ਭਾਰਤ ਨਾਲ ਵਿਗੜਦੇ ਸਬੰਧਾਂ ਨੂੰ ਲੈ ਕੇ ਟਰੰਪ ਦੀ ਉਨ੍ਹਾਂ ਦੇ ਹੀ ਦੇਸ਼ ’ਚ ਹੋਣ ਲੱਗੀ ਆਲੋਚਨਾ!
Saturday, Aug 23, 2025 - 03:04 AM (IST)

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਰੂਸੀ ਤੇਲ ਦੀ ਖਰੀਦ ਦਾ ਹਵਾਲਾ ਦੇ ਕੇ ਭਾਰਤ ’ਤੇ 50 ਫੀਸਦੀ ਟੈਰਿਫ ਲਗਾਉਣ ਦੇ ਐਲਾਨ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ’ਚ ਤਣਾਅ ਵਧ ਗਿਆ ਹੈ ਅਤੇ ਟਰੰਪ ਦੀਆਂ ਨੀਤੀਆਂ ਦੀ ਉਨ੍ਹਾਂ ਦੇ ਆਪਣੇ ਹੀ ਦੇਸ਼ ਦੇ ਸਿਆਸਤਦਾਨ ਆਲੋਚਨਾ ਕਰਨ ਲੱਗੇ।
ਅਮਰੀਕਾ ਦੀਆਂ ਦੋਵੇਂ ਮੁੱਖ ਸਿਆਸੀ ਪਾਰਟੀਆਂ ‘ਰਿਪਬਲਿਕਨ’ ਅਤੇ ‘ਡੈਮੋਕ੍ਰੇਟਿਕ’ ਦੇ ਨੇਤਾਵਾਂ ਨੇ ਟਰੰਪ ਦੇ ਫੈਸਲੇ ’ਤੇ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਕਿਹਾ ਹੈ ਕਿ ਇਸ ਨਾਲ ਅਮਰੀਕਾ ਅਤੇ ਭਾਰਤ ਦੇ ਦਰਮਿਆਨ ਬਣਿਆ ਸਿਆਸੀ ਭਰੋਸਾ ਕਮਜ਼ੋਰ ਪੈ ਸਕਦਾ ਹੈ। ਜਿਨ੍ਹਾਂ ਸਬੰਧਾਂ ਨੂੰ ਵਿਕਸਤ ਕਰਨ ’ਚ ਅਮਰੀਕਾ ਨੂੰ ਵਰ੍ਹੇ ਲੱਗ ਗਏ, ਟਰੰਪ ਉਨ੍ਹਾਂ ’ਤੇ ਪਾਣੀ ਫੇਰਨ ਜਾ ਰਹੇ ਹਨ।
ਅਮਰੀਕਾ ਦੀ ਸਾਬਕਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਕਿ, ‘‘ਅਮਰੀਕਾ ਦੀ ਲੋਕਤੰਤਰੀ-ਸਿਆਸੀ ਵਿਵਸਥਾ ਟੁੱਟ ਚੁੱਕੀ ਹੈ ਅਤੇ ਉਹ ਇੰਨੀ ਮਜ਼ਬੂਤ ਨਹੀਂ ਹੈ ਕਿ ਲੋਕਤੰਤਰੀ ਕਦਰਾਂ-ਕੀਮਤਾਂ ਦੀ ਰੱਖਿਆ ਕਰ ਸਕੇ। ਟਰੰਪ ਦੇ ਦੂਜੇ ਕਾਰਜਕਾਲ ’ਚ ਉਨ੍ਹਾਂ ਲੋਕਾਂ ਨੇ ਆਤਮਸਮਰਪਣ ਕਰ ਦਿੱਤਾ ਹੈ, ਜਿਨ੍ਹਾਂ ਨੇ ਲੋਕਤੰਤਰ ਦੀ ਰੱਖਿਆ ਕਰਨ ਦੀ ਗੱਲ ਕਹੀ ਸੀ।’’
ਇਸੇ ਤਰ੍ਹਾਂ ‘ਸੰਯੁਕਤ ਰਾਸ਼ਟਰ’ ’ਚ ਅਮਰੀਕਾ ਦੀ ਸਾਬਕਾ ਰਾਜਦੂਤ ‘ਨਿੱਕੀ ਹੇਲੀ’ ਨੇ ਭਾਰਤ ਨਾਲ ਸਬੰਧਾਂ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ। ‘ਨਿਊਜ਼ਵੀਕ’ ਪੱਤ੍ਰਿਕਾ ’ਚ ਪ੍ਰਕਾਸ਼ਿਤ ਲੇਖ ’ਚ ‘ਨਿੱਕੀ’ ਨੇ ਕਿਹਾ ਹੈ ਕਿ, ‘‘ਜੇਕਰ ਭਾਰਤ ਦੇ ਨਾਲ 25 ਸਾਲਾਂ ’ਚ ਬਣਿਆ ਭਰੋਸਾ ਟੁੱਟਦਾ ਹੈ ਤਾਂ ਇਹ ਅਮਰੀਕਾ ਦੀ ਇਕ ਰਣਨੀਤਿਕ ਭੁੱਲ ਹੋਵੇਗੀ। ਚੀਨ ਨੂੰ ਪਛਾੜਨ ਤੇ ਸ਼ਾਂਤੀ ਸਥਾਪਤ ਕਰਨ ’ਚ ਟਰੰਪ ਲਈ ਭਾਰਤ ਬੜਾ ਜ਼ਰੂਰੀ ਹੈ।’’
‘‘ਚੀਨ ਦੀ ਆਬਾਦੀ ਹੁਣ ਬੁੱਢੀ ਹੋ ਗਈ ਹੈ ਜਦਕਿ ਭਾਰਤ ਦੇ ਕੋਲ ‘ਯੰਗ ਫੋਰਸ’ ਹੈ। ਭਾਰਤ ਜਲਦੀ ਹੀ ਜਾਪਾਨ ਨੂੰ ਪਛਾੜ ਕੇ ਵਿਸ਼ਵ ਦੀ ਚੌਥੀ ਵੱਡੀ ਅਰਥਵਿਵਸਥਾ ਬਣ ਸਕਦਾ ਹੈ। ਅਜਿਹੇ ’ਚ ਭਾਰਤ ਨੂੰ ਆਰਥਿਕ ਅਤੇ ਫੌਜੀ ਰੂਪ ਤੋਂ ਮਜ਼ਬੂਤ ਬਣਾਉਣ ’ਚ ਉਸ ਦੀ ਸਹਾਇਤਾ ਕਰਨੀ ਅਮਰੀਕਾ ਦੇ ਹਿੱਤ ’ਚ ਹੈ।’’
‘‘ਅਮਰੀਕਾ ਅਜਿਹਾ ਨਾ ਹੋਣ ’ਤੇ ਚੀਨ ਦਾ ਸਾਹਮਣਾ ਨਹੀਂ ਕਰ ਸਕੇਗਾ ਅਤੇ ਭਾਰਤ-ਅਮਰੀਕਾ ਦਾ ਵਿਵਾਦ ਵਧਣ ਨਾਲ ਚੀਨ ਨੂੰ ਸਿੱਧਾ ਲਾਭ ਹੋਵੇਗਾ। ਚੀਨ ਨੂੰ ਪਛਾੜਨ ਅਤੇ ਸ਼ਾਂਤੀ ਸਥਾਪਿਤ ਕਰਨ ਲਈ ਭਾਰਤ ਟਰੰਪ ਲਈ ਬੜਾ ਜ਼ਰੂਰੀ ਹੈ ਅਤੇ ਭਾਰਤ ਨੂੰ ਸਜ਼ਾ ਦੇਣਾ ਅਮਰੀਕਾ ਦੀ ਏਸ਼ੀਆ ਨੀਤੀ ਦੇ ਵਿਰੁੱਧ ਜਾ ਸਕਦਾ ਹੈ।’’
‘ਨਿੱਕੀ ਹੇਲੀ’ ਨੇ ਇਹ ਲੇਖ ਟਰੰਪ ਦੇ ਭਾਰਤ ’ਤੇ ਲਗਾਏ ਗਏ 50 ਫੀਸਦੀ ਟੈਰਿਫ ਅਤੇ ਉਸ ਦੇ ਦੋਵਾਂ ਦੇਸ਼ਾਂ ’ਤੇ ਸਬੰਧਾਂ ’ਤੇ ਅਸਰ ਦੇ ਬਾਰੇ ’ਚ ਲਿਖਿਆ ਹੈ। ਉਨ੍ਹਾਂ ਨੇ ਟਰੰਪ ਪ੍ਰਸ਼ਾਸਨ ਨੂੰ ਸਲਾਹ ਦਿੱਤੀ ਹੈ ਕਿ ਉਹ ਭਾਰਤ ਨੂੰ ਆਪਣਾ ਇਕ ਹੋਰ ਲੋਕਤੰਤਰੀ ਭਾਈਵਾਲ ਮੰਨੇ ਕਿਉਂਕਿ ਭਾਰਤ-ਅਮਰੀਕਾ ਦੇ ਰਸਤੇ ਵੱਖਰੇ ਹਨ ਪਰ ਮੰਜ਼ਿਲ ਇਕ ਹੈ ਅਤੇ 4 ਦਹਾਕਿਆਂ ਬਾਅਦ ਅੱਜ ਅਮਰੀਕਾ-ਭਾਰਤ ਸਬੰਧ ਔਖੇ ਦੌਰ ’ਚੋਂ ਲੰਘ ਰਹੇ ਹਨ।
ਇਸੇ ਤਰ੍ਹਾਂ ਅਮਰੀਕਾ ਦੇ ਸਾਬਕਾ ਉਪ ਵਿਦੇਸ਼ ਮੰਤਰੀ ‘ਕਰਟ ਕੈਂਪਬੇਲ’ ਨੇ ਟਰੰਪ ਦੇ ਇਸ ਕਦਮ ਨੂੰ ਭਾਰਤ-ਅਮਰੀਕਾ ਰਿਸ਼ਤਿਆਂ ਦੇ ਲਈ ਖਤਰੇ ਦੀ ਘੰਟੀ ਦੱਸਦੇ ਹੋਏ ਕਿਹਾ ਹੈ ਕਿ ‘‘21ਵੀਂ ਸਦੀ ’ਚ ਅਮਰੀਕਾ ਦਾ ਸਭ ਤੋਂ ਮਹੱਤਵਪੂਰਨ ਰਿਸ਼ਤਾ ਭਾਰਤ ਦੇ ਨਾਲ ਹੀ ਹੈ ਪਰ ਟਰੰਪ ਦੀ ਭਾਸ਼ਾ ਅਤੇ ਫੈਸਲਿਆਂ ਨਾਲ ਇਹ ਰਿਸ਼ਤਾ ਖਤਰੇ ’ਚ ਪੈ ਗਿਆ ਹੈ।’’
ਜਿੱਥੇ ਅਮਰੀਕੀ ਅਰਥਸ਼ਾਸਤਰੀ ‘ਜੈਫਰੀ ਸਾਕਸ’ ਨੇ ਇਸ ਨੂੰ ਡੋਨਾਲਡ ਟਰੰਪ ਦਾ ‘ਸਿਆਸੀ ਮੂਰਖਤਾਪੂਰਨ’ ਕਦਮ ਦੱਸਿਆ ਹੈ, ਉੱਥੇ ਹੀ ਸੰਸਦ ਮੈਂਬਰ ‘ਗ੍ਰੇਗਰੀ ਮੀਕਸ’ (ਡੈਮੋਕ੍ਰੇਟ) ਨੇ ਕਿਹਾ ਹੈ ਕਿ ‘‘ਟਰੰਪ ਨੂੰ ਅਮਰੀਕਾ ਅਤੇ ਭਾਰਤ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਸੀ, ਕਿਉਂਕਿ ਭਾਰਤ ਅਤੇ ਅਮਰੀਕਾ ਦੇ ਸਬੰਧ ਸਿਰਫ ਰਣਨੀਤਿਕ ਅਤੇ ਆਰਥਿਕ ਹੀ ਨਹੀਂ ਸਗੋਂ ‘ਪੀਪਲ ਟੂ ਪੀਪਲ’ ਵੀ ਹਨ ਪਰ ਟਰੰਪ ਨੇ ਇਨ੍ਹਾਂ ਨੂੰ ਜੋਖਮ ’ਚ ਪਾ ਦਿੱਤਾ ਹੈ ਅਤੇ ਸਭ ਕੁਝ ਦਾਅ ’ਤੇ ਲਗਾ ਦਿੱਤਾ ਹੈ। ਇਹ ਸਭ ‘ਟੈਰਿਫ ਟੈਂਟ੍ਰਮ’ ਦੇ ਕਾਰਨ ਹੋਇਆ ਹੈ।’’
ਭਾਰਤੀ-ਅਮਰੀਕੀ ਪੱਤਰਕਾਰ ਫਰੀਦ ਜਕਾਰੀਆ ਨੇ ਵੀ ਕਿਹਾ ਹੈ ਕਿ ‘‘ਭਾਰਤ ’ਤੇ ਜ਼ਬਰਦਸਤੀ ਟੈਰਿਫ ਥੋਪਣਾ ਅਤੇ ਪਾਕਿਸਤਾਨ ਨਾਲ ਸਬੰਧਾਂ ਨੂੰ ਬਿਹਤਰ ਬਣਾਉਣਾ ਟਰੰਪ ਪ੍ਰਸ਼ਾਸਨ ਦੀ ਵਿਦੇਸ਼ ਨੀਤੀ ਦੀ ਸਭ ਤੋਂ ਵੱਡੀ ਭੁੱਲ ਹੈ। ਟਰੰਪ ਦੇ ਇਸ ਫੈਸਲੇ ਤੋਂ ਭਾਰਤ ਚੌਕਸ ਹੋ ਜਾਵੇਗਾ ਅਤੇ ਰੂਸ ਤੇ ਚੀਨ ਦੇ ਨਾਲ ਆਪਣੇ ਰਿਸ਼ਤੇ ਵਧੀਆ ਬਣਾਏਗਾ।’’
ਡੋਨਾਲਡ ਟਰੰਪ ਦੇ ਸਬੰਧ ’ਚ ਪ੍ਰਗਟ ਕੀਤੇ ਗਏ ਉਕਤ ਨੇਤਾਵਾਂ ਦੇ ਬਿਆਨ ਕਿਸੇ ਟਿੱਪਣੀ ਦੇ ਮੁਥਾਜ਼ ਨਹੀਂ ਹਨ, ਇਸ ਲਈ ਟਰੰਪ ਜਿੰਨੀ ਜਲਦੀ ਆਪਣੇ ਹੀ ਦੇਸ਼ਵਾਸੀਆਂ ਦੀ ਉਕਤ ਨਸੀਹਤ ਸੁਣਨਗੇ ਅਤੇ ਭਾਰਤ ਬਾਰੇ ਆਪਣੀ ਨੀਤੀ ’ਚ ਸੁਧਾਰ ਕਰਨਗੇ, ਅਮਰੀਕਾ ਲਈ ਓਨਾ ਹੀ ਚੰਗਾ ਹੋਵੇਗਾ।
–ਵਿਜੇ ਕੁਮਾਰ