ਬੰਗਲਾਦੇਸ਼ ’ਚ ਵਿਰੋਧ ਪ੍ਰਦਰਸ਼ਨ ਜਾਰੀ, ਯੂਨੁਸ ਵਲੋਂ ਐਲਾਨੀਆਂ ਚੋਣਾਂ ’ਤੇ ਸਵਾਲੀਆ ਨਿਸ਼ਾਨ!

Monday, Dec 22, 2025 - 04:01 AM (IST)

ਬੰਗਲਾਦੇਸ਼ ’ਚ ਵਿਰੋਧ ਪ੍ਰਦਰਸ਼ਨ ਜਾਰੀ, ਯੂਨੁਸ ਵਲੋਂ ਐਲਾਨੀਆਂ ਚੋਣਾਂ ’ਤੇ ਸਵਾਲੀਆ ਨਿਸ਼ਾਨ!

ਬੰਗਲਾਦੇਸ਼ ਦੀ ਰਾਜਨੀਤੀ ਨੂੰ ‘ਬੇਗਮਾਂ ਦੀ ਲੜਾਈ’ (Battle of Begums) ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਜੋ 1971 ਤੋਂ ਹੁਣ ਤੱਕ ਦੋ ਮਹਿਲਾਵਾਂ ਸ਼ੇਖ ਹਸੀਨਾ ਅਤੇ ਖਾਲਿਦਾ ਜੀਆ ’ਤੇ ਕੇਂਦਰਿਤ ਰਹੀ ਹੈ ਪਰ ਹੁਣ ਇਸ ’ਚ ਬਦਲਾਅ ਹੋਣ ਦੀ ਸੰਭਾਵਨਾ ਹੈ। ਦੋਵਾਂ ਦੇ ਹੀ ਬੇਟੇ ਵਿਦੇਸ਼ ’ਚ ਹਨ ਅਤੇ ਦੋਵੇਂ ਹੀ ਬੇਗਮਾਂ ਗੰਭੀਰ ਰੂਪ ’ਚ ਬੀਮਾਰ ਪਈਆਂ ਹਨ।

ਇਨ੍ਹਾਂ ’ਚੋਂ ਖਾਲਿਦਾ ਜੀਆ ਆਪਣੇ ਦੇਸ਼ ’ਚ ਅਤੇ ਭਾਰਤ ’ਚ ਜ਼ਿਲਾਵਤਨੀ ਸਹਿ ਰਹੀ ਸ਼ੇਖ ਹਸੀਨਾ ਫੇਫੜਿਆਂ ਦੇ ਕੈਂਸਰ ਵਰਗੀ ਬੀਮਾਰੀ ਨਾਲ ਜੂਝ ਰਹੀਆਂ ਹਨ।

ਇਕ ਸਾਲ ਤੋਂ ਵੱਧ ਸਮੇਂ ਤੋਂ ਦੱਖਣੀ ਏਸ਼ੀਆਈ ਰਾਜਨੀਤੀ ’ਚ ਸਭ ਤੋਂ ਵੱਡੇ ਸਵਾਲਾਂ ’ਚ ਇਕ ਇਹ ਰਿਹਾ ਹੈ ਕਿ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਪੀ. ਐੱਨ. ਪੀ.) ਦੇ ਐਕਟਿੰਗ ਚੇਅਰਮੈਨ ਤਾਰਿਕ ਰਹਿਮਾਨ 17 ਸਾਲ ਤੋਂ ਜ਼ਿਆਦਾ ਸਮੇਂ ਤੱਕ ਲੰਡਨ ’ਚ ਸਵੈ-ਜ਼ਿਲਾਵਤਨੀ ਤੋਂ ਬਾਅਦ ਹੁਣ ਤੱਕ ਸਵਦੇਸ਼ ਕਿਉਂ ਨਹੀਂ ਪਰਤੇ ਹਨ, ਖਾਸ ਕਰਕੇ ਉਦੋਂ ਜਦੋਂ ਅਗਲੇ ਸਾਲ ਦੀ ਸ਼ੁਰੂਆਤ ’ਚ ਨੈਸ਼ਨਲ ਚੋਣਾਂ ਹੋਣ ਵਾਲੀਆਂ ਹਨ।

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਸੱਤਾ ਤੋਂ ਹਟਾਉਣ ਵਾਲੇ ਬੀਤੇ ਸਾਲ ਦੇ ਵਿਸ਼ਾਲ ਵਿਰੋਧ ਪ੍ਰਦਰਸ਼ਨ ਨੇ ਰਹਿਮਾਨ ਦੀ ਵਾਪਸੀ ਲਈ ਰਸਤਾ ਬਣਾਇਆ ਕਿਉਂਕਿ ਸ਼ੇਖ ਹਸੀਨਾ ਨੇ ਸੱਤਾ ’ਚ ਰਹਿੰਦੇ ਹੋਏ ਬੀ. ਐੱਨ. ਪੀ. ’ਤੇ ਸਖਤ ਕਾਰਵਾਈ ਕੀਤੀ ਸੀ ਅਤੇ ਰਹਿਮਾਨ ਨੂੰ ਕਈ ਦੋਸ਼ਾਂ ’ਚ ਫਸਾ ਦਿੱਤਾ ਸੀ, ਜਿਨ੍ਹਾਂ ਨੂੰ ਉਨ੍ਹਾਂ ਦੇ ਸਮਰਥਕਾਂ ਨੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਸੀ ਪਰ ਮਈ 2025 ’ਚ ਉਨ੍ਹਾਂ ਨੂੰ ਇਨ੍ਹਾਂ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਿਗਆ।

ਰਹਿਮਾਨ ਦੀ ਪਤਨੀ ਜੁਬੈਦਾ ਉਸੇ ਮਹੀਨੇ ਆਪਣੀ ਬੀਮਾਰ ਸੱਸ ਅਤੇ ਬੀ. ਐੱਨ. ਪੀ. ਦੀ ਸੁਪਰੀਮੋ ਅਤੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜੀਆ ਦੀ ਦੇਖਭਾਲ ਲਈ ਬੰਗਲਾਦੇਸ਼ ਆ ਗਈ। ਫਿਰ ਅਗਸਤ 2025 ’ਚ ਮੁ. ਯੂਨੁਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਵਲੋਂ ਫਰਵਰੀ 2026 ’ਚ ਬੰਗਲਾਦੇਸ਼ ਦੀਆਂ ਚੋਣਾਂ ਦਾ ਐਲਾਨ ਕਰ ਦਿੱਤੇ ਜਾਣ ਨਾਲ ਰਹਿਮਾਨ ਦੀ ਵਾਪਸੀ ਦੀ ਜ਼ਰੂਰਤ ਹੋਰ ਵਧ ਗਈ ਪਰ ਉਹ ਚੁੱਪ ਰਹੇ।

ਆਖਿਰ ਬੀਤੇ ਹਫਤੇ ਰਹਿਮਾਨ ਨੇ ਬੀ. ਐੱਨ. ਪੀ. ਦੇ ਸੀਨੀਅਰ ਨੇਤਾਵਾਂ ਨੂੰ ਦੱਸ ਦਿੱਤਾ ਕਿ ਉਹ 25 ਦਸੰਬਰ ਨੂੰ ਬੰਗਲਾਦੇਸ਼ ਪਰਤ ਆਉਣਗੇ। ਸ਼ਾਇਦ ਉਨ੍ਹਾਂ ਨੇ ਸੋਚਿਆ ਹੋਵੇਗਾ ਕਿ ਚੋਣਾਂ ਦੀ ਪੱਕੀ ਤਰੀਕ ਤੈਅ ਹੋਣ ਤੋਂ ਬਾਅਦ ਹੀ ਸਵਦੇਸ਼ ਪਰਤਣਾ ਠੀਕ ਰਹੇਗਾ। ਇਹੀ ਨਹੀਂ, ਆਪਣੀ ਮਾਂ ਖਾਲਿਦਾ ਜੀਆ ਦੀ ਵਿਗੜਦੀ ਸਿਹਤ ਨੇ ਵੀ ਉਨ੍ਹਾਂ ਨੂੰ ਸਵਦੇਸ਼ ਪਰਤਣ ਲਈ ਪ੍ਰੇਰਿਤ ਕੀਤਾ ਹੋਵੇ ਜਿਨ੍ਹਾਂ ਨੂੰ 23 ਨਵੰਬਰ ਨੂੰ ਫੇਫੜਿਆਂ ਦੀ ਇਨਫੈਕਸ਼ਨ ਦੇ ਕਾਰਨ ਗੰਭੀਰ ਹਾਲਤ ’ਚ ਹਸਪਤਾਲ ’ਚ ਭਰਤੀ ਕਰਵਾਇਆ ਿਗਆ ਸੀ।

ਬੰਗਲਾਦੇਸ਼ ਪਰਤਣ ਤੋਂ ਬਾਅਦ ਰਹਿਮਾਨ ਲਈ ਸਭ ਕੁਝ ਆਸਾਨ ਨਹੀਂ ਹੋਵੇਗਾ। ਹਾਲਾਂਕਿ ਬੀ. ਐੱਨ. ਪੀ. ਦੇ ਹੋਰ ਨੇਤਾ ਅਤੇ ਸਮਰਥਕ ਉਨ੍ਹਾਂ ਦਾ ਜੋਸ਼ ਨਾਲ ਸਵਾਗਤ ਕਰਨਗੇ ਪਰ ਰਹਿਮਾਨ ਤੇ ਪਾਰਟੀ ਦੇ ਆਮ ਵਰਕਰਾਂ ਨੂੰ ਇਹ ਸਮਝਣਾ ਹੋਵੇਗਾ ਕਿ ਉਹ ਲਗਭਗ ਦੋ ਦਹਾਕਿਆਂ ਤੱਕ ਦੇਸ਼ ਤੋਂ ਬਾਹਰ ਰਹਿਣ ਦੇ ਬਾਅਦ ਵੀ ਕੀ ਹੁਣ ਪਾਰਟੀ ਦੀ ਅਗਵਾਈ ਲਈ ਤਿਆਰ ਹਨ?

ਜਦੋਂ ਉਹ ਇੰਗਲੈਂਡ ’ਚ ਆਰਾਮ ਨਾਲ ਰਹਿ ਰਹੇ ਸਨ ਤਾਂ ਪਾਰਟੀ ਦੇ ਦੂਜੇ ਨੇਤਾਵਾਂ ਨੂੰ ਸ਼ੇਖ ਹਸੀਨਾ ਦੇ ਦਮਨ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਹਾਲਾਂਕਿ ਬੀ. ਐੱਨ. ਪੀ. ਚੋਣਾਂ ਜਿੱਤਣ ਦੀ ਜ਼ੋਰਦਾਰ ਦਾਅਵੇਦਾਰ ਹੈ ਪਰ ਪਾਰਟੀ ਨੂੰ ਵੀ ਲਾਪਰਵਾਹ ਨਹੀਂ ਹੋਣਾ ਚਾਹੀਦਾ। ਬੀ. ਐੱਨ. ਪੀ. ਦੀ ਸਾਬਕਾ ਚੋਣ ਸਹਿਯੋਗੀ ਇਸਲਾਮਵਾਦੀ ‘ਜਮਾਤ-ਏ-ਇਸਲਾਮੀ’ ਨੇ ਸਤੰਬਰ ’ਚ ਢਾਕਾ ਯੂਨੀਵਰਸਿਟੀ ’ਚ ਕੈਂਪਸ ਚੋਣਾਂ ’ਚ ਆਪਣੇ ਵਿਦਿਆਰਥੀ ਵਿੰਗ ਦੀ ਜਿੱਤ ਦੇ ਬਾਅਦ ਤੋਂ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ।

ਜਮਾਤ ਖੁਦ ਨੂੰ ਭ੍ਰਿਸ਼ਟਾਚਾਰ ਵਿਰੋਧੀ ਅਤੇ ਸਮਾਜ ਕਲਿਆਣ ’ਤੇ ਫੋਕਸ ਕਰਨ ਵਾਲੀ ਪਾਰਟੀ ਦੇ ਤੌਰ ’ਤੇ ਪੇਸ਼ ਕਰ ਰਹੀ ਹੈ, ਜੋ ਅੱਜ ਸੁਧਾਰਾਂ ਦੇ ਇੱਛੁਕ ਅਤੇ ਆਰਥਿਕ ਤਣਾਅ ਨਾਲ ਜੂਝ ਰਹੇ ਬੰਗਲਾਦੇਸ਼ ਲੋਕਾਂ ਨੂੰ ਪਸੰਦ ਆ ਰਹੀ ਹੈ ਹਾਲਾਂਕਿ ਬੰਗਲਾਦੇਸ਼ ਦੀਆਂ ਚੋਣਾਂ ’ਚ ਹਿੰਸਾ ਦਾ ਜ਼ਿਆਦਾ ਖਤਰਾ ਰਹਿਮਾਨ ਲਈ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ ਅਤੇ ਇਹ ਪੂਰੀਆਂ ਚੋਣਾਂ ’ਚ ਸਭ ਤੋਂ ਵੱਡਾ ਅੜਿੱਕਾ ਹੈ।

ਵਰਣਨਯੋਗ ਹੈ ਕਿ ਸ਼ੇਖ ਹਸੀਨਾ ਦੀ ਪਾਰਟੀ ਅਵਾਮੀ ਲੀਗ ਜਿਸ ’ਤੇ ਬੈਨ ਲੱਗਾ ਹੋਇਆ ਹੈ, ਨੇ ਚੋਣਾਂ ’ਚ ਰੁਕਾਵਟ ਪਾਉਣ ਦੀ ਧਮਕੀ ਦਿੱਤੀ ਹੋਈ ਹੈ। ਪਿਛਲੇ ਮਹੀਨੇ ਸ਼ੇਖ ਹਸੀਨਾ ਨੂੰ ਮਨੁੱਖਤਾ ਦੇ ਵਿਰੁੱਧ ਅਪਰਾਧਾਂ ਲਈ ਉਨ੍ਹਾਂ ਦੀ ਗੈਰ-ਮੌਜੂਦਗੀ ’ਚ ਮੌਤ ਦੀ ਸਜ਼ਾ ਸੁਣਾਏ ਜਾਣ ਦੇ ਬਾਅਦ ਤੋਂ ਪਾਰਟੀ ਭਾਰੀ ਗੁੱਸੇ ’ਚ ਹੈ ਅਤੇ ਅਵਾਮੀ ਲੀਗ ਇਸ ਨੂੰ ਸਿਆਸੀ ਬਦਲੇ ਦੀ ਭਾਵਨਾ ਨਾਲ ਕੀਤੀ ਗਈ ਕਾਰਵਾਈ ਕਹਿੰਦੀ ਹੈ।

ਸ਼ੇਖ ਹਸੀਨਾ ਨੂੰ ਸੱਤਾ ਤੋਂ ਹਟਾਉਣ ਵਾਲੇ ਅੰਦੋਲਨ ’ਚ ਵੱਡੀ ਭੂਮਿਕਾ ਨਿਭਾਉਣ ਵਾਲੇ ਵਿਦਿਆਰਥੀ ਨੇਤਾ ‘ਸ਼ਰੀਫ ਉਸਮਾਨ ਹਾਦੀ’ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲਾ ਵਿਅਕਤੀ ਅਵਾਮੀ ਲੀਗ ਦੇ ਵਿਦਿਆਰਥੀ ਵਿੰਗ ਦਾ ਮੈਂਬਰ ਹੈ ਅਤੇ ਇਕ ਹੋਰ ਵਿਦਿਆਰਥੀ ਨੇਤਾ ਮਹਿਫੂਜ਼ ਆਲਮ ਨੇ ਇਸ ਹੱਤਿਆ ਦਾ ਬਦਲਾ ਲੈਣ ਦੀ ਚਿਤਾਵਨੀ ਦਿੱਤੀ ਹੋਈ ਹੈ। ਰਹਿਮਾਨ ਨੇ ਹਾਲਾਂਕਿ ਘੱਟ ਹਮਲਾਵਰੀ ਰੁਖ਼ ਅਪਣਾਇਆ ਹੈ ਪਰ ਉਨ੍ਹਾਂ ਨੇ ਚੋਣਾਂ ’ਚ ਰੁਕਾਵਟ ਪਾਉਣ ਦੀ ਸਾਜ਼ਿਸ਼ ਰਚਣ ਵਾਲਿਆਂ ਨੂੰ ਚਿਤਾਵਨੀ ਦੇ ਦਿੱਤੀ ਹੈ।

ਹਾਲਾਂਕਿ ਬੰਗਲਾਦੇਸ਼ ’ਚ ਸ਼ਨੀਵਾਰ, 20 ਦਸੰਬਰ ਨੂੰ ਲਗਾਤਾਰ ਤੀਜੇ ਦਿਨ ਵੀ ਵਿਰੋਧ ਪ੍ਰਦਰਸ਼ਨ ਜਾਰੀ ਰਿਹਾ। ਮੁੱਖ ਪ੍ਰਸ਼ਾਸਕ ਮੁਹੰਮਦ ਯੂਨੁਸ ਨੇ 12 ਫਰਵਰੀ, 2026 ਨੂੰ ਬੰਗਲਾਦੇਸ਼ ’ਚ ਚੋਣਾਂ ਕਰਾਉਣ ਦਾ ਐਲਾਨ ਕੀਤਾ ਹੈ ਪਰ ਅਜਿਹਾ ਲੱਗਦਾ ਨਹੀਂ ਕਿ ਚੋਣਾਂ ਹੋ ਸਕਣ। ਹਾਦੀ ਦੇ ਅੰਤਿਮ ਸੰਸਕਾਰ ਤੋਂ ਬਾਅਦ ਹਿੰਸਕ ਭੀੜ ਨੇ ਬੰਗਲਾਦੇਸ਼ ਭਰ ’ਚ ਇਮਾਰਤਾਂ ਨੂੰ ਸਾੜਿਆ, ਭਾਰਤੀ ਦੂਤਘਰ ਨੂੰ ਨਿਸ਼ਾਨਾ ਬਣਾਇਆ, ਇਕ ਹਿੰਦੂ ਕੱਪੜਾ ਮਿੱਲ ’ਚ ਕੰਮ ਕਰਨ ਵਾਲੇ ਮਜ਼ਦੂਰ ਨੂੰ ਸਾੜ ਕੇ ਮਾਰ ਦਿੱਤਾ, ਇਸ ਤੋਂ ਪਹਿਲਾਂ ਦੋ ਅਖਬਾਰਾਂ ‘ਪ੍ਰੋਥੋਮ ਆਲੋ’ ਅਤੇ ‘ਡੇਲੀ ਸਟਾਰ’ ਦੇ ਦਫਤਰਾਂ ਨੂੰ ਵੀ ਅੱਗ ਲਗਾ ਦਿੱਤਾ।

ਐਮਨੈਸਟੀ ਇੰਟਰਨੈਸ਼ਨਲ ਨੇ ਹਾਦੀ ਦੀ ਹੱਤਿਆ ਅਤੇ ਉਸ ਤੋਂ ਬਾਅਦ ਹੋਈ ਹਿੰਸਾ ਦੀ ਨਿਰਪੱਖ ਅਤੇ ਆਜ਼ਾਦਾਨਾ ਜਾਂਚ ਦੀ ਮੰਗ ਵੀ ਕੀਤੀ, ਪਰ ਕੁਝ ਇਹ ਵੀ ਮੰਨ ਰਹੇ ਹਨ ਕਿ ਸੱਜੇ ਪੱਖੀ ਪਾਰਟੀਆਂ, ਜੋ ਪਾਕਿਸਤਾਨ ਤੋਂ ਸਮਰਥਨ ਲੈ ਰਹੀਆਂ ਹਨ ਜਾਂ ਫਿਰ ਯੂਨੁਸ ਖੁਦ ਨਹੀਂ ਚਾਹੁੰਦੇ ਕਿ ਚੋਣਾਂ ਹੋਣ।


author

Sandeep Kumar

Content Editor

Related News