‘ਟਰੰਪ ਦੀਆਂ ਨੀਤੀਆਂ ਵਿਰੁੱਧ’ ਅਮਰੀਕਾ ’ਚ ਲੋਕਾਂ ਵਲੋਂ ਮੁਜ਼ਾਹਰੇ!
Thursday, Sep 04, 2025 - 06:57 AM (IST)

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ’ਤੇ ਲਗਾਏ ਗਏ ਟੈਰਿਫ ਨੂੰ ਜਿਥੇ ਇਕ ਪਾਸੇ ਅਮਰੀਕੀ ਫੈਡਰਲ ਕੋਰਟ ਨੇ ਨਾਜਾਇਜ਼ ਠਹਿਰਾ ਦਿੱਤਾ ਹੈ, ਉਥੇ ਹੀ ਦੂਜੇ ਪਾਸੇ ਟਰੰਪ ਦੀਆਂ ਟੈਰਿਫ ਸੰਬੰਧੀ ਨੀਤੀਆਂ ਦਾ ਅਮਰੀਕਾ ਦੇ ਅੰਦਰ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਤੋਂ ਇਲਾਵਾ ਉਨ੍ਹਾਂ ਦੀ ਆਪਣੀ ਹੀ ਰਿਪਬਲਿਕਨ ਪਾਰਟੀ ਦੇ ਨੇਤਾ ਵੀ ਵਿਰੋਧ ਕਰ ਰਹੇ ਹਨ। ਇਸ ਤੋਂ ਇਲਾਵਾ ਟਰੰਪ ਦੀਆਂ ਹੋਰ ਨੀਤੀਆਂ ਵਿਰੁੱਧ ਵੀ ਅਮਰੀਕਾ ’ਚ ਲੋਕ ਸੜਕਾਂ ’ਤੇ ਉਤਰ ਕੇ ਮੁਜ਼ਾਹਰੇ ਕਰ ਰਹੇ ਹਨ।
ਰਿਪਬਲਿਕਨ ਪਾਰਟੀ ਦੇ ਸੰਸਦ ਮੈਂਬਰ ‘ਟੇਡ ਕਰੂਜ਼’ ਨੇ ‘ਡੋਨਾਲਡ ਟਰੰਪ’ ਦੇ ਟੈਰਿਫ ਦਾ ਵਿਰੋਧ ਕਰਦੇ ਹੋਏ ਕਿਹਾ ਹੈ ਕਿ ਟੈਰਿਫ ਖਪਤਕਾਰਾਂ ’ਤੇ ਟੈਕਸ ਹਨ। ਇਸ ਨਾਲ ਕਾਰਾਂ ਦੀਅਾਂ ਕੀਮਤਾਂ 4,500 ਡਾਲਰ ਤਕ ਵਧਣਗੀਅਾਂ ਅਤੇ ਲੰਬੇ ਸਮੇਂ ਤਕ ਜੀ. ਡੀ. ਪੀ. ਨੂੰ ਨੁਕਸਾਨ ਹੋਵੇਗਾ।
ਰਿਪਬਲਿਕਨ ਪਾਰਟੀ ਦੇ ਇਕ ਹੋਰ ਸੰਸਦ ਮੈਂਬਰ ‘ਰੈਂਡ ਪੌਲ’ ਨੇ ਕਿਹਾ ਕਿ ਟੈਰਿਫ ਗਲਤ ਟੈਕਸ ਨੀਤੀ ਹੈ। ਵਪਾਰ ਸਾਰੀਅਾਂ ਧਿਰਾਂ ਲਈ ਫਾਇਦੇਮੰਦ ਹੁੰਦਾ ਹੈ। ਉਨ੍ਹਾਂ ਦੇ ਸੰਸਦੀ ਖੇਤਰ ਕੇਂਟਕੀ ਦੇ ਉਦਯੋਗਾਂ ਨੇ ਟੈਰਿਫ ’ਤੇ ਵਿਰੋਧ ਪ੍ਰਗਟਾਇਆ ਅਤੇ ਕਿਹਾ ਹੈ ਕਿ ‘ਡੋਨਾਲਡ ਟਰੰਪ’ ਦਾ ਅਾਦੇਸ਼ ‘ਸ਼ਾਹੀ ਅਾਦੇਸ਼’ ਵਰਗਾ ਹੈ।
‘ਡੋਨਾਲਡ ਟਰੰਪ’ ਦੀ ਹੀ ਪਾਰਟੀ ਦੇ ਇਕ ਹੋਰ ਸੰਸਦ ਮੈਂਬਰ ‘ਡਾਨ ਬੇਕਨ’ ਨੇ ਕਿਹਾ ਹੈ ਕਿ ਅਮਰੀਕੀ ਸੰਸਦ ਨੂੰ ਰਾਸ਼ਟਰਪਤੀ ‘ਡੋਨਾਲਡ ਟਰੰਪ’ ਤੋਂ ਟੈਰਿਫ ਅਧਿਕਾਰ ਵਾਪਸ ਲੈਣੇ ਚਾਹੀਦੇ ਹਨ ਕਿਉਂਕਿ ਰਾਸ਼ਟਰਪਤੀ ਕੋਲ ਇੰਨੀ ਵਿਅਾਪਕ ਸ਼ਕਤੀ ਨਹੀਂ ਹੋਣੀ ਚਾਹੀਦੀ ਕਿ ਉਹ ਕਿਸੇ ਵੀ ਦੇਸ਼ ’ਤੇ ਮਨਮਾਨੇ ਟੈਰਿਫ ਲਗਾ ਦੇਣ। ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ‘ਡੋਨਾਲਡ ਟਰੰਪ’ ਨੂੰ ਵੋਟ ਦੇਣ ਲਈ 2026 ਦੀਅਾਂ ਮਿਡ ਟਰਮ ਚੋਣਾਂ ’ਚ ਹਿੱਸਾ ਨਹੀਂ ਲੈਣਗੇ।
ਯੂ. ਐੱਸ.-ਇੰਡੀਅਾ ਕਾਕਸ ਦੇ ਸਹਿ-ਪ੍ਰਧਾਨ ਅਤੇ ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ‘ਰੋ ਖੰਨਾ’ ਨੇ ਚਿਤਾਵਨੀ ਦਿੱਤੀ ਹੈ ਕਿ ਟਰੰਪ ਦੀਅਾਂ ਨੀਤੀਅਾਂ ਭਾਰਤ-ਅਮਰੀਕਾ ਰਣਨੀਤਿਕ ਸਾਂਝੇਦਾਰੀ ਨੂੰ ਕਮਜ਼ੋਰ ਕਰ ਰਹੀਅਾਂ ਹਨ। ਉਨ੍ਹਾਂ ਨੇ ਕਿਹਾ ਕਿ ‘ਡੋਨਾਲਡ ਟਰੰਪ’ ਦੇ ‘ਹੰਕਾਰ’ ਨੂੰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦੇ ਨਾਲ ਦਹਾਕਿਅਾਂ ’ਚ ਬਣੇ ਰਿਸ਼ਤਿਅਾਂ ਨੂੰ ਤਬਾਹ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਉਥੇ ਹੀ ਅਮਰੀਕਾ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ. ਐੱਸ. ਏ.) ‘ਜੇਕ ਸੁਲਿਵਨ’ ਨੇ ਕਿਹਾ ਹੈ ਕਿ ‘ਡੋਨਾਲਡ ਟਰੰਪ’ ਨੇ ਪਾਕਿਸਤਾਨ ਨਾਲ ਫੈਮਿਲੀ ਬਿਜ਼ਨੈੱਸ ਵਧਾਉਣ ਲਈ ਭਾਰਤ ਨਾਲ ਅਮਰੀਕਾ ਦੇ ਰਿਸ਼ਤਿਅਾਂ ਨੂੰ ਖਰਾਬ ਕੀਤਾ ਹੈ। ‘ਜੇਕ ਸੁਲਿਵਨ’ ਨੇ ਕਿਹਾ ਕਿ ‘ਡੋਨਾਲਡ ਟਰੰਪ’ ਅਮਰੀਕਾ ਦੀ ਵਿਦੇਸ਼ ਨੀਤੀ ਤੋਂ ਵੱਖ ਹਟ ਕੇ ਪਾਕਿਸਤਾਨ ਅਤੇ ਉਨ੍ਹਾਂ ਦੇ ਸੈਨਾ ਮੁਖੀ ‘ਆਸਿਮ ਮੁਨੀਰ’ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਅਮਰੀਕਾ ਹਮੇਸ਼ਾ ਤੋਂ ਭਾਰਤ ਦੇ ਨਾਲ ਚੰਗੇ ਰਿਸ਼ਤੇ ਰੱਖਣਾ ਚਾਹੁੰਦਾ ਹੈ।
ਇਸੇ ਦੌਰਾਨ ‘ਡੋਨਾਲਡ ਟਰੰਪ’ ਵਲੋਂ ਫਾਰਮਾ ਕੰਪਨੀਅਾਂ ’ਤੇ 200 ਫੀਸਦੀ ਟੈਰਿਫ ਲਗਾਉਣ ਦੀ ਚਿਤਾਵਨੀ ਦੇਣ ਤੋਂ ਬਾਅਦ ਅਮਰੀਕਾ ’ਚ ਜ਼ਰੂਰੀ ਦਵਾਈਅਾਂ ਮਹਿੰਗੀਅਾਂ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ। ਇਸ ਨਾਲ ਜਿਥੇ ਭਾਰਤ ਦੇ ਫਾਰਮਾ ਸੈਕਟਰ ’ਤੇ ਅਸਰ ਪਵੇਗਾ ਉਥੇ ਹੀ ਅਮਰੀਕਾ ’ਚ ਮਰੀਜ਼ਾਂ ਨੂੰ ਦਵਾਈਅਾਂ ਲਈ ਜ਼ਿਆਦਾ ਕੀਮਤ ਚੁਕਾਉਣੀ ਪਵੇਗੀ। ਟਰੰਪ ਦੀ ਇਸ ਨੀਤੀ ਦਾ ਵੀ ਅਮਰੀਕਾ ’ਚ ਵਿਰੋਧ ਹੋ ਰਿਹਾ ਹੈ।
ਅਮਰੀਕਾ ’ਚ ਮਜ਼ਦੂਰ ਦਿਵਸ ’ਤੇ ਕਈ ਸ਼ਹਿਰਾਂ ’ਚ ਟਰੰਪ ਦੀਅਾਂ ਨੀਤੀਅਾਂ ਦਾ ਜੰਮ ਕੇ ਵਿਰੋਧ ਕੀਤਾ ਗਿਆ। ਪ੍ਰਦਰਸ਼ਨਕਾਰੀਅਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਮਿਹਨਤ ਦੇ ਹਿਸਾਬ ਨਾਲ ਤਨਖਾਹ ਮਿਲਣੀ ਚਾਹੀਦੀ ਹੈ। ਵਿਰੋਧ ਪ੍ਰਦਰਸ਼ਨ ਦੇ ਦੌਰਾਨ ਪ੍ਰਦਰਸ਼ਨਕਾਰੀਅਾਂ ਨੇ ‘ਟਰੰਪ ਨੂੰ ਹੁਣ ਜਾਣਾ ਹੋਵੇਗਾ’ ਦੇ ਨਾਅਰੇ ਲਗਾਏ।
ਭਾਰਤ ਅਤੇ ਅਮਰੀਕਾ ਵਿਚਾਲੇ ਟ੍ਰੇਡ ਡੀਲ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਦੇ ਵਿਚਾਲੇ ਭਾਰਤ ਦੇ ਵਣਜ ਅਤੇ ਉਦਯੋਗ ਮੰਤਰੀ ‘ਪਿਊਸ਼ ਗੋਇਲ’ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਮੱਧ ਨਵੰਬਰ ਤੱਕ ਵਪਾਰ ਸਮਝੌਤਾ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਜਲਦਬਾਜ਼ੀ ’ਚ ਸਮਝੌਤੇ ਕਰਨ ਲਈ ਦਬਾਅ ’ਚ ਕੰਮ ਨਹੀਂ ਕਰਦਾ ਅਤੇ ਆਪਸੀ ਤੌਰ ’ਤੇ ਲਾਭਕਾਰੀ ਸਮਝੌਤਿਅਾਂ ’ਤੇ ਹੀ ਗੱਲਬਾਤ ਕਰੇਗਾ।
ਇਸੇ ਦੌਰਾਨ ਅਮਰੀਕਾ ਦੀਅਾਂ ਮੁੱਖ ਅਖਬਾਰਾਂ ‘ਨਿਊਯਾਰਕ ਟਾਈਮ’ ਅਤੇ ‘ਵਾਸ਼ਿੰਗਟਨ ਪੋਸਟ’ ਨੇ ਲਿਖਿਆ ਹੈ ਕਿ ‘ਡੋਨਾਲਡ ਟਰੰਪ’ ਅਤੇ ‘ਨਰਿੰਦਰ ਮੋਦੀ’ ਦੀ ਗੂੜ੍ਹੀ ਦੋਸਤੀ ਰਹੀ ਹੈ ਅਤੇ ਪ੍ਰਧਾਨ ਮੰਤਰੀ ‘ਮੋਦੀ’ ਨੇ ‘ਡੋਨਾਲਡ ਟਰੰਪ’ ਲਈ ‘ਹਾਊਡੀ ਮੋਦੀ’ ਅਤੇ ‘ਨਮਸਤੇ ਟਰੰਪ’ ਵਰਗੇ ਪ੍ਰੋਗਰਾਮ ਕਰਵਾਏ ਪਰ ‘ਡੋਨਾਲਡ ਟਰੰਪ’ ਨੇ ਭਾਰਤ ਦੇ ਵਿਰੁੱਧ 50 ਫੀਸਦੀ ਟੈਰਿਫ ਲਗਾ ਕੇ ਭਾਰਤ ਨੂੰ ਚੀਨ ਅਤੇ ਰੂਸ ਦੇ ਪਾਲੇ ’ਚ ਧੱਕਣ ਲਈ ਮਜਬੂਰ ਕਰ ਦਿੱਤਾ ਹੈ। ਇਹ ਅਮਰੀਕਾ ਦੀ ਕੂਟਨੀਤਿਕ ਗਲਤੀ ਹੈ।
ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ‘ਡੋਨਾਲਡ ਟਰੰਪ’ ਅਾਪਣੇ ਦੇਸ਼ ’ਚ ਆਪੋਜ਼ੀਸ਼ਨ ਤੋਂ ਇਲਾਵਾ ਅਾਪਣੀ ਹੀ ਪਾਰਟੀ ਦੇ ਅੰਦਰ ਹੋ ਰਹੇ ਵਿਰੋਧ ਨੂੰ ਸਮਝਣਗੇ ਅਤੇ ਹੰਕਾਰ ਛੱਡ ਕੇ ਭਾਰਤ ਦੇ ਨਾਲ ਸੰਬੰਧ ਅਾਮ ਬਣਾਉਣ ਦੀ ਦਿਸ਼ਾ ’ਚ ਕੰਮ ਕਰਨਗੇ।
–ਵਿਜੇ ਕੁਮਾਰ