ਪੰਚ ਪਰਿਵਰਤਨ ਰਾਹੀਂ ਲਗਾਤਾਰ ਜੀਵਨ ਪ੍ਰਵਾਹ ’ਚ ਵਡਮੁੱਲਾ ਯੋਗਦਾਨ ਪਾ ਰਿਹਾ ਹੈ ਆਰ.ਐੱਸ.ਐੱਸ.
Sunday, Jan 25, 2026 - 05:05 PM (IST)
ਭਾਰਤ ’ਚ ਜੀਵਨ ਅਨਾਦ ਕਾਲ ਤੋਂ ਇਕ ਲਗਾਤਾਰ ਧਾਰਾ ਵਾਂਗ ਬਰਾਬਰ ਵਗਦਾ ਰਿਹਾ ਹੈ। ਇਸੇ ’ਚ ਆਪਣੇ ਆਪ ਨੂੰ ਕੁਰਬਾਨ ਕਰਨ ਲਈ ਰਾਸ਼ਟਰੀ ਸਵੈਮਸੇਵਕ ਸੰਘ ਦੇ ਪਹਿਲੇ ਸਰਸੰਘਚਾਲਕ ਡਾ. ਹੇਡਗੇਵਾਰ ਜੀ ਜੋ ਕਿ ਆਪਣੇ ਜੀਵਨਕਾਲ ’ਚ ਰਾਸ਼ਟਰ ਦੀ ਆਜ਼ਾਦੀ ਲਈ ਚੱਲ ਰਹੇ ਸਮਾਜਿਕ, ਧਾਰਮਿਕ, ਇਨਕਲਾਬੀ ਅਤੇ ਰਾਜਨੀਤਿਕ ਖੇਤਰਾਂ ’ਚ ਸਾਰੇ ਸਮਕਾਲੀ ਸੰਗਠਨਾਂ ਅਤੇ ਅੰਦੋਲਨਾਂ ਨਾਲ ਜੁੜੇ ਰਹੇ ਅਤੇ ਅਨੇਕ ਮਹੱਤਵਪੂਰਨ ਅੰਦੋਲਨਾਂ ਦੀ ਅਗਵਾਈ ਵੀ ਕੀਤੀ, ਨੇ ਸਮਾਜ ਦੇ ਸਵੈ-ਮਾਣ ਵਾਲੀ ਸੰਸਕ੍ਰਿਤ, ਨੇਕ, ਸ਼ਕਤੀਸ਼ਾਲੀ ਅਤੇ ਸ਼ੁੱਧ ਦੇਸ਼ ਭਗਤ ਵਿਅਕਤੀਆਂ ਦੇ ਅਜਿਹੇ ਸੰਗਠਨ ਜੋ ਆਜ਼ਾਦੀ ਅੰਦੋਲਨ ਦੀ ਰੀੜ੍ਹ ਹੋਣ ਦੇ ਨਾਲ-ਨਾਲ ਹੀ ਰਾਸ਼ਟਰ ਅਤੇ ਸਮਾਜ ’ਤੇ ਆਉਣ ਵਾਲੀ ਹਰੇਕ ਆਫਤ ਦਾ ਸਾਹਮਣਾ ਕਰ ਸਕੇ, ਦੀ ਕਲਪਨਾ ਦੇ ਨਾਲ ਸੰਘ ਦਾ ਕੰਮ ਸ਼ੁਰੂ ਕੀਤਾ।
ਡਾ. ਹੇਡਗੇਵਾਰ ਜੀ ਵਲੋਂ ਸੰਨ 1925 ’ਚ ਸ਼ੁਰੂ ਕੀਤਾ ਹੋਇਆ ਸੰਘ ਆਪਣੀ ਸ਼ਤਾਬਦੀ ਮਨਾ ਰਿਹਾ ਹੈ ਅਤੇ ਅੱਜ ਭਾਰਤ ਦੇ ਕੋਨੇ-ਕੋਨੇ ’ਚ ਪਹੁੰਚਿਆ ਹੈ। ਇਸ ਦੇ ਨਾਲ ਵਿਸ਼ਵ ਦੇ ਲਗਭਗ 80 ਦੇਸ਼ਾਂ ’ਚ 50 ਤੋਂ ਵੱਧ ਸੰਗਠਨ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਕੰਮ ਕਰਦੇ ਹਨ। ਰਾਸ਼ਟਰੀ ਸਵੈਮਸੇਵਕ ਸੰਘ ਦੀ ਕੁੱਲ ਿਹੰਦ ਕਾਰਜਕਾਰੀ ਬੋਰਡ ਦੀ ਮਥੁਰਾ ਦੇ ਪਾਰਕਖ ਪਿੰਡ ਵਿਚ ਦੀਨਦਿਆਲ ਉਪਾਧਿਆਏ ਗਊ ਵਿਗਿਆਨ ਖੋਜ ਅਤੇ ਸਿਖਲਾਈ ਕੇਂਦਰ ਵਿਖੇ ਹੋਈ ਇਕ ਮੀਟਿੰਗ ਵਿਚ, ਸਰਸੰਘਚਾਲਕ ਜੀ ਨੇ ਭਾਰਤੀ ਸਮਾਜ ਵਿਚ ਅਨੁਸ਼ਾਸਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪੰਜ ਤਬਦੀਲੀਆਂ ਦਾ ਸੱਦਾ ਦਿੱਤਾ : ਸਮਾਜਿਕ ਸਦਭਾਵਨਾ, ਪਰਿਵਾਰਕ ਭਾਵਨਾ, ਵਾਤਾਵਰਣ ਪ੍ਰਤੀ ਸੰਵੇਦਨਸ਼ੀਲਤਾ, ਸਵਦੇਸ਼ੀ ’ਤੇ ਜ਼ੋਰ ਅਤੇ ਸਾਡੇ ਰੋਜ਼ਾਨਾ ਜੀਵਨ ਵਿਚ ਨਾਗਰਿਕ ਫਰਜ਼ ਦੀ ਭਾਵਨਾ, ਤਾਂ ਜੋ ਨੌਜਵਾਨ ਅਨੁਸ਼ਾਸਨ ਅਤੇ ਦੇਸ਼ ਭਗਤੀ ਨਾਲ ਰੰਗੇ ਹੋਏ, ਅਨੁਸ਼ਾਸਿਤ ਬਣ ਜਾਣ ਅਤੇ ਰਾਸ਼ਟਰੀ ਵਿਕਾਸ ਲਈ ਕੰਮ ਕਰਨ ਲਈ ਤਿਆਰ ਹੋਣ।
ਆਰ. ਐੱਸ. ਐੱਸ. ਸਰਸੰਘਚਾਲਕ ਮੋਹਨ ਭਾਗਵਤ ਦੇ ਸ਼ਬਦਾਂ ’ਚ, ‘‘ਸਮਾਜ ਸੰਘ ਤੋਂ ਉਮੀਦਾਂ ਰੱਖਦਾ ਹੈ। ਅਜਿਹੀ ਸਥਿਤੀ ਵਿਚ, ਅਸੀਂ ਸਮਾਜ ’ਚ ਜੋ ਵੀ ਅੱਗੇ ਰੱਖਦੇ ਹਾਂ, ਸਮਾਜ ਉਸ ਨੂੰ ਸਵੀਕਾਰ ਕਰਨ ਲਈ ਤਿਆਰ ਹੈ। ਇਸ ਲਈ, ਸਾਨੂੰ ਪੂਰੀ ਤਿਆਰੀ ਨਾਲ ਸਮਾਜ ਵਿਚ ਜਾਣ ਦੀ ਲੋੜ ਹੈ।’’
‘ਸਮਾਜਿਕ ਸਦਭਾਵਨਾ’ : ਟੀਚਾ ਸਮਾਜ ਵਿਚ ਜਾਤੀ ਅਤੇ ਆਰਥਿਕ ਵਿਤਕਰੇ ਨੂੰ ਖਤਮ ਕਰਨਾ ਹੈ ਅਤੇ ਸਮਾਜ ਦੇ ਸਾਰੇ ਮੈਂਬਰਾਂ ਲਈ ਬਿਨਾਂ ਕਿਸੇ ਭੇਦਭਾਵ ਦੇ ਇਕ-ਦੂਜੇ ਦੇ ਘਰਾਂ ਤੱਕ ਪਹੁੰਚ ਯਕੀਨੀ ਬਣਾਉਣਾ ਹੈ। ‘‘ਪਰਿਵਾਰਕ ਗਿਆਨ’’ - ਪਰਿਵਾਰ ਸਮਾਜ ਦੀ ਸਭ ਤੋਂ ਛੋਟੀ ਇਕਾਈ ਹੈ। ਪਰਿਵਾਰ ਵਿਚ ਇਕੱਠੇ ਬੈਠ ਕੇ ਅਤੇ ਭੋਜਨ, ਕੀਰਤਨ ਅਤੇ ਤਿਉਹਾਰ ਮਨਾ ਕੇ, ਅਸੀਂ ਸਮਾਜ ਦੇ ਟੁੱਟ ਰਹੇ ਮੂਲ, ਪਰਿਵਾਰ ਨੂੰ ਬਣਾਈ ਰੱਖ ਸਕਦੇ ਹਾਂ।
‘ਸਵਦੇਸ਼ੀ’ : ਰੋਜ਼ਾਨਾ ਜੀਵਨ ਵਿਚ ਸਵਦੇਸ਼ੀ ਦੀ ਵਰਤੋਂ ਕਰਕੇ, ਅਸੀਂ ਭਾਰਤ ਦੀ ਆਰਥਿਕ ਤਰੱਕੀ ਵਿਚ ਯੋਗਦਾਨ ਪਾ ਸਕਦੇ ਹਾਂ। ਸਵਦੇਸ਼ੀ ਰਾਹੀਂ, ਸਾਡੀ ਅਮੀਰ ਸੱਭਿਆਚਾਰ ਲਈ ਸਵੈ-ਮਾਣ ਦੀ ਭਾਵਨਾ ਹੋਣੀ ਚਾਹੀਦੀ ਹੈ।
‘ਵਾਤਾਵਰਣ’ : ਸਨਾਤਨ ਭਾਰਤ ਨੇ ਹਮੇਸ਼ਾ ਕੁਦਰਤ ਦੀ ਪੂਜਾ ਕੀਤੀ ਹੈ ਅਤੇ ਸਾਡੀ ਸੰਸਕ੍ਰਿਤੀ ਵਿਚ ਰੁੱਖਾਂ ਅਤੇ ਜਾਨਵਰਾਂ ਦੀ ਵੀ ਪੂਜਾ ਕੀਤੀ ਜਾਂਦੀ ਹੈ। ਅਸੀਂ ਹੋਰ ਰੁੱਖ ਲਗਾ ਕੇ, ਪ੍ਰਦੂਸ਼ਣ ਨੂੰ ਰੋਕ ਕੇ ਅਤੇ ਨਦੀਆਂ, ਤਲਾਬਾਂ ਅਤੇ ਝੀਲਾਂ ਨੂੰ ਸਾਫ਼ ਰੱਖ ਕੇ ਇਸ ਵਿਚ ਯੋਗਦਾਨ ਪਾ ਸਕਦੇ ਹਾਂ।
‘ਨਾਗਰਿਕ ਫਰਜ਼’ : ਹਰੇਕ ਨਾਗਰਿਕ ਨੂੰ ਆਪਣੇ ਅਧਿਕਾਰਾਂ ਅਤੇ ਫਰਜ਼ਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਪੂਰਤੀ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਇਕ ਖੁਸ਼ਹਾਲ ਅਤੇ ਸਿਹਤਮੰਦ ਲੋਕਤੰਤਰੀ ਸਮਾਜ ਲਈ ਨਾਗਰਿਕ ਫਰਜ਼ ਜ਼ਰੂਰੀ ਹਨ। ਨਾਗਰਿਕ ਫਰਜ਼ਾਂ ਨੂੰ ਪੂਰਾ ਕਰਨਾ ਸਰਕਾਰ ਅਤੇ ਜਨਤਾ ਵਿਚਕਾਰ ਆਪਸੀ ਸਤਿਕਾਰ ਦਾ ਇਕ ਰੂਪ ਹੈ। ਅੱਜ ਦੇ ਸੰਦਰਭ ਵਿਚ, ਸੰਵਿਧਾਨਕ ਫਰਜ਼ਾਂ ਜਿਵੇਂ ਨੂੰ ਸੰਵਿਧਾਨ ਦੀ ਪਾਲਣਾ, ਰਾਸ਼ਟਰੀ ਗੀਤ ਅਤੇ ਰਾਸ਼ਟਰੀ ਝੰਡੇ ਦਾ ਸਤਿਕਾਰ, ਰਾਸ਼ਟਰੀ ਹਿੱਤਾਂ ਦੀ ਰੱਖਿਆ ਕਰਕੇ ਰਾਸ਼ਟਰ ਦੀ ਸੇਵਾ, ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਨੂੰ ਬਣਾਈ ਰੱਖਣਾ, ਧਰਮ, ਭਾਸ਼ਾ ਅਤੇ ਖੇਤਰ ਦੇ ਅਾਧਾਰ ਤੇ ਵਿਤਕਰੇ ਨੂੰ ਖਤਮ ਕਰਨਾ, ਵਾਤਾਵਰਣ ਦੀ ਰੱਖਿਆ ਕਰਨਾ, ਜਨਤਕ ਜਾਇਦਾਦ ਦੀ ਰੱਖਿਆ ਕਰਨਾ, ਹਿੰਸਾ ਤੋਂ ਪਰਹੇਜ਼ ਕਰਨ ਅਤੇ 6 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਨੂੰ ਸਿੱਖਿਆ ਦੇਣ ਦੇ ਰੂਪ ਵਿਚ ਦੇਖਿਆ ਜਾ ਸਕਦਾ ਹੈ।
ਸਾਨੂੰ ਸਾਰਿਆਂ ਨੂੰ ਆਪਣੇ ਰਾਸ਼ਟਰ ਦੀ ਸ਼ਾਨ ਵਧਾਉਣ ਲਈ ਕੰਮ ਕਰਨਾ ਚਾਹੀਦਾ ਹੈ। ਹਰੇਕ ਨਾਗਰਿਕ ਨੂੰ ਥੋੜ੍ਹਾ ਸਮਾਂ ਕੱਢਣਾ ਚਾਹੀਦਾ ਹੈ ਅਤੇ ਰਾਸ਼ਟਰ ਨਿਰਮਾਣ ਲਈ ਕੰਮ ਕਰਨਾ ਚਾਹੀਦਾ ਹੈ। ਸਮਾਜ ਨੂੰ ਛੋਟੇ-ਮੋਟੇ ਮਤਭੇਦਾਂ ਨੂੰ ਪਾਸੇ ਰੱਖ ਕੇ ਇਕੱਠੇ ਕੰਮ ਕਰਨਾ ਚਾਹੀਦਾ ਹੈ। ਰਾਸ਼ਟਰੀ ਸਵੈਮਸੇਵਕ ਸੰਘ ਦੇ ਸਰਕਾਰਜਵਾਹ ਦੱਤਾਤ੍ਰੇਯ ਹੋਸਬੋਲੇ ਦੇ ਸ਼ਬਦਾਂ ਵਿਚ, ‘‘ਭਾਰਤ ਆਰਥਿਕ ਤੌਰ ’ਤੇ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ। ਹਰ ਕੋਈ ਰਣਨੀਤਿਕ ਅਤੇ ਕੂਟਨੀਤਿਕ ਮੋਰਚਿਆਂ ’ਤੇ ਇਸਦੀ ਵਧਦੀ ਮਹੱਤਤਾ ਤੋਂ ਜਾਣੂ ਹੈ। ਅਜਿਹੇ ਸਮੇਂ ਵਿਚ, ਭਾਰਤੀ ਸਮਾਜ ਨੂੰ ਸਰਵਪੱਖੀ ਵਿਕਾਸ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਇਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ।’’ ਦੇਸ਼ ਦੇ ਅੰਦਰ ਅਤੇ ਵਿਦੇਸ਼ ਵਿਚ ਬਹੁਤ ਸਾਰੀਆਂ ਤਾਕਤਾਂ ਹਨ ਜੋ ਭਾਰਤ ਨੂੰ ਇਸ ਮਾਰਗ ’ਤੇ ਅੱਗੇ ਵਧਣ ਤੋਂ ਰੋਕਣਾ ਚਾਹੁੰਦੀਆਂ ਹਨ ਪਰ ਆਪਣੀ ਸਮਝ ਨਾਲ, ਸਾਨੂੰ ਸਮੂਹਿਕ ਤੌਰ ’ਤੇ ਇਨ੍ਹਾਂ ਤਾਕਤਾਂ ਨੂੰ ਬੇਅਸਰ ਕਰਨਾ ਚਾਹੀਦਾ ਹੈ। ਪੰਜ ਪਰਿਵਰਤਨਾਂ ਰਾਹੀਂ ਇਕ ਸਿਹਤਮੰਦ ਸਮਾਜ ਦੀ ਸਿਰਜਣਾ ਵਿਚ ਯੋਗਦਾਨ ਪਾ ਕੇ, ਆਰ. ਐੱਸ. ਐੱਸ. ਭਾਰਤ ਦੇ ਜੀਵਨ ਦੇ ਨਿਰਵਿਘਨ ਪ੍ਰਵਾਹ ਵਿਚ ਇਕ ਕੀਮਤੀ ਯੋਗਦਾਨ ਪਾ ਰਿਹਾ ਹੈ।
–ਸੁਖਦੇਵ ਵਸ਼ਿਸ਼ਟ
