ਟੀ. ਸੀ. ਐੱਸ. ਨਾਸਿਕ ਵਰਗੀਆਂ ਧਰਮ-ਤਬਦੀਲੀਆਂ ਰੁਕ ਕਿਉਂ ਨਹੀਂ ਰਹੀਆਂ?
Friday, May 22, 2026 - 06:19 PM (IST)
ਇਹ ਲੇਖ ਪ੍ਰਸਿੱਧ ਲੇਖਕ, ਕਾਲਮਨਵੀਸ ਅਤੇ ਵਿਚਾਰਕ ਸਵਰਗੀ ਬਲਬੀਰ ਪੁੰਜ ਨੇ ਆਪਣੇ ਦਿਹਾਂਤ (18 ਅਪ੍ਰੈਲ) ਤੋਂ ਇਕ ਦਿਨ ਪਹਿਲਾਂ, ਅਗਲੇ ਹਫ਼ਤੇ ਪ੍ਰਸਤਾਵਿਤ ਹਿੰਦੀ ਕਾਲਮ ਲਈ ਲਿਖਿਆ ਸੀ। ਧਰਮ-ਤਬਦੀਲੀ ਦੇ ਮਾਮਲੇ ’ਚ ਨਿਦਾ ਖਾਨ ਦੀ ਗ੍ਰਿਫ਼ਤਾਰੀ ਅਤੇ ਏ. ਆਈ. ਐੱਮ. ਆਈ. ਐੱਮ. ਆਗੂਆਂ ਵਲੋਂ ਉਸ ਨੂੰ ਦਿੱਤੀ ਗਈ ਸਰਪ੍ਰਸਤੀ ਦੀਆਂ ਖ਼ਬਰਾਂ ਨੇ ਫਿਰ ਤੋਂ ਨਾਸਿਕ ਟੀ. ਸੀ. ਐੱਸ. ਮਾਮਲੇ ਨੂੰ ਚਰਚਾ ’ਚ ਲਿਆ ਦਿੱਤਾ ਹੈ। ਅਜਿਹੇ ’ਚ ਪੁੰਜ ਜੀ ਦਾ ਇਹ ਲੇਖ ਪ੍ਰਾਸੰਗਿਕ ਹੋ ਜਾਂਦਾ ਹੈ।
ਇਹ ਕਾਲਮ ਮੇਰੇ ਪਿਛਲੇ ਲੇਖ ‘ਅਸਹਿਜ ਸੱਚ ਤੋਂ ਮੂੰਹ ਮੋੜਨ ਦੀ ‘ਸੈਕੁਲਰ’ ਕੀਮਤ’ (16 ਅਪ੍ਰੈਲ) ਦੀ ਅਗਲੀ ਕੜੀ ਹੈ। ਉਦੋਂ ਮੇਰਾ ਤਰਕ ਸੀ ਕਿ ਭਾਰਤ ’ਚ ਖ਼ੁਦ ਨੂੰ ‘ਸੈਕੁਲਰ’ ਕਹਾਉਣ ਵਾਲੇ ਬੁੱਧੀਜੀਵੀਆਂ ਦਾ ਇਕ ਵਰਗ, ਦਹਾਕਿਆਂ ਤੋਂ ਸੰਵਿਧਾਨ ਦੇ ਨਿਰਪੱਖ ਰੱਖਿਅਕ ਵਜੋਂ ਘੱਟ ਅਤੇ ਸੰਗਠਿਤ ਧਰਮ-ਤਬਦੀਲੀ ਗਿਰੋਹ ਦੇ ਨਾਲ ਵਿਚਾਰਕ ਕੱਟੜਤਾ ਦੇ ਪੈਰੋਕਾਰ ਵਜੋਂ ਵੱਧ ਕੰਮ ਕਰ ਰਿਹਾ ਹੈ। ਨਾਸਿਕ ਟੀ. ਸੀ. ਐੱਸ. ਧਰਮ-ਤਬਦੀਲੀ ਮਾਮਲੇ ਨੇ ਇਕ ਵਾਰ ਫਿਰ ਅਸਹਿਜ ਕਰਨ ਵਾਲੀ ਕਾਲੀ ਸੱਚਾਈ ਨੂੰ ਉਜਾਗਰ ਕਰ ਦਿੱਤਾ ਹੈ।
ਭਾਰਤੀ ਉਪ-ਮਹਾਦੀਪ ਇਸ ਸਥਿਤੀ ਨੂੰ ਸਮਝਣ ਲਈ ਇਕ ਬਹੁਤ ਹੀ ਮਹੱਤਵਪੂਰਨ ਸੰਦਰਭ ਪ੍ਰਦਾਨ ਕਰਦਾ ਹੈ। ਇਤਿਹਾਸ ਗਵਾਹ ਹੈ ਕਿ ਜਿੱਥੇ ਕਿਤੇ ਵੀ ਇਸਲਾਮ ਨੇ ਵਿਆਪਕ ਸਮਾਜਿਕ ਜਾਂ ਸਿਆਸੀ ਪ੍ਰਭੂਤੱਵ ਹਾਸਲ ਕੀਤਾ, ਉੱਥੇ ਬਹੁਲਤਾਵਾਦ, ਸਹਿ-ਹੋਂਦ ਅਤੇ ਲੋਕਤੰਤਰ ਨੂੰ ‘ਦੁੱਧ ’ਚੋਂ ਮੱਖੀ ਵਾਂਗ ਕੱਢ ਕੇ ਸੁੱਟ ਦਿੱਤਾ’ ਗਿਆ। ਇਸ ’ਚ ਇਸਲਾਮ ਤੋਂ ਪਹਿਲਾਂ ਦੀਆਂ ਸੰਸਕ੍ਰਿਤੀਆਂ, ਉਨ੍ਹਾਂ ਦੀਆਂ ਪਰੰਪਰਾਵਾਂ ਅਤੇ ਸੱਭਿਅਤਾ ਦੀਆਂ ਯਾਦਾਂ ਨੂੰ ਜਾਂ ਤਾਂ ਬੇਰਹਿਮੀ ਨਾਲ ਹਾਸ਼ੀਏ ’ਤੇ ਧੱਕ ਦਿੱਤਾ ਗਿਆ ਜਾਂ ਪੂਰੀ ਤਰ੍ਹਾਂ ਮਿਟਾ ਦਿੱਤਾ ਗਿਆ। ਅਜਿਹੇ ਮਜ਼੍ਹਬੀ ਸਮਾਜ ’ਚ ਗੈਰ-ਮੁਸਲਮਾਨਾਂ ਦਾ ਦਮਨ ਬੇਖ਼ੌਫ਼ ਹੁੰਦਾ ਹੈ ਅਤੇ ਉਦੋਂ ਪਾਖੰਡੀ-ਸੈਕੁਲਰਵਾਦ ਵਰਗੇ ਕਿਸੇ ਦਿਖਾਵੇ ਦੀ ਲੋੜ ਵੀ ਨਹੀਂ ਰਹਿੰਦੀ।
ਪੂਰੇ ਉਪ-ਮਹਾਦੀਪ ’ਚ ਜਨਸੰਖਿਆ ਦੀ ਅਸਮਾਨਤਾ ਸਿਰਫ਼ ਹੈਰਾਨ ਕਰਨ ਵਾਲੀ ਹੀ ਨਹੀਂ, ਸਗੋਂ ਭਿਆਨਕ ਹੈ। ਵੰਡ ਦੇ ਸਮੇਂ, ਖੰਡਿਤ ਭਾਰਤ ’ਚ ਮੁਸਲਮਾਨਾਂ ਦੀ ਆਬਾਦੀ 10 ਫੀਸਦੀ ਤੋਂ ਘੱਟ ਸੀ, ਜੋ ਹੁਣ 15 ਫੀਸਦੀ ਤੋਂ ਵੱਧ ਹੈ। ਦੂਜੇ ਪਾਸੇ, 1947 ਤੋਂ ਪਹਿਲਾਂ ਭਾਰਤ ਦਾ ਹਿੱਸਾ ਰਹੇ ਪਾਕਿਸਤਾਨ ’ਚ ਹਿੰਦੂ-ਸਿੱਖ ਕੁੱਲ ਆਬਾਦੀ ਦਾ 15-16 ਫੀਸਦੀ ਸਨ, ਜੋ ਅੱਜ 2 ਫੀਸਦੀ ਵੀ ਨਹੀਂ ਹਨ। ਬੰਗਲਾਦੇਸ਼ ’ਚ, ਹਿੰਦੂ-ਬੌਧ ਆਬਾਦੀ ਦਹਾਕਿਆਂ ’ਚ 28-30 ਫੀਸਦੀ ਤੋਂ ਸੁੰਗੜ ਕੇ 8-9 ਫੀਸਦੀ ਰਹਿ ਗਈ ਹੈ।
ਲਾਹੌਰ ਇਸ ਦੀ ਇਕ ਦਰਦਨਾਕ ਉਦਾਹਰਣ ਪੇਸ਼ ਕਰਦਾ ਹੈ। ਰਵਾਇਤੀ ਤੌਰ ’ਤੇ ਭਗਵਾਨ ਸ਼੍ਰੀ ਰਾਮ ਦੇ ਪੁੱਤਰ ਲਵ ਨਾਲ ਜੁੜਿਆ ਇਹ ਇਤਿਹਾਸਕ ਨਗਰ ਕਦੇ ਸਨਾਤਨ ਵਿਰਾਸਤ ਦੀ ਜਿਊਂਦੀ-ਜਾਗਦੀ ਮਿਸਾਲ ਸੀ। ਸਈਅਦ ਮੁਹੰਮਦ ਲਤੀਫ਼ ਵਲੋਂ 19ਵੀਂ ਸਦੀ ’ਚ ਲਿਖੀ ‘ਲਾਹੌਰ’ ਪੁਸਤਕ ’ਚ ਉਨ੍ਹਾਂ ਸੈਂਕੜੇ ਮੰਦਰਾਂ ਅਤੇ ਪੂਜਾ ਸਥਾਨਾਂ ਦਾ ਜ਼ਿਕਰ ਹੈ, ਜੋ ਕਦੇ ਉਥੇ ਆਬਾਦ ਸਨ। 2003 ’ਚ ਆਪਣੀ ਪਾਕਿਸਤਾਨ ਯਾਤਰਾ ਦੌਰਾਨ, ਮੈਂ ਉਸ ਮਹਾਨ ਸੱਭਿਅਤਾ ਦੇ ਨਿਸ਼ਾਨਾਂ ਨੂੰ ਲੱਭਣ ਦਾ ਯਤਨ ਕੀਤਾ। ਜੋ ਕੁਝ ਬਚਿਆ ਸੀ, ਉਹ ਸਿਰਫ਼ ਮਜ਼੍ਹਬੀ ਅਣਦੇਖੀ ਅਤੇ ਪਤਨ ਦਾ ਸ਼ੀਸ਼ਾ ਸੀ।
ਇਸੇ ਤਰ੍ਹਾਂ ਅਫ਼ਗਾਨਿਸਤਾਨ 1000 ਸਾਲ ਪਹਿਲਾਂ ਤੱਕ ਹਿੰਦੂ-ਬੌਧ ਸਿੱਖਿਆ ਦਾ ਇਕ ਬਹੁਤ ਹੀ ਅਮੀਰ ਕੇਂਦਰ ਸੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਪਵਿੱਤਰ ਯਾਤਰਾਵਾਂ ਨਾਲ ਵਰਸੋਇਆ ਖੇਤਰ ਸੀ। ਮਹਿਮੂਦ ਗਜ਼ਨਵੀ ਦੇ ਦੌਰ ਤੋਂ ਜਾਰੀ ਲਗਾਤਾਰ ਜਿਹਾਦ ਤੋਂ ਬਾਅਦ ਜਿਨ੍ਹਾਂ ਹਿੰਦੂ-ਸਿੱਖਾਂ ਦੀ ਗਿਣਤੀ 1970 ਦੇ ਦਹਾਕੇ ’ਚ ਘਟ ਕੇ ਕੁਝ ਲੱਖ ਰਹਿ ਗਈ ਸੀ, ਉਨ੍ਹਾਂ ਨੂੰ ਹੁਣ ਮਜ਼੍ਹਬੀ ਅੱਤਿਆਚਾਰਾਂ, ਗ੍ਰਹਿ ਯੁੱਧ ਅਤੇ ਤਾਲਿਬਾਨ ਦੇ ਨਿਰਦਈ ਸ਼ਾਸਨ ਨੇ ਲਗਭਗ ਜੜ੍ਹੋਂ ਖ਼ਤਮ ਕਰ ਦਿੱਤਾ ਹੈ।
ਕਸ਼ਮੀਰ ਅੱਜ ਵੀ ਖੰਡਿਤ ਭਾਰਤ ਦਾ ਰਿਸਦਾ ਹੋਇਆ ਜ਼ਖ਼ਮ ਬਣਿਆ ਹੋਇਆ ਹੈ। ਕਦੇ ਸ਼ੈਵ-ਬੌਧ ਵਿਦਵਤਾ ਲਈ ਪੂਰੀ ਦੁਨੀਆ ’ਚ ਮਸ਼ਹੂਰ ਮਹਾਰਿਸ਼ੀ ਕਸ਼ਯਪ ਦੀ ਇਹ ਪਵਿੱਤਰ ਧਰਤੀ 14ਵੀਂ ਸਦੀ ਤੋਂ ਬਾਅਦ ਭਿਆਨਕ ਜਿਹਾਦ ਦੇ ਦੌਰ ’ਚੋਂ ਲੰਘੀ। ਲਗਾਤਾਰ ਹੋਏ ਇਸਲਾਮੀਕਰਨ ਨੇ ਇਸ ਭੂਖੰਡ ਦੇ ਜਨਸੰਖਿਅਕ ਅਤੇ ਸੱਭਿਆਚਾਰਕ ਸਰੂਪ ਨੂੰ ਕੁਚਲ ਕੇ ਰੱਖ ਦਿੱਤਾ। ਹਿੰਦੂ ਡੋਗਰਾ ਸ਼ਾਸਨ (1846-1947) ’ਚ ਬਹੁਲਤਾਵਾਦ ਦਾ ਇਕ ਸੰਖੇਪ ਪੁਨਰ-ਉੱਥਾਨ ਜ਼ਰੂਰ ਦੇਖਿਆ ਗਿਆ, ਪਰ 20ਵੀਂ ਸਦੀ ਦੌਰਾਨ, ਸ਼ੇਖ ਅਬਦੁੱਲਾ ਦੀ ਫਿਰਕੂ ਰਾਜਨੀਤੀ ਨੇ ਸੈਕੁਲਰਵਾਦ ਦੇ ਨਾਂ ’ਤੇ ਇਸਲਾਮੀ ‘ਈਕੋ-ਸਿਸਟਮ’ ਨੂੰ ਫਿਰ ਤੋਂ ਮਜ਼ਬੂਤ ਕਰ ਦਿੱਤਾ। ਇਸ ਦਾ ਮਾੜਾ ਨਤੀਜਾ 1980-90 ਦੇ ਦੌਰ ’ਚ ਉਦੋਂ ਸਾਹਮਣੇ ਆਇਆ, ਜਦੋਂ ਇਸਲਾਮ ਦੇ ਨਾਂ ’ਤੇ ਕਸ਼ਮੀਰੀ ਪੰਡਤਾਂ ਦਾ ਉਨ੍ਹਾਂ ਸਥਾਨਕ ਮੁਸਲਮਾਨਾਂ ਦੁਆਰਾ ਮਜ਼੍ਹਬੀ ਦਮਨ ਕੀਤਾ ਗਿਆ, ਜੋ ਕਦੇ ਉਨ੍ਹਾਂ ਦੇ ਮਿੱਤਰ-ਗੁਆਂਢੀ ਹੁੰਦੇ ਸਨ। ਜਿਹਾਦ ਤੋਂ ਪੀੜਤ ਲੱਖਾਂ ਪੰਡਤ ਹਿਜਰਤ ਤੋਂ ਬਾਅਦ ਆਪਣੇ ਹੀ ਦੇਸ਼ ’ਚ ਸ਼ਰਨਾਰਥੀ ਬਣ ਗਏ, ਜਦੋਂ ਕਿ ਬਹੁਤੇ ‘ਸੈਕੁਲਰ’ ਇਸ ਤ੍ਰਾਸਦੀ ਦੀਆਂ ਵਿਚਾਰਕ ਜੜ੍ਹਾਂ ਨੂੰ ਅਣਗੌਲਿਆ ਕਰਕੇ ਖੋਖਲੀ ‘ਗੰਗਾ-ਜਮੁਨੀ’ ਤਹਿਜ਼ੀਬ ਦਾ ਬੇਸੁਰਾ ਰਾਗ ਅਲਾਪਦੇ ਰਹੇ।
ਉਪ-ਮਹਾਦੀਪ ਦੇ ਕਈ ਮੁਸਲਮਾਨਾਂ ਲਈ ਮਜ਼੍ਹਬੀ ਵਫ਼ਾਦਾਰੀ ਰਾਸ਼ਟਰ ਤੋਂ ਉੱਪਰ ਹੈ। ਇਸ ਸੰਦਰਭ ’ਚ ਕਾਂਗਰਸ ਦੇ ਸੀਨੀਅਰ ਆਗੂ ਅਤੇ ਮਹਾਰਾਜਾ ਹਰੀ ਸਿੰਘ ਦੇ ਪੁੱਤਰ ਡਾ. ਕਰਨ ਸਿੰਘ ਵਲੋਂ ਲਿਖੀ ਸਵੈ-ਜੀਵਨੀ ‘ਹੇਅਰ ਅਪੇਰੈਂਟ’ ’ਚ ਦਰਜ ਘਟਨਾਕ੍ਰਮ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਅਕਤੂਬਰ 1947 ’ਚ ਜੰਮੂ-ਕਸ਼ਮੀਰ ’ਤੇ ਪਾਕਿਸਤਾਨ ਸਮਰਥਿਤ ਹਮਲੇ ਨੂੰ ਯਾਦ ਕਰਦਿਆਂ, ਉਨ੍ਹਾਂ ਨੇ ਜ਼ਿਕਰ ਕੀਤਾ ਕਿ ਕਿਵੇਂ ਰਿਆਸਤੀ ਫ਼ੌਜ ਦੇ ਮੁਸਲਿਮ ਮੁਲਾਜ਼ਮ ਮਜ਼੍ਹਬੀ ਨੇੜਤਾ ਤੋਂ ਪ੍ਰਭਾਵਿਤ ਹੋ ਕੇ ਮਹਾਰਾਜਾ ਨਾਲ ਗੱਦਾਰੀ ਕਰਦੇ ਹੋਏ ਦੁਸ਼ਮਣਾਂ ਨਾਲ ਜਾ ਮਿਲੇ।
ਇਸਲਾਮੀ ਪਾਕਿਸਤਾਨ ’ਚ ਹਿੰਦੂ-ਈਸਾਈ-ਸਿੱਖ ਕੁੜੀਆਂ ਦੇ ਅਗਵਾ ਅਤੇ ਧਰਮ-ਤਬਦੀਲੀ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਕਿਉਂਕਿ ਭਾਰਤ ’ਚ ਇਸ ਤਰ੍ਹਾਂ ਦੇ ਕਾਰਿਆਂ ਨੂੰ ਖੁੱਲ੍ਹੇਆਮ ਅੰਜਾਮ ਨਹੀਂ ਦਿੱਤਾ ਜਾ ਸਕਦਾ, ਇਸ ਲਈ ‘ਲਵ-ਜਿਹਾਦ’ ਵਰਗੇ ਮਜ਼੍ਹਬੀ ਹੱਥਕੰਡਿਆਂ ਦਾ ਸਹਾਰਾ ਲਿਆ ਜਾਂਦਾ ਹੈ। ਨਾਸਿਕ ਟੀ. ਸੀ. ਐੱਸ. ਦਾ ਮਾਮਲਾ ਇਸੇ ਜ਼ਹਿਰੀਲੀ ਮਾਨਸਿਕਤਾ ਦਾ ਇਕ ਪ੍ਰਤੱਖ ਪ੍ਰਮਾਣ ਹੈ।
ਗੱਲ ਸਿਰਫ਼ ਧਰਮ-ਤਬਦੀਲੀ ਤੱਕ ਸੀਮਤ ਨਹੀਂ ਹੈ। ਹਾਲੀਆ ਸਾਲਾਂ ’ਚ ਰਾਮਨੌਮੀ ਅਤੇ ਹਨੂੰਮਾਨ ਜਯੰਤੀ ਦੇ ਜਸ਼ਨਾਂ ਸਮੇਤ ਹੋਰ ਹਿੰਦੂ ਸ਼ੋਭਾ ਯਾਤਰਾਵਾਂ ਦੌਰਾਨ ਵਾਰ-ਵਾਰ ਪਹਿਲਾਂ ਤੋਂ ਯੋਜਨਾਬੱਧ ਝੜਪਾਂ ਵੀ ਦੇਖੀਆਂ ਗਈਆਂ ਹਨ। ਇਸ ਸਾਲ ਦੀ ਸ਼ੁਰੂਆਤ ’ਚ ਹੋਲੀ ਦੌਰਾਨ ਦਿੱਲੀ ਦੇ ਉੱਤਮ ਨਗਰ ’ਚ ਮੁਸਲਿਮ ਭੀੜ ਵਲੋਂ ਇਕ ਹਿੰਦੂ ਨੌਜਵਾਨ ਦਾ ਕੁੱਟ-ਕੁੱਟ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਸਾਲ 2021 ’ਚ ਮਦਰਾਸ ਹਾਈ ਕੋਰਟ ਨੇ ਮੁਸਲਿਮ-ਬਹੁਗਿਣਤੀ ਵਾਲੇ ਇਲਾਕਿਆਂ ’ਚੋਂ ਹਿੰਦੂ ਜਲੂਸਾਂ ਨੂੰ ਰੋਕਣ ਸੰਬੰਧੀ ਮੁਸਲਿਮ ਪੱਖਾਂ ਦੀ ਮੰਗ ਨੂੰ ਇਹ ਕਹਿੰਦਿਆਂ ਖਾਰਜ ਕਰ ਦਿੱਤਾ ਸੀ ਕਿ ਇਹ ਸੋਚ ਦੇਸ਼ ਦੇ ਧਰਮ-ਨਿਰਪੱਖ ਤਾਣੇ-ਬਾਣੇ ਨੂੰ ਤਾਰ-ਤਾਰ ਕਰ ਦੇਵੇਗੀ।
ਭਾਰਤ ਦੀ ਅਸਲੀ ਤਾਕਤ ਇਸ ਦੇ ਸੱਭਿਅਤਾਗਤ ਬਹੁਲਤਾਵਾਦ, ਧਰਮ-ਨਿਰਪੱਖਤਾ ਅਤੇ ਲੋਕਤੰਤਰ ’ਚ ਹੈ। ਭਾਰਤ ਦਾ ਸਮਾਵੇਸ਼ੀ ਸਰੂਪ ਸਦੀਆਂ ਤੋਂ ਸਿਰਫ਼ ਆਪਣੇ ਹਿੰਦੂ ਸੱਭਿਅਤਾਗਤ ਸੰਸਕਾਰਾਂ ਦੇ ਕਾਰਨ ਹੀ ਜਿਊਂਦਾ ਹੈ। ਅਜਿਹੇ ’ਚ ਸਵਾਮੀ ਵਿਵੇਕਾਨੰਦ ਦੀ ਉਸ ਚਿਤਾਵਨੀ ਦਾ ਨੋਟਿਸ ਲੈਣਾ ਜ਼ਰੂਰੀ ਹੈ, ਜਿਸ ’ਚ ਉਨ੍ਹਾਂ ਨੇ ਅਪ੍ਰੈਲ 1899 ’ਚ ‘ਪ੍ਰਬੁੱਧ ਭਾਰਤ’ ਨੂੰ ਇੰਟਰਵਿਊ ਦਿੰਦੇ ਹੋਏ ਕਿਹਾ ਸੀ : ‘ਹਿੰਦੂ ਦਾਇਰੇ ਤੋਂ ਬਾਹਰ ਜਾਣ ਵਾਲਾ ਹਰ ਵਿਅਕਤੀ ਸਿਰਫ਼ ਇਕ ਵਿਅਕਤੀ ਘੱਟ ਹੋਣਾ ਨਹੀਂ ਹੈ, ਸਗੋਂ ਇਕ ਦੁਸ਼ਮਣ ਦਾ ਵਧਣਾ ਹੈ।’ ਕੀ ਸਮਾਜ ਸਮੇਂ ਸਿਰ ਸੁਚੇਤ ਹੋਵੇਗਾ?
—ਬਲਬੀਰ ਪੁੰਜ
