ਬਾਰਿਸ਼ ਦਾ ਸਾਹਮਣਾ ਕਰਨ ਲਈ ਦੂਰਦਰਸ਼ੀ ਯੋਜਨਾ ਬਣਾਉਣ ਦੀ ਲੋੜ
Monday, Jun 09, 2025 - 07:21 AM (IST)

ਭਾਰਤ ’ਚ ਸਾਲਾਨਾ ਬਾਰਿਸ਼ ਦਾ 80 ਫੀਸਦੀ ਹਿੱਸਾ ਮਾਨਸੂਨ ਰੁੱਤ ਦੇ ਦੌਰਾਨ ਪ੍ਰਾਪਤ ਹੁੰਦਾ ਹੈ ਜੋ ਆਮ ਤੌਰ ’ਤੇ ਜੂਨ ਤੋਂ ਸ਼ੁਰੂ ਹੋ ਕੇ ਸਤੰਬਰ ਤੱਕ ਜਾਰੀ ਰਹਿੰਦੀ ਹੈ। ਮਾਨਸੂਨ ਖੇਤੀ ਅਤੇ ਲੱਖਾਂ ਲੋਕਾਂ ਦੀ ਰੋਜ਼ੀ-ਰੋਟੀ ਲਈ ਮਹੱਤਵਪੂਰਨ ਹੈ। ਦੇਸ਼ ਦੇ ਉਨ੍ਹਾਂ ਹਿੱਸਿਆਂ ’ਚ ਜਿੱਥੇ ਉਚਿਤ ਸਿੰਚਾਈ ਚੈਨਲ ਨਹੀਂ ਹਨ ਉਹ ਮੌਸਮੀ ਬਾਰਿਸ਼ ’ਤੇ ਨਿਰਭਰ ਹਨ।
ਜਿੱਥੇ ਇਕ ਪਾਸੇ ਆਸਾਮ ’ਚ ਹੜ੍ਹਾਂ ਦੀ ਸਥਿਤੀ ’ਚ ਸੁਧਾਰ ਹੋ ਰਿਹਾ ਹੈ ਉੱਥੇ ਹੀ ਉੱਤਰ ’ਚ ਦਿੱਲੀ ਤੋਂ ਲੈ ਕੇ ਦੱਖਣ ’ਚ ਬੈਂਗਲੁਰੂ ਤੱਕ, ਭਾਰਤ ਦੇ ਸਭ ਤੋਂ ਵੱਡੇ ਸ਼ਹਿਰ ਹਰ ਮਾਨਸੂਨ ਦੇ ਮੌਸਮ ’ਚ ਹੜ੍ਹਾਂ ਦੀ ਲਪੇਟ ’ਚ ਆ ਜਾਂਦੇ ਹਨ। ਸੜਕਾਂ ਟੁੱਟ ਜਾਂਦੀਆਂ ਹਨ, ਨਾਲੀਆਂ ਓਵਰਫਲੋਅ ਹੋ ਜਾਂਦੀਆਂ ਹਨ, ਬੁਨਿਆਦੀ ਢਾਂਚਾ ਚਰਮਰਾ ਜਾਂਦਾ ਹੈ ਅਤੇ ਆਵਾਜਾਈ ਠੱਪ ਹੋ ਜਾਂਦੀ ਹੈ।
ਮਾਹਿਰ ਇਸ ਸਮੱਸਿਆ ਦੇ ਮੂਲ ਕਾਰਨਾਂ ਵਜੋਂ ਤੇਜ਼ੀ ਨਾਲ ਹੋ ਰਹੇ ਗੈਰ-ਯੋਜਨਾਬੱਧ ਸ਼ਹਿਰੀਕਰਨ, ਖਰਾਬ ਬੁਨਿਆਦੀ ਢਾਂਚੇ ਅਤੇ ਸਾਲਾਂ ਤੋਂ ਚੱਲ ਰਹੀ ਵਾਤਾਵਰਣ ਦੀ ਅਣਦੇਖੀ ਨੂੰ ਦੋਸ਼ੀ ਮੰਨਦੇ ਹਨ। ਜਲਵਾਯੂ ਪਰਿਵਰਤਨ ਨੇ ਅਨਿਯਮਿਤ ਮੌਸਮ ਜਿਵੇਂ ਕਿ ਬੇਮੌਸਮੀ ਬਾਰਿਸ਼, ਅਚਾਨਕ ਹੜ੍ਹ ਅਤੇ ਬਹੁਤ ਜ਼ਿਆਦਾ ਗਰਮੀ ਨਾਲ ਜੁੜੇ ਸੋਕੇ ਆਦਿ ਨੂੰ ਇਕ ਨਿਯਮਿਤ ਘਟਨਾ ਬਣਾ ਦਿੱਤਾ ਹੈ, ਜਿਸ ਨਾਲ ਲੱਖਾਂ ਲੋਕ ਸਿੱਧੇ ਤੌਰ ’ਤੇ ਪ੍ਰਭਾਵਿਤ ਹੋ ਰਹੇ ਹਨ।
ਬੈਂਗਲੁਰੂ 3 ਪ੍ਰਮੁੱਖ ਵਾਦੀਆਂ ਨਾਲ ਬਣਿਆ ਹੈ, ਜਿਨ੍ਹਾਂ ਵਿਚੋਂ ਹੋ ਕੇ ਪਾਣੀ ਕੁਦਰਤੀ ਤੌਰ ’ਤੇ ਵਹਿੰਦਾ ਹੈ। ਸ਼ਹਿਰ ਦੀਆਂ ਜ਼ਿਆਦਾਤਰ ਝੀਲਾਂ ਇਨ੍ਹਾਂ ਹੀ ਵਾਦੀਆਂ ਵਿਚ ਸਥਿਤ ਹਨ। ਇਨ੍ਹਾਂ ਵਾਦੀਆਂ ਨੂੰ ਮੂਲ ਤੌਰ ’ਤੇ ਨਿਰਮਾਣ-ਰਹਿਤ ਖੇਤਰ ਐਲਾਨਿਆ ਗਿਆ ਸੀ ਪਰ ਪਿਛਲੇ ਕੁਝ ਸਾਲਾਂ ’ਚ ਨਾਜਾਇਜ਼ ਕਬਜ਼ੇ ਹੋ ਗਏ ਅਤੇ ਬਾਅਦ ’ਚ ਕਾਨੂੰਨ ਵਿਚ ਬਦਲਾਅ ਦੇ ਕਾਰਨ ਇਸ ਖੇਤਰ ਵਿਚ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੇ ਨਿਰਮਾਣ ਦੀ ਇਜਾਜ਼ਤ ਮਿਲ ਗਈ।
ਜਦੋਂ ਤੁਸੀਂ ਝੀਲਾਂ ਨੂੰ ਜੋ ਰਵਾਇਤੀ ਤੌਰ ’ਤੇ ਹੜ੍ਹ ਰੁਕਾਵਟਾਂ ਦੇ ਰੂਪ ’ਚ ਕੰਮ ਕਰਦੀਆਂ ਹਨ, ਨਿਰਮਿਤ ਖੇਤਰਾਂ ’ਚ ਬਦਲ ਦਿੰਦੇ ਹੋ ਤਾਂ ਪਾਣੀ ਦੇ ਨਿਕਾਸ ਲਈ ਕੋਈ ਜਗ੍ਹਾ ਨਹੀਂ ਬਚਦੀ। ਇਸ ਲਈ, ਅੱਜ ਅਸੀਂ ਬੈਂਗਲੁਰੂ ਵਿਚ ਜੋ ਕੁਝ ਦੇਖ ਰਹੇ ਹਾਂ ਉਹ ਖਰਾਬ ਸ਼ਹਿਰੀ ਯੋਜਨਾਬੰਦੀ ਦਾ ਨਤੀਜਾ ਹੈ।
ਇਸੇ ਤਰ੍ਹਾਂ, ਮੁੰਬਈ ਦੇ ਕਈ ਹਿੱਸੇ ਹੇਠਲੇ ਇਲਾਕਿਆਂ ’ਚ ਹਨ ਅਤੇ ਸਮੁੰਦਰ ਦੇ ਨੇੜੇ ਹਨ, ਜਿਸ ਨਾਲ ਭਾਰੀ ਮੀਂਹ ਅਤੇ ਉੱਚੀਆਂ ਲਹਿਰਾਂ ਦੌਰਾਨ ਹੜ੍ਹ ਆਉਣ ਦਾ ਖ਼ਤਰਾ ਵਧੇਰੇ ਹੁੰਦਾ ਹੈ।
ਭਾਰਤ ਦੇ ਸ਼ਹਿਰਾਂ ਨੂੰ ਬਾਰਿਸ਼ ਦਾ ਸਾਹਮਣਾ ਕਰਨ ਲਈ ਸਿਰਫ ਪਾਣੀ ਕੱਢਣ ਵਾਲੇ ਪੰਪ ਅਤੇ ਤੁਰੰਤ ਹੱਲ ਤੋਂ ਵੱਧ ਦੀ ਲੋੜ ਹੈ। ਉਨ੍ਹਾਂ ਨੂੰ ਨੁਕਸਾਨ ਹੋਣ ਤੋਂ ਪਹਿਲਾਂ ਹੀ ਦੂਰਦਰਸ਼ੀ ਯੋਜਨਾ ਬਣਾਉਣ ਦੀ ਲੋੜ ਹੈ।