ਬੱਚਿਆਂ ਦੀ ਕਮੀ ਨਾਲ ਚੀਨ ’ਚ ਬੰਦ ਹੋ ਰਹੇ ਸਕੂਲ

Saturday, Nov 02, 2024 - 03:55 PM (IST)

ਬੱਚਿਆਂ ਦੀ ਕਮੀ ਨਾਲ ਚੀਨ ’ਚ ਬੰਦ ਹੋ ਰਹੇ ਸਕੂਲ

ਪਿਛਲੇ ਦਿਨੀਂ ਚੀਨ ਤੋਂ ਇਕ ਅਜਿਹੀ ਖਬਰ ਆਈ, ਜਿਸ ਨੇ ਹੈਰਾਨੀ ਅਤੇ ਚਿੰਤਾ ਦੋਵਾਂ ’ਚ ਪਾ ਦਿੱਤਾ। ਉਥੇ ਹਜ਼ਾਰਾਂ ਕਿੰਡਰਗਾਰਟਨ ਬੰਦ ਕਰ ਦਿੱਤੇ ਗਏ ਹਨ। ਕਾਰਨ ਹੈ, ਉਨ੍ਹਾਂ ’ਚ ਬੱਚਿਆਂ ਦਾ ਨਾ ਆਉਣਾ ਕਿਉਂਕਿ ਉਥੇ ਜਨਮ ਦਰ ਲਗਾਤਾਰ ਘੱਟ ਰਹੀ ਹੈ ਅਤੇ ਬੱਚੇ ਪੈਦਾ ਹੀ ਨਹੀਂ ਹੋ ਰਹੇ। 2023 ’ਚ 2,74,400 ਕਿੰਡਰਗਾਰਟਨ ਸਨ, ਜੋ ਕਿ ਘਟਦੇ-ਘਟਦੇ 14,808 ਰਹਿ ਗਏ। ਬੱਚਿਆਂ ਦੀ ਗਿਣਤੀ ਵੀ 40.9 ਮਿਲੀਅਨ ਤੋਂ ਘੱਟ ਕੇ 5.35 ਫੀਸਦੀ ਰਹਿ ਗਈ। ਇਸੇ ਤਰ੍ਹਾਂ ਪ੍ਰਾਇਮਰੀ ਸਕੂਲਾਂ ਦੀ ਗਿਣਤੀ ਵੀ 1,43,500 ਤੋਂ ਘੱਟ ਕੇ 5,645 ਰਹਿ ਗਈ। ਚੀਨ ਦੇ ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਲਗਾਤਾਰ ਦੂਸਰਾ ਸਾਲ ਹੈ, ਜਦੋਂ ਸਕੂਲ ਆਉਣ ਵਾਲੇ ਬੱਚਿਆਂ ਦੀ ਗਿਣਤੀ ਘੱਟ ਹੁੰਦੀ ਜਾ ਰਹੀ ਹੈ।

ਚੀਨ ਤੋਂ ਆਉਂਦੀਆਂ ਖਬਰਾਂ ਮੁਤਾਬਕ ਬਜ਼ੁਰਗਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸ ਲਈ ਉਥੋਂ ਦੀ ਸਰਕਾਰ ਚਿੰਤਿਤ ਹੈ ਕਿ ਜੇਕਰ ਬੱਚੇ ਨਾ ਹੋਏ ਤਾਂ ਅੱਗੇ ਦੇਸ਼ ’ਚ ਕੀ ਸਿਰਫ ਬਜ਼ੁਰਗ ਰਹਿ ਜਾਣਗੇ? ਇਕ ਸਮੇਂ ਤਕ ਚੀਨ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਰਿਹਾ ਹੈ, ਇਸ ਲਈ ਉਥੇ ਇਕ ਬੱਚੇ ਦੀ ਨੀਤੀ ਅਪਣਾਈ ਗਈ ਸੀ। ਦੂਸਰਾ ਬੱਚਾ ਹੋਣ ’ਤੇ ਸਖਤ ਸਜ਼ਾ ਦੀ ਵਿਵਸਥਾ ਸੀ। ਉਥੇ ਆਬਾਦੀ ਨੂੰ ਘੱਟ ਕਰਨ ਲਈ ਇੰਨੇ ਭਿਆਨਕ ਅਤੇ ਅਣਮਨੁੱਖੀ ਤਰੀਕੇ ਵੀ ਅਪਣਾਏ ਜਾਂਦੇ ਰਹੇ ਹਨ ਜਿਨ੍ਹਾਂ ਨੂੰ ਪੜ੍ਹ ਕੇ ਦਹਿਸ਼ਤ ਪੈਦਾ ਹੁੰਦੀ ਸੀ।

ਇਕ ਹੀ ਮਿਸਾਲ ਕਾਫੀ ਹੈ। ਕਈ ਸਾਲ ਪਹਿਲਾਂ ਇਕ ਔਰਤ ਬਾਰੇ ਪੜ੍ਹਿਆ ਸੀ ਜੋ 8 ਮਹੀਨੇ ਦੀ ਗਰਭਵਤੀ ਸੀ। ਇਹ ਉਸ ਦਾ ਦੂਜਾ ਬੱਚਾ ਸੀ। ਉਸ ਨੂੰ ਉਥੇ ਫੌਜ ਦੇ ਲੋਕ ਫੜ ਕੇ ਲੈ ਗਏ ਸਨ ਅਤੇ ਉਸ ਦੇ ਪੇਟ ’ਤੇ ਬੂਟਾਂ ਨਾਲ ਇੰਨੇ ਵਾਰ ਕੀਤੇ ਗਏ ਸਨ ਕਿ ਉਸ ਦਾ ਗਰਭਪਾਤ ਹੋ ਗਿਆ ਅਤੇ ਬੱਚੇ ਨੂੰ ਮਰਨ ਲਈ ਛੱਡ ਦਿੱਤਾ ਗਿਆ। ਹੌਲੀ-ਹੌਲੀ ਉਥੇ ਲੋਕ ਇਕ ਬੱਚੇ ਦੀ ਪਾਲਿਸੀ ਨੂੰ ਅਪਣਾਉਣ ਲੱਗੇ ਪਰ ਉਸ ’ਚ ਵੀ ਉਹ ਹਮੇਸ਼ਾ ਲੜਕਾ ਚਾਹੁੰਦੇ ਸਨ। ਗਰਭ ’ਚ ਜੇ ਲੜਕੀ ਹੋਵੇ ਤਾਂ ਗਰਭਪਾਤ ਕਰਵਾ ਲਿਆ ਜਾਂਦਾ ਸੀ।

ਹੁਣ ਉਥੇ ਜਿਸ ਤਰੀਕੇ ਨਾਲ ਲੋਕ ਬੱਚਾ ਹੀ ਨਹੀਂ ਪੈਦਾ ਕਰਨਾ ਚਾਹੁੰਦੇ, ਉਸ ਨਾਲ ਸਰਕਾਰ ਦੀ ਚਿੰਤਾ ਵਧਣੀ ਸੁਭਾਵਿਕ ਹੈ। ਸਰਕਾਰ ਬੱਚੇ ਪੈਦਾ ਕਰਨ ਲਈ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਐਲਾਨ ਕਰ ਚੁੱਕੀ ਹੈ, ਜਿਸ ’ਚ ਪ੍ਰਸੂਤ ਵੇਲੇ ਵਿਸ਼ੇਸ਼ ਸਹਾਇਤਾ, ਬੱਚਿਆਂ ਦੀ ਢੁੱਕਵੀਂ ਦੇਖਭਾਲ, ਸਿੱਖਿਆ, ਰਿਹਾਇਸ਼ ਅਤੇ ਰੋਜ਼ਗਾਰ ’ਚ ਸਹਾਇਤਾ ਅਤੇ ਪ੍ਰਸੂਤ ਵੇਲੇ ਸਾਜ਼ਗਾਰ ਮਾਹੌਲ ਬਣਾਉਣਾ ਸ਼ਾਮਲ ਹੈ।

ਪਰ ਉਥੋਂ ਦੀਆਂ ਔਰਤਾਂ ਦੀ ਮੰਨੀਏ ਤਾਂ ਉਹ ਕਹਿੰਦੀਆਂ ਹਨ ਕਿ ਅਸੀਂ ਕੋਈ ਬੱਚਾ ਪੈਦਾ ਕਰਨ ਦੀਆਂ ਮਸ਼ੀਨਾਂ ਹਾਂ? ਗੱਲ ਵੀ ਠੀਕ ਹੈ, ਸਰਕਾਰ ਦਾ ਜਦੋਂ ਮਨ ਚਾਹੇ, ਉਹ ਬੱਚਿਆਂ ਦੇ ਪੈਦਾ ਹੋਣ ’ਤੇ ਲਗਾਮ ਕੱਸ ਦੇਵੇ ਅਤੇ ਜਦੋਂ ਚਾਹੇ ਕਹਿ ਦੇਵੇ ਕਿ ਜ਼ਿਆਦਾ ਬੱਚੇ ਪੈਦਾ ਕਰੋ, ਤਾਂ ਲੋਕ ਕਿਉਂ ਮੰਨਣ ਅਤੇ ਜਦੋਂ ਤੁਸੀਂ ਔਰਤਾਂ ਨੂੰ ਦਹਾਕਿਆਂ ਤੋਂ ਇਹ ਸਿਖਾਇਆ ਹੈ ਕਿ ਤੁਹਾਡਾ ਕੰਮ ਸਿਰਫ ਬੱਚੇ ਪੈਦਾ ਕਰਨਾ ਨਹੀਂ ਹੈ ਤਾਂ ਉਹ ਹੁਣ ਤੁਹਾਡੀ ਕਿਉਂ ਸੁਣਨ। ਉਂਝ ਵੀ ਦੁਨੀਆ ਭਰ ’ਚ ਨੌਜਵਾਨ ਹੁਣ ਬੱਚੇ ਪਾਲਣ ਦੀ ਜ਼ਿੰਮੇਵਾਰੀ ਤੋਂ ਬਚਣਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਨੇ ਦੇਖਿਆ ਹੈ ਕਿ ਲੋਕ ਆਪਣੀ ਸਾਰੀ ਉਮਰ ਅਤੇ ਸੋਮੇ ਬੱਚੇ ਪਾਲਣ ’ਚ ਖਰਚ ਕਰਦੇ ਹਨ ਅਤੇ ਉਮਰ ਦੇ ਚੌਥੇ ਪੜਾਅ ’ਚ ਫਿਰ ਤੋਂ ਇਕੱਲੇ ਰਹਿ ਜਾਂਦੇ ਹਨ। ਤਾਂ ਉਹ ਕਿਉਂ ਅਜਿਹਾ ਕਰਨ।

ਜੇਕਰ ਦੇਖੀਏ ਤਾਂ ਆਉਣ ਵਾਲੇ ਦਿਨਾਂ ’ਚ ਭਾਰਤ ’ਚ ਵੀ ਇਹ ਸਮੱਸਿਆ ਪੈਦਾ ਹੋਣ ਵਾਲੀ ਹੈ। ਅਜੇ ਜਿਹੜੇ 65 ਫੀਸਦੀ ਨੌਜਵਾਨਾਂ ’ਤੇ ਤੁਸੀਂ ਮਾਣ ਕਰ ਰਹੇ ਹੋ, ਇਕ ਸਮਾਂ ਅਜਿਹਾ ਆਏਗਾ ਕਿ ਉਹ ਸਾਰੇ ਬਜ਼ੁਰਗ ਹੋ ਜਾਣਗੇ। ਸਾਡੇ ਇਥੇ ਵੀ ਚੀਨ ਵਾਂਗ ਬਜ਼ੁਰਗਾਂ ਦੀ ਆਬਾਦੀ ਲਗਾਤਾਰ ਵਧ ਰਹੀ ਹੈ। ਚੀਨ ’ਚ 60 ਸਾਲ ਦੇ ਲੋਕਾਂ ਦੀ ਗਿਣਤੀ 30 ਕਰੋੜ ਤੋਂ ਉੱਪਰ ਹੈ। ਇਹ ਆਬਾਦੀ 2035 ਤੱਕ 40 ਕਰੋੜ ਅਤੇ 2050 ਤੱਕ 50 ਕਰੋੜ ਤੋਂ ਉੱਪਰ ਪੁੱਜ ਜਾਵੇਗੀ।

ਆਪਣੇ ਇਥੇ ਵੀ ਬਜ਼ੁਰਗ ਆਬਾਦੀ 10 ਕਰੋੜ ਤੋਂ ਵੱਧ ਹੈ। ਅਫਸੋਸ ਇਹ ਹੈ ਕਿ ਇਨ੍ਹਾਂ ਬਜ਼ੁਰਗਾਂ ਨੂੰ ਸਰਕਾਰਾਂ ਕਿਸੇ ਤਰ੍ਹਾਂ ਦਾ ਕੰਮ ਦੇਣ ਤੋਂ ਪ੍ਰਹੇਜ਼ ਕਰਦੀਆਂ ਹਨ। ਇਨ੍ਹਾਂ ਦੀ ਰਿਟਾਇਰਮੈਂਟ ਉਮਰ ਵੀ ਸਦੀਆਂ ਪੁਰਾਣੀ ਹੈ ਜਦਕਿ ਪੱਛਮ ਦੇ ਕਈ ਦੇਸ਼ਾਂ ’ਚ ਰਿਟਾਇਰਮੈਂਟ ਦੀ ਕੋਈ ਉਮਰ ਹੀ ਨਹੀਂ ਹੈ। ਇਸ ਦਾ ਵੱਡਾ ਕਾਰਨ ਉਥੇ ਆਬਾਦੀ ਦਾ ਘੱਟ ਹੋਣਾ ਹੀ ਹੈ। ਜੇਕਰ ਏਸ਼ੀਆਈ ਦੇਸ਼ਾਂ ’ਚ ਵੀ ਬਜ਼ੁਰਗਾਂ ਨੂੰ ਬਹੁਤ ਸਾਰਾ ਕੰਮ ਮਿਲੇ ਤਾਂ ਉਹ ਵੀ ਦੇਸ਼ ਦੀ ਅਰਥਵਿਵਸਥਾ ’ਚ ਵਧ-ਚੜ੍ਹ ਕੇ ਮਦਦ ਕਰ ਸਕਦੇ ਹਨ। ਇਨ੍ਹਾਂ ਦੇ ਸਮੇਂ ਦੀ ਵੀ ਸਹੀ ਵਰਤੋਂ ਹੋ ਸਕੇਗੀ, ਇਨ੍ਹਾਂ ਦੇ ਲੰਬੇ ਤਜਰਬੇ ਦਾ ਵੀ ਲਾਭ ਮਿਲ ਸਕੇਗਾ ਅਤੇ ਇਨ੍ਹਾਂ ਦੀ ਇਹ ਸ਼ਿਕਾਇਤ ਵੀ ਦੂਰ ਹੋਵੇਗੀ ਕਿ ਸਮਾਂ ਨਹੀਂ ਕੱਟ ਹੁੰਦਾ। ਫਿਰ ਦੁਨੀਆ ਭਰ ਦੇ ਆਗੂਆਂ ਦੇ ਮੂੰਹ ’ਚੋਂ ਵੀ ਉਹ ਮੰਦੇ ਬੋਲ ਨਹੀਂ ਨਿਕਲਣਗੇ, ਜੋ ਕਹਿੰਦੇ ਹਨ ਕਿ ਬਜ਼ੁਰਗ ਕਿਸੇ ਵੀ ਦੇਸ਼ ਦੀ ਅਰਥਵਿਵਸਥਾ ’ਤੇ ਬੋਝ ਹੁੰਦੇ ਹਨ।

ਇਨ੍ਹਾਂ ਵਾਕਾਂ ’ਚ ਬਜ਼ੁਰਗਾਂ ਦੇ ਤਜਰਬੇ ਅਤੇ ਆਪਣੇ ਸਮੇਂ ’ਚ ਦੇਸ਼ ਦੀ ਅਰਥਵਿਵਸਥਾ ’ਚ ਕੀਤੀ ਗਈ ਮਦਦ, ਟੈਕਸਾਂ ਦਾ ਭੁਗਤਾਨ ਆਦਿ ਨੂੰ ਬਿਲਕੁਲ ਭੁਲਾ ਦਿੱਤਾ ਜਾਂਦਾ ਹੈ। ਭਾਰਤ ’ਚ ਵੀ ਸਰਕਾਰ ਹੁਣ ਬਜ਼ੁਰਗਾਂ ’ਤੇ ਧਿਆਨ ਦੇਣਾ ਸ਼ੁਰੂ ਕਰ ਰਹੀ ਹੈ। ਉਨ੍ਹਾਂ ਲਈ ਮੈਡੀਕਲ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਅਦਾਲਤਾਂ ਬੱਚਿਆਂ ਨੂੰ ਹਦਾਇਤਾਂ ਵੀ ਦੇ ਰਹੀਆਂ ਹਨ ਕਿ ਉਹ ਆਪਣੇ ਬੁੱਢੇ ਮਾਪਿਆਂ ਦੀ ਦੇਖਭਾਲ ਕਰਨ। ਬਜ਼ੁਰਗਾਂ ਦੇ ਸਮੇਂ ਦੀ ਸਹੀ ਵਰਤੋਂ ਅਤੇ ਆਮਦਨ ਦੇ ਸਾਧਨਾਂ ਨੂੰ ਵੀ ਉਤਸ਼ਾਹਿਤ ਕਰਨਾ ਚਾਹੀਦਾ ਹੈ।

ਪਿਛਲੇ ਦਿਨੀਂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਕਿਹਾ ਕਿ ਲੋਕ ਵੱਧ ਬੱਚੇ ਪੈਦਾ ਕਰਨ। ਤਾਮਿਲਨਾਡੂ ਦੇ ਮੁੱਖ ਮੰਤਰੀ ਸਟਾਲਿਨ ਤਾਂ ਇਸ ਤੋਂ ਵੀ ਅੱਗੇ ਨਿਕਲ ਗਏ। ਉਹ ਬੋਲੇ ਕਿ ਲੋਕ 16 ਬੱਚੇ ਪੈਦਾ ਕਰਨ। ਇਹ ਦੋਵੇਂ ਆਗੂ ਸ਼ਾਇਦ ਚੀਨ ਤੋਂ ਸਬਕ ਲੈ ਕੇ ਅਜਿਹੀਆਂ ਗੱਲਾਂ ਕਰ ਰਹੇ ਹਨ ਪਰ ਕੀ ਇਥੋਂ ਦੀਆਂ ਔਰਤਾਂ ਵੀ ਇਸ ਗੱਲ ਲਈ ਤਿਆਰ ਹੋਣਗੀਆਂ। ਉਹ ਘਰ ਤੋਂ ਬਾਹਰ ਨਿਕਲ ਕੇ ਕੰਮ ਕਰਨਗੀਆਂ ਜਾਂ 16-16 ਬੱਚੇ ਪਾਲਣਗੀਆਂ।

-ਸ਼ਮਾ ਸ਼ਰਮਾ


author

Tanu

Content Editor

Related News