‘ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਾਕਿਸਤਾਨ’ ਭਾਰਤ ’ਚ ਭੇਜ ਰਿਹਾ ਤਬਾਹੀ ਦਾ ਸਾਮਾਨ!

Wednesday, Sep 17, 2025 - 06:54 AM (IST)

‘ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਾਕਿਸਤਾਨ’ ਭਾਰਤ ’ਚ ਭੇਜ ਰਿਹਾ ਤਬਾਹੀ ਦਾ ਸਾਮਾਨ!

ਭਾਰਤ ਨੂੰ ਨੁਕਸਾਨ ਪਹੁੰਚਾਉਣ ਲਈ ਪਾਕਿਸਤਾਨ ਸਰਕਾਰ ਅਤੇ ਉਸ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਕੋਈ ਕਸਰ ਨਹੀਂ ਛੱਡ ਰਹੀ। ਇਸੇ ਜਨੂੰਨ ’ਚ ਪਾਕਿਸਤਾਨ ਦੇ ਹਾਕਮਾਂ ਵਲੋਂ ਭਾਰਤ ’ਚ ਨਸ਼ਿਆਂ-ਹਥਿਆਰਾਂ ਆਦਿ ਦੇ ਰੂਪ ’ਚ ਤਬਾਹੀ ਦਾ ਸਾਮਾਨ ਭੇਜਣਾ ਲਗਾਤਾਰ ਜਾਰੀ ਹੈ ਅਤੇ ਇਸ ਦੇ ਲਈ ‘ਡਰੋਨਾਂ’ ਦਾ ਸਹਾਰਾ ਵੀ ਲੈ ਰਹੇ ਹਨ, ਜਿਸ ਦੀਆਂ ਪਿਛਲੇ ਦੋ ਹਫਤਿਆਂ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :

* 29 ਅਗਸਤ ਨੂੰ ‘ਰਾਏਪੁਰ’ (ਛੱਤੀਸਗੜ੍ਹ) ਪੁਲਸ ਨੇ ਅੰਤਰਰਾਸ਼ਟਰੀ ਪੱਧਰ ’ਤੇ ਇਕ ਵੱਡੇ ਗਿਰੋਹ ਦਾ ਪਰਦਾਫਾਸ਼ ਕਰ ਕੇ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥ ਮੰਗਵਾਉਣ ਵਾਲੇ ‘ਕੰਵਲ ਜੀਤ ਿਸੰਘ’ ਉਰਫ ‘ਪਿੰਦਰ’ ਨੂੰ ਗ੍ਰਿਫਤਾਰ ਕੀਤਾ।

* 9 ਸਤੰਬਰ ਨੂੰ ‘ਫਰੀਦਕੋਟ’ (ਪੰਜਾਬ) ਪੁਲਸ ਨੇ ਦੋ ਸਮੱਗਲਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 12.1 ਕਿਲੋ ਹੈਰੋਇਨ ਬਰਾਮਦ ਕੀਤੀ।

* 12 ਸਤੰਬਰ ਨੂੰ ‘ਅੰਮ੍ਰਿਤਸਰ’ ’ਚ ਕਾਊਂਟਰ ਇੰਟੈਲੀਜੈਂਸ ਿਵਭਾਗ ਨੇ ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 6 ਵਿਦੇਸ਼ੀ ਪਿਸਤੌਲ, 1 ਕਿਲੋ ਹੈਰੋਇਨ ਅਤੇ 6 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਪਾਕਿਸਤਾਨ ’ਚ ਬੈਠੇ ਸਮੱਗਲਰਾਂ ਦੇ ਸੰਪਰਕ ’ਚ ਸਨ ਅਤੇ ਇਹ ਚੀਜ਼ਾਂ ਪੰਜਾਬ ਦੇ ਗੈਂਗਸਟਰਾਂ ਨੂੰ ਸਪਲਾਈ ਕਰਨ ਵਾਲੇ ਸਨ।

* 14 ਸਤੰਬਰ ਨੂੰ ਜ਼ਿਲਾ ‘ਫਿਰੋਜ਼ਪੁਰ’ ਦੀ ਪੁਲਸ ਨੇ ਦੋ ਵੱਖ-ਵੱਖ ਮਾਮਲਿਆਂ ’ਚ ਤਿੰਨ ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 100 ਕਰੋੜ ਰੁਪਏ ਮੁੱਲ ਦੀ 20 ਕਿਲੋ ਹੈਰੋਇਨ, ਇਕ ਡਰੋਨ ਅਤੇ 2 ਮੋਟਰਸਾਈਕਲ ਬਰਾਮਦ ਕੀਤੇ।

* 14 ਸਤੰਬਰ ਨੂੰ ਹੀ ‘ਜੰਮੂ-ਕਸ਼ਮੀਰ’ ਦੇ ‘ਪੁੰਛ’ ਜ਼ਿਲੇ ’ਚ ਸੁਰੱਖਿਆ ਬਲਾਂ ਨੇ ਪਾਬੰਦੀਸ਼ੁਦਾ ਹਿਜਬੁੱਲ ਮੁਜਾਹਿਦੀਨ ਦੇ ਅੱਤਵਾਦੀਆਂ ਦੇ ਤਿੰਨ ਮਦਦਗਾਰਾਂ ਨੂੰ 7 ਏ. ਕੇ. 47 ਰਾਈਫਲਾਂ, ਹਥਿਆਰਾਂ ਅਤੇ ਗੋਲਾ-ਬਾਰੂਦ ਦੇ ਨਾਲ ਗ੍ਰਿਫਤਾਰ ਕੀਤਾ।

* 15 ਸਤੰਬਰ ਨੂੰ ‘ਫਿਰੋਜ਼ਪੁਰ’ ਪੁਲਸ ਨੇ ਇਕ 22 ਸਾਲਾ ਨੌਜਵਾਨ ਨੂੰ ਪਾਕਿਸਤਾਨ ਤੋਂ ਭੇਜੀ ਗਈ 75 ਕਰੋੜ ਰੁਪਏ ਮੁੱਲ ਦੀ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ।

* 15 ਸਤੰਬਰ ਨੂੰ ਹੀ ‘ਫਾਜ਼ਿਲਕਾ’ ਪੁਲਸ ਨੇ ਸਰਹੱਦ ਪਾਰੋਂ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ ਇਕ ਮਾਡਿਊਲ ਦਾ ਪਰਦਾਫਾਸ਼ ਕਰ ਕੇ ‘ਸੁਰਿੰਦਰ ਸਿੰਘ’ ਅਤੇ ‘ਗੁਰਪ੍ਰੀਤ ਉਰਫ ਗੋਰੀ’ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 5 ਵਿਦੇਸ਼ੀ ਪਿਸਤੌਲ ਅਤੇ ਮੈਗਜ਼ੀਨ ਬਰਾਮਦ ਕੀਤੇ।

* 16 ਸਤੰਬਰ ਨੂੰ ‘ਆਰ. ਐੱਸ. ਪੁਰਾ’ ਸੈਕਟਰ ’ਚ ਸਰਹੱਦ ’ਤੇ ਤਲਾਸ਼ੀ ਮੁਹਿੰਮ ਦੇ ਦੌਰਾਨ ਇਕ ਮੈਗਜ਼ੀਨ ਅਤੇ 1 ਅਸਾਲਟ ਰਾਈਫਲ ਬਰਾਮਦ ਕੀਤੀ ਗਈ।

ਇਹ ਤਾਂ ਸਾਹਮਣੇ ਆਉਣ ਵਾਲੀਆਂ ਕੁਝ ਉਦਾਹਰਣਾਂ ਹਨ। ਰੋਜ਼ਾਨਾ ਪਤਾ ਨਹੀਂ ਕਿੰਨੇ ਅਜਿਹੇ ਮਾਮਲੇ ਹੋ ਰਹੇ ਹੋਣਗੇ ਜਿਨ੍ਹਾਂ ’ਚ ਸਮੱਗਲਰ ਬਚ ਕੇ ਨਿਕਲ ਗਏ ਹੋਣਗੇ। ਆਪਣੇ ਦੇਸ਼ ’ਚ ਜਾਰੀ ਚੁੱਕ-ਥੱਲ ਨੂੰ ਨਜ਼ਰਅੰਦਾਜ਼ ਕਰ ਕੇ ਪਾਕਿਸਤਾਨ ਦੇ ਹਾਕਮਾਂ ਵਲੋਂ ਭਾਰਤ ’ਚ ਤਬਾਹੀ ਦਾ ਸਾਮਾਨ ਭੇਜਣਾ ਉਨ੍ਹਾਂ ਦੀ ਮੂਰਖਤਾ ਹੀ ਅਖਵਾਏਗਾ।

ਭਾਰਤ ਨੂੰ ਹਾਨੀ ਪਹੁੰਚਾਉਣ ਦੀ ਕੋਸ਼ਿਸ਼ ਕਰਨ ਦੀ ਬਜਾਏ ਪਾਕਿਸਤਾਨ ਦੇ ਹਾਕਮਾਂ ਨੂੰ ਆਪਣੇ ਦੇਸ਼ ’ਚ ਮਚੀ ਹੋਈ ਤਬਾਹੀ ਅਤੇ ਬਲੋਚਿਸਤਾਨ ਤੇ ਿਸੰਧ ’ਚ ਚੱਲ ਰਹੇ ਆਜ਼ਾਦੀ ਅੰਦੋਲਨਾਂ ਵੱਲ ਧਿਆਨ ਦੇਣਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਸਿਆਸੀ ਆਬਜ਼ਰਵਰਾਂ ਦਾ ਕਹਿਣਾ ਹੈ ਕਿ ਜੇਕਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ‘ਸ਼ਹਿਬਾਜ਼ ਸ਼ਰੀਫ’ ਨੂੰ ਦੂਜਿਆਂ ਦੀ ਦਿੱਤੀ ਹੋਈ ਸਲਾਹ ਚੰਗੀ ਨਹੀਂ ਲੱਗਦੀ ਤਾਂ ਉਹ ਘੱਟੋ-ਘੱਟ ਆਪਣੇ ਵੱਡੇ ਭਰਾ ਅਤੇ ਸਾਬਕਾ ਪ੍ਰਧਾਨ ਮੰਤਰੀ ਦੀ ਨਸੀਹਤ ਹੀ ਮੰਨ ਲੈਣ ਜਿਨ੍ਹਾਂ ਨੇ 17 ਅਕਤੂਬਰ, 2024 ਨੂੰ ਕਿਹਾ ਸੀ :

‘‘ਅਸੀਂ 75 ਸਾਲ ਗੁਆ ਦਿੱਤੇ ਹਨ, ਇਸ ਲਈ ਹੁਣ (ਸਾਨੂੰ) ਅਗਲੇ 75 ਸਾਲਾਂ ਬਾਰੇ ਸੋਚਣਾ ਚਾਹੀਦਾ ਹੈ। ਮੈਂ ਭਾਰਤ ਨਾਲ ਸੰਬੰਧ ਸੁਧਾਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਵਾਰ-ਵਾਰ ਤਾਰਪੀਡੋ ਕੀਤਾ ਿਗਆ।’’

‘‘ਅਸੀਂ ਗੁਆਂਢੀ ਹਾਂ, ਅਸੀਂ ਆਪਣੇ ਗੁਆਂਢੀਆਂ ਨੂੰ ਨਹੀਂ ਬਦਲ ਸਕਦੇ...ਸਾਨੂੰ ਅਤੀਤ ਦਾ ਰੋਣਾ ਛੱਡ ਕੇ ਭਵਿੱਖ ਵੱਲ ਦੇਖਣਾ ਚਾਹੀਦਾ ਹੈ। ਦੋਵਾਂ ਧਿਰਾਂ ਦੇ ਗਿਲੇ-ਸ਼ਿਕਵੇ ਹਨ। ਸਾਨੂੰ ਆਪਸ ’ਚ ਬੈਠ ਕੇ ਹਰ ਚੀਜ਼ ’ਤੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।’’

ਨਵਾਜ਼ ਸ਼ਰੀਫ ਦੀ ਉਕਤ ਸਲਾਹ ’ਤੇ ਜੇਕਰ ਪਾਕਿਸਤਾਨ ਦੇ ਹਾਕਮ ਅਮਲ ਕਰਨ ਤਾਂ ਦੋਵਾਂ ਗੁਆਂਢੀ ਦੇਸ਼ਾਂ ਦੀਆਂ ਕਈ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ। ਇਸ ਨਾਲ ਜਿੱਥੇ ਭਾਰਤ ’ਚ ਨਸ਼ੇ ਆਉਣੇ ਬੰਦ ਹੋਣ ਨਾਲ ਕਿਸੇ ਹੱਦ ਤੱਕ ਨੌਜਵਾਨਾਂ ਨੂੰ ਨਸ਼ਿਆਂ ਦੀ ਲਾਹਨਤ ਤੋਂ ਮੁਕਤੀ ਦਿਵਾਉਣ ’ਚ ਸਹਾਇਤਾ ਮਿਲੇਗੀ ਉੱਥੇ ਹੀ ਪਾਕਿਸਤਾਨ ’ਚ ਅੱਤਵਾਦੀ ਸਰਗਰਮੀਆਂ ’ਚ ਕਮੀ ਆਉਣ ਨਾਲ ਉੱਥੇ ਖੁਸ਼ਹਾਲੀ ਆਵੇਗੀ।

–ਵਿਜੇ ਕੁਮਾਰ
 


author

Sandeep Kumar

Content Editor

Related News