ਵੰਸ਼ਵਾਦੀ ਮਾਨਸਿਕਤਾ ਦੇ ਨਾਲ ਲੋਕਤੰਤਰ ਨਹੀਂ ਚੱਲ ਸਕਦਾ
Thursday, Aug 21, 2025 - 05:33 PM (IST)

ਬੀਤੇ ਦਿਨੀਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਅਰਥਵਿਵਸਥਾ ਨੂੰ ‘ਮ੍ਰਿਤ’ ਕਰਾਰ ਦਿੱਤਾ। ਇਸ ’ਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਚੋਟੀ ਦੇ ਨੇਤਾ ਰਾਹੁਲ ਗਾਂਧੀ ‘ਬਹੁਤ ਖੁਸ਼’ ਦਿਸੇ ਅਤੇ ਹੁਣ ਦੇਸ਼ ਭਰ ’ਚ ਘੁੰਮ ਰਹੇ ਹਨ ਅਤੇ ਇਹ ਸੰਦੇਸ਼ ਫੈਲਾ ਰਹੇ ਹਨ ਕਿ ਭਾਰਤ ਦੀ ਚੋਣ ਪ੍ਰਕਿਰਿਆ ‘ਭ੍ਰਿਸ਼ਟ’ ਹੋ ਚੁੱਕੀ ਹੈ ਅਤੇ ਨਤੀਜੇ ਵਜੋਂ ਦੇਸ਼ ’ਚ ਲੋਕਤੰਤਰ ‘ਖਤਮ’ ਹੋ ਗਿਆ ਹੈ।
ਟਰੰਪ ਦਾ ਗੈਰ-ਜ਼ਿੰਮੇਵਾਰਾਨਾ ਬਿਆਨ ਸਮਝ ’ਚ ਆਉਂਦਾ ਹੈ। ਪਹਿਲਾਂ, ਇਕ ਤਾਂ ਉਹ ਆਪਣੇ ਬੜਬੋਲੇਪਨ ਦੇ ਲਈ ਬਦਨਾਮ ਹਨ, ਦੂਜਾ ਸੱਚਾਈ ਤੋਂ ਪਰੇ ਹੋਣ ਦੇ ਬਾਵਜੂਦ, ਟਰੰਪ ਦੇ ਬਿਆਨ ਅਮਰੀਕੀ ਹਿੱਤਾਂ ਦੀ ਰੱਖਿਆ ਕਰਨ ਦੀ ਉਸਦੀ ਰਣਨੀਤੀ ਦਾ ਹਿੱਸਾ ਹੁੰਦੇ ਹਨ ਪਰ ਰਾਹੁਲ ਗਾਂਧੀ ਅਜਿਹਾ ਕਿਉਂ ਕਰ ਰਹੇ ਹਨ ? ਇਸ ਦਾ ਸਪੱਸ਼ਟ ਕਾਰਨ ਰਾਹੁਲ ਦਾ ਵੰਸ਼ਵਾਦੀ ਹੰਕਾਰ ਅਤੇ ਉਸ ਦੀ ‘ਅਧਿਕਾਰ ਜਤਾਉਣ ਦੀ ਪ੍ਰਵਿਰਤੀ’ ਹੈ, ਜਿਸ ’ਚ ਉਸਨੂੰ ਇਹ ਭਰਮ ਹੈ ਕਿ ‘ਸੱਚਾ ਲੋਕਤੰਤਰ’ ਉਹ ਹੈ ਜਿਸ ’ਚ ਵੋਟਰ ਅਤੇ ਸਿਸਟਮ ਉਨ੍ਹਾਂ ਦੀਆਂ ‘ਇੱਛਾਵਾਂ’ ਅਨੁਸਾਰ ਕੰਮ ਕਰਦੇ ਹਨ। ਜਦੋਂ ਸਥਿਤੀ ਉਸਦੇ ਅਨੁਸਾਰ ਨਹੀਂ ਹੈ, ਤਾਂ ਉਸਦੇ ਲਈ ‘ਲੋਕਤੰਤਰ-ਸੰਵਿਧਾਨ’ ਖਤਮ ਹੋ ਗਿਆ ਹੈ ਅਤੇ ਚੋਣ ਕਮਿਸ਼ਨ ਪੱਖਪਾਤੀ ਹੋ ਜਾਂਦਾ ਹੈ’।
ਆਪਣੀ ਇਸ ਮਾਨਸਿਕਤਾ ਦੇ ਕਾਰਨ, ਰਾਹੁਲ ਗਾਂਧੀ ਜ਼ਮੀਨੀ ਹਕੀਕਤ ਤੋਂ ਪੂਰੀ ਤਰ੍ਹਾਂ ਕੱਟ ਚੁੱਕੇ ਹਨ। ਉਨ੍ਹਾਂ ਦਾ ਹੰਕਾਰ ਉਨ੍ਹਾਂ ਨੂੰ ਇਹ ਸਵੀਕਾਰ ਕਰਨ ਦੀ ਆਗਿਆ ਨਹੀਂ ਦਿੰਦਾ ਅਤੇ ਉਨ੍ਹਾਂ ਦੇ ਵਿਚਾਰਾਂ ਕਾਰਨ ਕਾਂਗਰਸ ਦਾ ਜਨ ਆਧਾਰ ਲਗਾਤਾਰ ਸੁੰਘੜ ਰਿਹਾ ਹੈ। ਉਹ ਇਹ ਸਮਝਣਾ ਤਕ ਨਹੀਂ ਚਾਹੁੰਦੇ ਕਿ ਭਾਜਪਾ ਨੂੰ ਵਾਰ-ਵਾਰ ਮਿਲ ਰਿਹਾ ਜਨ ਸਮਰਥਨ ਪ੍ਰਧਾਨ ਮੰਤਰੀ ਮੋਦੀ ਦੀ ਭਰੋਸੇਯੋਗਤਾ ਅਤੇ ਫੈਸਲਾਕੁੰਨ ਲੀਡਰਸ਼ਿਪ ਸ਼ੈਲੀ ਦੇ ਨਾਲ-ਨਾਲ ਉਨ੍ਹਾਂ ਦੀ ਅਗਵਾਈ ਹੇਠ ਭ੍ਰਿਸ਼ਟਾਚਾਰ ਮੁਕਤ ਸ਼ਾਸਨ, ਜ਼ਮੀਨੀ ਪੱਧਰ ’ਤੇ ਵਿਕਾਸ, ਆਰਥਿਕ ਨੀਤੀਆਂ ਪ੍ਰਤੀ ਇਮਾਨਦਾਰੀ, ਸੱਭਿਆਚਾਰਕ ਮੁੜ ਸੁਰਜੀਤੀ ਅਤੇ ਅੱਤਵਾਦ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਆਦਿ ’ਤੇ ਆਧਾਰਤ ਹੈ।
ਜੇਕਰ ਰਾਹੁਲ ਦੇ ਚੋਣ ਕਮਿਸ਼ਨ ’ਤੇ ਤੱਥਹੀਣ ਦੋਸ਼ਾਂ ਨੂੰ ਆਧਾਰ ਬਣਾਈਏ ਤਾਂ ਜਦੋਂ ਦੇਸ਼ ’ਚ 2004-14 ਦਰਮਿਆਨ ਕਾਂਗਰਸ ਦੇ ਲੀਡਰਸ਼ਿਪ ’ਚ ਯੂ.ਪੀ.ਏ. ਸਰਕਾਰ ਸੀ, ਉਦੋਂ 2014 ’ਚ ਭਾਜਪਾ ਕਿਵੇਂ ਪ੍ਰਚੰਡ ਬਹੁਮਤ ਦੇ ਨਾਲ ਜਿੱਤ ਗਈ? ਉਦੋਂ ਚੋਣ ਕਮਿਸ਼ਨ ’ਤੇ ਭਾਜਪਾ ਦੇ ਕਿਸੇ ਤਥਾਕਥਿਤ ਪ੍ਰਭਾਵ ਹੋਣ ਦਾ ਸਵਾਲ ਹੀ ਨਹੀਂ ਉੱਠਦਾ ਸੀ। ਜੇਕਰ ਵਾਕਈ ਭਾਜਪਾ ਈ.ਵੀ. ਐੱਮ. ਮਸ਼ੀਨਾਂ ਅਤੇ ਵੋਟਰ ਸੂਚੀਆਂ ’ਚ ਗੜਬੜੀ ਕਰ ਰਹੀ ਹੁੰਦੀ ਤਾਂ ਪ੍ਰਮਾਣਿਕ ਰੂਪ ਨਾਲ ਵਧਦੀ ਲੋਕਪ੍ਰਿਯਤਾ ਦਰਮਿਆਨ ਭਾਜਪਾ ਕਿਉਂ 2025 ਤੋਂ ਪਹਿਲਾਂ ਦਿੱਲੀ ਦੀਆਂ ਦੋਵੇਂ ਵਿਧਾਨ ਸਭਾ ਚੋਣਾਂ ਹਾਰੀ?
ਕਿਉਂ ਪਿਛਲੇ 11 ਸਾਲਾਂ ’ਚ ਭਾਜਪਾ ਕੇਰਲ, ਤਾਮਿਲਨਾਡੂ, ਪੰਜਾਬ, ਤੇਲੰਗਾਨਾ ਆਦਿ ਸੂਬਿਆਂ ਦੀਆਂ ਚੋਣਾਂ ’ਚ ਜਿੱਤਣਾ ਤਾਂ ਦੂਰ, ਉਥੇ ਮੁੱਖ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਲਾਇਕ ਤਕ ਸੀਟਾਂ ਨਹੀਂ ਜਿੱਤ ਸਕੀ? ਕਿਉਂ ਪੱਛਮੀ ਬੰਗਾਲ ਦੇ ਪਿਛਲੀਆਂ ਦੋਵੇਂ ਵਿਧਾਨ ਸਭਾ ਚੋਣਾਂ ’ਚ ਅੱਡੀ ਚੋਟੀ ਦਾ ਜ਼ੋਰ ਲਗਾਉਣ ਤੋਂ ਬਾਅਦ ਵੀ ਭਾਜਪਾ ਹਾਰ ਗਈ। ਅਜਿਹੀਆਂ ਕਈ ਉਦਾਹਰਣਾਂ ਹਨ।
ਸੱਚ ਤਾਂ ਇਹ ਹੈ ਕਿ ਜੇਕਰ ਵੋਟਰਾਂ ’ਚ ਭਾਜਪਾ ਦੇ ਪ੍ਰਤੀ ਕੋਈ ਨਾਰਾਜ਼ਗੀ ਹੁੰਦੀ ਵੀ ਹੈ ਤਾਂ ਉਹ ਕਾਂਗਰਸ ਵੱਲ ਨਹੀਂ ਦੇਖਦੇ ਸਗੋਂ ਦੂਸਰੇ ਬਦਲ ਭਾਲਦੇ ਹਨ। ਕਾਂਗਰਸ ਦਾ ਵੋਟ ਬੈਂਕ ਦਿੱਲੀ ਅਤੇ ਪੰਜਾਬ ’ਚ ‘ਆਮ ਆਦਮੀ ਪਾਰਟੀ’ ਵੱਲ ਖਿਸਕ ਚੁੱਕਾ ਹੈ। ਇੰਨਾ ਹੀ ਨਹੀਂ, ਕਾਂਗਰਸ ਦੇ ਵਧੇਰੇ ਸਹਿਯੋਗੀ ਦਲ-ਸਪਾ, ਰਾਜਦ, ਤ੍ਰਿਣਮੂਲ, ਦ੍ਰਮੁਕ, ਰਾਕਾਂਪਾ ਆਦਿ ਉਸ ਦੇ ਹੀ ਜਨਆਧਾਰ ’ਤੇ ਆਪਣੀ ਸਿਆਸੀ ਤਾਕਤ ਵਧਾ ਚੁੱਕੇ ਹਨ।
ਲਗਾਤਾਰ ਮਿਲਦੀ ਹਾਰ ਦੇ ਕਾਰਨ ਰਾਹੁਲ ਜਿਸ ਮਾਨਸਿਕ ਅਵਸਥਾ ’ਚੋਂ ਲੰਘ ਰਹੇ ਹਨ, ਉਸ ਨਾਲ ਹੋਰ ਨੇਤਾ ਵੀ ਸ਼ਿਕਾਰ ਰਹੇ ਹਨ। ਇਸ ਸੰਦਰਭ ’ਚ ਮੇਰਾ ਇਕ ਨਿੱਜੀ ਤਜਰਬਾ ਹੈ। ਵਿਦਿਆਰਥੀ ਜੀਵਨ ’ਚ ਮੈਂ ਆਪਣੇ ਸਾਥੀਆਂ ਦੇ ਨਾਲ ਰਾਸ਼ਟਰੀ ਸਵੈਮ-ਸੇਵਕ ਸੰਘ ਦੇ ਪ੍ਰਚਾਰਕ ਰਹੇ ਅਤੇ ਭਾਰਤੀ ਜਨਸੰਘ ਦੇ ਸਾਬਕਾ ਪ੍ਰਧਾਨ ਪ੍ਰੋ. ਬਲਰਾਜ ਮਧੋਕ (1920-2016) ਦੇ ਲਈ ਦਿੱਲੀ ’ਚ ਬੂਥ ਏਜੰਟ ਦਾ ਕੰਮ ਕੀਤਾ ਸੀ।
1967 ਦੀਆਂ ਲੋਕ ਸਭਾ ਚੋਣਾਂ ’ਚ ਉਨ੍ਹਾਂ ਦੀ ਲੀਡਰਸ਼ਿਪ ’ਚ ਜਨਸੰਘ ਨੇ ਉਦੋਂ ਆਪਣਾ ਸਭ ਤੋਂ ਚੰਗਾ ਪ੍ਰਦਰਸ਼ਨ ਕਰ ਕੇ 35 ਸੀਟਾਂ ਜਿੱਤੀਆਂ ਸਨ। ਮਦੋਕ ਖੁਦ ਦੱਖਣ ਦਿੱਲੀ ਤੋਂ ਜਿੱਤੇ ਪਰ 1971 ਦੀਆਂ ਮੱਧਕਾਲੀ ਚੋਣਾਂ ’ਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜਦੋਂ ‘ਗਰੀਬੀ ਹਟਾਓ’ ਦਾ ਨਾਅਰਾ ਦਿੱਤਾ ਉਦੋਂ ਉਸ ਲਹਿਰ ’ਚ ਅਜਿਹੇ ਵਿਰੋਧੀ ਨੇਤਾ ਵੀ ਹਾਰ ਗਏ ਜਿਸ ਦੀ ਕਲਪਨਾ ਕਿਸੇ ਨੇ ਨਹੀਂ ਕੀਤੀ ਸੀ। ਇਸੇ ਸ਼੍ਰੇਣੀ ’ਚ ਮਧੋਕ ਵੀ ਸ਼ਾਮਲ ਸਨ, ਜਿਨ੍ਹਾਂ ਨੂੰ ਕਾਂਗਰਸ ਉਮੀਦਵਾਰ ਸ਼ਸ਼ੀ ਭੂਸ਼ਣ ਨੇ ਲਗਭਗ 73 ਹਜ਼ਾਰ ਵੋਟਾਂ ਨਾਲ ਹਰਾਇਆ ਸੀ।
ਮਧੋਕ ਜੀ ਇਸ ਹਾਰ ਨੂੰ ਸਵੀਕਾਰ ਨਹੀਂ ਕਰ ਸਕੇ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਇੰਦਰਾ ਗਾਂਧੀ ਨੇ ‘ਅਦ੍ਰਿਸ਼ ਰੂਸੀ ਸਿਆਹੀ’ ਨਾਲ ਧਾਂਦਲੀ ਕੀਤੀ ਹੈ। ਇਸ ਦਾਅਵੇ ਨਾਲ ਦੇਸ਼ ’ਚ ਸਨਸਨੀ ਫੈਲ ਗਈ ਪਰ ਜਨਸੰਘ ਦੇ ਸੀਨੀਅਰ ਨੇਤਾਵਾਂ (ਅਟਲ ਜੀ ਅਤੇ ਅਡਵਾਨੀ ਜੀ ਸਮੇਤ) ਨੇ ਇਸ ਦੋਸ਼ ਨੂੰ ਗੰਭੀਰਤਾ ਨਾਲ ਨਹੀਂ ਲਿਆ। ਉਨ੍ਹਾਂ ਦਾ ਕਹਿਣਾ ਸੀ ਕਿ ਚੋਣਾਂ ’ਚ ਜਿੱਤ-ਹਾਰ ਸੁਭਾਵਿਕ ਹੈ ਪਰ ਲੋਕਤੰਤਰਿਕ ਪ੍ਰਕਿਰਿਆ ’ਤੇ ਸ਼ੱਕ ਕਰਨਾ ਅਨੁਚਿਤ ਹੈ।
ਮਧੋਕ ਜਦੋਂ ਇਸ ਮੁੱਦੇ ’ਤੇ ਇਕੱਲੇ ਰਹਿ ਗਏ ਤਾਂ ਉਨ੍ਹਾਂ ਨੇ ਖਿੱਝ ਕੇ ਅਟਲ ਜੀ ਨੂੰ ‘ਖੱਬੇਪੱਖੀਆਂ ਤੋਂ ਪ੍ਰਭਾਵਿਤ’ ਦੱਸਣਾ ਸ਼ੁਰੂ ਕਰ ਦਿੱਤਾ। ਆਖਿਰ ਹੋਰ ਮਤਭੇਦਾਂ ਦੇ ਨਾਲ ਇਸ ਵਿਵਾਦ ਨੇ 1973 ’ਚ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ। ਇਸ ਦੋਸ਼ ਨਾਲ ਮਧੋਕ ਦੀ ਸਿਆਸੀ ਸਾਖ ਡਿੱਗ ਗਈ ਸੀ।
ਰਾਹੁਲ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੀ ਦਾਦੀ ਸ਼੍ਰੀਮਤੀ ਇੰਦਰਾ ਗਾਂਧੀ ਅਤੇ ਉਨ੍ਹਾਂ ਦੇ ਚਾਚਾ ਸੰਜੇ ਗਾਂਧੀ ਦੇ ਨਾਲ ਕੀ ਹੋਇਆ ਸੀ। ਦੋਵਾਂ ਨੇ ਐਮਰਜੈਂਸੀ (1975-77) ਤੋਂ ਬਾਅਦ ਇਹ ਸੋਚ ਕੇ ਲੋਕ ਸਭਾ ਚੋਣਾਂ ਕਰਵਾਈਆਂ ਕਿ ਉਨ੍ਹਾਂ ਦੀ ਜਿੱਤ ਯਕੀਨੀ ਹੈ ਪਰ ਉਦੋਂ ਨਾ ਸਿਰਫ ਕਾਂਗਰਸ ਦੀ ਹਾਰ ਹੋਈ ਅਤੇ ਉੱਤਰ ਭਾਰਤ ’ਚ ਪਾਰਟੀ ਦਾ ਸੂਪੜਾ ਸਾਫ ਹੋ ਗਿਆ, ਸਗੋਂ ਆਪਣੀਆਂ ਸੀਟਾਂ ਵੀ ਇੰਦਰਾ ਜੀ ਬਤੌਰ ਪ੍ਰਧਾਨ ਮੰਤਰੀ ਅਤੇ ਸੰਜੇ ਵੀ ਹਾਰ ਗਏ।
ਇਸੇ ਤਰ੍ਹਾਂ, 1984 ’ਚ, ਅਟਲ ਬਿਹਾਰੀ ਵਾਜਪਾਈ ਜੀ ਨੂੰ ਵੀ ਆਪਣੀ ਜਿੱਤ ਦਾ ਭਰੋਸਾ ਸੀ ਪਰ ਉਹ ਗਵਾਲੀਅਰ ਤੋਂ ਹਾਰ ਗਏ।
ਦਰਅਸਲ ਲੋਕਤੰਤਰੀ ਪ੍ਰਕਿਰਿਆ ਅਤੇ ਵੰਸ਼ਵਾਦੀ ਮਾਨਸਿਕਤਾ ਵਿਰੋਧੀ ਹੈ। ਲੋਕਤੰਤਰ ’ਚ, ‘ਲੋਕਾਂ’ ਦੀ ਰਾਏ ਸਰਵਉੱਚ ਹੁੰਦੀ ਹੈ। ਕਿਸੇ ਨੇ ਸਹੀ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਹੋਰ ਚੋਟੀ ਦੇ ਨੇਤਾ ਲੋਕਾਂ ਨੂੰ ਸਿਰਫ ਆਪਣੀ ਪਾਰਟੀ ਦੇ ਹੱਕ ’ਚ ਵੋਟ ਪਾਉਣ ਲਈ ਪ੍ਰੇਰਿਤ ਕਰਦੇ ਹਨ, ਜਦੋਂ ਕਿ ਰਾਹੁਲ ਗਾਂਧੀ ਅਤੇ ਉਨ੍ਹਾਂ ਦੇ ਛੋਟੇ ਨੇਤਾ ਲੋਕਾਂ ਨੂੰ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਨੂੰ ਵੋਟ ਪਾਉਣ ਲਈ ਮਜਬੂਰ ਕਰ ਦਿੰਦੇ ਹਨ।
-ਬਲਬੀਰ ਪੁੰਜ