਸੂਤਰਾਂ ਅਨੁਸਾਰ, ਬਿਹਾਰ ਵਿਚ ਐੱਨ. ਡੀ. ਏ. ਸਹਿਯੋਗੀਆਂ ਵਿਚਾਲੇ ਸੀਟਾਂ ਦੀ ਵੰਡ ਬਾਰੇ ਅੰਤਿਮ ਫੈਸਲਾ ਜਲਦੀ ਹੀ ਐਲਾਨੇ ਜਾਣ ਦੀ ਸੰਭਾਵਨਾ ਹੈ। ਪਿਛਲੇ ਕੌੜੇ ਤਜਰਬਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਐੱਨ. ਡੀ. ਏ. ਦੇ ਪ੍ਰਬੰਧਕ 2025 ਵਿਚ ਸੀਟਾਂ ਦੀ ਵੰਡ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ।
ਬਿਹਾਰ ਗੱਠਜੋੜ ’ਚ ਸੀਟਾਂ ਦੀ ਵੰਡ ਦੀ ਗੱਲਬਾਤ ਤੇਜ਼ ਹੋਣ ਦੇ ਨਾਲ ਹੀ ਪਤਾ ਲੱਗਾ ਹੈ ਕਿ ਕਾਂਗਰਸ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ’ਚ 57 ਤੋਂ 60 ਸੀਟਾਂ ਮਿਲ ਸਕਦੀਆਂ ਹਨ ਜਦਕਿ ਉਹ ‘ਭਾਰਤੀ ਸਮਾਵੇਸ਼ੀ ਪਾਰਟੀ’ (ਆਈ.ਆਈ.ਪੀ.) ਦੇ ਲਈ 2 ਸੀਟਾਂ ਛੱਡੇਗੀ। ਕਾਂਗਰਸ ਪਾਰਟੀ ਦੀ ਕੇਂਦਰੀ ਚੋਣ ਕਮੇਟੀ (ਸੀ. ਈ. ਸੀ.) ਦੀ ਬੈਠਕ 9 ਅਕਤੂਬਰ 2025 ਨੂੰ ਹੋਈ ਅਤੇ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਕਾਂਗਰਸ ਦੇ ਰਵਾਇਤੀ ਗੜ੍ਹਾਂ ’ਤੇ 25 ਉਮੀਦਵਾਰਾਂ ਦੇ ਨਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਕਾਂਗਰਸੀ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ, ਪਾਰਟੀ ਮੁਖੀ ਮਲਿਕਾਅਰਜੁਨ ਖੜਗੇ ਅਤੇ ਲੋਕ ਸਭਾ ’ਚ ਆਪੋਜ਼ੀਸ਼ਨ ਦੇ ਨੇਤਾ ਰਾਹੁਲ ਗਾਂਧੀ ਸਮੇਤ ਉੱਚ ਨੇਤਾ ਸੀ. ਈ. ਸੀ. ਦੇ ਬੈਠਕ ’ਚ ਵਰਚੁਅਲ ਈ ਸ਼ਾਮਲ ਹੋਏ। ਪਾਰਟੀ ਦੇ ਮੁੱਖ ਦਫਤਰ ਇੰਦਰਾ ਭਵਨ ’ਚ ਹੋਈ ਬੈਠਕ ’ਚ ਏ. ਆਈ. ਸੀ. ਸੀ. ਜਨਰਲ ਸਕੱਤਰ (ਸੰਗਠਨ) ਕੇ. ਸੀ.ਵੇਣੂਗੋਪਾਲ ਅਤੇ ਪਾਰਟੀ ਦੇ ਖਜ਼ਾਨਚੀ ਅਜੇ ਮਾਕਨ ਵੀ ਸ਼ਾਮਲ ਹੋਏ।
ਪ੍ਰਸਾਤਿਵ ਵੰਡ ਦੇ ਤਹਿਤ ਰਾਜਦ ਨੂੰ 125 ਸੀਟਾਂ, ਕਾਂਗਰਸ ਨੂੰ 57 ਤੋਂ 60 ਸੀਟਾਂ, 3 ਖੱਬੇ- ਪੱਖੀ ਦਲਾਂ ਨੂੰ 35 ਸੀਟਾਂ ਅਤੇ ‘ਵੀ.ਆਈ. ਪੀ.’ ਨੂੰ 15-20 ਸੀਟਾਂ, ਪਸ਼ੂਪਤੀ ਕੁਮਾਰ ਪਾਰਸ ਦੀ ਰਾਸ਼ਟਰੀ ਲੋਕ ਜਨ ਸ਼ਕਤੀ ਪਾਰਟੀ (ਆਰ. ਐੱਲ. ਜੇ.ਪੀ.) ਨੂੰ 3 ਸੀਟਾਂ ਅਤੇ ਝਾਰਖੰਡ ਮੁਕਤੀ ਮੋਰਚਾ (ਜੇ. ਐੱਮ. ਐੱਮ.) ਨੂੰ ਦੋ ਸੀਟਾਂ ਅਲਾਟ ਕੀਤੀਆਂ ਗਈਆਂ ਹਨ। ਹਾਲਾਂਕਿ ਸੂਤਰਾਂ ਅਨੁਸਾਰ ਭਾਕਪਾ-ਮਾਲੇ ਅਲਾਟ ਕੀਤੀਆਂ ਸੀਟਾਂ ਦੀ ਗਿਣਤੀ ਤੋਂ ਸੰਤੁਸ਼ਟ ਨਹੀਂ ਹੈ।
ਅਖਿਲੇਸ਼ ਨੇ ਆਜ਼ਮ ਖਾਨ ਦੀਆਂ ਤਿੰਨ ਸ਼ਰਤਾਂ ਮੰਨੀਆਂ : ਸਮਾਜਵਾਦੀ ਪਾਰਟੀ (ਸਪਾ) ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੇ ਰਾਮਪੁਰ ’ਚ ਪਾਰਟੀ ਦੇ ਸੀਨੀਅਰ ਨੇਤਾ ਆਜ਼ਮ ਖਾਨ ਨਾਲ ਮੁਲਾਕਾਤ ਕੀਤੀ ਅਤੇ ਆਜ਼ਮ ਨੂੰ ਸਪਾ ਦੀ ਧੜਕਣ ਦੱਸਿਆ। ਅਖਿਲੇਸ਼ ਨੇ 2027 ਦੀਆਂ ਉੱਤਰ-ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਪਾ ਦੇ ਅੰਦਰ ਏਕਤਾ ਨੂੰ ਮਜ਼ਬੂਤ ਕਰਨ ਲਈ ਨਵੇਂ ਸਿਰੇ ਤੋਂ ਯਤਨ ਦਾ ਸੰਕੇਤ ਦਿੱਤਾ। ਆਜ਼ਮ ਦੇ ਜੇਲ ਤੋਂ ਰਿਹਾਅ ਹੋਣ ਦੇ 15 ਦਿਨਾਂ ਬਾਅਦ ਇਹ ਪਹਿਲੀ ਮੁਲਾਕਾਤ ਸੀ। ਜਦੋਂ ਅਖਿਲੇਸ਼ ਨੇ ਰਾਮਪੁਰ ਆਉਣ ਦਾ ਐਲਾਨ ਕੀਤਾ ਸੀ ਤਾਂ ਆਜ਼ਮ ਨੇ ਤਿੰਨ ਸ਼ਰਤਾਂ ਰੱਖੀਆਂ ਸਨ, ਉਨ੍ਹਾਂ ਨੇ ਕਿਹਾ ਸੀ ਕਿ ਇਕੱਲੇ ਮਿਲੋ, ਮੋਹਿਬਉਲਾ ਨੂੰ ਨਾ ਿਲਆਉਣਾ, ਪਰਿਵਾਰ ਨਾਲ ਨਾ ਮਿਲਣਾ।
ਅਖਿਲੇਸ਼ ਨੇ ਤਿੰਨੋਂ ਸ਼ਰਤਾਂ ਮੰਨ ਲਈਏ ਲਗਭਗ 2 ਘੰਟੇ ਚੱਲੀ ਬੈਠਕ ਤੋਂ ਬਾਅਦ ਅਖਿਲੇਸ਼ ਨੇ ਕਿਹਾ ਕਿ ਮੌਜੂਦਾ ਭਾਜਪਾ ਸਰਕਾਰ ਦੇ ਤਹਿਤ ਪੀ.ਡੀ.ਏ. ਪਿਛੜਿਆਂ ਦਲਿਤ ਅਤੇ ਘਟ ਗਿਣਤੀ ਭਾਈਚਾਰਾ ਅਪਮਾਨਿਤ ਅਤੇ ਅਲੱਗ-ਥਲੱਗ ਮਹਿਸੂਸ ਕਰਦਾ ਹੈ। ਅਖਿਲੇਸ਼ ਨੇ ਕਿਹਾ ‘ਆਜ਼ਮ ਖਾਨ ਇਕ ਸੀਨੀਅਰ ਨੇਤਾ ਹੈ। ਇਕ ਮਜ਼ਬੂਤ ਦਰੱਖਤ ਵਾਂਗ ਜੋ ਤੂਫਾਨਾਂ ਦੇ ਬਾਵਜੂਦ ਮਜ਼ਬੂਤੀ ਨਾਲ ਖੜ੍ਹਾ ਹੈ। ਉਨ੍ਹਾਂ ਨੇ ਅਤੇ ਉਨ੍ਹਾਂ ਦੇ ਪਰਿਵਾਰ ਨੇ ਸਿਆਸੀ ਪਰਿਵਾਰਾਂ ’ਚ ਸਭ ਤੋਂ ਜ਼ਿਆਦਾ ਝੂਠੇ ਮਾਮਲਿਆਂ ਦਾ ਸਾਹਮਣੇ ਕੀਤਾ ਹੈ। ਉਹ ਨਿਆਂ ਦੇ ਹੱਕਦਾਰ ਹਨ।
ਓਮ ਪ੍ਰਕਾਸ਼ ਰਾਜਭਰ ਨੇ ਸਾਰੇ ਦਲਾਂ ਨੂੰ 15 ਦਿਨਾਂ ਦਾ ਅਲਟੀਮੇਟਮ ਦਿੱਤਾ : 2026 ਦੀਆਂ ਉੱਤਰ-ਪ੍ਰਦੇਸ਼ ਪੰਚਾਇਤ ਚੋਣਾਂ ਤੋਂ ਪਹਿਲਾਂ ਐੱਸ.ਬੀ.ਐੱਸ.ਪੀ. ਮੁਖੀ ਅਤੇ ਰਾਜ ਮੰਤਰੀ ਓਮ ਪ੍ਰਕਾਸ਼ ਰਾਜਭਰ ਨੇ ਇਕ ਵਾਰ ਫਿਰ ਸਮਾਜਿਕ ਨਿਆਂ ਕਮੇਟੀ ਦੀ 27 ਫੀਸਦੀ ਓ. ਬੀ. ਸੀ. ਰਿਜ਼ਰਵੇਸ਼ਨ ਨੂੰ 3 ਸਮੂਹਾਂ ’ਚ ਵੰਡਣ ਅਤੇ ਇਹ ਯਕੀਨੀ ਕਰਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨ ਦੀ ਮੰਗ ਕੀਤੀ ਹੈ ਕਿ ਹਰੇਕ ਵਰਗ ਨੂੰ ਉਸ ਦਾ ਉਚਿੱਤ ਹਿੱਸਾ ਮਿਲੇ : ਪੱਛੜਿਆ ਵਰਗ 7 ਫੀਸਦੀ
ਅਤਿ ਪੱਛੜਿਆ ਵਰਗ 9 ਫੀਸਦੀ
ਸਭ ਤੋਂ ਪੱਛੜਿਆ ਵਰਗ 11 ਫਸੀਦੀ
ਓਮ ਪ੍ਰਕਾਸ਼ ਰਾਜਭਰ ਨੇ ਪ੍ਰਮੁੱਖ ਸਿਆਸੀ ਦਲਾਂ ਦੇ ਨੇਤਾਵਾਂ ਨੂੰ ਪੱਤਰ ਲਿਖ ਕੇ ਸਮਾਜਿਕ ਨਿਆਂ ’ਤੇ ਜਸਟਿਸ ਰਾਗਵੇਂਦਰ ਸਿੰਘ ਕਮੇਟੀ ਦੀਆਂ ਰਿਪੋਰਟ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨ ਅਤੇ ਇਸ ਮੁੱਦੇ ’ਤੇ ਸਪੱਸ਼ਟਤਾ ਲਿਆਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਸਾਰੇ ਦਲਾਂ ਨੂੰ 15 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ।
ਰਾਹਿਲ ਨੌਰਾ ਚੋਪੜਾ