ਨਵੀਂ ਸ਼ੁਰੂਆਤ ਦੀ ਕੋਈ ਉਮਰ ਨਹੀਂ
Sunday, Sep 14, 2025 - 06:34 PM (IST)

ਹਾਲ ਹੀ ਵਿਚ ਮੈਂ ਬਾਜ਼ਾਰ ਵਿਚ ਇਕ ਬਹੁਤ ਪੁਰਾਣੀ ਦੋਸਤ ਨੂੰ ਮਿਲੀ। ਅਸੀਂ ਦੋਵੇਂ ਇਕੱਠੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਪਰ ਵਿਆਹ ਤੋਂ ਬਾਅਦ ਉਸ ਨੇ ਨੌਕਰੀ ਛੱਡ ਦਿੱਤੀ। ਕਾਰਨ ਉਸਦੇ ਪਤੀ ਦੀ ਬਾਹਰ ਨੌਕਰੀ ਸੀ। ਅਜਿਹਾ ਅਕਸਰ ਹੀ ਔਰਤਾਂ ਨਾਲ ਹੁੰਦਾ ਹੈ। ਮੈਂ ਕੁਝ ਦਿਨਾਂ ਤੱਕ ਤਾਂ ਉਸ ਦੇ ਸੰਪਰਕ ਵਿਚ ਸੀ, ਫਿਰ ਉਹ ਵੀ ਖਤਮ ਹੋ ਗਿਆ। ਉਨ੍ਹਾਂ ਦਿਨਾਂ ਵਿਚ ਕੋਈ ਮੋਬਾਈਲ ਫੋਨ ਨਹੀਂ ਸਨ।
ਖੈਰ, ਇੰਨੇ ਦਿਨਾਂ ਬਾਅਦ ਮਿਲਣ ’ਤੇ, ਮੈਨੂੰ ਪੁਰਾਣੀਆਂ ਸਾਰੀਆਂ ਗੱਲਾਂ ਯਾਦ ਆਈਆਂ। ਫਿਰ ਅਸੀਂ ਬੱਚਿਆਂ ਬਾਰੇ ਗੱਲਾਂ ਕਰਨ ਲੱਗ ਪਏ। ਮੈਨੂੰ ਪਤਾ ਲੱਗਾ ਕਿ ਉਸਦੇ ਦੋਵੇਂ ਬੱਚੇ ਵਿਦੇਸ਼ ਵਿਚ ਰਹਿੰਦੇ ਹਨ। ਉਸ ਦੇ ਪਤੀ ਦਾ ਦਿਹਾਂਤ ਹੋ ਚੁੱਕਾ ਹੈ। ਇਸ ਲਈ ਹੁਣ ਉਹ ਇੱਥੇ ਇਕੱਲੀ ਰਹਿੰਦੀ ਹੈ।
ਉਸ ਨੇ ਕਿਹਾ ਕਿ ਉਹ ਕਦੇ-ਕਦੇ ਆਪਣੇ ਬੱਚਿਆਂ ਨੂੰ ਮਿਲਣ ਜਾਂਦੀ ਹੈ, ਪਰ ਰਹਿਣਾ ਆਪਣੇ ਦੇਸ਼ ਵਿਚ ਹੀ ਚਾਹੁੰਦੀ ਹੈ। ਉੱਥੇ ਉਸ ਦਾ ਦਿਲ ਨਹੀਂ ਲੱਗਦਾ। ਫਿਰ ਉਸ ਨੇ ਮੈਨੂੰ ਦੱਸਿਆ ਕਿ ਉਸ ਨੇ ਆਪਣਾ ਖਾਣ-ਪੀਣ ਦਾ ਕਾਰੋਬਾਰ ਸ਼ੁਰੂ ਕੀਤਾ ਹੈ। ਕਿਉਂਕਿ ਜਦੋਂ ਬੱਚੇ ਚਲੇ ਗਏ ਅਤੇ ਫਿਰ ਕੁਝ ਦਿਨਾਂ ਬਾਅਦ ਪਤੀ ਵੀ, ਮੈਨੂੰ ਸਮਝ ਨਹੀਂ ਆਇਆ ਕਿ ਕੀ ਕਰਾਂ। ਮੈਨੂੰ ਹਮੇਸ਼ਾ ਖਾਣਾ ਬਣਾਉਣਾ ਪਸੰਦ ਸੀ, ਪਰ ਮੈਂ ਆਪਣੇ ਲਈ ਇਕੱਲੀ ਕੀ ਬਣਾਵਾਂ, ਇਸ ਲਈ ਕਈ ਦਿਨਾਂ ਤੱਕ ਮੈਂ ਰਸੋਈ ਵਿਚ ਨਹੀਂ ਗਈ। ਅਜਿਹਾ ਲੱਗ ਰਿਹਾ ਸੀ ਕਿ ਜ਼ਿੰਦਗੀ ਇੱਥੇ ਤੱਕ ਹੀ ਸੀ ਅਤੇ ਹੁਣ ਖਤਮ ਹੋ ਗਈ ਹੈ।
ਇਕ ਦਿਨ ਸਮਾਜ ਦੀ ਇਕ ਨੌਜਵਾਨ ਕੁੜੀ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਉਹ ਘਰ ਵਰਗਾ ਖਾਣਾ ਖਾ ਸਕੇ। ਇੰਝ ਲੱਗਿਆ ਜਿਵੇਂ ਮੈਨੂੰ ਇੱਥੋਂ ਇਕ ਸੁਰਾਗ ਮਿਲ ਗਿਆ ਹੋਵੇ। ਉਸ ਨੇ ਸਮਾਜ ਦੇ ਬਹੁਤ ਸਾਰੇ ਲੋਕਾਂ ਦੇ ਨੰਬਰ ਲੈ ਕੇ ਇਕ ਵ੍ਹਟਸਐਪ ਗਰੁੱਪ ਬਣਾਇਆ। ਫਿਰ ਉਸ ਨੇ ਹਰ ਰੋਜ਼ ਇਸ ਵਿਚ ਦੱਸਣਾ ਸ਼ੁਰੂ ਕਰ ਦਿੱਤਾ ਕਿ ਉਹ ਕੱਲ੍ਹ ਕੀ ਬਣਾ ਰਹੀ ਹੈ। ਜੇ ਕੋਈ ਚਾਹੁੰਦਾ ਤਾਂ ਉਹ ਆਰਡਰ ਕਰ ਸਕਦਾ ਸੀ। ਉਸ ਨੇ ਖਾਣੇ ਦੀਆਂ ਕੀਮਤਾਂ ਵੀ ਇਸ ਤਰ੍ਹਾਂ ਰੱਖੀਆਂ ਕਿ ਇਸ ਨਾਲ ਕਿਸੇ ਨੂੰ ਬਹੁਤਾ ਨਾ ਚੁੱਭੇ। ਸ਼ੁਰੂ ਵਿਚ ਸਿਰਫ਼ ਇਕ ਜਾਂ ਦੋ ਆਰਡਰ ਆਉਂਦੇ ਸਨ, ਹੁਣ ਇੰਨਾ ਕੰਮ ਹੈ ਕਿ ਮਦਦ ਲਈ ਦੋ ਹੋਰ ਲੋਕਾਂ ਨੂੰ ਰੱਖਣਾ ਪਿਆ ਹੈ। ਉਸ ਦੀਆਂ ਗੱਲਾਂ ਸੁਣ ਕੇ ਮੈਨੂੰ ਕੁਝ ਦਿਨ ਪਹਿਲਾਂ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਿਮਸ਼ੇਲ ਓਬਾਮਾ ਦੀ ਯਾਦ ਆ ਗਈ। ਉਸ ਨੇ ਕਿਹਾ ਕਿ ਜਦੋਂ ਤੋਂ ਉਸ ਦੀਆਂ ਦੋ ਧੀਆਂ ਘਰ ਛੱਡ ਕੇ ਗਈਆਂ ਹਨ, ਉਦੋਂ ਤੋਂ ਉਨ੍ਹਾਂ ਦੀ ਜ਼ਿੰਦਗੀ ਰੁਕ ਜਿਹੀ ਗਈ ਹੈ। ਉਹ ਬਹੁਤ ਇਕੱਲੀ ਮਹਿਸੂਸ ਕਰਦੀ ਹੈ। ਇਹ ਸਿਰਫ਼ ਮਿਸ਼ੇਲ ਓਬਾਮਾ ਦੀ ਕਹਾਣੀ ਨਹੀਂ ਹੈ, ਸਗੋਂ ਜ਼ਿਆਦਾਤਰ ਮਾਪਿਆਂ ਦੀ ਕਹਾਣੀ ਹੈ।
ਉਹ ਮਾਵਾਂ ਜੋ ਪੜ੍ਹੀਆਂ-ਲਿਖੀਆਂ ਹਨ, ਪਰ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਲੈਣ ਕਾਰਨ, ਉਹ ਕਦੇ ਵੀ ਆਪਣੇ ਕਰੀਅਰ ਜਾਂ ਰੁਚੀਆਂ ਬਾਰੇ ਨਹੀਂ ਸੋਚ ਸਕਦੀਆਂ, ਉਨ੍ਹਾਂ ਸਾਰਿਆਂ ਦੀ ਕਹਾਣੀ ਇਕੋ ਜਿਹੀ ਹੈ। ਬਹੁਤ ਸਾਰੀਆਂ ਮਾਵਾਂ ਅਤੇ ਬਹੁਤ ਸਾਰੇ ਪਿਤਾ ਵੀ ਇਸ ਇਕੱਲਤਾ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੇ। ਅਜਿਹਾ ਲੱਗਦਾ ਹੈ ਕਿ ਜ਼ਿੰਦਗੀ ਪ੍ਰਤੀ ਖਿੱਚ ਖਤਮ ਹੋ ਜਾਂਦੀ ਹੈ।
ਹੁਣ ਇਸ ਉਮਰ ਵਿਚ ਕੀ ਕੀਤਾ ਜਾਵੇ ਤਾਂ ਜੋ ਬੱਚਿਆਂ ਦੀ ਗੈਰ-ਹਾਜ਼ਰੀ ਮਹਿਸੂਸ ਨਾ ਹੋਵੇ। ਕਿਉਂਕਿ ਜਿਸ ਉਡਾਣ ’ਤੇ ਬੱਚੇ ਨਿਕਲੇ ਹਨ, ਉਨ੍ਹਾਂ ਦਾ ਭਵਿੱਖ ਵੀ ਉੱਥੇ ਹੀ ਹੈ। ਉਨ੍ਹਾਂ ਨੂੰ ਰੋਕਿਆ ਨਹੀਂ ਜਾ ਸਕਦਾ, ਨਾ ਹੀ ਪੁਰਾਣੇ ਦਿਨ ਵਾਪਸ ਲਿਆਏ ਜਾ ਸਕਦੇ ਹਨ। ਇਸ ਲਈ, ਕਿਸੇ ਹੋਰ ਕੰਮ ’ਤੇ ਧਿਆਨ ਕੇਂਦਰਿਤ ਕਰਨਾ ਜ਼ਰੂਰੀ ਹੈ। ਕੁਝ ਦਿਨ ਪਹਿਲਾਂ ਮੈਂ ਇਕ ਔਰਤ ਬਾਰੇ ਪੜ੍ਹਿਆ ਜਿਸ ਨੇ ਯੂ-ਟਿਊਬ ਦੇਖ ਕੇ ਪੇਂਟਿੰਗ ਸਿੱਖੀ। ਅੱਜ ਉਸ ਦੀ ਇਕ ਪ੍ਰਦਰਸ਼ਨੀ ਦਿੱਲੀ ਵਿਚ ਹੈ ਅਤੇ ਇਕ ਅਮਰੀਕਾ ਵਿਚ ਲੱਗ ਚੁੱਕੀ ਹੈ।
ਇਕ ਹੋਰ ਔਰਤ ਨੇ ਅਜਿਹੀਆਂ ਬਹੁਤ ਸਾਰੀਆਂ ਔਰਤਾਂ ਦਾ ਇਕ ਗਰੁੱਪ ਬਣਾਇਆ ਹੈ। ਉਹ ਇਕ ਲਾਈਫ ਕੋਚ ਬਣ ਗਈ ਹੈ। ਉਹ ਔਰਤਾਂ ਨੂੰ ਆਪਣੇ ਬੱਚਿਆਂ ਦੇ ਜਾਣ ਤੋਂ ਬਾਅਦ ਇਕੱਲਤਾ ਨਾਲ ਨਜਿੱਠਣ ਦੇ ਕਈ ਤਰੀਕੇ ਦੱਸਦੀ ਹੈ। ਇਸ ਨਾਲ ਉਸ ਨੂੰ ਬਹੁਤ ਆਮਦਨ ਵੀ ਹੁੰਦੀ ਹੈ। ਇਕ ਹੋਰ ਔਰਤ ਨੇ ਵੀ ਉਸ ਵਰਗੀਆਂ ਔਰਤਾਂ ਦਾ ਇਕ ਗਰੁੱਪ ਬਣਾਇਆ ਹੈ। ਉਹ ਸਾਰੀਆਂ ਆਪਣੇ ਖੁਦ ਦੇ ਪਕਾਏ ਹੋਏ ਖਾਣੇ ਨਾਲ ਵੱਖ-ਵੱਖ ਮੇਲਿਆਂ ਵਿਚ ਜਾਂਦੀਆਂ ਹਨ ਅਤੇ ਪੈਸੇ ਕਮਾਉਂਦੀਆਂ ਹਨ।
ਉਹ ਮਹੀਨੇ ਵਿਚ ਇਕ ਵਾਰ ਯਾਤਰਾ ’ਤੇ ਵੀ ਜਾਂਦੀਆਂ ਹਨ। ਇਸ ਤਰ੍ਹਾਂ, ਸਮਾਂ ਬੀਤਦਾ ਹੈ ਅਤੇ ਇਕੱਲਾਪਣ ਵੀ ਮਹਿਸੂਸ ਨਹੀਂ ਹੁੰਦਾ। ਇਕ ਪਿਤਾ ਨੇ ਇਕ ਵਾਰ ਦੱਸਿਆ ਸੀ ਕਿ ਜਦੋਂ ਉਸਦਾ ਪੁੱਤਰ ਪੜ੍ਹਾਈ ਲਈ ਬਾਹਰ ਜਾਂਦਾ ਸੀ, ਤਾਂ ਉਸ ਦਾ ਘਰ ਆਉਣ ਦਾ ਮਨ ਨਹੀਂ ਹੁੰਦਾ ਸੀ। ਨਾ ਹੀ ਉਸ ਦਾ ਕਿਸੇ ਨਾਲ ਮਿਲਣ ਜਾਂ ਗੱਲ ਕਰਨ ਦਾ ਮਨ ਹੁੰਦਾ ਸੀ। ਪੁੱਤਰ ਦੀਆਂ ਪੁਰਾਣੀਆਂ ਚੀਜ਼ਾਂ ਨੂੰ ਦੇਖ ਕੇ, ਉਸ ਦੀਆਂ ਯਾਦਾਂ ਵਿਚ ਗੁਆਚਿਆ ਰਹਿ ਕੇ, ਹਰ ਸਮੇਂ ਹੰਝੂ ਵਹਿ ਰਹੇ ਸਨ। ਪਤੀ-ਪਤਨੀ ਦੋਵੇਂ ਇਕ-ਦੂਜੇ ਨੂੰ ਦਿਲਾਸਾ ਦਿੰਦੇ ਹੋਏ ਵੀ ਰੋਂਦੇ ਸਨ। ਫਿਰ ਉਨ੍ਹਾਂ ਨੇ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ। ਹੁਣ ਦੋਵੇਂ ਕੰਮ ਤੋਂ ਵਾਪਸ ਆਉਣ ਤੋਂ ਬਾਅਦ ਕਈ ਘੰਟੇ ਅਭਿਆਸ ਕਰਦੇ ਹਨ। ਪੁੱਤਰ ਦੀਆਂ ਯਾਦਾਂ ਹੁਣ ਉਨ੍ਹਾਂ ਨੂੰ ਬਹੁਤੀਆਂ ਪ੍ਰੇਸ਼ਾਨ ਨਹੀਂ ਕਰਦੀਆਂ। ਬੱਚਿਆਂ ਤੋਂ ਬਿਨਾਂ ਘਰ ’ਚ ਸੁੰਨਾਪਨ ਜੋ ਵੱਢਣ ਨੂੰ ਕਰਦਾ ਸੀ, ਹੁਣ ਸੰਗੀਤ ਦੀਆਂ ਮਿੱਠੀਆਂ ਧੁਨਾਂ ਗੂੰਜਦੀਆਂ ਹਨ।
ਇਕ ਹੋਰ ਵਿਅਕਤੀ, ਜੋ ਆਪਣੀ ਜਵਾਨੀ ਵਿਚ ਬਹੁਤ ਵਧੀਆ ਗੋਲਫ ਖੇਡਦਾ ਸੀ, ਨੇ ਫਿਰ ਤੋਂ ਖੇਡਣਾ ਸ਼ੁਰੂ ਕਰ ਦਿੱਤਾ ਹੈ। ਬਹੁਤ ਸਾਰੇ ਲੋਕ ਆਪਣੇ ਸਾਲਾਂ ਪੁਰਾਣੇ ਸ਼ੌਕ ਨੂੰ ਮੁੜ ਸੁਰਜੀਤ ਕਰ ਰਹੇ ਹਨ। ਉਹ ਕਹਿੰਦੇ ਹਨ ਕਿ ਇਹ ਜ਼ਿੰਦਗੀ ਜਿਊਣ ਦਾ ਸਭ ਤੋਂ ਵਧੀਆ ਸਮਾਂ ਹੈ, ਜਦੋਂ ਬੱਚੇ ਆਪਣੀਆਂ ਦਿਸ਼ਾਵਾਂ ਵਿਚ ਚਲੇ ਜਾਂਦੇ ਹਨ, ਤਾਂ ਹਰ ਸਮੇਂ ਰੋਣ ਅਤੇ ਵਿਰਲਾਪ ਕਰਨ ਦਾ ਕੀ ਫਾਇਦਾ। ਜੇਕਰ ਅਸੀਂ ਕੁਝ ਅਜਿਹਾ ਕਰ ਸਕਦੇ ਹਾਂ ਜੋ ਅਸੀਂ ਉਦੋਂ ਨਹੀਂ ਕਰ ਸਕੇ ਸੀ, ਤਾਂ ਫਿਰ ਅੱਜ ਹੀ ਕਿਉਂ ਨਾ ਸ਼ੁਰੂ ਕਰੀਏ। ਇਹ ਸਹੀ ਹੈ। ਕੁਝ ਨਵਾਂ ਸ਼ੁਰੂ ਕਰਨ ਲਈ ਉਮਰ ਕੋਈ ਰੁਕਾਵਟ ਨਹੀਂ ਹੁੰਦੀ।
ਮਸ਼ਹੂਰ ਅਦਾਕਾਰ ਅਸ਼ੋਕ ਕੁਮਾਰ ਨੇ ਇਕ ਵਾਰ ਕਿਹਾ ਸੀ ਕਿ ਉਸ ਨੇ 66 ਸਾਲ ਦੀ ਉਮਰ ਵਿਚ ਪੇਂਟਿੰਗ ਸਿੱਖੀ ਸੀ ਅਤੇ ਬਹੁਤ ਵਧੀਆ ਪੇਂਟਿੰਗ ਕਰਨ ਲੱਗ ਗਏ ਸਨ। ਅੱਜ ਔਰਤਾਂ 45-50 ਸਾਲ ਦੀ ਉਮਰ ਵਿਚ ਐਵਰੈਸਟ ’ਤੇ ਚੜ੍ਹ ਰਹੀਆਂ ਹਨ। ਉਹ ਰਿਟਾਇਰਮੈਂਟ ਤੋਂ ਬਾਅਦ ਦੁਨੀਆ ਭਰ ਵਿਚ ਘੁੰਮ ਰਹੀਆਂ ਹਨ। ਉਮਰ ਉਨ੍ਹਾਂ ਦੇ ਰਾਹ ਵਿਚ ਰੁਕਾਵਟ ਨਹੀਂ ਹੈ। ਕੋਈ ਵੀ ਸ਼ੁਰੂਆਤ ਕਿਤੇ ਵੀ ਅਤੇ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ।
-ਸ਼ਮਾ ਸ਼ਰਮਾ