‘ਭੁਪੇਨ ਦਾ’ ਭਾਰਤ ਦੇ ਰਤਨ
Sunday, Sep 07, 2025 - 05:04 PM (IST)

ਭਾਰਤੀ ਸੱਭਿਆਚਾਰ ਅਤੇ ਸੰਗੀਤ ਦੇ ਪ੍ਰਤੀ ਜਨੂੰਨ ਰੱਖਣ ਵਾਲੇ ਸਾਰੇ ਲੋਕਾਂ ਲਈ 8 ਸਤੰਬਰ ਦਾ ਦਿਨ ਬੇਹੱਦ ਖਾਸ ਹੈ। ਅਸਾਮ ਦੇ ਮੇਰੇ ਭਰਾਵਾਂ ਅਤੇ ਭੈਣਾਂ ਦੇ ਲਈ ਇਹ ਦਿਨ ਹੋਰ ਵੀ ਖਾਸ ਹੈ। ਆਖਿਰਕਾਰ ਭਾਰਤ ਦੀਆਂ ਹੁਣ ਤੱਕ ਦੀਆਂ ਸਭ ਤੋਂ ਅਦਭੁਤ ਆਵਾਜ਼ਾਂ ’ਚ ਸ਼ੁਮਾਰ ਰਹੇ ਡਾ. ਭੁਪੇਨ ਹਜਾਰਿਕਾ ਦੀ 8 ਸਤੰਬਰ ਨੂੰ ਜਯੰਤੀ ਹੈ। ਇਹ ਬਹੁਤ ਸੁਖਦਾਈ ਗੱਲ ਹੈ ਕਿ ਇਸ ਸਾਲ ਉਨ੍ਹਾਂ ਦੇ ਜਨਮ ਸ਼ਤਾਬਦੀ ਸਮਾਰੋਹ ਦੀ ਸ਼ੁਰੂਆਤ ਹੋ ਰਹੀ ਹੈ। ਇਹ ਭਾਰਤੀ ਕਲਾਤਮਕ ਪ੍ਰਗਟਾਵਾ ਅਤੇ ਜਨਚੇਤਨਾ ’ਚ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਨੂੰ ਯਾਦ ਕਰਨ ਦਾ ਖਾਸ ਮੌਕਾ ਹੈ।
‘ਭੁਪੇਨ ਦਾ’ ਨੇ ਸਾਨੂੰ ਜੋ ਦਿੱਤਾ, ਉਹ ਸੰਗੀਤ ਤੋਂ ਕਿਤੇ ਵਧ ਕੇ ਹੈ। ਉਨ੍ਹਾਂ ਦੀਆਂ ਰਚਨਾਵਾਂ ’ਚ ਭਾਵਨਾਵਾਂ ਸ਼ਾਮਲ ਸਨ, ਜੋ ਰਾਗ ਤੋਂ ਪਰ੍ਹੇ ਸਨ। ਉਹ ਮਹਿਜ਼ ਇਕ ਆਵਾਜ਼ ਤੋਂ ਵਧ ਕੇ, ਲੋਕਾਂ ਦੇ ਦਿਲਾਂ ਦੀ ਧੜਕਨ ਸਨ। ਕਈ ਪੀੜ੍ਹੀਆਂ ਉਨ੍ਹਾਂ ਦੇ ਗੀਤਾਂ ਨੂੰ ਸੁਣ ਕੇ ਵੱਡੀਆਂ ਹੋਈਆਂ ਹਨ, ਜਿਨ੍ਹਾਂ ਦੇ ਹਰ ਸ਼ਬਦ ’ਚ ਦਿਆ, ਸਮਾਜਿਕ ਨਿਆਂ, ਏਕਤਾ ਅਤੇ ਡੂੰਘਾਈ ਨਾਲ ਜੁੜੇ ਪਿਆਰ ਦੇ ਭਾਵ ਗੂੰਜਦੇ ਹਨ।
ਅਸਾਮ ਤੋਂ ਇਕ ਅਜਿਹੀ ਆਵਾਜ਼ ਉਭਰੀ, ਜੋ ਆਪਣੇ ਨਾਲ ਮਨੁੱਖਤਾ ਦੀ ਭਾਵਨਾ ਲੈ ਕੇ ਇਕ ਕਾਲਾਤੀਤ ਨਦੀ ਵਾਂਗ ਵਹਿੰਦੇ ਹੋਏ, ਸੀਮਾਵਾਂ ਅਤੇ ਸੱਭਿਆਚਾਰਾਂ ਨੂੰ ਪਾਰ ਕਰਦੀ ਗਈ। ‘ਭੁਪੇਨ ਦਾ’ ਨੇ ਦੁਨੀਆ ਭਰ ਦੀ ਯਾਤਰਾ ਕੀਤੀ, ਸਮਾਜ ਦੇ ਸਾਰੇ ਵਰਗਾਂ ਦੇ ਪ੍ਰਮੁੱਖ ਨੇਤਾਵਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕੀਤਾ ਪਰ ਉਹ ਅਸਾਮ ’ਚ ਆਪਣੀਆਂ ਜੜ੍ਹਾਂ ਨਾਲ ਡੂੰਘਾਈ ਨਾਲ ਜੁੜੇ ਰਹੇ। ਉਨ੍ਹਾਂ ਦੇ ਬਚਪਨ ਨੂੰ ਅਸਾਮ ਦੀਆਂ ਸਮ੍ਰਿੱਧ ਮੌਖਿਕ ਪ੍ਰੰਪਰਾਵਾਂ, ਲੋਕ ਧੁਨਾਂ ਅਤੇ ਕਹਾਣੀ ਸੁਣਾਉਣ ਦੀਆਂ ਭਾਈਚਾਰਕ ਰਵਾਇਤਾਂ ਨੇ ਡੂੰਘਾਈ ਨਾਲ ਆਕਾਰ ਦਿੱਤਾ। ਇਨ੍ਹਾਂ ਅਨੁਭਵਾਂ ਨੇ ਉਨ੍ਹਾਂ ਦੀ ਕਲਾਤਮਕ ਸ਼ਬਦਾਵਲੀ ਦੀ ਬੁਨਿਆਦ ਰੱਖੀ। ਉਹ ਆਸਾਮ ਦੀ ਮੌਲਿਕ ਪਛਾਣ ਅਤੇ ਉਸ ਦੇ ਲੋਕਾਂ ਦੇ ਲੋਕਾਚਾਰ ਦੀ ਭਾਵਨਾ ਨੂੰ ਹਮੇਸ਼ਾ ਨਾਲ ਲੈ ਕੇ ਚੱਲੇ।
‘ਭੁਪੇਨ ਦਾ’ ਕੀ ਪ੍ਰਤਿਭਾ ਬਹੁਤ ਘੱਟ ਉਮਰ ’ਚ ਹੀ ਸਾਹਮਣੇ ਆ ਗਈ ਸੀ। ਸਿਰਫ ਪੰਜ ਸਾਲ ਦੀ ਉਮਰ ’ਚ, ਉਨ੍ਹਾਂ ਨੇ ਇਕ ਜਨਤਕ ਪ੍ਰੋਗਰਾਮ ’ਚ ਗਾਇਨ ਕੀਤਾ ਅਤੇ ਤਤਕਾਲ ਆਸਾਮੀ ਸਹਿਤ ਦੀ ਮੋਹਰੀ ਹਸਤੀ ਲਕਸ਼ਮੀਨਾਥ ਬੇਜਬਰੂਆ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰ ਲਿਆ।
ਅਲੱੜ ਅਵਸਥਾ ’ਚ ਹੀ ਉਨ੍ਹਾਂ ਨੇ ਆਪਣਾ ਪਹਿਲਾ ਗੀਤ ਰਿਕਾਰਡ ਕਰ ਲਿਆ ਸੀ ਪਰ ਸੰਗੀਤ ਉਨ੍ਹਾਂ ਦੇ ਵਿਅਕਤੀਤਵ ਦਾ ਸਿਰਫ ਇਕ ਹਿੱਸਾ ਹੈ। ਭੁਪੇਨ ਦਾ ਦਿਲ ਨਾਲ ਓਨੇ ਹੀ ਜਗਿਆਸੂ, ਸਪੱਸ਼ਟਤਾ ਅਤੇ ਦੁਨੀਆ ਨੂੰ ਸਮਝਾਉਣ ਦੀ ਇੱਛਾ ਨਾਲ ਪ੍ਰੇਰਿਤ ਸਨ। ਜੋਤੀ ਪ੍ਰਸਾਦ ਅਗਰਵਾਲ ਅਤੇ ਵਿਸ਼ਨੂੰ ਪ੍ਰਸਾਦ ਰਾਭਾ ਵਰਗੀਆਂ ਸੱਭਿਆਚਾਰਕ ਹਸਤੀਆਂ ਨੇ ਉਨ੍ਹਾਂ ਦੇ ਮਨ ’ਤੇ ਡੂੰਘੀ ਛਾਪ ਛੱਡੀ ਅਤੇ ਉਨ੍ਹਾਂ ਦੀ ਜਗਿਆਸੂ ਪ੍ਰਵਿਰਤੀ ਨੂੰ ਵੀ ਤੀਬਰ ਬਣਾਇਆ। ਸਿੱਖਣ ਦੀ ਇਹੀ ਇੱਛਾ ਸੀ ਜਿਸ ਨੇ ਉਨ੍ਹਾਂ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਕਾਟਨ ਕਾਲਜ ’ਚ ਹੁਸ਼ਿਆਰ ਬਣਾਇਆ ਅਤੇ ਉਨ੍ਹਾਂ ਨੂੰ ਅਮਰੀਕਾ ਲੈ ਗਈ, ਜਿੱਥੇ ਉਹ ਉਸ ਸਮੇਂ ਦੇ ਪ੍ਰਮੁੱਖ ਸਿੱਖਿਆ ਸ਼ਾਸਤਰੀਆਂ, ਵਿਚਾਰਕਾਂ ਅਤੇ ਸੰਗੀਤਕਾਰਾਂ ਦੇ ਸੰਪਰਕ ’ਚ ਆਏ। ਉਨ੍ਹਾਂ ਦੀ ਮੁਲਾਕਾਤ ਮਹਾਨ ਕਲਾਕਾਰ ਅਤੇ ਸਿਵਲ ਰਾਈਟਸ ਲੀਡਰ ਪਾਲ ਰੋਬਸਨ ਨਾਲ ਹੋਈ। ਰੋਬਸਨ ਦਾ ਗੀਤ ‘ਆਲ ਮੈਨ ਰਿਵਰ’ ਭੁਪੇਨ ਦਾ ਦੀ ਵੱਕਾਰੀ ਰਚਨਾ ਸ਼ਬਿਸਟਿਰਨੋ ਪਰੋਰੇਸ਼ ਦੇ ਲਈ ਪ੍ਰੇਰਣਾ ਬਣ ਗਈ। ਅਮਰੀਕਾ ਦੀ ਬੇਹੱਦ ਸਨਮਾਨਿਤ ਪੂਰਬ ਪ੍ਰਥਮ ਮਹਿਲਾ ਏਲੇਨੋਰ ਰੁਜਵੈਲਟ ਨੇ ਭਾਰਤੀ ਲੋਕ ਸੰਗੀਤ ਦੀ ਉਨ੍ਹਾਂ ਦੀ ਪੇਸ਼ਕਾਰੀ ਦੇ ਲਈ ਉਨ੍ਹਾਂ ਨੂੰ ਸੋਨ ਤਮਗੇ ਨਾਲ ਸਨਮਾਨਿਤ ਕੀਤਾ।
ਭੁਪੇਨ ਦਾ ਦੇ ਕੋਲ ਅਮਰੀਕਾ ’ਚ ਹੀ ਰਹਿਣ ਦਾ ਬਦਲ ਸੀ ਪਰ ਉਹ ਭਾਰਤ ਵਾਪਸ ਆਏ ਅਤੇ ਪੂਰੀ ਤਰ੍ਹਾਂ ਸੰਗੀਤ ’ਚ ਰਮ ਗਏ। ਰੇਡੀਓ ਤੋਂ ਲੈ ਕੇ ਰੰਗਮੰਚ ਤੱਕ, ਫਿਲਮਾਂ ਤੋਂ ਲੈ ਕੇ ਸਿੱਖਿਅਤ ਦਸਤਾਵੇਜ਼ੀ ਫਿਲਮਾਂ ਤੱਕ, ਉਹ ਹਰ ਮਾਧਿਅਮ ’ਚ ਚੰਗੀ ਤਰ੍ਹਾਂ ਜਾਣੂ ਸਨ। ਉਹ ਜਿੱਥੇ ਵੀ ਗਏ, ਉਨ੍ਹਾਂ ਨੇ ਨੌਜਵਾਨ ਪ੍ਰਤਿਭਾਵਾਂ ਨੂੰ ਪ੍ਰੋਤਸਾਹਿਤ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਰਚਨਾਵਾਂ ’ਚ ਗੀਤਾਤਮਕਤਾ ਦੇ ਨਾਲ-ਨਾਲ ਸਮਾਜਿਕ ਸੰਦੇਸ਼ ਵੀ ਦਿੱਤੇ, ਜਿਨ੍ਹਾਂ ’ਚ ਗਰੀਬਾਂ ਦੇ ਲਈ ਨਿਆਂ, ਗ੍ਰਾਮੀਣ ਵਿਕਾਸ, ਆਮ ਨਾਗਰਿਕਾਂ ਦੀ ਸ਼ਕਤੀ ਆਦਿ ਵਰਗੇ ਵਿਸ਼ੇ ਸ਼ਾਮਲ ਸਨ। ਆਪਣੇ ਸੰਗੀਤ ਦੇ ਮਾਧਿਅਮ ਨਾਲ, ਉਨ੍ਹਾਂ ਨੇ ਨਾਵਿਕਾਂ, ਚਾਹ ਬਾਗਾਂ ਦੇ ਮਜ਼ਦੂਰਾਂ, ਮਹਿਲਾਵਾਂ, ਕਿਸਾਨਾਂ ਆਦਿ ਦੀਆਂ ਇੱਛਾਵਾਂ ਨੂੰ ਸੁਰ ਦਿੱਤਾ। ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਦੇ ਨਾਲ-ਨਾਲ, ਭੁਪੇਨ ਦਾ ਦੀਆਂ ਰਚਨਾਵਾਂ, ਆਧੁਨਿਕਤਾ ਨੂੰ ਦੇਖਣ ਦਾ ਇਕ ਠੋਸ ਮਾਧਿਅਮ ਵੀ ਬਣੀਆਂ। ਬਹੁਤ ਸਾਰੇ ਲੋਕ ਖਾਸ ਕਰ ਉਨ੍ਹਾਂ ਵਰਗੇ ਸਮਾਜਿਕ ਰੂਪ ਤੋਂ ਪਿਛੜੇ ਵਰਗਾਂ ਦੇ ਲੋਕ, ਉਨ੍ਹਾਂ ਦੇ ਸੰਗੀਤ ਨਾਲ ਸ਼ਕਤੀ ਅਤੇ ਆਸ਼ਾ ਪ੍ਰਾਪਤ ਕਰਦੇ ਹਨ।
ਇਕ ਭਾਰਤ ਸ਼੍ਰੇਠ ਭਾਰਤ ਦੀ ਭਾਵਨਾ ਭੁਪੇਨ ਹਜਾਰਿਕਾ ਦੀ ਜੀਵਨ ਯਾਤਰਾ ’ਚ ਠੋਸ ਤੌਰ ’ਤੇ ਪ੍ਰਗਟ ਹੋਈ। ਉਨ੍ਹਾਂ ਦੀਆਂ ਰਚਨਾਵਾਂ ਨੇ ਭਾਸ਼ਾਈ ਅਤੇ ਖੇਤਰੀ ਸਰਹੱਦਾਂ ਨੂੰ ਪਾਰ ਕਰਦੇ ਹੋਏ ਦੇਸ਼ ਭਰ ਦੇ ਲੋਕਾਂ ਨੂੰ ਇਕਜੁੱਟ ਕੀਤਾ। ਉਨ੍ਹਾਂ ਨੇ ਅਸਾਮੀ, ਬੰਗਾਲੀ ਅਤੇ ਹਿੰਦੀ ’ਚ ਫਿਲਮਾਂ ਦੇ ਲਈ ਸੰਗੀਤ ਰਚਨਾ ਕੀਤੀ। ਉਨ੍ਹਾਂ ਨੇ ਬਾਕੀ ਭਾਰਤ ਲਈ ਅਸਾਮ ਨੂੰ ਦ੍ਰਿਸ਼ਮਾਨ ਅਤੇ ਸੁਣਨਯੋਗ ਬਣਾਇਆ। ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਉਨ੍ਹਾਂ ਨੇ ਅਸਾਮ ’ਚ ਰਹਿਣ ਵਾਲੇ ਲੋਕਾਂ ਅਤੇ ਦੁਨੀਆ ਭਰ ’ਚ ਫੈਲੇ ਅਸਾਮੀ ਪ੍ਰਵਾਸੀਆਂ, ਦੋਵਾਂ ਦੇ ਲਈ ਆਧੁਨਿਕ ਅਸਾਮ ਦੀ ਸੱਭਿਆਚਾਰਕ ਪਛਾਣ ਨੂੰ ਆਕਾਰ ਦੇਣ ’ਚ ਯੋਗਦਾਨ ਦਿੱਤਾ।
ਅਸਲ ’ਚ ਭੁਪੇਨ ਦਾ ਰਾਜਨੀਤਿਕ ਵਿਅਕਤੀ ਨਹੀਂ ਸਨ, ਫਿਰ ਵੀ ਉਹ ਜਨਸੇਵਾ ਦੀ ਦੁਨੀਆ ਨਾਲ ਜੁੜੇ ਰਹੇ। 1967 ’ਚ ਉਹ ਆਸਾਮ ਦੇ ਨੌਬੋਇਚਾ ਚੋਣ ਖੇਤਰ ਤੋਂ ਆਜ਼ਾਦ ਵਿਧਾਇਕ ਚੁਣੇ ਗਏ, ਜਿਸ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਉਨ੍ਹਾਂ ਦੀ ਜਨਤਕ ਸ਼ਖਸੀਅਤ ਜਨਤਾ ਦੇ ਵਿਸ਼ਵਾਸ ’ਚ ਕਿੰਨੀ ਡੂੰਘਾਈ ਨਾਲ ਮੌਜੂਦ ਸੀ। ਹਾਲਾਂਕਿ ਉਹ ਕਦੇ ਵੀ ਪੇਸ਼ੇਵਰ ਰਾਜਨੇਤਾ ਨਹੀਂ ਬਣੇ ਪਰ ਦੂਜਿਆਂ ਦੀ ਸੇਵਾ ਕਰਨ ਦਾ ਉਨ੍ਹਾਂ ਦਾ ਜਨੂੰਨ ਬੇਹੱਦ ਪ੍ਰਭਾਵਸ਼ਾਲੀ ਸੀ। ਬੀਤੇ ਸਾਲਾਂ ’ਚ ਭਾਰਤ ਦੀ ਜਨਤਾ ਅਤੇ ਸਰਕਾਰ ਨੇ ਉਨ੍ਹਾਂ ਦੇ ਅਮੁਲ ਯੋਗਦਾਨ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੂੰ ਪਦਮਸ਼੍ਰੀ, ਪਦਮ ਭੂਸ਼ਣ, ਪਦਮ ਵਿਭੂਸ਼ਣ, ਦਾਦਾਸਾਹਿਬ ਫਾਲਕੇ ਪੁਰਸਕਾਰ ਸਹਿਤ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਿਗਆ। ਇਹ ਮੇਰੇ ਲਈ ਨਿੱਜੀ ਤੌਰ ’ਤੇ ਅਤੇ ਐੱਨ. ਡੀ. ਏ. ਸਰਕਾਰ ਦੇ ਲਈ ਸਨਮਾਨ ਦੀ ਗੱਲ ਸੀ ਕਿ 2019 ’ਚ ਸਾਡੇ ਕਾਰਜਕਾਲ ਦੇ ਦੌਰਾਨ, ਉਨ੍ਹਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਿਗਆ। ਉਨ੍ਹਾਂ ਨੂੰ ਇਹ ਸਨਮਾਨ ਦਿੱਤੇ ਜਾਣ ’ਤੇ ਦੁਨੀਆ ਭਰ ਦੇ ਲੋਕਾਂ, ਖਾਸ ਕਰ ਆਸਾਮ ਅਤੇ ਉਤਰ ਪੂਰਬ ਦੇ ਲੋਕਾਂ ਨੇ ਖੁਸ਼ੀ ਜ਼ਾਹਿਰ ਕੀਤੀ।
ਮੈਨੂੰ ਯਾਦ ਹੈ 2011 ਵਿਚ ਭੁਪੇਨ ਦਾ ਦਾ ਦਿਹਾਂਤ ਹੋ ਗਿਆ ਸੀ। ਮੈਂ ਟੈਲੀਵਿਜ਼ਨ ’ਤੇ ਦੇਖਿਆ ਸੀ ਕਿ ਕਿਵੇਂ ਲੱਖਾਂ ਲੋਕ ਉਨ੍ਹਾਂ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਏ ਸਨ। ਉਸ ਸਮੇਂ ਹਰ ਅੱਖ ਨਮ ਸੀ। ਆਪਣੇ ਸ਼ਾਨਦਾਰ ਜੀਵਨ ਵਾਂਗ, ਮੌਤ ਵਿਚ ਵੀ ਉਨ੍ਹਾਂ ਨੇ ਲੋਕਾਂ ਨੂੰ ਇਕਜੁੱਟ ਕੀਤਾ। ਇਸ ਲਈ ਇਹ ਉਚਿਤ ਸੀ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਬ੍ਰਹਮਪੁੱਤਰ ਨਦੀ ਦੇ ਕੰਢੇ ’ਤੇ ਜਾਲੂਕਬਾੜੀ ਪਹਾੜੀ ’ਤੇ ਕੀਤਾ ਗਿਆ, ਉਹੀ ਨਦੀ ਜੋ ਉਨ੍ਹਾਂ ਦੇ ਸੰਗੀਤ, ਰੂਪਕਾਂ ਅਤੇ ਯਾਦਾਂ ਦੀ ਜੀਵਨ ਰੇਖਾ ਰਹੀ ਸੀ। ਖੁਸ਼ੀ ਦੀ ਗੱਲ ਇਹ ਹੈ ਕਿ ਅਸਾਮ ਸਰਕਾਰ ਨੇ ਭੁਪੇਨ ਹਜਾਰਿਕਾ ਸੱਭਿਆਚਾਰਕ ਟਰੱਸਟ ਦੇ ਕੰਮ ਦਾ ਸਮਰਥਨ ਕੀਤਾ , ਜੋ ਨੌਜਵਾਨਾਂ ਵਿਚ ਉਨ੍ਹਾਂ ਦੀ ਜੀਵਨ ਯਾਤਰਾ ਨੂੰ ਪ੍ਰਸਿੱਧ ਬਣਾਉਣ ਲਈ ਕੰਮ ਕਰ ਰਿਹਾ ਹੈ।
ਭਾਰਤ ਨੂੰ ਭੁਪੇਨ ਹਜਾਰਿਕਾ ਦਾ ਸੁਭਾਗ ਪ੍ਰਾਪਤ ਹੈ। ਜਿਵੇਂ ਕਿ ਅਸੀਂ ਉਨ੍ਹਾਂ ਦੇ ਸ਼ਤਾਬਦੀ ਸਾਲ ਦੀ ਸ਼ੁਰੂਆਤ ਕਰ ਰਹੇ ਹਾਂ, ਆਓ ਅਸੀਂ ਉਨ੍ਹਾਂ ਦੇ ਸੰਦੇਸ਼ ਨੂੰ ਦੂਰ-ਦੂਰ ਤੱਕ ਫੈਲਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਈਏ। ਇਹ ਸਾਨੂੰ ਸੰਗੀਤ, ਕਲਾ ਅਤੇ ਸੱਭਿਆਚਾਰ ਨੂੰ ਉਤਸ਼ਾਹ ਦੇਣ, ਨੌਜਵਾਨ ਪ੍ਰਤਿਭਾਵਾਂ ਨੂੰ ਪ੍ਰੇਰਿਤ ਕਰਨ ਅਤੇ ਭਾਰਤ ਨੂੰ ਸਿਰਜਣਾਤਮਕਤਾ ਅਤੇ ਕਲਾਤਮਕ ਉੱਤਮਤਾ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ’ਚ ਲਗਾਤਾਰ ਕੰਮ ਕਰਨ ਲਈ ਪ੍ਰੇਰਿਤ ਕਰਦਾ ਰਹੇ।
–ਨਰਿੰਦਰ ਮੋਦੀ