‘ਨਹੀਂ ਰੁਕ ਰਹੀ ਜਹਾਜ਼ਾਂ ’ਚ ਤਕਨੀਕੀ ਖਰਾਬੀ’ ਮਹਿਲਾਵਾਂ ਨਾਲ ਛੇੜਛਾੜ ਅਤੇ ਖਰੂਦ!

Sunday, Sep 14, 2025 - 06:54 AM (IST)

‘ਨਹੀਂ ਰੁਕ ਰਹੀ ਜਹਾਜ਼ਾਂ ’ਚ ਤਕਨੀਕੀ ਖਰਾਬੀ’ ਮਹਿਲਾਵਾਂ ਨਾਲ ਛੇੜਛਾੜ ਅਤੇ ਖਰੂਦ!

ਰੇਲ ਅਤੇ ਬੱਸ ਯਾਤਰਾ ਦੀ ਤੁਲਨਾ ’ਚ ਜਹਾਜ਼ ਯਾਤਰਾ ਨੂੰ ਿਜ਼ਆਦਾ ਸਹੂਲਤ ਵਾਲੀ ਮੰਨਿਆ ਜਾਂਦਾ ਹੈ ਪਰ ਹੁਣ ਪਿਛਲੇ ਕੁਝ ਸਮੇਂ ਤੋਂ ਜਹਾਜ਼ ਯਾਤਰਾਵਾਂ ’ਚ ਵੀ ਅਨੇਕ ਸਮੱਸਿਆਵਾਂ ਆਉਣ ਲੱਗੀਆਂ ਹਨ।

ਮਰਦ ਯਾਤਰੀਆਂ ਵਲੋਂ ਮਹਿਲਾ ਯਾਤਰੀਆਂ ਨਾਲ ਛੇੜਛਾੜ ਅਤੇ ਸ਼ਰਾਬ ਪੀ ਕੇ ਪੁੱਠੀਆਂ-ਸਿੱਧੀਆਂ ਗੱਲਾਂ ਕਰਨ ਅਤੇ ਖਰੂਦ ਆਦਿ ਕਰਨ ਤੋਂ ਇਲਾਵਾ ਜਹਾਜ਼ਾਂ ਦੇ ਇੰਜਣਾਂ ’ਚ ਖਰਾਬੀ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ, ਜਿਨ੍ਹਾਂ ਦੀਆਂ ਪਿਛਲੇ ਸਾਢੇ 3 ਮਹੀਨਿਆਂ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :

* 24 ਅਪ੍ਰੈਲ ਨੂੰ ‘ਦਿੱਲੀ’ ਤੋਂ ‘ਿਸੰਗਾਪੁਰ’ ਜਾ ਰਹੇ ‘ਿਸੰਗਾਪੁਰ ਏਅਰਲਾਈਨਸ’ ਦੇ ਜਹਾਜ਼ ’ਚ ਯਾਤਰਾ ਕਰ ਰਹੀ ਇਕ ਭਾਰਤੀ ਮਹਿਲਾ ਨੂੰ ਉਸੇ ਜਹਾਜ਼ ’ਚ ਯਾਤਰਾ ਕਰ ਰਹੇ ਇਕ ਨੌਜਵਾਨ ਨੇ ਪਿੱਛਿਓਂ ਆ ਕੇ ਦਬੋਚ ਕੇ ਜਹਾਜ਼ ਦੇ ਟਾਇਲਟ ’ਚ ਧੱਕ ਦਿੱਤਾ।

* 4 ਮਈ ਨੂੰ ‘ਦਿੱਲੀ’ ਤੋਂ ‘ਸ਼ਿਰਡੀ’ ਜਾ ਰਹੇ ਇੰਡੀਗੋ ਜਹਾਜ਼ ’ਚ ਸ਼ਰਾਬ ਦੇ ਨਸ਼ੇ ’ਚ ਧੁੱਤ 1 ਯਾਤਰੀ ਨੇ ਏਅਰ ਹੋਸਟੈੱਸ ਨਾਲ ਕਈ ਵਾਰ ਛੇੜਛਾੜ ਕੀਤੀ। ਜਹਾਜ਼ ਦੇ ‘ਜੈਪੁਰ’ ਪਹੁੰਚਣ ’ਤੇ ਯਾਤਰੀ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਿਗਆ।

* 28 ਜੂਨ ਨੂੰ ‘ਦੁਬਈ’ ਤੋਂ ‘ਜੈਪੁਰ’ ਆ ਰਹੀ ‘ਏਅਰ ਇੰਡੀਆ ਐਕਸਪ੍ਰੈੱਸ’ ਦੀ ਇਕ ਫਲਾਈਟ ’ਚ ਸ਼ਰਾਬ ਪੀ ਰਹੇ ਇਕ ਯਾਤਰੀ ਨੂੰ ਜਦੋਂ ਏਅਰ ਹੋਸਟੈੱਸ ਨੇ ਰੋਕਿਆ ਤਾਂ ਯਾਤਰੀ ਨੇ ਮੁਆਫੀ ਮੰਗਣ ਦੀ ਬਜਾਏ ਉਸ ਨਾਲ ਛੇੜਖਾਨੀ ਅਤੇ ਬਦਤਮੀਜ਼ੀ ਸ਼ੁਰੂ ਕਰ ਦਿੱਤੀ।

ਉਸ ਨੇ ਏਅਰ ਹੋਸਟੈੱਸ ਨੂੰ ਗਲਤ ਤਰੀਕੇ ਨਾਲ ਛੂਹਿਆ। ਪੂਰੀ ਯਾਤਰਾ ਦੌਰਾਨ ਉਹ ਨੌਜਵਾਨ ਏਅਰ ਹੋਸਟੈੱਸ ਨਾਲ ਬਦਤਮੀਜ਼ੀ ਕਰਦਾ ਰਿਹਾ ਅਤੇ ਜਹਾਜ਼ ਦੇ ‘ਜੈਪੁਰ’ ਪਹੁੰਚਣ ’ਤੇ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਿਗਆ।

* 20 ਅਗਸਤ ਨੂੰ ‘ਇੰਡੀਗੋ’ ਦੇ ਜਹਾਜ਼ ’ਚ ਯਾਤਰਾ ਕਰ ਰਹੀ ਇਕ ਮਹਿਲਾ ਨੂੰ ਜਹਾਜ਼ ਦੇ ‘ਕੋ-ਪਾਇਲਟ’ ਨੇ ਗਲਤ ਢੰਗ ਨਾਲ ਛੂਹਿਆ।

* 6 ਸਤੰਬਰ ਨੂੰ 180 ਯਾਤਰੀਆਂ ਅਤੇ ਚਾਲਕ ਦਲ ਦੇ 6 ਮੈਂਬਰਾਂ ਦੇ ਨਾਲ ‘ਕੋਚੀ’ ਤੋਂ ‘ਅਾਬੂਧਾਬੀ’ ਜਾ ਰਹੇ ‘ਇੰਡੀਗੋ’ ਦੇ ਜਹਾਜ਼ ’ਚ ਤਕਨੀਕੀ ਖਰਾਬੀ ਆ ਜਾਣ ਕਾਰਨ ਜਹਾਜ਼ ਲਗਭਗ 2 ਘੰਟੇ ਹਵਾ ’ਚ ਰਿਹਾ ਅਤੇ ਅਖੀਰ ਉਸ ਨੂੰ ਵਾਪਸ ‘ਕੋਚੀ’ ਵੱਲ ਮੋੜ ਦਿੱਤਾ ਿਗਆ ਅਤੇ ਯਾਤਰੀਆਂ ਨੂੰ ਦੂਜੇ ਜਹਾਜ਼ ਰਾਹੀਂ ਭੇਜਿਆ ਗਿਆ।

* 11 ਸਤੰਬਰ ਨੂੰ ‘ਸਪਾਈਸਜੈੱਟ’ ਦੇ ਦਿੱਲੀ ਤੋਂ ‘ਕਾਠਮੰਡੂ’ ਜਾਣ ਵਾਲੇ ਇਕ ਜਹਾਜ਼ ਦੇ ਪਿਛਲੇ ਹਿੱਸੇ ’ਚ ਅੱਗ ਲੱਗਣ ਦੇ ਖਦਸ਼ੇ ਕਾਰਨ ਉਸ ਨੂੰ ਵਾਪਸ ਦਿੱਲੀ ਦੇ ਹਵਾਈ ਅੱਡੇ ’ਤੇ ਉਤਾਰਨਾ ਪਿਆ।

* 11 ਸਤੰਬਰ ਨੂੰ ਹੀ ‘ਕਾਂਡਲਾ’ (ਗੁਜਰਾਤ) ਤੋਂ ਮੁੰਬਈ ਜਾ ਰਹੇ ‘ਸਪਾਈਸਜੈੱਟ’ ਦੇ ਇਕ ਜਹਾਜ਼ ਦਾ ਪਹੀਆ ਟੁੱਟ ਕੇ ਹੇਠਾਂ ਡਿੱਗ ਗਿਆ ਜਿਸ ਦੇ ਸਿੱਟੇ ਵਜੋਂ ਚਾਲਕ ਨੂੰ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਅਤੇ ਪਾਇਲਟ ਦੀ ਸੂਝ-ਬੂਝ ਦੇ ਕਾਰਨ ਜਹਾਜ਼ ’ਚ ਸਵਾਰ 78 ਯਾਤਰੀਆਂ ਦੀ ਜਾਨ ਬਚ ਗਈ।

* 11 ਸਤੰਬਰ ਨੂੰ ਹੀ ‘ਸਿੰਗਾਪੁਰ’ ਜਾਣ ਵਾਲੇ ‘ਏਅਰ ਇੰਡੀਆ’ ਦੇ ਇਕ ਜਹਾਜ਼ ਦੇ ਉਡਾਣ ਭਰਨ ਦੇ ਕੁਝ ਹੀ ਦੇਰ ਬਾਅਦ ਉਸ ਦੇ ਕੈਬਿਨ ਦਾ ਤਾਪਮਾਨ ਅਚਾਨਕ ਵਧ ਜਾਣ ਦੇ ਕਾਰਨ ਉਸ ਨੂੰ ਵਾਪਸ ਦਿੱਲੀ ਹਵਾਈ ਅੱਡੇ ’ਤੇ ਉਤਾਰਨਾ ਪਿਆ।

ਵਰਣਨਯੋਗ ਹੈ ਕਿ 12 ਜੂਨ, 2025 ਨੂੰ ‘ਅਹਿਮਦਾਬਾਦ’ ਤੋਂ ‘ਲੰਡਨ’ ਲਈ ਉਡਾਣ ਭਰਨ ਦੇ ਕੁਝ ਹੀ ਸੈਕਿੰਡ ਦੇ ਅੰਦਰ ‘ਏਅਰ ਇੰਡੀਆ’ ਦੇ ਜਹਾਜ਼ ਨੂੰ ਅੱਗ ਲੱਗਣ ਦੀ ਦੁਰਘਟਨਾ ’ਚ ਚਾਲਕ ਦਲ ਦੇ 12 ਮੈਂਬਰਾਂ ਸਮੇਤ ਕੁੱਲ 274 ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਸਨ।

ਹਾਲਾਂਕਿ ਅਹਿਮਦਾਬਾਦ ’ਚ ‘ਏਅਰ ਇੰਡੀਆ’ ਦੇ ਜਹਾਜ਼ ਦੇ ਭਿਆਨਕ ਅਗਨੀਕਾਂਡ ਤੋਂ ਬਾਅਦ ਹਵਾਈ ਕੰਪਨੀਆਂ ਨੇ ਕੁਝ ਸੁਧਾਰ ਕੀਤੇ ਹੋਣਗੇ ਪਰ ਉਸ ਦੇ ਬਾਅਦ ਵੀ ਜਹਾਜ਼ਾਂ ’ਚ ਤਕਨੀਕੀ ਖਾਮੀਆਂ ਦਾ ਆਉਣਾ ਜਾਰੀ ਹੈ।

ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਅੱਜਕੱਲ ਜਹਾਜ਼ ਯਾਤਰਾਵਾਂ ਵੀ ਭੈੜੀ ਵਿਵਸਥਾ ਅਤੇ ਖਰਾਬ ਮੈਨੇਜਮੈਂਟ ਦਾ ਸ਼ਿਕਾਰ ਹੁੰਦੀਆਂ ਜਾ ਰਹੀਆਂ ਹਨ, ਜਿਸ ਨਾਲ ਯਾਤਰੀਆਂ ਦੀ ਹੀ ਨਹੀਂ ਸਗੋਂ ਚਾਲਕ ਦਲ ਦੇ ਮੈਂਬਰਾਂ ਦੀ ਸੁਰੱਖਿਆ ਵੀ ਖਤਰੇ ’ਚ ਪੈਂਦੀ ਦਿਖਾਈ ਦੇਣ ਲੱਗੀ ਹੈ।

ਹਵਾਈ ਕੰਪਨੀਆਂ ਅਤੇ ਉਨ੍ਹਾਂ ਦੇ ਪ੍ਰਬੰਧਕਾਂ ਤੋਂ ਇਲਾਵਾ ਡਾਇਰੈਕਟਰ ਜਨਰਲ ਸਿਵਲ ਐਵੀਏਸ਼ਨ (ਡੀ. ਜੀ. ਸੀ. ਏ.) ਨੂੰ ਇਹ ਖਾਮੀਆਂ ਦੂਰ ਕਰਨ ਵੱਲ ਤੁਰੰਤ ਧਿਆਨ ਦੇਣ ਅਤੇ ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਦੀਆਂ ਦੋਸ਼ੀ ਪਾਏ ਜਾਣ ਵਾਲੀਆਂ ਹਵਾਈ ਕੰਪਨੀਆਂ ਵਿਰੁੱਧ ਸਖਤ ਸਜ਼ਾਯੋਗ ਕਾਰਵਾਈ ਕਰਨ ਅਤੇ ਜਾਗਰੂਕ ਸਟਾਫ ਨੂੰ ਸਨਮਾਨਿਤ ਕਰਨ ਦੀ ਲੋੜ ਹੈ।

–ਵਿਜੇ ਕੁਮਾਰ


author

Sandeep Kumar

Content Editor

Related News