ਮਹਾਰਾਜਾ ਦਲੀਪ ਸਿੰਘ ਦਾ ਜ਼ਾਰ ਨੂੰ ਪੱਤਰ : ਭਾਰਤ, ਪੰਜਾਬ ਅਤੇ ਸਿੱਖ ਸਥਿਤੀ ਦਾ ਇਕ ਵਿਸਰਿਆ ਆਈਨਾ

Wednesday, May 13, 2026 - 04:53 PM (IST)

ਮਹਾਰਾਜਾ ਦਲੀਪ ਸਿੰਘ ਦਾ ਜ਼ਾਰ ਨੂੰ ਪੱਤਰ : ਭਾਰਤ, ਪੰਜਾਬ ਅਤੇ ਸਿੱਖ ਸਥਿਤੀ ਦਾ ਇਕ ਵਿਸਰਿਆ ਆਈਨਾ

10 ਮਾਰਚ 1887 ਨੂੰ, ਮਹਾਰਾਜਾ ਦਲੀਪ ਸਿੰਘ ਨੇ ਬਸਤੀਵਾਦੀ ਭਾਰਤ ਦੇ ਇਤਿਹਾਸ ’ਚ ਸਭ ਤੋਂ ਵਰਣਨਯੋਗ ਸਿਆਸੀ ਪੱਤਰਾਂ ’ਚੋਂ ਇਕ ਲਿਖਿਆ। ਰੂਸ ਦੇ ਜ਼ਾਰ ਨੂੰ ਸੰਬੋਧਿਤ ਕਰਦੇ ਹੋਏ, ਮਹਾਰਾਜਾ ਰਣਜੀਤ ਸਿੰਘ ਦੇ ਜਲਾਵਤਨ ਪੁੱਤਰ ਨੇ ਭਾਰਤ ਨੂੰ ਬ੍ਰਿਟਿਸ਼ ਸ਼ਾਸਨ ਤੋਂ ਮੁਕਤ ਕਰਵਾਉਣ ਲਈ ਅੰਤਰਰਾਸ਼ਟਰੀ ਸਮਰਥਨ ਮੰਗਿਆ। ਬ੍ਰਿਟਿਸ਼ ਖੁਫ਼ੀਆ ਵਿਭਾਗ ਵੱਲੋਂ ਫੜਿਆ ਗਿਆ ਇਹ ਪੱਤਰ ਇਕ ਰਾਜਦੂਤਕ ਅਪੀਲ ਤੋਂ ਕਿਤੇ ਵੱਧ ਸੀ। ਇਹ ਭਾਰਤ ਦੀਆਂ ਸਿਆਸੀ ਹਕੀਕਤਾਂ, ਪੰਜਾਬ ਦੀ ਸਥਿਤੀ ਅਤੇ ਲਾਹੌਰ ਸਾਮਰਾਜ ਦੇ ਪਤਨ ਤੋਂ ਬਾਅਦ ਸਿੱਖ ਸਮਾਜ ਦੀ ਅਵਸਥਾ ਦਾ ਪ੍ਰਤੀਬਿੰਬ ਸੀ।

ਕਈ ਮਾਅਨਿਆਂ ’ਚ, ਮਹਾਰਾਜਾ ਦਲੀਪ ਸਿੰਘ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਉਦੇਸ਼ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਲੈ ਕੇ ਜਾਣ ਵਾਲੇ ਪਹਿਲੇ ਭਾਰਤੀ ਸ਼ਾਸਕ ਸਨ। ਸੁਭਾਸ਼ ਚੰਦਰ ਬੋਸ ਵੱਲੋਂ ਦੂਜੀ ਵਿਸ਼ਵ ਜੰਗ ਦੌਰਾਨ ਭਾਰਤ ਦੀ ਮੁਕਤੀ ਲਈ ਵਿਦੇਸ਼ੀ ਸਹਾਇਤਾ ਮੰਗਣ ਤੋਂ ਦਹਾਕਿਆਂ ਪਹਿਲਾਂ, ਦਲੀਪ ਸਿੰਘ ਪਹਿਲਾਂ ਹੀ ਬ੍ਰਿਟਿਸ਼ ਸ਼ਾਸਨ ਦੇ ਖ਼ਿਲਾਫ਼ ਅੰਤਰਰਾਸ਼ਟਰੀ ਸਮਰਥਨ ਜੁਟਾਉਣ ਦਾ ਯਤਨ ਕਰ ਚੁੱਕੇ ਸਨ।

ਆਪਣੇ ਸੰਚਾਰ ’ਚ, ਮਹਾਰਾਜਾ ਦਲੀਪ ਸਿੰਘ ਨੇ ਕਥਿਤ ਤੌਰ ’ਤੇ ਐਲਾਨ ਕੀਤਾ ਕਿ ਉਹ ‘ਭਾਰਤ ਦੇ 25 ਕਰੋੜ ਲੋਕਾਂ’ ਦੀ ਨੁਮਾਇੰਦਗੀ ਕਰਦੇ ਹਨ। ਇਹ ਕਥਨ ਆਪਣੇ ਆਪ ’ਚ ਇਤਿਹਾਸਕ ਤੌਰ ’ਤੇ ਮਹੱਤਵਪੂਰਨ ਹੈ। ਅਜਿਹੇ ਸਮੇਂ ’ਚ, ਜਦੋਂ ਭਾਰਤ ਜਾਤਾਂ, ਰਿਆਸਤਾਂ ਅਤੇ ਖੇਤਰੀ ਵਫ਼ਾਦਾਰੀਆਂ ’ਚ ਵੰਡਿਆ ਹੋਇਆ ਸੀ, ਇਕ ਜਲਾਵਤਨੀ ਸਿੱਖ ਸ਼ਾਸਕ ਨੇ ਅਜੇ ਵੀ ਭਾਰਤ ਨੂੰ ਵਿਦੇਸ਼ੀ ਪ੍ਰਭੂਤੱਵ ਤੋਂ ਮੁਕਤੀ ਦੇ ਯੋਗ ਇਕ ਸਿਆਸੀ ਸੱਭਿਅਤਾ ਵਜੋਂ ਕਲਪਨਾ ਕੀਤੀ ਸੀ।

ਉਸ ਕਾਲ ਦੀਆਂ ਜਨਸੰਖਿਅਕ ਅਤੇ ਫ਼ੌਜੀ ਹਕੀਕਤਾਂ ਇਕ ਹੋਰ ਵੀ ਡੂੰਘੇ ਸੱਚ ਨੂੰ ਉਜਾਗਰ ਕਰਦੀਆਂ ਹਨ। 1887 ਦੇ ਆਸ-ਪਾਸ, ਭਾਰਤ ਦੀ ਜਨਸੰਖਿਆ ਲੱਗਭਗ 25 ਕਰੋੜ ਸੀ, ਜਦਕਿ ਭਾਰਤ ’ਚ ਪ੍ਰਸ਼ਾਸਕਾਂ, ਅਧਿਕਾਰੀਆਂ ਅਤੇ ਫ਼ੌਜੀ ਕਰਮਚਾਰੀਆਂ ਸਮੇਤ ਬ੍ਰਿਟਿਸ਼ ਸ਼ਾਸਕਾਂ ਦੀ ਕੁੱਲ ਗਿਣਤੀ ਮੁਸ਼ਕਲ ਨਾਲ 1 ਲੱਖ ਸੀ। ਬ੍ਰਿਟਿਸ਼ ਭਾਰਤੀ ਫ਼ੌਜ ’ਚ ਲੱਗਭਗ 2 ਲੱਖ ਸੈਨਿਕ ਸਨ, ਜੋ ਯੂਰਪੀਅਨ ਅਤੇ ਭਾਰਤੀਆਂ ਵਿਚਾਲੇ ਵੰਡੇ ਹੋਏ ਸਨ। ਇਨ੍ਹਾਂ ਸੈਨਿਕਾਂ ’ਚ ਲੱਗਭਗ 45,000 ਸਿੱਖ ਸਨ।

1849 ’ਚ ਪੰਜਾਬ ਦੇ ਰਲੇਵੇਂ ਤੋਂ ਬਾਅਦ ਬ੍ਰਿਟਿਸ਼ ਭਾਰਤੀ ਫ਼ੌਜ ’ਚ ਸਿੱਖਾਂ ਦੇ ਵਿਸ਼ਾਲ ਫ਼ੌਜੀ ਯੋਗਦਾਨ ਨੂੰ ਦੇਖਦੇ ਹੋਏ ਇਹ ਅੰਕੜਾ ਅਸਾਧਾਰਨ ਹੈ, ਖ਼ਾਸ ਕਰਕੇ ਉਦੋਂ, ਜਦੋਂ ਉਸ ਸਮੇਂ ਪੰਜਾਬ ਦੀ ਸਿੱਖ ਆਬਾਦੀ ਲਗਭਗ 80 ਲੱਖ ਸੀ। ਉਹੀ ਖਾਲਸਾ ਕੌਮ, ਜਿਸ ਨੇ ਮੁੱਦਕੀ, ਫ਼ਿਰੋਜ਼ਸ਼ਾਹ, ਚਿਲਿਆਂਵਾਲਾ ਅਤੇ ਗੁਜਰਾਤ ’ਚ ਅੰਗਰੇਜ਼ਾਂ ਦੇ ਖ਼ਿਲਾਫ਼ ਇਤਿਹਾਸਕ ਲੜਾਈ ਲੜੀ ਸੀ, ਕੁਝ ਹੀ ਦਹਾਕਿਆਂ ਦੇ ਅੰਦਰ ਭਾਰਤ ’ਚ ਬ੍ਰਿਟਿਸ਼ ਸਾਮਰਾਜ ਦੇ ਸਭ ਤੋਂ ਮਜ਼ਬੂਤ ਫ਼ੌਜੀ ਥੰਮ੍ਹਾਂ ’ਚੋਂ ਇਕ ਬਣ ਗਈ ਸੀ। ਅੰਗਰੇਜ਼ਾਂ ਨੇ ਐਂਗਲੋ-ਸਿੱਖ ਜੰਗਾਂ ਦੌਰਾਨ ਖਾਲਸਾ ਫ਼ੌਜ ਦਾ ਸਾਹਮਣਾ ਕਰਨ ਤੋਂ ਬਾਅਦ ਸਿੱਖਾਂ ਦੀ ਜੰਗੀ ਭਾਵਨਾ ਅਤੇ ਅਨੁਸ਼ਾਸਨ ਨੂੰ ਸਪੱਸ਼ਟ ਤੌਰ ’ਤੇ ਸਮਝ ਲਿਆ ਸੀ। ਪੰਜਾਬ ਨੂੰ ਹੜੱਪਣ ਤੋਂ ਬਾਅਦ, ਉਨ੍ਹਾਂ ਨੇ ਸਾਬਕਾ ਦੁਸ਼ਮਣਾਂ ਨੂੰ ਸਾਮਰਾਜ ਦੇ ਰੱਖਿਅਕਾਂ ’ਚ ਬਦਲਣ ਲਈ ਭਰਤੀ, ਇਨਾਮ, ਜ਼ਮੀਨੀ ਗ੍ਰਾਂਟਾਂ ਅਤੇ ਮਾਨਤਾ ਦੀ ਇਕ ਸੋਚੀ-ਸਮਝੀ ਨੀਤੀ ਅਪਣਾਈ। ਫਿਰ ਵੀ ਡੂੰਘੀ ਤ੍ਰਾਸਦੀ ਕਿਤੇ ਹੋਰ ਲੁਕੀ ਸੀ।

ਜਦੋਂ ਮਹਾਰਾਜਾ ਦਲੀਪ ਸਿੰਘ ਨੇ ਬ੍ਰਿਟਿਸ਼ ਸ਼ਾਸਨ ਦੇ ਖ਼ਿਲਾਫ਼ ਵਿਰੋਧ ਨੂੰ ਮੁੜ ਸੰਗਠਿਤ ਕਰਨ ਦਾ ਯਤਨ ਕੀਤਾ, ਤਾਂ ਉਨ੍ਹਾਂ ਨੇ ਖ਼ੁਦ ਨੂੰ ਲੱਗਭਗ ਇਕੱਲਾ ਪਾਇਆ। ਇਤਿਹਾਸਕ ਸੰਦਰਭ ਦੱਸਦੇ ਹਨ ਕਿ ਪ੍ਰਮੁੱਖ ਸਿੱਖਾਂ ’ਚ, ਉਹ ਆਤਮ-ਵਿਸ਼ਵਾਸ ਦੇ ਨਾਲ ਸਿਰਫ ਇਕ ਵਚਨਬੱਧ ਸਮਰਥਕ, ਠਾਕੁਰ ਸਿੰਘ ਸੰਧਾਵਾਲੀਆ, ਦਾ ਨਾਂ ਲੈ ਸਕਦੇ ਸਨ। ਇਕ ਭਾਈਚਾਰਾ, ਜੋ ਕਦੇ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ’ਚ ਇਕਜੁੱਟ ਸੀ, ਉਹ ਗੁੱਟਾਂ, ਰਿਆਸਤੀ ਹਿੱਤਾਂ ਅਤੇ ਨਿੱਜੀ ਵਫ਼ਾਦਾਰੀਆਂ ’ਚ ਵੰਡਿਆ ਗਿਆ ਸੀ। ਇਕ ਹੋਰ ਇਤਿਹਾਸਕ ਤ੍ਰਾਸਦੀ ਸਾਵਧਾਨੀਪੂਰਵਕ ਚਿੰਤਨ ਦੀ ਮੰਗ ਕਰਦੀ ਹੈ। ਰਾਜਾ ਸ਼ੇਰ ਸਿੰਘ ਅਟਾਰੀਵਾਲਾ, ਜਿਨ੍ਹਾਂ ਨੇ 1849 ’ਚ ਅੰਗਰੇਜ਼ਾਂ ਦੇ ਖ਼ਿਲਾਫ਼ ਚਿਲਿਆਂਵਾਲਾ ’ਚ ਅਸਾਧਾਰਨ ਹਿੰਮਤ ਦੇ ਨਾਲ ਲੜਾਈ ਲੜੀ ਸੀ, ਨੇ ਬਾਅਦ ’ਚ 1857 ਦੇ ਭਾਰਤੀ ਵਿਦਰੋਹ ਦੌਰਾਨ ਅੰਗਰੇਜ਼ਾਂ ਦਾ ਸਾਥ ਦਿੱਤਾ। ਇਹ ਤਬਦੀਲੀ ਪੰਜਾਬ ਦੇ ਰਲੇਵੇਂ ਤੋਂ ਬਾਅਦ ਬ੍ਰਿਟਿਸ਼ ਬਸਤੀਵਾਦੀ ਰਣਨੀਤੀ ਦੀ ਸਫ਼ਲਤਾ ਨੂੰ ਦਰਸਾਉਂਦੀ ਹੈ।

ਜ਼ਾਰ ਦੇ ਨਾਲ ਮਹਾਰਾਜਾ ਦਲੀਪ ਸਿੰਘ ਦੇ ਸੰਵਾਦ ਦਾ ਇਕ ਹੋਰ ਵਰਣਨਯੋਗ ਪਹਿਲੂ ਪੰਜਾਬ ਦੇ ਆਰਥਿਕ ਮਹੱਤਵ ਦਾ ਉਨ੍ਹਾਂ ਦਾ ਸੰਦਰਭ ਸੀ। ਉਸ ਸਮੇਂ ਪੰਜਾਬ ਦਾ ਸਾਲਾਨਾ ਮਾਲੀਆ ਲੱਗਭਗ 3 ਕਰੋੜ ਰੁਪਏ ਹੋਣ ਦਾ ਅਨੁਮਾਨ ਸੀ, ਜਿਸ ਨੂੰ ਮਹਾਰਾਜਾ ਨੇ ਕਥਿਤ ਤੌਰ ’ਤੇ ਰੂਸੀ ਸਹਾਇਤਾ ਦੇ ਬਦਲੇ ’ਚ ਦੇਣ ਦੀ ਪੇਸ਼ਕਸ਼ ਕੀਤੀ ਸੀ। ਇਹ ਉਸ ਕਾਲ ਦੇ ਦੌਰਾਨ ਪੰਜਾਬ ਦੀ ਅਸਾਧਾਰਨ ਆਰਥਿਕ ਸ਼ਕਤੀ ਨੂੰ ਪ੍ਰਗਟ ਕਰਦਾ ਹੈ। ਕਈ ਸੂਬਿਆਂ ਦੀ ਤੁਲਨਾ ’ਚ ਆਪਣੀ ਘੱਟ ਆਬਾਦੀ ਦੇ ਬਾਵਜੂਦ, ਪੰਜਾਬ ਨੇ ਬ੍ਰਿਟਿਸ਼ ਭਾਰਤ ਦੇ ਮਾਲੀਏ ’ਚ ਅਸਮਾਨ ਰੂਪ ’ਚ ਯੋਗਦਾਨ ਪਾਇਆ। ਖੇਤੀਬਾੜੀ, ਅਨੁਸ਼ਾਸਿਤ ਪ੍ਰਸ਼ਾਸਨ, ਫ਼ੌਜੀ ਭਰਤੀ ਅਤੇ ਵਪਾਰ ਨੇ ਪੰਜਾਬ ਨੂੰ ਆਰਥਿਕ ਤੌਰ ’ਤੇ ਅਟੱਲ ਬਣਾ ਦਿੱਤਾ ਸੀ।

ਵੰਡ ਤੋਂ ਬਾਅਦ ਦੇ ਜਨਸੰਖਿਅਕ ਪਰਿਵਰਤਨ ਇਕ ਹੋਰ ਮਹੱਤਵਪੂਰਨ ਇਤਿਹਾਸਕ ਸਵਾਲ ਉਠਾਉਂਦੇ ਹਨ। 1947 ਤੋਂ ਪਹਿਲਾਂ ਸਿੱਖ ਅਣਵੰਡੇ ਪੰਜਾਬ ਦੇ ਵੱਡੇ ਹਿੱਸੇ—ਲਾਹੌਰ, ਰਾਵਲਪਿੰਡੀ, ਸ਼ੇਖੂਪੁਰਾ, ਲਾਇਲਪੁਰ, ਮੁਲਤਾਨ, ਹਜ਼ਾਰਾ ਅਤੇ ਨਨਕਾਣਾ ਸਾਹਿਬ ’ਚ ਫੈਲੇ ਹੋਏ ਸਨ। ਵੰਡ ਤੋਂ ਬਾਅਦ ਪੱਛਮੀ ਪੰਜਾਬ ’ਚ ਸਿੱਖ ਆਬਾਦੀ ਲੱਗਭਗ ਗਾਇਬ ਹੋ ਗਈ। 1951 ਦੀ ਮਰਦਮਸ਼ੁਮਾਰੀ ਅਨੁਸਾਰ ਭਾਰਤ ’ਚ ਸਿੱਖਾਂ ਦੀ ਜਨਸੰਖਿਆ 68,62,283 ਸੀ। ਮਹਾਰਾਜਾ ਦਲੀਪ ਸਿੰਘ ਨੇ 1887 ’ਚ 80 ਲੱਖ ਸਿੱਖਾਂ ਬਾਰੇ ਲਿਖਿਆ ਸੀ। 1887 ਤੋਂ ਬਾਅਦ ਦੇ 64 ਸਾਲਾਂ ’ਚ, ਵਧਣ ਦੀ ਬਜਾਏ, ਗਿਣਤੀ ’ਚ ਗਿਰਾਵਟ ਆਈ ਸੀ।

ਬਰਾਬਰ ਰੂਪ ’ਚ ਚਿੰਤਾਜਨਕ ਬੁਨਿਆਦੀ ਸਿੱਖ ਚਿੰਤਾਵਾਂ ’ਤੇ ਆਜ਼ਾਦੀ ਤੋਂ ਬਾਅਦ ਦੀ ਜ਼ਿਆਦਾਤਰ ਸਿੱਖ ਲੀਡਰਸ਼ਿਪ ਦੀ ਚੁੱਪ ਹੈ। ਵੱਡੀ ਗਿਣਤੀ ’ਚ ਸਿੱਖ ਆਗੂ ਸੰਸਦ ’ਚ ਦਾਖ਼ਲ ਹੋਏ, ਮੰਤਰੀ ਅਹੁਦਿਆਂ ’ਤੇ ਰਹੇ ਅਤੇ ਪ੍ਰਮੁੱਖ ਧਾਰਮਿਕ ਸੰਸਥਾਵਾਂ ਨੂੰ ਕੰਟਰੋਲ ਕੀਤਾ, ਫਿਰ ਵੀ ਕਈ ਲੰਬੇ ਸਮੇਂ ਦੇ ਮੁੱਦਿਆਂ ਦੀ ਅਣਦੇਖੀ ਕੀਤੀ ਗਈ—ਸਿੱਖ ਵਿਰਾਸਤ ਦੀ ਸੰਭਾਲ, ਜਨਸੰਖਿਅਕ ਚਿੰਤਾਵਾਂ, ਨਸ਼ਾਖੋਰੀ, ਨੌਜਵਾਨਾਂ ਦਾ ਪ੍ਰਵਾਸ, ਇਤਿਹਾਸ ਦਾ ਵਿਗਾੜ ਅਤੇ ਪੰਜਾਬੀ ਪਛਾਣ ਦਾ ਕਮਜ਼ੋਰ ਹੋਣਾ। ਇੱਥੋਂ ਤੱਕ ਕਿ ਹਾਲ ਹੀ ਦੇ ਸਾਲਾਂ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰਤਾ ਅਤੇ ਸੁਰੱਖਿਆ ਨਾਲ ਜੁੜੀਆਂ ਘਟਨਾਵਾਂ ਨੇ ਸਿੱਖ ਸਮਾਜ ਨੂੰ ਡੂੰਘਾਈ ਨਾਲ ਨਿਰਾਸ਼ ਕੀਤਾ ਹੈ। ਇਸ ਤੋਂ ਵੀ ਵੱਡੀ ਚਿੰਤਾ ਇਹ ਹੈ ਕਿ ਸਿੱਖ ਸੰਸਥਾਵਾਂ ਤੇਜ਼ੀ ਨਾਲ ਗੁਰਬਾਣੀ ਦੇ ਮਿਸ਼ਨ ਅਤੇ ਸੀ ਗੁਰੂ ਨਾਨਕ ਦੇਵ ਜੀ ਦੇ ਨੈਤਿਕ ਦ੍ਰਿਸ਼ਟੀਕੋਣ ਦੀ ਬਜਾਏ ਪ੍ਰਬੰਧਨ, ਚੋਣਾਂ ਅਤੇ ਵਿੱਤੀ ਕੰਟਰੋਲ ’ਚ ਰੁੱਝੀਆਂ ਦਿਖਾਈ ਦਿੰਦੀਆਂ ਹਨ।

ਮਹਾਰਾਜਾ ਦਲੀਪ ਸਿੰਘ ਦੇ ਪੱਤਰ ਦੇ ਸਬਕ ਅੱਜ ਵੀ ਪ੍ਰਾਸੰਗਿਕ ਹਨ। ਇਕ ਸਮਾਜ ਕੋਲ ਹਿੰਮਤ, ਆਰਥਿਕ ਸ਼ਕਤੀ, ਫ਼ੌਜੀ ਯੋਗਦਾਨ ਅਤੇ ਇਕ ਸ਼ਾਨਦਾਰ ਇਤਿਹਾਸ ਹੋ ਸਕਦਾ ਹੈ, ਪਰ ਏਕਤਾ, ਦ੍ਰਿਸ਼ਟੀਕੋਣ ਅਤੇ ਵਚਨਬੱਧ ਲੀਡਰਸ਼ਿਪ ਤੋਂ ਬਿਨਾਂ ਮਹਾਨ ਸੱਭਿਅਤਾਵਾਂ ਵੀ ਅਸੁਰੱਖਿਅਤ ਹੋ ਜਾਂਦੀਆਂ ਹਨ। ਸਿੱਖ ਬੁੱਧੀਜੀਵੀਆਂ ਨੂੰ, ਜੇਕਰ ਉਹ ਸੱਚਮੁੱਚ ਭਵਿੱਖ ਦੀ ਸੇਵਾ ਕਰਨਾ ਚਾਹੁੰਦੇ ਹਨ, ਤਾਂ ਗੁੱਟੀ ਸਿਆਸਤ ਅਤੇ ਭਾਵੁਕ ਨਾਅਰਿਆਂ ਤੋਂ ਉੱਪਰ ਉੱਠਣਾ ਹੋਵੇਗਾ। ਉਨ੍ਹਾਂ ਨੂੰ ਇਮਾਨਦਾਰੀ ਨਾਲ ਇਸ ਗੱਲ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਜੋ ਭਾਈਚਾਰਾ ਕਦੇ ਖ਼ੈਬਰ ਤੋਂ ਤਿੱਬਤ ਤੱਕ ਰਾਜ ਕਰਦਾ ਸੀ, ਉਸ ਨੇ ਆਪਣੀ ਹੀ ਮਾਤ-ਭੂਮੀ ’ਚ ਹੌਲੀ-ਹੌਲੀ ਸਿਆਸੀ ਆਤਮਵਿਸ਼ਵਾਸ ਕਿਉਂ ਗੁਆ ਦਿੱਤਾ? ਕਿਉਂ ਵਾਰ-ਵਾਰ ਵਿਸ਼ਵਾਸਘਾਤ ਨੇ ਕੁਰਬਾਨੀ ਨੂੰ ਪਛਾੜ ਦਿੱਤਾ? ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਲੀਡਰਸ਼ਿਪ ਲੰਬੇ ਸਮੇਂ ਦੀ ਸੱਭਿਅਕ ਰਣਨੀਤੀ ਵਿਕਸਿਤ ਕਰਨ ’ਚ ਕਿਉਂ ਅਸਫ਼ਲ ਰਹੀ?

—ਡਾ. ਇਕਬਾਲ ਸਿੰਘ ਲਾਲਪੁਰਾ
(ਸਾਬਕਾ ਚੇਅਰਮੈਨ, ਰਾਸ਼ਟਰੀ ਘੱਟਗਿਣਤੀ ਕਮਿਸ਼ਨ, ਭਾਰਤ ਸਰਕਾਰ)


author

Harpreet SIngh

Content Editor

Related News