‘ਦੇਸ਼ ਨੂੰ ਘੁਣ ਵਾਂਗ ਖਾ ਰਿਹਾ ਭ੍ਰਿਸ਼ਟਾਚਾਰ’ ਸਾਰੇ ਪੱਧਰਾਂ ’ਤੇ ਸਖਤ ਕਾਰਵਾਈ ਦੀ ਲੋੜ!

Wednesday, Dec 24, 2025 - 06:26 AM (IST)

‘ਦੇਸ਼ ਨੂੰ ਘੁਣ ਵਾਂਗ ਖਾ ਰਿਹਾ ਭ੍ਰਿਸ਼ਟਾਚਾਰ’ ਸਾਰੇ ਪੱਧਰਾਂ ’ਤੇ ਸਖਤ ਕਾਰਵਾਈ ਦੀ ਲੋੜ!

ਸਰਕਾਰ ਦੇ ਭਰਪੂਰ ਯਤਨਾਂ ਦੇ ਬਾਵਜੂਦ ਦੇਸ਼ ’ਚ ਉੱਪਰ ਤੋਂ ਹੇਠਾਂ ਤੱਕ ਕੁਝ ਸਰਕਾਰੀ ਮੁਲਾਜ਼ਮਾਂ ’ਚ ਭ੍ਰਿਸ਼ਟਾਚਾਰ ਦਾ ਰੋਗ ਵਧਦਾ ਹੀ ਜਾ ਰਿਹਾ ਹੈ। ਇਥੋਂ ਤਕ ਕਿ ਹੁਣ ਤਾਂ ਕੁਝ ਸਰਕਾਰੀ ਮੁਲਾਜ਼ਮਾਂ ਨੇ ਰਿਸ਼ਵਤ ਲੈਣ ਲਈ ਆਪਣੇ ‘ਏਜੰਟ’ ਵੀ ਰੱਖ ਲਏ ਹਨ। ਇਸ ਦੇ ਸਿਰਫ 6 ਦਿਨਾਂ ’ਚ ਸਾਹਮਣੇ ਆਏ ਮਾਮਲੇ ਹੇਠਾਂ ਦਰਜ ਹਨ :

* 18 ਦਸੰਬਰ ਨੂੰ ਵਿਜੀਲੈਂਸ ਬਿਊਰੋ ਦੇ ਸਟਾਫ ਨੇ ਸਰਕਲ ਬਡਾਲਾ, ਤਹਿਸੀਲ ਦਸੂਹਾ, ਜ਼ਿਲਾ ‘ਹੁਸ਼ਿਆਰਪੁਰ’ (ਪੰਜਾਬ) ’ਚ ਤਾਇਨਾਤ ‘ਰਾਮ ਸਿੰਘ ਪਟਵਾਰੀ’ ਨੂੰ ਸ਼ਿਕਾਇਤਕਰਤਾ ਤੋਂ 8000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ।

* 20 ਦਸੰਬਰ ਨੂੰ ਕੇਂਦਰੀ ਜਾਂਚ ਬਿਊਰੋ ਨੇ ਰੱਖਿਆ ਮੰਤਰਾਲਾ ਅਧੀਨ ਰੱਖਿਆ ਉਤਪਾਦਨ ਵਿਭਾਗ ’ਚ ਤਾਇਨਾਤ ਲੈਫਟੀਨੈਂਟ ਕਰਨਲ ‘ਦੀਪਕ ਕੁਮਾਰ ਸ਼ਰਮਾ’ ਨੂੰ ‘ਬੈਂਗਲੁਰੂ’ ਸਥਿਤ ਇਕ ਕੰਪਨੀ ਤੋਂ 3 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਅਤੇ ਉਸ ਦੇ ਕੰਪਲੈਕਸ ਦੀ ਤਲਾਸ਼ੀ ਦੌਰਾਨ 2.23 ਕਰੋੜ ਰੁਪਏ ਨਕਦ ਜ਼ਬਤ ਕੀਤੇ।

* 21 ਦਸੰਬਰ ਨੂੰ ‘ਰਾਜਸਥਾਨ ਭ੍ਰਿਸ਼ਟਾਚਾਰ ਰੋਕੂ ਬਿਊਰੋ’ ਦੀ ਟੀਮ ਨੇ ‘ਜੋਧਪੁਰ’ ਵਿਚ ਪੁਲਸ ਦੇ ਇਕ ਏ. ਐੱਸ. ਆਈ. ‘ਪ੍ਰਵੀਣ ਕੁਮਾਰ’ ਨੂੰ ਇਕ ਵਾਹਨ ਚੋਰੀ ਦੇ ਕੇਸ ’ਚ ਫੜੇ ਮੁਲਜ਼ਮ ਨੂੰ ਰਿਮਾਂਡ ਦੌਰਾਨ ‘ਪ੍ਰੇਸ਼ਾਨ’ ਨਾ ਕਰਨ ਅਤੇ ਉਸ ਦੇ ਕੇਸ ’ਚ ਮਦਦ ਕਰਨ ਦੇ ਬਦਲੇ 3 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਜੋ ਗੁਰੂਗ੍ਰਾਮ ’ਚ ਪਾਲਮ ਵਿਹਾਰ ਅਪਰਾਧ ਸ਼ਾਖਾ ’ਚ ਤਾਇਨਾਤ ਸੀ।

* 21 ਦਸੰਬਰ ਨੂੰ ਹੀ ਭ੍ਰਿਸ਼ਟਾਚਾਰ ਰੋਕੂ ਵਿਭਾਗ ਦੀ ਟੀਮ ਨੇ ‘ਲਖਨਊ’ (ਉੱਤਰ ਪ੍ਰਦੇਸ਼) ਪੀ. ਜੀ. ਆਈ. ਥਾਣੇ ਦੇ ਥਾਣੇਦਾਰ ‘ਅਮਰ ਪ੍ਰਜਾਪਤੀ’ ਨੂੰ ਸ਼ਿਕਾਇਤਕਰਤਾ ਤੋਂ 13,000 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ।

* 22 ਦਸੰਬਰ ਨੂੰ ‘ਫਰੀਦਕੋਟ’ (ਪੰਜਾਬ) ਦੇ ਵਿਜੀਲੈਂਸ ਵਿਭਾਗ ਨੇ ਪਟਵਾਰੀ ‘ਪੂਜਾ ਯਾਦਵ’ ਅਧੀਨ ਕੰਮ ਕਰ ਰਹੇ ਨਿੱਜੀ ਵਿਅਕਤੀ ‘ਸੁਖਵਿੰਦਰ ਸਿੰਘ’ ਨੂੰ ਸ਼ਿਕਾਇਤਕਰਤਾ ਤੋਂ 1500 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਿਆ।

* ਅਤੇ ਹੁਣ 23 ਦਸੰਬਰ ਨੂੰ ਭ੍ਰਿਸ਼ਟਾਚਾਰ ਰੋਕੂ ਵਿਭਾਗ ਦੇ ਅਧਿਕਾਰੀਅਾਂ ਨੇ ‘ਜੈਪੁਰ’ (ਰਾਜਸਥਾਨ) ’ਚ ‘ਮੀਰਾ ਕਸ਼ਯਪ ਮਹਿਲਾ ਟ੍ਰੇਨਿੰਗ ਕਾਲਜ’ ਦੀ ਡਾਇਰੈਕਟਰ ‘ਭੰਵਰ ਕੰਵਰ’ ਨੂੰ ਸ਼ਿਕਾਇਤਕਰਤਾ ਤੋਂ ਉਸ ਦੀ ਕਾਲਜ ਦੀ ਅਟੈਂਡੈਂਸ ਪੂਰੀ ਕਰਨ ਲਈ 4500 ਰੁਪਏ ਰਿਸ਼ਵਤ ਲੈਂਦੇ ਹੋਏ ਫੜਿਆ।

ਉਕਤ ਉਦਾਹਰਣਾਂ ਤੋਂ ਹੀ ਸਪੱਸ਼ਟ ਹੈ ਕਿ ਦੇਸ਼ ’ਚ ਭ੍ਰਿਸ਼ਟਾਚਾਰ ਕਿੰਨੀਅਾਂ ਡੂੰਘੀਅਾਂ ਜੜ੍ਹਾਂ ਜਮਾ ਚੁੱਕਾ ਹੈ। ਸ਼ਾਇਦ ਇਸ ਦਾ ਕਾਰਨ ਭ੍ਰਿਸ਼ਟਾਚਾਰੀਅਾਂ ਨੂੰ ਸਜ਼ਾ ਦਾ ਡਰ ਨਾ ਹੋਣਾ ਹੈ ਜਦਕਿ ਚੀਨ ਅਤੇ ਘਾਨਾ ਵਰਗੇ ਦੇਸ਼ਾਂ ’ਚ ਭ੍ਰਿਸ਼ਟਾਚਾਰੀਅਾਂ ਨੂੰ ਫਾਂਸੀ ਵਰਗੀਅਾਂ ਸਖਤ ਸਜ਼ਾਵਾਂ ਵੀ ਦਿੱਤੀਅਾਂ ਜਾਂਦੀਅਾਂ ਹਨ।

ਇਸੇ ਸਾਲ 9 ਦਸੰਬਰ ਨੂੰ ਚੀਨ ’ਚ ‘ਸੁਪਰੀਮ ਪੀਪੁਲਸ ਕੋਰਟ’ ਦੀ ਮਨਜ਼ੂਰੀ ਤੋਂ ਬਾਅਦ ਭ੍ਰਿਸ਼ਟਾਚਾਰ ਦੇ ਦੋਸ਼ ’ਚ ਚੀਨ ਦੀ ਸਰਕਾਰੀ ਵਿੱਤੀ ਕੰਪਨੀ ‘ਚਾਈਨਾ ਹੁਆਰੋਂਗ ਹੋਲਡਿੰਗਸ ਲਿਮਟਿਡ’ ਦੇ ਇਕ ਸਾਬਕਾ ਜਨਰਲ ਮੈਨੇਜਰ ‘ਵਾਈ ਲਿਆਨਹੁਈ’ ਨੂੰ ਲਗਭਗ 157 ਮਿਲੀਅਨ ਡਾਲਰ ਰਿਸ਼ਵਤ ਲੈਣ ਦੇ ਦੋਸ਼ ’ਚ ਫਾਂਸੀ ਦੇ ਦਿੱਤੀ ਗਈ।

ਇਸ ਤੋਂ ਪਹਿਲਾਂ ਇਸੇ ਸਾਲ ਚੀਨ ’ਚ 29 ਸਤੰਬਰ ਨੂੰ ‘ਚਾਂਗਚੁਨ’ ਦੇ ਵਿਚੋਲੇ ‘ਪੀਪੁਲਸ ਕੋਰਟ’ ਨੇ ‘ਖੇਤੀ ਅਤੇ ਦਿਹਾਤੀ ਮਾਮਲਿਅਾਂ’ ਦੇ ਸਾਬਕਾ ਮੰਤਰੀ ‘ਤਾਂਗ ਰੇਨਜਿਆਨ’ ਨੂੰ 38 ਮਿਲੀਅਨ ਡਾਲਰ ਰਿਸ਼ਵਤ ਲੈਣ ਦੇ ਦੋਸ਼ ’ਚ ਮੌਤ ਦੀ ਸਜ਼ਾ ਸੁਣਾਈ ਸੀ।

ਇਸ ਦੇ ਨਾਲ ਹੀ ਅਦਾਲਤ ਨੇ ਉਸ ਨੂੰ ਸਾਰੇ ਸਿਆਸੀ ਅਧਿਕਾਰਾਂ ਤੋਂ ਵਾਂਝਾ ਕਰਨ ਅਤੇ ਉਸ ਦੀਅਾਂ ਸਾਰੀਅਾਂ ਨਿੱਜੀ ਜਾਇਦਾਦਾਂ ਨੂੰ ਵੀ ਜ਼ਬਤ ਕਰਨ ਦਾ ਹੁਕਮ ਦਿੱਤਾ ਸੀ। ਅਦਾਲਤ ਨੇ ਜ਼ਬਤ ਕੀਤੀਅਾਂ ਗਈਅਾਂ ਜਾਇਦਾਦਾਂ ਦੀ ਵਿਕਰੀ ਤੋਂ ਪ੍ਰਾਪਤ ਹੋਣ ਵਾਲਾ ਧਨ ‘ਰਾਸ਼ਟਰੀ ਰਾਹਤ ਫੰਡ’ ਵਿਚ ਜਮ੍ਹਾ ਕਰਵਾਉਣ ਦਾ ਹੁਕਮ ਦਿੱਤਾ ਸੀ।

ਇਹੀ ਨਹੀਂ 1979 ’ਚ ਪੱਛਮੀ ਅਫਰੀਕੀ ਦੇਸ਼ ‘ਘਾਨਾ’ ਦੇ ਸਾਬਕਾ ਰਾਸ਼ਟਰਪਤੀ ‘ਅੈਗ੍ਰੇਸ਼ੀਅਸ’ ਨੂੰ ਸਰਕਾਰੀ ਫੰਡ ’ਚ ਹੇਰਾਫੇਰੀ ਕਰਨ ਦੇ ਦੋਸ਼ ’ਚ ਫਾਂਸੀ ਦਿੱਤੀ ਗਈ ਸੀ, ਜਦਕਿ ਇਕ ਹੋਰ ਫੌਜੀ ਅਧਿਕਾਰੀ ਲੈਫਟੀਨੈਂਟ ਜਨਰਲ ‘ਈ. ਕੇ. ਉਤੁਕਾ’ ਨੂੰ ਵੀ ਇਨ੍ਹਾਂ ਦੋਸ਼ਾਂ ’ਚ ‘ਐਗ੍ਰੇਸ਼ੀਅਸ’ ਦੇ ਨਾਲ ਹੀ ਫਾਂਸੀ ਦਿੱਤੀ ਗਈ ਸੀ।

ਇਸ ਤਰ੍ਹਾਂ ਦੇ ਹਾਲਾਤ ਦਰਮਿਆਨ ਦੇਸ਼ ਦੇ ਸਾਰੇ ਪੱਧਰਾਂ ’ਤੇ ਭ੍ਰਿਸ਼ਟਾਚਾਰ ਦੇ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਦੇਸ਼ ਨੂੰ ਘੁਣ ਵਾਂਗ ਖਾ ਰਹੀ ਇਸ ਬੀਮਾਰੀ ’ਤੇ ਰੋਕ ਲੱਗ ਸਕੇ ਅਤੇ ਦੋਸ਼ੀਅਾਂ ਨੂੰ ਨਸੀਹਤ ਮਿਲੇ।

ਭ੍ਰਿਸ਼ਟਾਚਾਰ ਦੇ ਮਾਮਲੇ ਲੰਬੇ ਸਮੇਂ ਤਕ ਅਦਾਲਤਾਂ ’ਚ ਲਟਕੇ ਰਹਿਣ ਕਾਰਨ ਵੀ ਭ੍ਰਿਸ਼ਟਾਚਾਰੀਆਂ ’ਚ ਕਾਨੂੰਨ ਦਾ ਡਰ ਨਹੀਂ ਰਹਿ ਗਿਆ ਹੈ। ਇਸ ਲਈ ਅਜਿਹੇ ਮਾਮਲੇ ਫਾਸਟ ਟ੍ਰੈਕ ਕੋਰਟ ’ਚ ਨਿਪਟਾ ਕੇ ਭ੍ਰਿਸ਼ਟਾਚਾਰੀਆਂ ਨੂੰ ਤੁਰੰਤ ਸਜ਼ਾ ਦਿਵਾਉਣੀ ਚਾਹੀਦੀ ਹੈ।

–ਵਿਜੇ ਕੁਮਾਰ


author

Sandeep Kumar

Content Editor

Related News