‘ਦਿੱਲੀ ਦੀ ਮੁੱਖ ਮੰਤਰੀ ’ਤੇ ਹਮਲਾ’ ‘ਸੁਰੱਖਿਆ ਵਿਵਸਥਾ ਸਹੀ ਕਰਨ ਦੀ ਲੋੜ’
Thursday, Aug 21, 2025 - 06:28 AM (IST)

ਕਿਸੇ ਜ਼ਮਾਨੇ ’ਚ ਲੋਕ ਨੇਤਾਵਾਂ ਦਾ ਸਨਮਾਨ ਕਰਦੇ ਸਨ ਅਤੇ ਆਪਣੀ ਸਹਿਮਤੀ ਜ਼ਾਹਰ ਕਰਨ ਲਈ ਵੀ ਸੱਭਿਅਕ ਤਰੀਕੇ ਹੀ ਅਪਣਾਉਂਦੇ ਸਨ ਪਰ ਹੁਣ ਕੁਝ ਸਮੇਂ ਤੋਂ ਨੇਤਾਵਾਂ ਨਾਲ ਸਹਿਮਤ ਨਾ ਹੋਣ ਦੇ ਕਾਰਨ ਲੋਕ ਆਪਣਾ ਰੋਸ ਜ਼ਾਹਰ ਕਰਨ ਲਈ ਉਨ੍ਹਾਂ ’ਤੇ ਹਮਲਾ ਕਰਨ ਵਰਗੇ ਅਸੱਭਿਅਕ ਤਰੀਕੇ ਅਪਣਾਉਣ ਲੱਗੇ ਹਨ। ਜਿਨ੍ਹਾਂ ਦੀਆਂ ਪਿਛਲੇ ਚਾਰ ਮਹੀਨੇ ਦੀਆਂ ਕੁਝ ਉਦਾਹਰਣਾਂ ਹੇਠ ਦਰਜ ਹਨ :
*12 ਅਪ੍ਰੈਲ , 2025 ਨੂੰ ‘ਵਾਰਾਣਸੀ’ (ਉੱਤਰ ਪ੍ਰਦੇਸ਼) ਦੇ ਸਿਗਰਾ ਇਲਾਕੇ ’ਚ ਸਮਾਜਵਾਦੀ ਪਾਰਟੀ ਦੇ ਨੇਤਾ ਹਰੀਸ਼ ਮਿਸ਼ਰਾ ’ਤੇ ਬੰਦੂਕ ਅਤੇ ਚਾਕੂਅਾਂ ਨਾਲ ਲੈਸ ਕੁਝ ਬਦਮਾਸ਼ਾਂ ਨੇ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ।
* 25 ਮਈ ਨੂੰ ‘ਬਹਿਰਾਈਚ’ (ਉੱਤਰ ਪ੍ਰਦੇਸ਼) ’ਚ ਕਾਂਗਰਸ ਦੇ ਜ਼ਿਲਾ ਬੁਲਾਰੇ ‘ਸ਼ੇਖ ਜਕਾਰੀਅਾ ਸ਼ੇਖੂ’ ’ਤੇ ਅੱਧੀ ਦਰਜਨ ਦਬੰਗਾਂ ਨੇ ਫਾਇਰਿੰਗ ਅਤੇ ਤੇਜ਼ਧਾਰ ਹਥਿਅਾਰਾਂ ਨਾਲ ਹਮਲਾ ਕਰ ਕੇ ਉਨ੍ਹਾਂ ਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ।
* 26 ਮਈ ਨੂੰ ‘ਮੁਰੈਨਾ’ (ਮੱਧ ਪ੍ਰਦੇਸ਼) ’ਚ ਕਾਂਗਰਸ ਦੇ ਸਾਬਕਾ ਪ੍ਰਦੇਸ਼ ਜਨਰਲ ਸਕੱਤਰ ਰਾਕੇਸ਼ ਸਿੰਘ ’ਤੇ 5-6 ਲੋਕਾਂ ਨੇ ਹਮਲਾ ਕਰ ਕੇ ਉਨ੍ਹਾਂ ਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ।
* 21 ਜੁਲਾਈ ਨੂੰ ‘ਮੁਰਸ਼ਿਦਾਬਾਦ’ (ਪੱਛਮੀ ਬੰਗਾਲ) ’ਚ ਤ੍ਰਿਣਮੂਲ ਕਾਂਗਰਸ ਦੇ ਨੇਤਾ ਪੀ. ਪਾਲ ਨੂੰ ਕੁਝ ਲੋਕਾਂ ਨੇ ਹਮਲਾ ਕਰ ਕੇ ਮਾਰ ਦਿੱਤਾ।
* 6 ਅਗਸਤ ਨੂੰ ‘ਰਾਏ ਬਰੇਲੀ’ ਵਿਚ ਅਾਰ. ਐੱਸ. ਐੱਸ. ਪੀ. (ਰਾਸ਼ਟਰੀ ਸ਼ੋਸ਼ਿਤ ਸਮਾਜ ਪਾਰਟੀ) ਦੇ ਰਾਸ਼ਟਰੀ ਪ੍ਰਧਾਨ ਸਵਾਮੀ ਪ੍ਰਸਾਦ ਮੌਰਿਆ ਨੂੰ ਮਾਲਾ ਪਹਿਨਾਉਣ ਦੇ ਬਹਾਨੇ ਥੱਪੜ ਜੜ ਦਿੱਤਾ।
* 8 ਅਗਸਤ ਨੂੰ ‘ਖੁਰਦਾ’ (ਓਡਿਸ਼ਾ) ਜ਼ਿਲੇ ’ਚ ਭਾਜਪਾ ਨੇਤਾ ਪ੍ਰਕਾਸ਼ ਰਣਬਿਜੁਲੀ ’ਤੇ ਅਣਪਛਾਤੇ ਹਮਲਾਵਰਾਂ ਨੇ ਹਮਲਾ ਕਰ ਕੇ ਵਾਹਨ ਨੂੰ ਤੋੜ ਦਿੱਤਾ।
* 14 ਅਗਸਤ ਨੂੰ ‘ਮੋਤੀਹਾਰੀ’ (ਬਿਹਾਰ) ’ਚ ਮਾਕਪਾ ਦੇ ਸੀਨੀਅਰ ਨੇਤਾ ਰਾਜਮੰਗਲ ਪ੍ਰਸਾਦ ਦੀ ਗੱਡੀ ਰੋਕ ਕੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ।
* 18 ਅਗਸਤ ਨੂੰ ਦਿੱਲੀ ’ਚ ‘ਆਮ ਆਦਮੀ ਪਾਰਟੀ’ ਦੇ ਨਿਗਮ ਕੌਂਸਲਰ ਗਗਨਦੀਪ ਚੌਧਰੀ ’ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ।
* 18 ਅਗਸਤ ਨੂੰ ਹੀ ‘ਵਾਰਾਣਸੀ’ ਵਿਚ ਭਾਜਪਾ ਦੇ ਸਾਬਕਾ ਵਿਧਾਇਕ ਰਵਿੰਦਰ ਨਾਥ ’ਤੇ ਜਾਨਲੇਵਾ ਹਮਲਾ ਕਰ ਕੇ ਉਨ੍ਹਾਂ ਦੇ ਵਿਰੋਧੀਅਾਂ ਨੇ ਉਨ੍ਹਾਂ ਦੇ ਕਈ ਦੰਦ ਤੋੜ ਦਿੱਤੇ।
* ਅਤੇ ਹੁਣ 20 ਅਗਸਤ, 2025 ਨੂੰ ਸਵੇਰੇ 8.15 ਵਜੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਜਦੋਂ ਅਾਪਣੇ ਕੈਂਪ ਆਫਿਸ ’ਚ ਹਫਤਾਵਾਰੀ ‘ਜਨ ਸੁਣਵਾਈ’ ਕਰ ਰਹੀ ਸੀ ਤਾਂ ਰਾਜਕੋਟ (ਗੁਜਰਾਤ) ਦੇ ਰਹਿਣ ਵਾਲੇ ‘ਰਾਜੇਸ਼ ਭਾਈ ਖਿਮਜੀ ਸਕਾਰੀਆ’ ਨਾਂ ਦੇ ਵਿਅਕਤੀ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ।
ਹਮਲਾਵਰ ਨੇ ਰੇਖਾ ਗੁਪਤਾ ਨੂੰ ਜ਼ਮੀਨ ’ਤੇ ਡੇਗਣ ਅਤੇ ਉਨ੍ਹਾਂ ਨੂੰ ਕੁੱਟਣ ਦੀ ਕੋਸ਼ਿਸ਼ ਕੀਤੀ। ਦਿੱਲੀ ਪੁਲਸ ਨੇ ਹਮਲੇ ਦੇ ਸਬੰਧ ’ਚ ਹੱਤਿਆ ਦੇ ਯਤਨ ਦਾ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਹਿਰਾਸਤ ’ਚ ਲੈ ਲਿਆ ਹੈ। ਅਧਿਕਾਰੀਅਾਂ ਦੇ ਅਨੁਸਾਰ ਰੇਖਾ ਗੁਪਤਾ ਦੇ ਹੱਥ, ਮੋਢੇ ਅਤੇ ਸਿਰ ’ਤੇ ਸਿੱਟਾਂ ਲੱਗੀਅਾਂ ਹਨ।
ਇਸੇ ਦੌਰਾਨ ਰਾਜਕੋਟ ’ਚ ਮੁਲਜ਼ਮ ਦੀ ਮਾਂ ‘ਭਾਨੂ ਬੇਨ ਸਕਾਰੀਅਾ’ ਨੇ ਦਾਅਵਾ ਕੀਤਾ ਹੈ ਕਿ ਉਸ ਦਾ ਬੇਟਾ ਕਿਸੇ ਸਿਆਸੀ ਪਾਰਟੀ ਨਾਲ ਜੁੜਿਅਾ ਹੋਇਆ ਨਹੀਂ ਹੈ।
ਪੁਲਸ ਅਨੁਸਾਰ ਮੁਲਜ਼ਮ ‘ਜਨ ਸੁਣਵਾਈ’ ਦੇ ਵੀਡੀਓ ਰਿਕਾਰਡ ਕਰ ਰਿਹਾ ਸੀ ਅਤੇ ਪਹਿਲਾਂ ਤੋਂ ਹੀ ਇਸ ਹਮਲੇ ਦੀ ਸਾਜ਼ਿਸ਼ ਰਚ ਰਿਹਾ ਸੀ। ਅੱਜ ਜਦੋਂ ਉਸ ਨੂੰ ਮੌਕਾ ਮਿਲਿਆ ਤਾਂ ਉਸ ਨੇ ਮੁੱਖ ਮੰਤਰੀ ’ਤੇ ਹਮਲਾ ਕਰ ਦਿੱਤਾ।
ਦੇਸ਼ ’ਚ ਨੇਤਾਵਾਂ ’ਤੇ ਹਮਲੇ ਕੋਈ ਨਵੀਂ ਗੱਲ ਨਹੀਂ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਵੀ ਹਮਲੇ ਹੋ ਚੁੱਕੇ ਹਨ। ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਪੁਲਸ ਅਤੇ ਸੁਰੱਖਿਅਾ ਏਜੰਸੀਅਾਂ ਪਹਿਲਾਂ ਹੋ ਚੁੱਕੀਅਾਂ ਇਸ ਤਰ੍ਹਾਂ ਦੀਅਾਂ ਘਟਨਾਵਾਂ ਤੋਂ ਕੋਈ ਠੋਸ ਸਬਕ ਲੈਂਦੀਅਾਂ ਹੋਈਅਾਂ ਨਹੀਂ ਦਿਖਾਈ ਦਿੰਦੀਅਾਂ।
ਕਿਉਂਕਿ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ, ਅਜਿਹੇ ’ਚ ਉਨ੍ਹਾਂ ’ਤੇ ਹਮਲਾ ਅਨੇਕ ਸਵਾਲ ਖੜ੍ਹੇ ਕਰਦਾ ਅਤੇ ਸੁਰੱਖਿਆ ਵਿਵਸਥਾ ’ਚ ਕਮਜ਼ੋਰੀਅਾਂ ਵੱਲ ਸੰਕੇਤ ਕਰਦਾ ਹੈ।
ਇਸ ਲਈ ਜਿਥੇ ਪੁਲਸ ਵਲੋਂ ਲੋਕਾਂ ਦੀ ਸੁਰੱਖਿਆ ਵਿਵਸਥਾ ’ਚ ਪਾਈਅਾਂ ਜਾ ਰਹੀਅਾਂ ਖਾਮੀਅਾਂ ਤੁਰੰਤ ਦੂਰ ਕਰਨ ਦੀ ਲੋੜ ਹੈ, ਉਥੇ ਹੀ ਅਾਮ ਜਨਤਾ ਵਲੋਂ ਅਾਪਣੀਅਾਂ ਸਮੱਸਿਆਵਾਂ ਨੂੰ ਲੈ ਕੇ ਕਿਸੇ ਕਿਸਮ ਦੀ ਵੀ ਅਸਹਿਣਸ਼ੀਲਤਾ ਦਿਖਾਉਣਾ ਅਤੇ ਅਸੱਭਿਅਤਾਪੂਰਨ ਆਚਰਨ ਕਰਨਾ ਲੋਕਤੰਤਰ ’ਚ ਸਵੀਕਾਰਨਯੋਗ ਨਹੀਂ ਹੈ।
–ਵਿਜੇ ਕੁਮਾਰ