‘ਹਿਮਾਚਲ, ਪੰਜਾਬ ਅਤੇ ਹਰਿਆਣਾ’ ਨੌਜਵਾਨਾਂ ’ਚ ਬੇਰੁਜ਼ਗਾਰੀ-ਰਾਸ਼ਟਰੀ ਔਸਤ ਤੋਂ ਵੱਧ!

Wednesday, Aug 20, 2025 - 06:04 AM (IST)

‘ਹਿਮਾਚਲ, ਪੰਜਾਬ ਅਤੇ ਹਰਿਆਣਾ’ ਨੌਜਵਾਨਾਂ ’ਚ ਬੇਰੁਜ਼ਗਾਰੀ-ਰਾਸ਼ਟਰੀ ਔਸਤ ਤੋਂ ਵੱਧ!

ਦੇਸ਼ ’ਚ ਬੇਰੁਜ਼ਗਾਰੀ ਦੇ ਸੰਬੰਧ ’ਚ ਤਾਜ਼ਾ ਰਿਪੋਰਟ ਅਨੁਸਾਰ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ’ਚ 15 ਤੋਂ 29 ਸਾਲ ਉਮਰ ਵਰਗ ਦੇ ਨੌਜਵਾਨਾਂ ’ਚ ਰੁਜ਼ਗਾਰ ਦੀ ਸਥਿਤੀ ਅਤਿਅੰਤ ਨਿਰਾਸ਼ਾਜਨਕ ਤਸਵੀਰ ਪੇਸ਼ ਕਰਦੀ ਹੈ ਅਤੇ ਇਨ੍ਹਾਂ ਤਿੰਨਾਂ ਹੀ ਰਾਜਾਂ ’ਚ ਨੌਜਵਾਨਾਂ ਦੀ ਬੇਰੁਜ਼ਗਾਰੀ ਦੀ ਔਸਤ ਰਾਸ਼ਟਰੀ ਔਸਤ ਤੋਂ ਵੱਧ ਹੈ।

ਭਾਰਤ ਸਰਕਾਰ ਦੇ ‘ਸਟੈਟਿਸਟਿਕਸ ਐਂਡ ਪ੍ਰੋਗਰਾਮ ਇੰਪਲੀਮੈਂਟੇਸ਼ਨ’ ਮੰਤਰਾਲੇ ਵਲੋਂ ਅਪ੍ਰੈਲ-ਜੂਨ 2025 ਲਈ ਜਾਰੀ ਕੀਤੇ ਗਏ ‘ਪੀਰੀਓਡਿਕ ਲੇਬਰ ਫੋਰਸ ਸਰਵੇ’ (ਪੀ. ਐੱਲ. ਐੱਫ. ਐੱਸ.) ਅਨੁਸਾਰ ਉਕਤ ਤਿੰਨਾਂ ਹੀ ਰਾਜਾਂ ’ਚ ਹਿਮਾਚਲ ਪ੍ਰਦੇਸ਼ ਸਭ ਤੋਂ ਵੱਧ ਕੁਪ੍ਰਭਾਵਿਤ ਰਾਜ ਹੈ।

ਅੰਕੜਿਆਂ ਅਨੁਸਾਰ ਹਿਮਾਚਲ ਪ੍ਰਦੇਸ਼ ’ਚ ਉਪਲਬਧ ਕਿਰਤ ਸ਼ਕਤੀ ਦੀ ਹਿੱਸੇਦਾਰੀ ਜ਼ਿਆਦਾ ਹੋਣ ਦੇ ਬਾਵਜੂਦ ਹਿਮਾਚਲ ਪ੍ਰਦੇਸ਼ ਦੇ ਨੌਜਵਾਨਾਂ ’ਚ ਬੇਰੁਜ਼ਗਾਰੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਰਾਸ਼ਟਰੀ ਔਸਤ 14.6 ਫੀਸਦੀ ਦੀ ਤੁਲਨਾ ’ਚ ਹਿਮਾਚਲ ਪ੍ਰਦੇਸ਼ ’ਚ ਨੌਜਵਾਨਾਂ ’ਚ ਬੇਰੁਜ਼ਗਾਰੀ ਦੀ ਦਰ ਲਗਭਗ 30 ਫੀਸਦੀ ਪਾਈ ਗਈ ਹੈ।

ਗ੍ਰਾਮੀਣ ਇਲਾਕਿਆਂ ’ਚ ਬੇਰੁਜ਼ਗਾਰੀ 29.1 ਫੀਸਦੀ ਅਤੇ ਸ਼ਹਿਰੀ ਖੇਤਰਾਂ ’ਚ ਇਸ ਤੋਂ ਵੀ ਜ਼ਿਆਦਾ 31.3 ਫੀਸਦੀ ਪਾਈ ਗਈ। ਇਹ ਸਥਿਤੀ ਪ੍ਰਦੇਸ਼ ਦੀ ਅਰਥਵਿਵਸਥਾ ਅਤੇ ਨੌਜਵਾਨਾਂ ਦੇ ਭਵਿੱਖ ਲਈ ਇਕ ਚੁਣੌਤੀ ਦੇ ਰੂਪ ’ਚ ਵੇਖੀ ਜਾ ਰਹੀ ਹੈ।

ਪੰਜਾਬ ਵੀ ਨੌਜਵਾਨਾਂ ਦੇ ਮਾਮਲੇ ’ਚ ਬੇਰੁਜ਼ਗਾਰੀ ਦੀ ਰਾਸ਼ਟਰੀ ਔਸਤ ਤੋਂ ਵੱਧ ਬੇਰੁਜ਼ਗਾਰੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਉਕਤ ਮਿਆਦ ਦੌਰਾਨ ਪੰਜਾਬ ’ਚ ਲਗਭਗ 20 ਫੀਸਦੀ ਨੌਜਵਾਨ ਬੇਰੁਜ਼ਗਾਰ ਪਾਏ ਗਏ। ਸ਼ਹਿਰੀ ਇਲਾਕਿਆਂ ’ਚ 17.8 ਫੀਸਦੀ ਦੀ ਤੁਲਨਾ ’ਚ ਗ੍ਰਾਮੀਣ ਇਲਾਕਿਆਂ ’ਚ ਬੇਰੁਜ਼ਗਾਰੀ ਦੀ ਦਰ 22.1 ਫੀਸਦੀ ਪਾਈ ਗਈ।

ਪੰਜਾਬ ’ਚ ‘ਆਮ ਆਦਮੀ ਪਾਰਟੀ’ ਦੀ ਸਰਕਾਰ ਦੇ ਪਿਛਲੇ ਸਾਢੇ 3 ਸਾਲਾਂ ਦੇ ਸ਼ਾਸਨਕਾਲ ’ਚ 55,000 ਸਰਕਾਰੀ ਨੌਕਰੀਆਂ ਹੀ ਦਿੱਤੀਆਂ ਗਈਆਂ ਹਨ ਜਦਕਿ ਹੋਰਨਾਂ ਰਾਜਾਂ ’ਚ ਸਰਕਾਰੀ ਨੌਕਰੀਆਂ ਦੇਣ ਦਾ ਫੀਸਦੀ ਕਿਤੇ ਵੱਧ ਹੈ।


ਸੂਬੇ ’ਚ ਬੇਰੁਜ਼ਗਾਰੀ ਜ਼ਿਆਦਾ ਹੋਣ ਦਾ ਇਕ ਕਾਰਨ ਸਰਕਾਰੀ ਨਿਯੁਕਤੀਆਂ ਦੀ ਰਫਤਾਰ ਹੌਲੀ ਹੋਣਾ ਵੀ ਹੈ। ਇਸ ਦੇ ਇਲਾਵਾ ਕਾਲਜਾਂ ’ਚ ਪੜ੍ਹਾਈ ਅਤੇ ਉਦਯੋਗ ਜਗਤ ਦੀ ਮੰਗ ਦੇ ਵਿਚਾਲੇ ਤਾਲਮੇਲ ਦੀ ਕਮੀ ਹੋਣ, ਖੇਤੀ ’ਤੇ ਨਿਰਭਰਤਾ ਅਤੇ ਇਸ ਦੇ ਮਸ਼ੀਨੀਕਰਨ ਦੇ ਕਾਰਨ ਵੀ ਸੂਬੇ ’ਚ ‘ਪੜ੍ਹਿਆਂ-ਲਿਖਿਆਂ ਦੀ ਬੇਰੁਜ਼ਗਾਰੀ’ ’ਚ ਵਾਧਾ ਹੋਇਆ ਹੈ।

ਜਿੱਥੋਂ ਤੱਕ ਹਰਿਆਣਾ ਦਾ ਸੰਬੰਧ ਹੈ ਇਸ ਦੀ ਸਥਿਤੀ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੀ ਤੁਲਨਾ ’ਚ ਕੁਝ ਬਿਹਤਰ ਤਾਂ ਹੈ ਪਰ ਇਹ ਰਾਸ਼ਟਰੀ ਔਸਤ ਨਾਲੋਂ ਵੱਧ ਹੀ ਹੈ। ਹਰਿਆਣਾ ਦੇ ਗ੍ਰਾਮੀਣ ਅਤੇ ਸ਼ਹਿਰੀ ਇਲਾਕਿਆਂ ’ਚ 15.6 ਫੀਸਦੀ ਨੌਜਵਾਨ ਬੇਰੁਜ਼ਗਾਰ ਪਾਏ ਗਏ ਹਨ। ਸ਼ਹਿਰੀ ਇਲਾਕਿਆਂ ’ਚ 14.9 ਫੀਸਦੀ ਦੀ ਤੁਲਨਾ ’ਚ ਗ੍ਰਾਮੀਣ ਇਲਾਕਿਆਂ ’ਚ ਬੇਰੁਜ਼ਗਾਰੀ ਦੀ ਦਰ 16.2 ਫੀਸਦੀ ਪਾਈ ਗਈ।

ਹਾਲਾਂਕਿ ਹਰਿਆਣਾ ਬੇਰੁਜ਼ਗਾਰੀ ਦੇ ਮਾਮਲੇ ’ਚ ਕੁਲ ਹਿੰਦ ਔਸਤ ਦੇ ਨੇੜੇ ਹੈ ਪਰ ਇਸ ’ਚ ਨੌਜਵਾਨਾਂ ਦੀ ਹਿੱਸੇਦਾਰੀ ਘੱਟ ਹੈ ਅਤੇ ਇੱਥੋਂ ਦੇ ਨੌਜਵਾਨਾਂ ਦਾ ਸੈਨਾ ਅਤੇ ਉਦਯੋਗਾਂ ’ਚ ਨੌਕਰੀ ਕਰਨ ਵੱਲ ਰੁਝਾਨ ਜ਼ਿਆਦਾ ਹੈ।

ਸੂਬਾਈ ਸਰਕਾਰ ਨੌਕਰੀਆਂ ਦੀ ਸਿਰਜਣਾ ਤਾਂ ਕਰ ਰਹੀ ਹੈ ਪਰ ਬੇਰੁਜ਼ਗਾਰਾਂ ਦੀ ਗਿਣਤੀ ਨੂੰ ਦੇਖਦੇ ਹੋਏ ਇਹ ਘੱਟ ਹੈ। ਸਾਬਕਾ ਕੇਂਦਰੀ ਵਿੱਤ ਅਤੇ ਗ੍ਰਹਿ ਮੰਤਰੀ ਪੀ. ਚਿਦਾਂਬਰਮ ਦਾ ਕਹਿਣਾ ਹੈ ਕਿ ਹਰਿਆਣਾ ’ਚ 4.5 ਲੱਖ ਨਿਯਮਿਤ ਸਰਕਾਰੀ ਅਹੁਦੇ ਹਨ, ਜਿਨ੍ਹਾਂ ’ਚੋਂ 1.8 ਲੱਖ ਅਹੁਦੇ ਖਾਲੀ ਹਨ।

ਯੁਵਾ ਸ਼ਕਤੀ ਕਿਸੇ ਵੀ ਦੇਸ਼ ਦੀ ਸਭ ਤੋਂ ਵੱਡੀ ਪੂੰਜੀ ਹੁੰਦੀ ਹੈ ਇਸੇ ਲਈ ਜ਼ਰੂਰਤ ਇਸ ਗੱਲ ਦੀ ਹੈ ਕਿ ਇਸ ਸ਼ਕਤੀ ਨੂੰ ਸਹੀ ਦਿਸ਼ਾ ’ਚ ਮੋੜ ਕੇ ਦੇਸ਼ ਅਤੇ ਸਮਾਜ ਲਈ ਉਸ ਦੀ ਸਰਵਸ੍ਰੇਸ਼ਠ ਵਰਤੋਂ ਕੀਤੀ ਜਾਵੇ।

ਬੇਰੁਜ਼ਗਾਰੀ ਅੱਜ ਸਾਡੇ ਦੇਸ਼ ਦੀ ਵੱਡੀ ਸਮੱਸਿਆ ਬਣ ਚੁੱਕੀ ਹੈ ਤੇ ਹਾਲਤ ਇਹ ਹੋ ਗਈ ਹੈ ਕਿ ਚੰਗੀ ਨੌਕਰੀ ਨਾ ਮਿਲਣ ਦੀ ਨਿਰਾਸ਼ਾ ਅਤੇ ਆਰਥਿਕ ਸਮੱਸਿਆਵਾਂ ਦੇ ਕਾਰਨ ਉੱਚ ਸਿੱਖਿਆ ਪ੍ਰਾਪਤ ਨੌਜਵਾਨ ਲੜਕੇ-ਲੜਕੀਆਂ ਵੀ ਘੱਟ ਯੋਗਤਾ ਵਾਲੀਆਂ ਨੌਕਰੀਆਂ ਕਰਨ ਲਈ ਮਜਬੂਰ ਹੋ ਰਹੇ ਹਨ ਅਤੇ ਵਿਦੇਸ਼ ਜਾਣ ਦੀ ਤਿਆਰੀ ’ਚ ਹਨ।

ਇਸ ਸਥਿਤੀ ਨੂੰ ਪਲਟਣ ਲਈ ਇਸ ਦੇ ਲਈ ਦੇਸ਼ ’ਚ ਸਿਰਫ ਹਿਮਾਚਲ, ਹਰਿਆਣਾ ਅਤੇ ਪੰਜਾਬ ’ਚ ਹੀ ਨਹੀਂ ਸਗੋਂ ਹੋਰਨਾਂ ਰਾਜਾਂ ’ਚ ਵੀ ਨੌਜਵਾਨਾਂ ਲਈ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕਿਆਂ ਦੀ ਸਿਰਜਣਾ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਯੁਵਾ ਸ਼ਕਤੀ ਰਚਨਾਤਮਕ ਕਾਰਜਾਂ ’ਚ ਵਰਤੀ ਜਾ ਸਕੇ ਅਤੇ ਉਨ੍ਹਾਂ ਦੀ ਸ਼ਕਤੀ ਵਿਅਰਥ ਦੇ ਕੰਮਾਂ ’ਚ ਨਸ਼ਟ ਨਾ ਹੋਵੇ।

–ਵਿਜੇ ਕੁਮਾਰ
 


author

Sandeep Kumar

Content Editor

Related News