ਚੀਨ ਦੀ ਲੰਬੇ ਸਮੇਂ ਦੀ ਖੇਡ : ਅਮਰੀਕਾ ਨਾਲ ਗੱਲਬਾਤ ਵਿਚ ਧੀਰਜ ਇਕ ਗੁਣ

Wednesday, Aug 20, 2025 - 05:28 PM (IST)

ਚੀਨ ਦੀ ਲੰਬੇ ਸਮੇਂ ਦੀ ਖੇਡ : ਅਮਰੀਕਾ ਨਾਲ ਗੱਲਬਾਤ ਵਿਚ ਧੀਰਜ ਇਕ ਗੁਣ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵਪਾਰ ਯੁੱਧ ਅਮਰੀਕਾ ਦੇ ਹੱਕ ਵਿਚ ਗਲੋਬਲ ਸ਼ਕਤੀ ਨੂੰ ਮੁੜ ਸੰਤੁਲਿਤ ਕਰਨ ਲਈ ਸੀ। ਇਸ ਦੀ ਬਜਾਏ, ਚੀਨ ਲੰਬੇ ਸਮੇਂ ਦੀ ਖੇਡ ਖੇਡ ਰਿਹਾ ਹੈ, ਕਿਸੇ ਵੀ ਅੰਤਿਮ ਸਮਝੌਤੇ ਨੂੰ ਆਪਣੇ ਹੱਕ ਵਿਚ ਕਰਨ ਲਈ ਥੋੜ੍ਹੇ ਸਮੇਂ ਦੇ ਆਰਥਿਕ ਕਸ਼ਟ ਨੂੰ ਸਹਿਣ ਕਰ ਰਿਹਾ ਹੈ।

ਇਹ ਰਣਨੀਤੀ ਫਿਲਹਾਲ ਕੰਮ ਕਰ ਰਹੀ ਜਾਪਦੀ ਹੈ। ਸੋਮਵਾਰ ਨੂੰ ਵਾਸ਼ਿੰਗਟਨ ਨੇ ਟੈਰਿਫ ’ਤੇ ਰੋਕ ਨੂੰ 10 ਨਵੰਬਰ ਤੱਕ ਵਧਾ ਦਿੱਤਾ, ਜਿਸ ਨਾਲ ਬੀਜਿੰਗ ਨੂੰ ਹੋਰ 90 ਦਿਨ ਮਿਲ ਗਏ। ਚੀਨ ਨੇ ਐਲਾਨ ਕੀਤਾ ਕਿ ਉਹ ਵੀ ਅਜਿਹਾ ਹੀ ਕਰੇਗਾ। ਬਾਜ਼ਾਰਾਂ ਨੇ ਇਸ ਕਦਮ ਦਾ ਸਵਾਗਤ ਕੀਤਾ, ਜਿਸ ਨਾਲ ਮਹੀਨਿਆਂ ਦੇ ਤਣਾਅ ਤੋਂ ਬਾਅਦ ਕੁਝ ਰਾਹਤ ਮਿਲੀ। ਇਸ ਦੇਰੀ ਨਾਲ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨੀਤੀ ਨਿਰਮਾਤਾਵਾਂ ਨੂੰ ਆਪਣੇ ਅਗਲੇ ਕਦਮ ਦੀ ਯੋਜਨਾ ਬਣਾਉਣ ਲਈ ਹੋਰ ਸਮਾਂ ਮਿਲੇਗਾ।

ਸਮਾਂ ਸ਼ੀ ਜਿਨਪਿੰਗ ਦਾ ਦੋਸਤ ਹੈ। ਹੁਣ ਤੱਕ ਗੱਲਬਾਤ ਦੇ ਹਰ ਦੌਰ ਦਾ ਸਭ ਤੋਂ ਸਪੱਸ਼ਟ ਨਤੀਜਾ ਦੁਬਾਰਾ ਮਿਲਣ ਦੀ ਵਚਨਬੱਧਤਾ ਰਿਹਾ ਹੈ। ਟਰੰਪ ਦੇ ਇਸ ਗੱਲ ’ਤੇ ਜ਼ੋਰ ਦੇਣ ਦੇ ਬਾਵਜੂਦ ਕਿ ਚੀਨ ਨੇ ਉਨ੍ਹਾਂ ਦੇ ਵਪਾਰਕ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਮਹੱਤਵਪੂਰਨ ਕਦਮ ਚੁੱਕੇ ਹਨ, ਬੀਜਿੰਗ ਨੇ ਉਨ੍ਹਾਂ ਦੀਆਂ ਕਿਸੇ ਵੀ ਮੁੱਖ ਚਿੰਤਾਵਾਂ ’ਤੇ ਕੋਈ ਮਹੱਤਵਪੂਰਨ ਰਿਆਇਤਾਂ ਨਹੀਂ ਦਿੱਤੀਆਂ ਹਨ।

ਇਹ ਵਾਧਾ ਅਰਥਵਿਵਸਥਾ ਲਈ ਇਕ ਨਾਜ਼ੁਕ ਦੌਰ ’ਚ ਆਇਆ ਹੈ, ਜੋ ਕਿ ਸੁਸਤ ਘਰੇਲੂ ਮੰਗ ਅਤੇ ਜਾਇਦਾਦ ਖੇਤਰ ਵਿਚ ਮੰਦੀ ਨਾਲ ਜੂਝ ਰਹੀ ਹੈ। ਬਲੂਮਬਰਗ ਇਕਨਾਮਿਕਸ ਦਾ ਕਹਿਣਾ ਹੈ ਕਿ ਚੀਨ ਉਨ੍ਹਾਂ ਕੁਝ ਪ੍ਰਮੁੱਖ ਦੇਸ਼ਾਂ ਵਿਚੋਂ ਇਕ ਹੈ ਜਿਨ੍ਹਾਂ ਕੋਲ ਸਮਝੌਤੇ ਲਈ ਕੋਈ ਸਪੱਸ਼ਟ ਸਮਾਂ-ਹੱਦ ਜਾਂ ਸ਼ਰਤਾਂ ਨਹੀਂ ਹਨ, ਜਦੋਂ ਕਿ ਹੋਰਨਾਂ ਨੇ ਘੱਟ ਟੈਰਿਫ ਨੂੰ ਯਕੀਨੀ ਬਣਾਉਣ ਲਈ ਸੌਦੇ ਕੀਤੇ ਹਨ। ਰਿਪੋਰਟ ਅਨੁਸਾਰ ਇਸ ਰਾਹਤ ਦੇ ਬਾਵਜੂਦ ਬੀਜਿੰਗ ਨੂੰ ਔਸਤਨ 40 ਫੀਸਦੀ ਅਮਰੀਕੀ ਟੈਰਿਫ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਕਿ ਵਿਸ਼ਵ ਔਸਤ ਨਾਲੋਂ ਲਗਭਗ 25 ਫੀਸਦੀ ਵੱਧ ਹੈ।

ਇਸ ਨਾਲ ਚੀਨੀ ਨਾਗਰਿਕਾਂ ਦੀਆਂ ਸੰਭਾਵਨਾਵਾਂ ਨੂੰ ਨੁਕਸਾਨ ਪਹੁੰਚੇਗਾ, ਜਿਨ੍ਹਾਂ ਨੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਲਗਭਗ ਦੋਹਰੇ ਅੰਕਾਂ ਦੀ ਵਿਕਾਸ ਦਰ ਦਾ ਆਨੰਦ ਮਾਣਿਆ ਹੈ। ਅਪ੍ਰੈਲ-ਜੂਨ ਵਿਚ ਅਰਥਵਿਵਸਥਾ ਇਕ ਸਾਲ ਪਹਿਲਾਂ ਦੇ ਮੁਕਾਬਲੇ 5.2 ਫੀਸਦੀ ਵਧੀ, ਜੋ ਕਿ ਵਿਸ਼ਵ ਪੱਧਰੀ ਮਾਪਦੰਡਾਂ ਅਨੁਸਾਰ ਕਾਫੀ ਹੈ ਪਰ ਕਦੇ ਖੁਸ਼ਹਾਲ ਰਿਹਾ ਮੱਧਵਰਗ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਚਿੰਤਾਵਾਂ ਵਧਾ ਰਿਹਾ ਹੈ। ਨੌਜਵਾਨਾਂ ਦੀ ਬੇਰੁਜ਼ਗਾਰੀ ਅਜੇ ਵੀ ਉੱਚੀ ਹੈ, ਜੂਨ ਵਿਚ ਬੇਰੁਜ਼ਗਾਰੀ ਦਰ 14.5 ਫੀਸਦੀ ਤੱਕ ਪਹੁੰਚ ਗਈ ਸੀ। ਹਾਲ ਹੀ ਦੇ ਮਹੀਨਿਆਂ ਵਿਚ ਇਹ ਅੰਕੜਾ ਸੁਧਰਿਆ ਹੈ, ਪਰ ਵਿਸ਼ਲੇਸ਼ਕ ਕੁਝ ਵੱਡੀਆਂ ਚੁਣੌਤੀਆਂ ਵੱਲ ਇਸ਼ਾਰਾ ਕਰਦੇ ਹਨ-1.2 ਕਰੋੜ ਤੋਂ ਵੱਧ ਯੂਨੀਵਰਸਿਟੀ ਦੇ ਵਿਦਿਆਰਥੀ ਕਾਰਜਬਲ ਵਿਚ ਸ਼ਾਮਲ ਹੋਣ ਦੀ ਉਮੀਦ ਨਾਲ ਗ੍ਰੈਜੂਏਟ ਹੋਣ ਵਾਲੇ ਹਨ।

ਫਿਰ ਵੀ, ਚੀਨ ਦਾਅ ਲਗਾ ਰਿਹਾ ਹੈ ਕਿ ਇਨ੍ਹਾਂ ਆਰਥਿਕ ਲਾਗਤਾਂ ਦੇ ਬਾਵਜੂਦ, ਉਹ ਇਸ ਵਪਾਰ ਯੁੱਧ ਨੂੰ ਅੰਤ ਤੱਕ ਲੜ ਸਕਦਾ ਹੈ। ਰਾਜਨੀਤਿਕ ਤੌਰ ’ਤੇ ਬੀਜਿੰਗ ਚੀਨੀ ਲੋਕਾਂ ਨੂੰ ਅੱਗੇ ਇਕ ਲੰਬੀ ਲੜਾਈ ਲਈ ਤਿਆਰ ਕਰ ਰਿਹਾ ਹੈ। ਹਾਲ ਹੀ ਦੇ ਮਹੀਨਿਆਂ ਵਿਚ ਸਰਕਾਰੀ ਮੀਡੀਆ ਦੇ ਸੰਪਾਦਕੀ ਨੇ ਅਮਰੀਕੀ ਦਬਾਅ ਦਾ ਮੁਕਾਬਲਾ ਕਰਨ ਲਈ ਇਕ ਸੰਭਾਵੀ ਰਣਨੀਤੀ ਵਜੋਂ ਮਾਓ-ਯੁੱਗ ਦੇ ਦਰਸ਼ਨ ਦੀ ਪ੍ਰਸ਼ੰਸਾ ਕੀਤੀ ਹੈ। ਉਹ ਸਾਬਕਾ ਚੀਨੀ ਨੇਤਾ ਦੇ 1938 ਦੇ ਲੇਖ ‘ਆਨ ਪ੍ਰੋਟੈਕਟੇਡ ਵਾਰ’ ਦਾ ਹਵਾਲਾ ਦਿੰਦੇ ਹਨ, ਜਿਸ ਨੇ 1937 ਅਤੇ 1945 ਦੇ ਵਿਚਕਾਰ ਹਮਲਾਵਰ ਜਾਪਾਨੀਆਂ ਨਾਲ ਲੜਨ ਲਈ ਉਸ ਦੇ ਦ੍ਰਿਸ਼ਟੀਕੋਣ ਨੂੰ ਪੇਸ਼ ਕੀਤਾ ਸੀ।

1938 ਵਿਚ ਕਈ ਭਾਸ਼ਣਾਂ ਦੌਰਾਨ ਮਾਓ ਨੇ ਸਮਝਾਇਆ ਕਿ ‘ਕਿਵੇਂ ਸੱਤਾ ਲਈ ਮੁਕਾਬਲਾ ਸਿਰਫ਼ ਫੌਜੀ ਅਤੇ ਆਰਥਿਕ ਤਾਕਤ ਦਾ ਮੁਕਾਬਲਾ ਹੀ ਨਹੀਂ ਹੈ, ਸਗੋਂ ਮਨੁੱਖੀ ਸ਼ਕਤੀ ਅਤੇ ਮਨੋਬਲ ਦਾ ਵੀ ਮੁਕਾਬਲਾ ਹੈ।’ ਵਿਦਵਾਨਾਂ ਦਾ ਕਹਿਣਾ ਹੈ ਕਿ ਇਸ ਦਾ ਉਦੇਸ਼ ਆਪਣੇ ਸਾਥੀ ਨਾਗਰਿਕਾਂ ਨੂੰ ਸੁਚੇਤ ਕਰਨਾ ਸੀ ਕਿ ਯੁੱਧ ਲੰਬਾ ਅਤੇ ਭਿਆਨਕ ਹੋਵੇਗਾ, ਪਰ ਸਬਰ ਅਤੇ ਏਕਤਾ ਨਾਲ ਜਿੱਤਿਆ ਜਾ ਸਕਦਾ ਹੈ।

ਲੱਖਾਂ ਚੀਨੀ ਜਾਨੀ ਨੁਕਸਾਨ ਦੇ ਬਾਵਜੂਦ ਮਾਓ ਨੇ ਝੁਕਣ ਤੋਂ ਇਨਕਾਰ ਕਰ ਦਿੱਤਾ। ਇਹ ਟਕਰਾਅ 1945 ਵਿਚ ਦੂਜੇ ਵਿਸ਼ਵ ਯੁੱਧ ਵਿਚ ਜਾਪਾਨ ਦੇ ਆਤਮਸਮਰਪਣ ਤੋਂ ਬਾਅਦ ਹੀ ਖਤਮ ਹੋਇਆ। ਸ਼ੀ ਆਪਣੇ ਪੂਰਵਗਾਮੀ ਦੀ ਸਲਾਹ ਦੀ ਪਾਲਣਾ ਕਰਦੇ ਪ੍ਰਤੀਤ ਹੁੰਦੇ ਹਨ-ਹਰ ਕੀਮਤ ’ਤੇ ਸਬਰ ਰੱਖਣ ਦੀ ਸਲਾਹ, ਤਾਂ ਜੋ ਹਾਲਾਤ ਨੂੰ ਬੀਜਿੰਗ ਦੇ ਹੱਕ ਵਿਚ ਮੋੜਿਆ ਜਾ ਸਕੇ।

ਘਰੇਲੂ ਪੱਧਰ ’ਤੇ ਸ਼ੀ ਦਾ ਚੀਨੀ ਰਾਜ ’ਤੇ ਕੰਟਰੋਲ ਹੈ, ਜੋ ਉਸ ਨੂੰ ਇਕ ਘਿਸੇ ਹੋਏ ਬਿਰਤਾਂਤ ਨੂੰ ਘੁੰਮਾਉਣ ਵਿਚ ਮਦਦ ਕਰਦਾ ਹੈ ਕਿ ਪੱਛਮ ਚੀਨ ਨੂੰ ਦਬਾਅ ਰਿਹਾ ਹੈ। ਵਪਾਰ ਯੁੱਧ ਨੇ ਇਨ੍ਹਾਂ ਵਿਚਾਰਾਂ ਨੂੰ ਹਵਾ ਦਿੱਤੀ ਹੈ, ਜੋ ਪਹਿਲਾਂ ਹੀ ਅਸੰਤੁਸ਼ਟ ਨਾਗਰਿਕਾਂ ਨਾਲ ਚੰਗੀ ਤਰ੍ਹਾਂ ਮੇਲ ਖਾਂਦੇ ਹਨ।

ਅੰਤਰਰਾਸ਼ਟਰੀ ਪੱਧਰ ’ਤੇ ਟਰੰਪ ਉਨ੍ਹਾਂ ਲਈ ਜ਼ਿਆਦਾਤਰ ਕੰਮ ਕਰ ਰਿਹਾ ਹੈ। ਵਪਾਰ ਤੋਂ ਲੈ ਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਯੂਨੀਵਰਸਿਟੀ ਦੇ ਦਾਖਲੇ ਤੱਕ ਹਰ ਚੀਜ਼ ’ਤੇ ਵਾਸ਼ਿੰਗਟਨ ਦੀ ਅਰਾਜਕਤਾ ਦੇ ਉਲਟ, ਬੀਜਿੰਗ ਆਪਣੇ ਆਪ ਨੂੰ ਬਹੁਪੱਖੀਵਾਦ ਦੇ ਹਮਾਇਤੀ ਦੇ ਰੂਪ ’ਚ ਪੇਸ਼ ਕਰ ਰਿਹਾ ਹੈ-ਭਾਵੇਂ ਇਹ ਆਪਣੇ ਫਾਇਦੇ ਲਈ ਵਿਸ਼ਵ ਵਿਵਸਥਾ ਨੂੰ ਮੁੜ ਨਵਾਂ ਰੂਪ ਦੇਣ ਦੀ ਕੋਸ਼ਿਸ਼ ਵੀ ਕਰ ਰਿਹਾ ਹੈ।

ਚੀਨ ਗੱਲਬਾਤ ਜਾਰੀ ਰੱਖਣ ਲਈ ਖੁਸ਼ ਹੈ ਪਰ ਕੋਈ ਰਿਆਇਤ ਦੇਣ ਦੀ ਸੰਭਾਵਨਾ ਨਹੀਂ ਹੈ, ਜਿਵੇਂ ਕਿ ਇੰਟਰਨੈਸ਼ਨਲ ਕ੍ਰਾਈਸਿਸ ਗਰੁੱਪ ਦੇ ਸੀਨੀਅਰ ਉੱਤਰ-ਪੂਰਬੀ ਏਸ਼ੀਆ ਵਿਸ਼ਲੇਸ਼ਕ ਵਿਲੀਅਮ ਯਾਂਗ ਨੇ ਇਕ ਨੋਟ ਵਿਚ ਕਿਹਾ : ‘‘ਚੀਨ ਦਾ ਮੰਨਣਾ ਹੈ ਕਿ ਗਤੀ ਉਸਦੇ ਪੱਖ ਵਿਚ ਹੈ ਕਿਉਂਕਿ ਟਰੰਪ ਬੀਜਿੰਗ ਨਾਲ ਇਕ ਸਮਝੌਤੇ ’ਤੇ ਦਸਤਖਤ ਕਰਨ ਦੀ ਪ੍ਰਬਲ ਇੱਛਾ ਰੱਖਦੇ ਹਨ, ਤਾਂ ਕਿ ਉਹ ਜਿੱਤ ਦਾ ਦਾਅਵਾ ਕਰ ਸਕਣ ਅਤੇ ਸਰਦ ਰੁੱਤ ਵਿਚ ਸ਼ੀ ਜਿਨਪਿੰਗ ਨਾਲ ਇਕ ਸਿਖਰ ਸੰਮੇਲਨ ਯਕੀਨੀ ਕਰ ਸਕਣ।’’

ਪਰ ਜਿਵੇਂ-ਜਿਵੇਂ ਚੀਨ ਆਪਣੀ ਸਵੈ-ਨਿਰਭਰਤਾ ਰਣਨੀਤੀ ਨੂੰ ਅੱਗੇ ਵਧਾ ਰਿਹਾ ਹੈ, ਅਮਰੀਕੀ ਆਰਥਿਕ ਪ੍ਰਭਾਵ ਹੌਲੀ-ਹੌਲੀ ਘੱਟ ਰਿਹਾ ਹੈ। ਇਕ ਥਿੰਕ-ਟੈਂਕ ਰਿਪੋਰਟ ਦੇ ਅਨੁਸਾਰ, ਬੀਜਿੰਗ ਅਮਰੀਕੀ ਬਾਜ਼ਾਰਾਂ ’ਤੇ ਆਪਣੀ ਨਿਰਭਰਤਾ ਘਟਾਉਣਾ ਅਤੇ ਮਹੱਤਵਪੂਰਨ ਸਪਲਾਈ ਚੇਨਾਂ ’ਤੇ ਨਿਯੰਤਰਣ ਨੂੰ ਡੂੰਘਾ ਕਰਨਾ ਚਾਹੁੰਦਾ ਹੈ। ਚੀਨ ਨੇ ਸੋਮਵਾਰ ਨੂੰ ਸਥਾਨਕ ਕੰਪਨੀਆਂ ਨੂੰ ਅਪੀਲ ਕੀਤੀ ਕਿ ਉਹ ਐਨਵੀਡੀਆ ਦੇ ਐੱਚ.20 ਪ੍ਰੋਸੈਸਰ ਦੀ ਵਰਤੋਂ ਤੋਂ ਬਚਣ, ਖਾਸ ਕਰਕੇ ਸਰਕਾਰੀ ਪ੍ਰਾਜੈਕਟਾਂ ਵਿਚ, ਕਿਉਂਕਿ ਵ੍ਹਾਈਟ ਹਾਊਸ ਦੇ ਨਿਰਦੇਸ਼ ਤੋਂ ਬਾਅਦ ਚਿੱਪ ਨਿਰਮਾਤਾਵਾਂ (ਅਤੇ ਏ. ਐੱਮ. ਡੀ.) ਨੂੰ ਚੀਨੀ ਏ. ਆਈ. ਚਿੱਪ ਵਿਕਰੀ ਦਾ 15 ਫੀਸਦੀ ਵਾਸ਼ਿੰਗਟਨ ਨੂੰ ਦੇਣਾ ਪਵੇਗਾ।

ਬੇਸ਼ੱਕ ਟਰੰਪ ਚੀਨ ਦੀ ਆਰਥਿਕਤਾ ਨੂੰ ਵਾਪਸ ਪੱਟੜੀ ’ਤੇ ਲਿਆਉਣ ਵਿਚ ਆਪਣੀਆਂ ਸਫਲਤਾਵਾਂ ਦਾ ਦਾਅਵਾ ਕਰ ਸਕਦੇ ਹਨ, ਸਮੇਂ ਅਤੇ ਲਚਕਤਾ ’ਤੇ ਦਾਅ ਲਗਾ ਕੇ, ਬੀਜਿੰਗ ਦਿਖਾ ਰਿਹਾ ਹੈ ਕਿ ਉਹ ਜਿੱਤ ਦੀ ਉਡੀਕ ਕਰਨ ਲਈ ਤਿਆਰ ਹੈ।

ਕਰਿਸ਼ਮਾ ਵਾਸਵਾਨੀ


author

Rakesh

Content Editor

Related News