ਵਿਜ਼ਨ ਪੰਜਾਬ 2047 : ਪੰਜਾਬ ਨੂੰ ਫਿਰ ਤੋਂ ਨੰਬਰ ਇਕ ਬਣਾਉਣ ਦਾ ਸੰਕਲਪ

Sunday, May 24, 2026 - 05:22 PM (IST)

ਵਿਜ਼ਨ ਪੰਜਾਬ 2047 : ਪੰਜਾਬ ਨੂੰ ਫਿਰ ਤੋਂ ਨੰਬਰ ਇਕ ਬਣਾਉਣ ਦਾ ਸੰਕਲਪ

ਪੰਜਾਬ : ਇਹ ਨਾਂ ਸੁਣਦਿਆਂ ਹੀ ਮਨ ’ਚ ਉਹ ਲਹਿਰਾਂ ਉੱਠਦੀਆਂ ਹਨ, ਜੋ ਕਣਕ ਦੇ ਖੇਤਾਂ ’ਚ ਲਹਿਰਾਉਂਦੀਆਂ ਹਨ, ਉਹ ਬਹਾਦਰੀ ਜੋ ਹਰਿਮੰਦਰ ਸਾਹਿਬ ਦੇ ਸੁਨਹਿਰੀ ਗੁੰਬਦ ’ਚ ਚਮਕਦੀ ਹੈ ਅਤੇ ਉਹ ਹਿੰਮਤ, ਜੋ ਜਲਿਆਂਵਾਲਾ ਬਾਗ ਦੀ ਮਿੱਟੀ ’ਚ ਅੱਜ ਵੀ ਧੜਕਦੀ ਹੈ। ਇਹ ਉਹੀ ਧਰਤੀ ਹੈ ਜਿਸ ਨੇ ਦੇਸ਼ ਨੂੰ ਆਜ਼ਾਦੀ ਲਈ ਸ਼ਹੀਦ ਦਿੱਤੇ, ਜੰਗਾਂ ’ਚ ਹਿੱਕ ਤਾਣ ਕੇ ਖੜ੍ਹੇ ਹੋਣ ਵਾਲੇ ਫੌਜੀ ਦਿੱਤੇ ਅਤੇ ਆਪਣੀ ਮਿਹਨਤ ਨਾਲ ਦੇਸ਼ ਦਾ ਅੰਨ ਭੰਡਾਰ ਭਰਿਆ ਪਰ ਅੱਜ ਪੰਜਾਬ ਇਕ ਡੂੰਘੇ ਦਰਦ ’ਚੋਂ ਗੁਜ਼ਰ ਰਿਹਾ ਹੈ।

ਅੱਜ ਪੰਜਾਬ ’ਚ ਨਸ਼ੇ ਦਾ ਦੈਂਤ ਨੌਜਵਾਨਾਂ ਦੀਆਂ ਜਾਨਾਂ ਲੈ ਰਿਹਾ ਹੈ। ਬੇਰੋਜ਼ਗਾਰੀ ਦੀ ਮਾਰ ਕਾਰਨ ਨੌਜਵਾਨ ਪੀੜ੍ਹੀ ਦੇਸ਼ ਛੱਡਣ ਲਈ ਮਜਬੂਰ ਹੈ। ਕਿਸਾਨ ਸੰਕਟ ’ਚ ਹੈ, ਉਦਯੋਗ ਠੱਪ ਪਏ ਹਨ, ਗੈਂਗਸਟਰਾਂ ਦਾ ਰਾਜ ਹੈ ਅਤੇ ਜ਼ਮੀਨ ਹੇਠਲਾ ਪਾਣੀ ਤੇਜ਼ੀ ਨਾਲ ਖ਼ਤਮ ਹੋ ਰਿਹਾ ਹੈ। ਪੰਜਾਬ 2025 ’ਚ 18.9 ਫੀਸਦੀ ਨੌਜਵਾਨ ਬੇਰੋਜ਼ਗਾਰੀ ਦਰ ਦੇ ਨਾਲ ਦੇਸ਼ ’ਚ ਇਕ ਚਿੰਤਾਜਨਕ ਸਥਿਤੀ ’ਚ ਖੜ੍ਹਾ ਹੈ। ਇਹ ਸਭ ਕਿਉਂ ਹੋਇਆ? ਕਿਉਂਕਿ ਪੰਜਾਬ ਨੂੰ ਇਕ ਅਜਿਹੀ ਸਰਕਾਰ ਮਿਲੀ, ਜੋ ਸਿਰਫ ਝੂਠੇ ਵਾਅਦਿਆਂ ਦੀ ਰਾਜਨੀਤੀ ਕਰਦੀ ਰਹੀ, ਆਮ ਆਦਮੀ ਪਾਰਟੀ ਦੀ ਸਰਕਾਰ, ਜੋ ਪੰਜਾਬ ਦੀ ਆਤਮਾ ਨੂੰ ਸਮਝਣ ’ਚ ਪੂਰੀ ਤਰ੍ਹਾਂ ਨਾਕਾਮ ਰਹੀ।

ਵਿਜ਼ਨ ਪੰਜਾਬ 2047 ਸਿਰਫ ਇਕ ਨਾਅਰਾ ਨਹੀਂ, ਸਗੋਂ ਇਕ ਰਾਸ਼ਟਰੀ ਸੰਕਲਪ ਹੈ। ਜਦੋਂ ਭਾਰਤ ਆਪਣੀ ਆਜ਼ਾਦੀ ਦੇ 100 ਸਾਲ ਪੂਰੇ ਕਰੇਗਾ, ਉਦੋਂ ਪੰਜਾਬ ਨੂੰ ਭਾਰਤ ਦਾ ਸਭ ਤੋਂ ਖ਼ੁਸ਼ਹਾਲ, ਸੁਰੱਖਿਅਤ, ਸਿੱਖਿਅਤ ਅਤੇ ਸਵਾਭਿਮਾਨੀ ਰਾਜ ਬਣਾਉਣਾ ਹੈ।

ਅੱਜ ਪੰਜਾਬ ਦੀ ਜੀ. ਐੱਸ. ਡੀ. ਪੀ. ਲਗਭਗ 8.02 ਲੱਖ ਕਰੋੜ ਰੁਪਏ ਹੈ ਅਤੇ ਪ੍ਰਤੀ ਵਿਅਕਤੀ ਆਮਦਨ ਲਗਭਗ 2.09 ਲੱਖ ਰੁਪਏ। ਰਾਜ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ’ਚ 19ਵੇਂ ਸਥਾਨ ’ਤੇ ਹੈ। ਇਹ ਸਥਿਤੀ ਉਸ ਪੰਜਾਬ ਲਈ ਅਪਮਾਨਜਨਕ ਹੈ ਜੋ ਕਦੇ ਦੇਸ਼ ਦੀ ਸ਼ਾਨ ਸੀ। ਵਿਜ਼ਨ 2047 ਦਾ ਟੀਚਾ ਹੈ ਕਿ ਪੰਜਾਬ ਦੀ ਜੀ. ਡੀ. ਪੀ. ਨੂੰ 35.40 ਲੱਖ ਕਰੋੜ ਰੁਪਏ ਤੱਕ ਪਹੁੰਚਾਇਆ ਜਾਵੇ, ਪ੍ਰਤੀ ਵਿਅਕਤੀ ਆਮਦਨ 12-15 ਲੱਖ ਰੁਪਏ ਸਾਲਾਨਾ ਹੋਵੇ ਅਤੇ ਪੰਜਾਬ ਪ੍ਰਤੀ ਵਿਅਕਤੀ ਆਮਦਨ ’ਚ ਦੇਸ਼ ’ਚ ਪਹਿਲੇ ਸਥਾਨ ’ਤੇ ਆਵੇ। ਇਸ ਦੇ ਲਈ 8-10 ਫੀਸਦੀ ਦੀ ਨਿਰੰਤਰ ਸਾਲਾਨਾ ਵਿਕਾਸ ਦਰ ਹਾਸਲ ਕਰਨੀ ਹੋਵੇਗੀ। ਇਹ ਅਸੰਭਵ ਨਹੀਂ, ਇਹ ਲਾਜ਼ਮੀ ਹੈ ਅਤੇ ਸਾਨੂੰ ਪੰਜਾਬੀਆਂ ਨੂੰ ਆਪਣੇ ਪੰਜਾਬ ਦੇ ਭਵਿੱਖ ਲਈ ਖੇਤੀਬਾੜੀ ’ਚ ਆਧੁਨਿਕਤਾ ਅਤੇ ਸਪੋਰਟ ਸਿਸਟਮ ਤਿਆਰ ਕਰਨਾ ਹੋਵੇਗਾ।

ਪੰਜਾਬ ’ਚ ਨਵੀਂ ਉਦਯੋਗਿਕ ਕ੍ਰਾਂਤੀ ਦਾ ਸਮਾਂ ਆ ਗਿਆ ਹੈ। ਮੈਨੂਫੈਕਚਰਿੰਗ, ਐਗਰੋ-ਪ੍ਰੋਸੈਸਿੰਗ, ਈ. ਵੀ. ਕੰਪੋਨੈਂਟਸ, ਰੱਖਿਆ ਉਤਪਾਦਨ, ਇਲੈਕਟ੍ਰੌਨਿਕਸ, ਲੌਜਿਸਟਿਕਸ, ਕੱਪੜਾ ਉਦਯੋਗ ਅਤੇ ਹਰੀ ਊਰਜਾ, ਇਹ ਉਹ ਖੇਤਰ ਹਨ ਜੋ ਪੰਜਾਬ ਨੂੰ ਇਕ ਨਵੀਂ ਪਛਾਣ ਦੇ ਸਕਦੇ ਹਨ। 15 ਉਦਯੋਗਿਕ ਕੇਂਦਰਾਂ ਅਤੇ 6 ਹਵਾਈ ਅੱਡਿਆਂ ਦੀ ਕਨੈਕਟੀਵਿਟੀ ਨਾਲ ਪੰਜਾਬ ਨੂੰ ਦੇਸ਼ ਅਤੇ ਦੁਨੀਆ ਨਾਲ ਜੋੜਿਆ ਜਾਵੇਗਾ। ਪੰਜਾਬੀ ਉੱਦਮੀ ਸੋਚ ਨੂੰ ਫਿਰ ਤੋਂ ਜਗਾਉਣ ਦੀ ਲੋੜ ਹੈ, ਆਸਾਨ ਕਰਜ਼ੇ, ਘੱਟ ਕਾਨੂੰਨੀ ਬੋਝ, ਸਟਾਰਟਅੱਪ ਸਹਾਇਤਾ ਅਤੇ ਪ੍ਰਵਾਸੀ ਨਿਵੇਸ਼ ਦੇ ਜ਼ਰੀਏ।

ਪੰਜਾਬ ਦੀ ਸਭ ਤੋਂ ਵੱਡੀ ਤ੍ਰਾਸਦੀ ਅੱਜ ਉਸ ਦਾ ਨਸ਼ੇ ਦਾ ਸੰਕਟ ਹੈ। 2026 ’ਚ ਰਾਜ ਸਰਕਾਰ ਨੇ ਲਗਭਗ 65 ਲੱਖ ਪਰਿਵਾਰਾਂ ਦਾ ਸਰਵੇਖਣ ਕਰਨ ਦੀ ਯੋਜਨਾ ਬਣਾਈ ਹੈ, ਇਹ ਅੰਕੜਾ ਹੀ ਦੱਸ ਦਿੰਦਾ ਹੈ ਕਿ ਸਮੱਸਿਆ ਕਿੰਨੀ ਡੂੰਘੀ ਹੈ। ਵਿਜ਼ਨ 2047 ਦੇ ਤਹਿਤ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾਮੁਕਤ ਬਣਾਉਣ ਦਾ ਟੀਚਾ ਹੈ, ਸਖ਼ਤ ਕਾਨੂੰਨ ਵਿਵਸਥਾ, ਮੁੜ-ਵਸੇਬਾ ਕੇਂਦਰ, ਰੋਜ਼ਗਾਰ ਦੇ ਮੌਕੇ, ਖੇਡਾਂ ਨੂੰ ਉਤਸ਼ਾਹ ਕਰਨ ਨਾਲ ਅਤੇ ਭਾਈਚਾਰਕ ਨਿਗਰਾਨੀ ਦੇ ਮਾਧਿਅਮ ਨਾਲ।

ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਸ਼ੇ ਦੇ ਵਿਰੁੱਧ ਜੰਗ ਦਾ ਨਾਟਕ ਤਾਂ ਕੀਤਾ, ਪਰ ਅਸਲ ਨਤੀਜੇ ਜ਼ੀਰੋ ਰਹੇ। ਗੈਂਗਸਟਰ ਨੈੱਟਵਰਕ, ਨਾਰਕੋ-ਕ੍ਰਾਈਮ ਅਤੇ ਸਰਹੱਦ ਪਾਰ ਤੋਂ ਹੋਣ ਵਾਲੀ ਸਮੱਗਲਿੰਗ ’ਤੇ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਹੋਈ। ਭਾਜਪਾ ਦਾ ਵਿਜ਼ਨ ਹੈ-2 ਸਾਲਾਂ ’ਚ ਪੰਜਾਬ ਨੂੰ ਨਸ਼ਾਮੁਕਤ, ਮਾਫੀਆ ਮੁਕਤ ਅਤੇ ਗੈਂਗਸਟਰ ਮੁਕਤ ਬਣਾਉਣਾ। ਆਧੁਨਿਕ ਪੁਲਿਸਿੰਗ, ਫਾਸਟ ਟ੍ਰੈਕ ਅਦਾਲਤਾਂ, ਸਾਈਬਰ ਇੰਟੈਲੀਜੈਂਸ ਅਤੇ ਨੌਜਵਾਨਾਂ ਦੇ ਮੁੜ-ਵਸੇਬੇ ਰਾਹੀਂ ਇਹ ਟੀਚਾ ਹਾਸਲ ਕੀਤਾ ਜਾਵੇਗਾ।

ਪੰਜਾਬ ਦੀ ਇਕ ਹੋਰ ਗੰਭੀਰ ਚੁਣੌਤੀ ਹੈ-ਜ਼ਮੀਨ ਹੇਠਲੇ ਪਾਣੀ ਦੀ ਅੰਨ੍ਹੇਵਾਹ ਨਿਕਾਸੀ। ਝੋਨੇ ਦੀ ਖੇਤੀ ਅਤੇ ਟਿਊਬਵੈੱਲ ਸਿੰਚਾਈ ’ਤੇ ਬਹੁਤ ਜ਼ਿਆਦਾ ਨਿਰਭਰਤਾ ਦੇ ਕਾਰਨ ਪੰਜਾਬ ਦਾ ਜ਼ਮੀਨ ਹੇਠਲਾ ਪਾਣੀ ਤੇਜ਼ੀ ਨਾਲ ਖ਼ਤਮ ਹੋ ਰਿਹਾ ਹੈ। ਜੇਕਰ ਇਹੀ ਚੱਲਦਾ ਰਿਹਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਦਾ ਸੰਕਟ ਭਿਆਨਕ ਹੋ ਜਾਵੇਗਾ। ਵਿਜ਼ਨ 2047 ’ਚ ਜਲ-ਸੁਰੱਖਿਅਤ ਪੰਜਾਬ ਦੀ ਕਲਪਨਾ ਹੈ-ਫ਼ਸਲੀ ਵਿਭਿੰਨਤਾ, ਨਹਿਰਾਂ ਦੇ ਨਵੀਨੀਕਰਨ, ਡ੍ਰਿਪ ਸਿੰਚਾਈ, ਮੀਂਹ ਦੇ ਪਾਣੀ ਦੀ ਸੰਭਾਲ, ਗੰਦੇ ਪਾਣੀ ਦੀ ਮੁੜ-ਵਰਤੋਂ, ਹਜ਼ਾਰਾਂ ਤਲਾਬਾਂ ਦੇ ਨਿਰਮਾਣ ਅਤੇ ਜ਼ਮੀਨ ਹੇਠਲੇ ਪਾਣੀ ਦੇ ਰੀਚਾਰਜ ਰਾਹੀਂ।

ਅੱਜ ਪੰਜਾਬ ਦੇ ਨੌਜਵਾਨ ਰੋਜ਼ਗਾਰ ਅਤੇ ਸਿੱਖਿਆ ਦੀ ਭਾਲ ’ਚ ਵਿਦੇਸ਼ ਜਾ ਰਹੇ ਹਨ। ਇਹ ਦਰਦਨਾਕ ਹੈ। ਵਿਜ਼ਨ 2047 ਦਾ ਟੀਚਾ ਹੈ ਕਿ ਪੰਜਾਬ ਚੋਟੀ ਦੇ 5 ਸਿੱਖਿਆ ਰਾਜਾਂ ’ਚ ਸ਼ਾਮਲ ਹੋਵੇ—ਵਿਸ਼ਵ ਪੱਧਰੀ ਸਕੂਲ, ਯੂਨੀਵਰਸਿਟੀਆਂ, ਹੁਨਰ ਕੇਂਦਰ , ਏ. ਆਈ. ਲੈਬਜ਼, ਖੇਡ ਅਕੈਡਮੀਆਂ ਅਤੇ ਪੇਸ਼ੇਵਰ ਸਿਖਲਾਈ ਕੇਂਦਰ ਸਥਾਪਿਤ ਕਰਕੇ। 2047 ਤੱਕ ਪੰਜਾਬ ’ਚ ਇੰਨੇ ਉੱਚ ਗੁਣਵੱਤਾ ਵਾਲੇ ਰੋਜ਼ਗਾਰ ਪੈਦਾ ਹੋਣੇ ਚਾਹੀਦੇ ਹਨ (ਉਦਯੋਗ, ਆਈ. ਟੀ., ਖੇਤੀਬਾੜੀ, ਸੈਰ-ਸਪਾਟਾ ਅਤੇ ਸੇਵਾ ਖੇਤਰ ’ਚ) ਕਿ ਪੰਜਾਬੀ ਨੌਜਵਾਨ ਨੂੰ ਮਜਬੂਰੀ ’ਚ ਨਹੀਂ, ਸਗੋਂ ਮਾਣ ਨਾਲ ਇੱਥੇ ਰੁਕਣ ਦਾ ਮੌਕਾ ਮਿਲੇ।

ਖੇਡਾਂ ਦੇ ਖੇਤਰ ’ਚ ਵੀ ਪੰਜਾਬ ਦੀ ਇਕ ਨਵੀਂ ਪਛਾਣ ਬਣਾਉਣ ਦਾ ਸਮਾਂ ਹੈ। ਪੰਜਾਬ ਨੇ ਦੇਸ਼ ਨੂੰ ਅਨੇਕਾਂ ਮਹਾਨ ਖਿਡਾਰੀ ਦਿੱਤੇ ਹਨ। ਵਿਜ਼ਨ 2047 ਦਾ ਟੀਚਾ ਹੈ ਕਿ ਪੰਜਾਬ ਹਰੇਕ ਓਲੰਪਿਕ ’ਚ ਘੱਟੋ-ਘੱਟ 5 ਮੈਡਲ ਜਿੱਤੇ। ਇਸ ਦੇ ਲਈ ਇਕ ਮਜ਼ਬੂਤ ਪੰਜਾਬ ਰਾਜ ਖੇਡ ਨੀਤੀ, ਵਿਸ਼ਵ ਪੱਧਰੀ ਖੇਡ ਅਕੈਡਮੀਆਂ ਅਤੇ ਹੇਠਲੇ ਪੱਧਰ ’ਤੇ ਪ੍ਰਤਿਭਾ ਦੀ ਪਛਾਣ ਜ਼ਰੂਰੀ ਹੈ।

ਵਿਜ਼ਨ 2047 ’ਚ ਪੰਜਾਬ ਨੂੰ ਅਧਿਆਤਮਿਕ, ਸੱਭਿਆਚਾਰਕ ਅਤੇ ਵਿਰਾਸਤੀ ਰਾਜਧਾਨੀ ਦੇ ਰੂਪ ’ਚ ਵਿਕਸਿਤ ਕਰਨ ਦਾ ਸੰਕਲਪ ਹੈ। ਬਿਹਤਰ ਸੈਰ-ਸਪਾਟਾ ਬੁਨਿਆਦੀ ਢਾਂਚੇ, ਸਫ਼ਾਈ, ਤੀਰਥ ਯਾਤਰੀਆਂ ਲਈ ਸਹੂਲਤਾਂ, ਵਿਸ਼ਵ ਪੱਧਰੀ ਅਜਾਇਬ ਘਰਾਂ ਅਤੇ ਵਿਸ਼ਵਵਿਆਪੀ ਪ੍ਰਚਾਰ-ਪ੍ਰਸਾਰ ਰਾਹੀਂ ਪੰਜਾਬ ਨੂੰ ਦੁਨੀਆ ਦੇ ਨਕਸ਼ੇ ’ਤੇ ਹੋਰ ਉਚਾਈ ’ਤੇ ਸਥਾਪਿਤ ਕੀਤਾ ਜਾਵੇਗਾ।

ਕੈਨੇਡਾ, ਯੂ. ਕੇ., ਅਮਰੀਕਾ, ਆਸਟ੍ਰੇਲੀਆ, ਯੂਰਪ ਅਤੇ ਖਾੜੀ ਦੇਸ਼ਾਂ ’ਚ ਵੱਸਦੇ ਪੰਜਾਬੀ ਪ੍ਰਵਾਸੀ ਭਾਰਤ ਦੀ ਸਭ ਤੋਂ ਮਜ਼ਬੂਤ ਆਲਮੀ ਮੌਜੂਦਗੀ ’ਚੋਂ ਇਕ ਹਨ। ਵਿਜ਼ਨ 2047 ’ਚ ‘ਗਲੋਬਲ ਪੰਜਾਬ ਪਾਰਟਨਰਸ਼ਿਪ ਮਿਸ਼ਨ’ ਦੀ ਕਲਪਨਾ ਹੈ, ਜਿਸ ਦੇ ਤਹਿਤ ਪ੍ਰਵਾਸੀ ਨਿਵੇਸ਼, ਸਿੱਖਿਆ, ਸੈਰ-ਸਪਾਟਾ, ਤਕਨਾਲੋਜੀ ਦੇ ਤਬਾਦਲੇ, ਪਰਉਪਕਾਰ ਅਤੇ ਸੱਭਿਆਚਾਰਕ ਕੂਟਨੀਤੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਪੰਜਾਬ ਦੀ ਮਿੱਟੀ ਨੇ ਜਿਨ੍ਹਾਂ ਨੂੰ ਪਾਲਿਆ, ਉਹ ਅੱਜ ਦੁਨੀਆ ਭਰ ’ਚ ਪੰਜਾਬ ਦਾ ਮਾਣ ਵਧਾ ਰਹੇ ਹਨ, ਉਨ੍ਹਾਂ ਨੂੰ ਆਪਣੇ ਘਰ ਦੇ ਪੁਨਰ-ਨਿਰਮਾਣ ’ਚ ਹਿੱਸੇਦਾਰ ਬਣਾਉਣ ਦਾ ਸਮਾਂ ਆ ਗਿਆ ਹੈ।

ਵਿਜ਼ਨ ਪੰਜਾਬ 2047 ਪੰਜਾਬ ਦੇ 3 ਕਰੋੜ ਲੋਕਾਂ ਦੇ ਸੁਪਨਿਆਂ ਦਾ, ਉਨ੍ਹਾਂ ਦੇ ਪੁਰਖਿਆਂ ਦੇ ਬਲੀਦਾਨ ਦਾ ਅਤੇ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਉੱਜਵਲ ਭਵਿੱਖ ਦਾ ਸੰਕਲਪ ਹੈ। ਪੰਜਾਬ ਦੇ ਕੋਲ ਇਤਿਹਾਸ ਹੈ, ਪ੍ਰਤਿਭਾ ਹੈ, ਪ੍ਰਵਾਸੀ ਸ਼ਕਤੀ ਹੈ, ਸੱਭਿਆਚਾਰ ਹੈ ਅਤੇ ਉੱਦਮੀ ਸੋਚ ਹੈ। ਬਸ ਲੋੜ ਹੈ ਸਪੱਸ਼ਟ ਅਗਵਾਈ ਦੀ, ਇਮਾਨਦਾਰ ਸ਼ਾਸਨ ਦੀ ਅਤੇ ਲੰਬੇ ਸਮੇਂ ਦੀ ਵਿਕਾਸ ਯੋਜਨਾ ਦੀ।

ਇਹ ਪੰਜਾਬ ਦਾ ਪੁਨਰ-ਜਾਗਰਣ ਹੈ। ਇਹ ਪੰਜਾਬੀ ਦਾ ਪੁਨਰ-ਜਾਗਰਣ ਹੈ। ਇਹ ਪੰਜਾਬੀਅਤ ਦਾ ਪੁਨਰ-ਜਾਗਰਣ ਹੈ।

—ਤਰੁਣ ਚੁੱਘ
(ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ)


author

Harpreet SIngh

Content Editor

Related News