ਹੁਣ ਚੀਨ ਕਰ ਰਿਹਾ ਦੂਜੇ ਦੇਸ਼ਾਂ ’ਚ ਆਪਣੇ ਪੁਲਸ ਨੈੱਟਵਰਕ ਦਾ ਵਿਸਥਾਰ
Monday, Aug 11, 2025 - 07:18 AM (IST)

ਦੂਜੀ ਵਿਸ਼ਵ ਜੰਗ ਤੋਂ ਬਾਅਦ ਪੱਛਮੀ ਦੇਸ਼ਾਂ ’ਚ ਸ਼ਾਂਤੀ, ਖੁਸ਼ਹਾਲੀ ਅਤੇ ਆਜ਼ਾਦੀ ਦੇ ਇਕ ਨਿਸ਼ਚਿਤ ਪੱਧਰ ਨੂੰ ਹਾਸਲ ਕਰਨ ਲਈ ਕਈ ਸੰਧੀਆਂ ’ਤੇ ਦਸਤਖਤ ਕੀਤੇ ਗਏ। ਹਾਲਾਂਕਿ ਵਿਸ਼ਵ ਜੰਗ ਤੋਂ ਬਾਅਦ ਦੇਸ਼ਾਂ ਦੇ ਪੁਨਰਗਠਨ ਅਤੇ 80 ਦੇ ਦਹਾਕੇ ’ਚ ਯੂ. ਐੱਸ. ਐੱਸ. ਆਰ. ਦੇ ਟੁੱਟਣ ਤੋਂ ਬਾਅਦ, ਸ਼ਾਂਤੀ ਕਾਫੀ ਹੱਦ ਤੱਕ ਕਾਇਮ ਰਹੀ, ਪਰ ਅਮਰੀਕਾ ਉਦੋਂ ਤੋਂ ਉਹੀ ਕਰ ਰਿਹਾ ਸੀ ਜੋ ਉਹ ਕਰਨਾ ਚਾਹੁੰਦਾ ਸੀ। ਉਨ੍ਹਾਂ ਦੇਸ਼ਾਂ ਦੀ ਰਾਜਨੀਤੀ ’ਤੇ ਨਜ਼ਰ ਰੱਖਣ ਜਾਂ ਦਖਲ ਦੇਣ ਲਈ ਜਿਨ੍ਹਾਂ ਨੂੰ ਉਹ ਕੰਟਰੋਲ ਕਰਨਾ ਚਾਹੁੰਦਾ ਸੀ, ਜਿਵੇਂ ਸੀਰੀਆ, ਲੈਬਨਾਨ, ਯੂਗੋਸਲਾਵੀਆ, ਵੀਅਤਨਾਮ, ਕੋਰੀਆ ਆਦਿ।
ਅਸਲ ’ਚ ਹੁਣ ਵੀ ਉਸ ਦੇ 80 ਤੋਂ ਵੱਧ ਦੇਸ਼ਾਂ ’ਚ 750 ਅਦਾਰੇ ਹਨ ਜੋ ਅਮਰੀਕੀ ਸੈਨਾ ਦੇ ਟਿਕਾਣਿਆਂ ਦੇ ਰੂਪ ’ਚ ਕੰਮ ਕਰਦੇ ਹਨ ਤਾਂ ਕਿ ਉਹ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰ ਸਕੇ। ਹੁਣ ਚੀਨ ਆਰਥਿਕ ਅਤੇ ਫੌਜੀ ਤੌਰ ’ਤੇ ਨੰਬਰ ਇਕ ਸਥਾਨ ’ਤੇ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਹੁਣ ‘ਚੀਨੀ ਲੋਕ ਸੁਰੱਖਿਆ ਮੰਤਰਾਲਾ’ (ਐੱਮ. ਪੀ. ਐੱਸ.) ਨੇ ਹਾਲ ਹੀ ’ਚ ਆਪਣੇ ਇਕ 8 ਮੈਂਬਰੀ ਪੁਲਸ ਦਲ ਨੂੰ ‘ਸੰਯੁਕਤ ਗਸ਼ਤੀ ਮੁਹਿੰਮ’ ਲਈ ਕ੍ਰੋਏਸ਼ੀਆ ਭੇਜਣ ਦੀ ਗੱਲ ਕਹੀ ਹੈ। ਇਹ 2017 ਦੇ ਪੁਲਸ ਸਹਿਯੋਗ ’ਤੇ ਚੀਨ-ਕ੍ਰੋਏਸ਼ੀਆ ਸਮਝੌਤੇ ਤਹਿਤ ਛੇਵੀਂ ਸੰਯੁਕਤ ਗਸ਼ਤ ਮੁਹਿੰਮ ਹੋਵੇਗੀ।
ਜਿਵੇਂ ਕਿ ਐੱਮ. ਪੀ. ਐੱਸ. ਨੇ ਖੁਦ ਕਿਹਾ ਹੈ, ਚੀਨ ਅਤੇ ਕ੍ਰੋਏਸ਼ੀਆ ਦੇ ਅਧਿਕਾਰੀਆਂ ਨੇ ‘ਕ੍ਰੋਏਸ਼ੀਆ ’ਚ ਚੀਨੀ ਸੈਲਾਨੀਆਂ ਦੀ ਸੁਰੱਖਿਆ ਸੰਬੰਧੀ ਚਿੰਤਾਵਾਂ’ ਨੂੰ ਦੂਰ ਕਰਨ ਲਈ ਮਿਲੀਆਂ-ਜੁਲੀਆਂ ਗਸ਼ਤੀ ਇਕਾਈਆਂ ਬਣਾਈਆਂ ਹਨ। ਕ੍ਰੋਏਸ਼ੀਆ ’ਚ ਚੀਨ ਦੇ ਰਾਜਦੂਤ ‘ਕਯੂਈ ਕਿਆਨਜਿਨ’ ਨੇ ਕਿਹਾ ਹੈ ਕਿ 2024 ’ਚ ਚੀਨ ਤੋਂ 2,50,000 ਸੈਲਾਨੀ ਕ੍ਰੋਏਸ਼ੀਆ ਆਏ, ਜੋ ਪਿਛਲੇ ਸਾਲ ਦੀ ਤੁਲਨਾ ’ਚ 41 ਫੀਸਦੀ ਵੱਧ ਹੈ।
ਪਿਛਲੇ ਸਾਲ ਇਨ੍ਹੀਂ ਦਿਨੀਂ ਜਾਗਰੇਬ, ਡਬਰੋਵਨਿਕ, ਜਦਰ ਆਦਿ ਕ੍ਰੋਏਸ਼ੀਆਈ ਸ਼ਹਿਰਾਂ ’ਚ ਇਸੇ ਤਰ੍ਹਾਂ ਦੀ ਗਸ਼ਤ ਦਾ ਆਯੋਜਨ ਕੀਤਾ ਿਗਆ ਸੀ। ਉਸ ਸਮੇਂ, ਇਹ ਕਿਹਾ ਗਿਆ ਸੀ ਕਿ ਗਸ਼ਤ ਦਾ ਉਦੇਸ਼ ਨਾ ਸਿਰਫ ਚੀਨੀ ਸੈਲਾਨੀ, ਸਗੋਂ ਕ੍ਰੋਏਸ਼ੀਆ ’ਚ ਚੀਨੀ ਨਾਗਰਿਕਾਂ ਅਤੇ ਪ੍ਰਵਾਸੀ ਚੀਨੀ ਲੋਕਾਂ ਦੀਆਂ ‘ਸੁਰੱਖਿਆ ਸੰਬੰਧੀ ਚਿੰਤਾਵਾਂ’ ਨੂੰ ਵੀ ਦੂਰ ਕਰਨਾ ਸੀ।
ਕ੍ਰੋਏਸ਼ੀਆਈ ਪ੍ਰਾਜੈਕਟ ਚੀਨੀ ਰਾਜ ਦਾ ਇਕੋ-ਇਕ ਯਤਨ ਨਹੀਂ ਹੈ। ਆਪਣੇ 2014 ਦੇ ਆਪ੍ਰੇਸ਼ਨ ‘ਫੋਕਸ ਹੰਟ’ ਅਤੇ ਉਸ ਦੇ ਬਾਅਦ 2015 ਦੇ ਅੰਬ੍ਰੇਲਾ ਪ੍ਰਾਜੈਕਟ ‘ਸਕਾਈ ਨੈੱਟ’ ਅਧੀਨ ਚੀਨੀ ਕਮਿਊਨਿਸਟ ਪਾਰਟੀ ਅਤੇ ਸਰਕਾਰ ਨੇ ਚੀਨ ਦੇ ਅੰਦਰ ਅਤੇ ਬਾਹਰ ਵਿਆਪਕ ਪੁਲਸਿੰਗ ਅਤੇ ਨਿਗਰਾਨੀ ਨੈੱਟਵਰਕ ਵਿਕਸਤ ਕੀਤੇ ਹਨ। ਸਕਾਈ ਨੈੱਟ ਅਧੀਨ ਸਰਬੀਆ, ਇਟਲੀ ਅਤੇ ਹੰਗਰੀ ਦੇ ਨਾਲ ਸਾਂਝੀ ਪੁਲਸ ਗਸ਼ਤ ਦੀ ਪਹਿਲ ਸ਼ੁਰੂ ਕੀਤੀ ਗਈ ਹੈ।
ਵਿਦੇਸ਼ਾਂ ’ਚ ਚੀਨੀ ਪੁਲਸ ਨੂੰ ਸਰਗਰਮ ਹੋਣ ਲਈ ਦਿੱਤੀ ਗਈ ਆਜ਼ਾਦੀ ਨੇ ਦੋ ਗੱਲਾਂ ਉਜਾਗਰ ਕੀਤੀਆਂ ਹਨ। ਇਨ੍ਹਾਂ ’ਚੋਂ ਪਹਿਲੀ ਹੈ ਅਧਿਕਾਰੀਆਂ ਲਈ ਵਿਦੇਸ਼ਾਂ ’ਚ ਚੀਨੀ ਅਸੰਤੁਸ਼ਟਾਂ ਨੂੰ ਗ੍ਰਿਫਤਾਰ ਕਰਨ ਦਾ ਅਧਿਕਾਰ ਅਤੇ ਦੂਜੀ ਉਨ੍ਹਾਂ ਦੀਆਂ ਅਣਕੰਟਰੋਲਡ ਗਤੀਵਿਧੀਆਂ ਨਾਲ ਦੁਨੀਆ ਭਰ ’ਚ ਪੁਲਸ ਸਟੇਸ਼ਨਾਂ ਦੀ ਸਥਾਪਨਾ ਦੀ ਸ਼ੁਰੂਆਤ ਹੋ ਸਕਦੀ ਹੈ।
2023 ’ਚ ਚੀਨ ਵਲੋਂ ਨੀਦਰਲੈਂਡ ਦੇ ਐਮਸਟਰਡਮ ਅਤੇ ਰੋਟਰਡੈਮ ਸ਼ਹਿਰਾਂ ’ਚ ਦੋ ਸਟੇਸ਼ਨ ਸੰਚਾਲਿਤ ਕੀਤੇ ਜਾਣ ਦਾ ਪਤਾ ਲੱਗਾ ਸੀ। ਇਸ ਸੰਬੰਧ ’ਚ ਖੁਲਾਸਾ ਕਰਦੇ ਹੋਏ ਤਤਕਾਲੀ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਸੀ ਕਿ ਇਹ ‘ਸੇਵਾ ਕੇਂਦਰ’ ਸਿਰਫ ਪ੍ਰਵਾਸੀ ਚੀਨੀ ਨਾਗਰਿਕਾਂ ਨੂੰ ਉਨ੍ਹਾਂ ਦੇ ਡਰਾਈਵਿੰਗ ਲਾਈਸੈਂਸ ਦੇ ਨਵੀਨੀਕਰਨ ਅਤੇ ਉਸ ਉਦੇਸ਼ ਲਈ ਸਰੀਰਕ ਜਾਂਚ ਕਰਾਉਣ ’ਚ ਸਹਾਇਤਾ ਕਰਨ ਲਈ ਸ਼ੁਰੂ ਕੀਤੇ ਗਏ ਸਨ।
ਲਗਭਗ ਉਸ ਸਮੇਂ, ਇਕ ਹੋਰ ਮੀਡੀਆ ਜਾਂਚ ’ਚ ਕਿਹਾ ਗਿਆ ਸੀ ਕਿ ਚੀਨੀ ਪੁਲਸ ਸੇਵਾ ਕੇਂਦਰ ਨੇ ਇਕ ਚੀਨੀ ਡੱਚ ਨਾਗਰਿਕ ਨਾਲ ਸੰਪਰਕ ਕੀਤਾ, ਜਿਸ ਨੇ ਭਾਰਤ ਦੇ ਨਾਲ 2020 ਦੀਆਂ ਗਲਵਾਨ ਵਾਦੀ ਝੜਪਾਂ ਦੇ ਸੰਬੰਧ ’ਚ ਬੀਜਿੰਗ ਵਲੋਂ ਦਿੱਤੇ ਗਏ ਵੇਰਵੇ ’ਤੇ ਸਵਾਲ ਉਠਾਇਆ ਸੀ। ਜੇਕਰ ਇਹ ਸੱਚ ਹੈ ਤਾਂ ਗੁਪਤ ਚੀਨੀ ਗੁਰਗਿਆਂ ਵਲੋਂ ਅਸੰਤੁਸ਼ਟਾਂ ਨੂੰ ਨਿਸ਼ਾਨਾ ਬਣਾਉਣ ਦਾ ਸਪੱਸ਼ਟ ਯਤਨ ਕੀਤਾ ਿਗਆ ਹੈ।
ਇਸੇ ਤਰ੍ਹਾਂ ਅਪ੍ਰੈਲ, 2023 ’ਚ ਐੱਫ. ਬੀ. ਆਈ. ਨੇ ਅਮਰੀਕਾ ’ਚ ਮੈਨਹੱਟਨ ਦੇ ਚਾਈਨਾ ਟਾਊਨ ’ਚ ਐੱਮ. ਪੀ. ਐੱਸ. ਨਾਲ ਸਬੰਧਤ ਇਕ ਅਜਿਹੇ ਹੀ ‘ਸੇਵਾ ਕੇਂਦਰ’ ਤੋਂ ਦੋ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ। ਨਿਆਂ ਵਿਭਾਗ ਨੇ ਉਨ੍ਹਾਂ ’ਤੇ ਚੀਨ ਸਰਕਾਰ ਦੇ ਏਜੰਟ ਦੇ ਰੂਪ ’ਚ ਕੰਮ ਕਰਨ ਦੀ ਸਾਜ਼ਿਸ਼ ਰਚਣ ਅਤੇ ਇਕ ਐੱਮ. ਪੀ. ਐੱਸ. ਅਧਿਕਾਰੀ ਦੇ ਨਾਲ ਉਨ੍ਹਾਂ ਦੇ ਸੰਪਰਕ ਦੇ ਸਬੂਤ ਨਸ਼ਟ ਕਰਨ ਲਈ ਨਿਆਂ ’ਚ ਅੜਿੱਕਾ ਪਾਉਣ ਦਾ ਦੋਸ਼ ਲਾਇਆ ਸੀ।
ਵਿਦੇਸ਼ਾਂ ’ਚ ਐੱਮ. ਪੀ. ਐੱਸ. ਦੀਆਂ ਗੁਪਤ ਮੁਹਿੰਮਾਂ ’ਤੇ ਕਾਰਵਾਈ ਦਾ ਿਸੱਧਾ ਸੰਬੰਧ ਕਿਸੇ ਵਿਸ਼ੇਸ਼ ਦੇਸ਼ ਦੇ ਚੀਨ ਦੇ ਨਾਲ ਸਮਕਾਲੀ ਸੰਬੰਧਾਂ ਨਾਲ ਜੁੜਿਆ ਲੱਗਦਾ ਹੈ। ਅਮਰੀਕਾ ’ਚ, ਚੀਨ ਵਲੋਂ ਕੀਤੀ ਜਾਣ ਵਾਲੀ ਜਾਸੂਸੀ ਕੁਝ ਸਮੇਂ ਤੋਂ ਗੰਭੀਰ ਚਿੰਤਾ ਦਾ ਿਵਸ਼ਾ ਰਹੀ ਹੈ ਪਰ ਵਪਾਰ ਸੰਬੰਧੀ ਤਣਾਵਾਂ ਵਿਚਾਲੇ ਅਮਰੀਕਾ ਆਉਣ ਵਾਲੇ ਚੀਨੀ ਸੈਲਾਨੀਆਂ, ਸਿੱਿਖਆ ਸ਼ਾਸਤਰੀਆਂ ਅਤੇ ਅਧਿਕਾਰੀਆਂ ਦੀ ਪਹੁੰਚ ਸੀਮਤ ਹੋ ਗਈ ਹੈ, ਅਜਿਹੀਆਂ ਗੁਪਤ ਮੁਹਿੰਮਾਂ ਦਾ ਪਤਾ ਲੱਗਣ ’ਤੇ ਅਮਰੀਕੀ ਅਧਿਕਾਰੀਆਂ ਨੂੰ ਜਨਤਕ ਤੌਰ ’ਤੇ ਕਾਰਵਾਈ ਕਰਨੀ ਪਈ ਹੈ।
ਹੁਣ ਇਕ ਨਵੇਂ ਮਾਹੌਲ ’ਚ ਚੀਨ ਅਤੇ ਭਾਰਤ ਦੁਬਾਰਾ ਮਿਲ ਰਹੇ ਹਨ ਅਤੇ ਅਮਰੀਕਾ ਦੂਜੇ ਪਾਸੇ ਹੈ। ਚੀਨੀ ਨੀਤੀ ਹਮੇਸ਼ਾ ਅਪਰਿਭਾਸ਼ਿਤ ਰਹੀ ਹੈ। ਇਸ ਮਾਮਲੇ ’ਚ ਭਾਰਤ ਨੂੰ ਚੌਕਸ ਰਹਿਣ ਦੀ ਲੋੜ ਹੈ।