‘ਹਸਪਤਾਲਾਂ ’ਚ ਚੂਹਿਆਂ ਦਾ ਕਹਿਰ’ ਬਣ ਰਿਹਾ ਰੋਗੀਆਂ ਦੇ ਲਈ ਪ੍ਰੇਸ਼ਾਨੀ ਦਾ ਕਾਰਨ!
Thursday, Dec 18, 2025 - 06:39 AM (IST)
ਵਿਸ਼ਵ ਦੇ ਕਈ ਦੇਸ਼ਾਂ ’ਚ ਚੂਹੇ ਇਕ ਵੱਡੀ ਸਮੱਸਿਆ ਬਣੇ ਹੋਏ ਹਨ। ਚੂਹੇ ਹਰ ਸਾਲ ਜਿਥੇ ਮੰਡੀਆਂ ਅਤੇ ਖੇਤਾਂ ’ਚ ਅਨਾਜ ਨਸ਼ਟ ਕਰ ਰਹੇ ਹਨ, ਉਥੇ ਹੀ ਖੇਤਾਂ, ਘਰਾਂ, ਸਕੂਲਾਂ, ਰੇਲਵੇ, ਧਰਮ ਸਥਾਨਾਂ, ਹਸਪਤਾਲਾਂ, ਸੀਵਰੇਜ ਲਾਈਨਾਂ, ਅੰਡਰਗ੍ਰਾਊਂਡ ਕੇਬਲਜ਼ ਤੋਂ ਇਲਾਵਾ ਮਸ਼ੀਨਰੀ ਅਤੇ ਬਿਜਲੀ ਦੀਆਂ ਤਾਰਾਂ ਨੂੰ ਕੱਟ ਕੇ ਹਾਦਸਿਆਂ ਅਤੇ ਕੀਮਤੀ ਮਸ਼ੀਨਰੀ ਨੂੰ ਵੀ ਖਰਾਬ ਕਰਨ ਅਤੇ ਕਈ ਬੀਮਾਰੀਆਂ ਦਾ ਕਾਰਣ ਬਣ ਰਹੇ ਹਨ। ਹਸਪਤਾਲਾਂ ’ਚ ਚੂਹਿਆਂ ਦੇ ਕਹਿਰ ਦੇ ਇਸੇ ਸਾਲ ਦੇ ਕੁਝ ਹਾਦਸੇ ਹੇਠਾਂ ਦਰਜ ਹਨ :
* 8 ਜਨਵਰੀ, 2025 ਨੂੰ ‘ਬਸਤੀ’ (ਉੱਤਰ ਪ੍ਰਦੇਸ਼) ਦੇ ਜ਼ਿਲਾ ਹਸਪਤਾਲ ’ਚ ਚੂਹਿਅਾਂ ਵਲੋਂ ਉਥੇ ਇਲਾਜ ਅਧੀਨ ਰੋਗੀਅਾਂ ਦੇ ਖਾਣ-ਪੀਣ ਦੇ ਸਾਮਾਨ, ਦਵਾਈਅਾਂ ਅਤੇ ਮਸ਼ੀਨਾਂ ਦੇ ਉਪਕਰਨਾਂ ਨੂੰ ਕੁਤਰਨ ਅਤੇ ਇਥੋਂ ਤਕ ਕਿ ਕੁਝ ਰੋਗੀਅਾਂ ਨੂੰ ਕੱਟਣ ਦੀਅਾਂ ਸ਼ਿਕਾਇਤਾਂ ਵੀ ਮਿਲੀਅਾਂ।
* 8 ਫਰਵਰੀ ਨੂੰ ‘ਭਿੰਡ’ (ਮੱਧ ਪ੍ਰਦੇਸ਼) ਸਥਿਤ ਜ਼ਿਲਾ ਹਸਪਤਾਲ ਦੇ ਅਾਈ. ਸੀ. ਯੂ. ਦਾ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋਇਆ ਜਿਸ ’ਚ ਚੂਹੇ ਇਲਾਜ ਅਧੀਨ ਰੋਗੀਅਾਂ ਦੇ ਬਿਸਤਰਿਅਾਂ ’ਤੇ ਚੜ੍ਹ ਕੇ ਖਰੂਦ ਮਚਾਉਂਦੇ, ਉਥੇ ਰੱਖੀਅਾਂ ਖਾਣ-ਪੀਣ ਵਾਲੀਅਾਂ ਚੀਜ਼ਾਂ ਨੂੰ ਦੂਸ਼ਿਤ ਕਰਦੇ ਅਤੇ ਅਾਕਸੀਜਨ ਸਿਲੰਡਰ ਅਤੇ ਹੋਰ ਉਪਕਰਨਾਂ ਦੇ ਉੱਪਰ ਤਰਥੱਲੀ ਮਚਾਉਂਦੇ ਦਿਖਾਈ ਦੇ ਰਹੇ ਸਨ।
* 21 ਮਈ ਨੂੰ ‘ਪਟਨਾ’ (ਬਿਹਾਰ) ਸਥਿਤ ਸਰਕਾਰੀ ‘ਨਾਲੰਦਾ ਮੈਡੀਕਲ ਕਾਲਜ ਅਤੇ ਹਸਪਤਾਲ’ (ਐੱਨ. ਐੱਮ. ਸੀ. ਐੱਚ.) ’ਚ ਅਾਪਣੇ ਟੁੱਟੇ ਪੈਰ ਦਾ ਇਲਾਜ ਕਰਵਾਉਣ ਆਏ ਇਕ ਰੋਗੀ ਦੇ ਪੈਰ ਦੀਅਾਂ ਉਂਗਲੀਅਾਂ ਨੂੰ ਚੂਹਿਅਾਂ ਨੇ ਕੁਤਰ ਦਿੱਤਾ ਜਿਸ ਨਾਲ ਉਸ ਦੀ ਹਾਲਤ ਪਹਿਲਾਂ ਤੋਂ ਵੀ ਵੱਧ ਖਰਾਬ ਹੋ ਗਈ।
* 3 ਸਤੰਬਰ ਨੂੰ ‘ਇੰਦੌਰ’ (ਮੱਧ ਪ੍ਰਦੇਸ਼) ’ਚ ਸੂਬੇ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ’ ਮਹਾਰਾਜਾ ਯਸ਼ਵੰਤ ਰਾਵ ਹਸਪਤਾਲ’ (ਐੱਮ. ਵਾਈ. ਐੱਚ.) ਦੇ ਐੱਨ. ਆਈ. ਸੀ. ਯੂ. ਵਾਰਡ ’ਚ ਇਲਾਜ ਅਧੀਨ 10 ਦਿਨਾਂ ਦੀ ਇਕ ਬੱਚੀ ਅਤੇ ਉਸੇ ਦਿਨ ਇਕ ਹੋਰ ਨਵਜਾਤ ਬੱਚੇ ਦੀ ਚੂਹਿਅਾਂ ਦੇ ਕੱਟਣ ਨਾਲ ਮੌਤ ਹੋ ਗਈ।
* 12 ਨਵੰਬਰ ਨੂੰ ‘ਨਰਵਾਣਾ’ (ਹਰਿਆਣਾ) ਸਥਿਤ ਸਿਵਲ ਹਸਪਤਾਲ ’ਚ ਮੋਰਚਰੀ ਦੇ ਡੀਪ ਫ੍ਰੀਜ਼ਰ ਨਾਲ ਸੰਬੰਧਤ ਸਮੱਸਿਆਵਾਂ ਸਾਹਮਣੇ ਆਈਅਾਂ ਜਿਨ੍ਹਾਂ ’ਚ ਚੂਹਿਅਾਂ ਵਲੋਂ ਇਸ ਨੂੰ ਨੁਕਸਾਨ ਪਹੁੰਚਾਏ ਜਾਣ ਦਾ ਜ਼ਿਕਰ ਸੀ। ਇਸੇ ਲਈ ਹਰਿਆਣਾ ਦੇ ਸਿਹਤ ਵਿਭਾਗ ਨੇ ਸੂਬੇ ਦੇ ਸਾਰੇ ਸਿਵਲ ਸਰਜਨਾਂ ਨੂੰ ‘ਪੈਸਟ ਕੰਟਰੋਲ’ ਦੇ ਨਿਰਦੇਸ਼ ਦਿੱਤੇ ਹਨ।
* 7 ਨਵੰਬਰ ਨੂੰ ‘ਹਰਿਦੁਆਰ’ (ਉੱਤਰਾਖੰਡ) ਜ਼ਿਲਾ ਹਸਪਤਾਲ ਦੀ ਮੋਰਚਰੀ ’ਚ ਰੱਖੇ ਇਕ ਵਿਅਕਤੀ ਦੀ ਲਾਸ਼ ਨੂੰ ਚੂਹਿਅਾਂ ਨੇ ਕੁਤਰ ਦਿੱਤਾ ਅਤੇ ਉਸ ਦੀ ਇਕ ਅੱਖ ਵੀ ਨੋਚ ਕੇ ਲੈ ਗਏ।
* 11 ਦਸੰਬਰ ਨੂੰ ‘ਰਾਏਸੇਨ’ (ਮੱਧ ਪ੍ਰਦੇਸ਼) ਸਥਿਤ ਜ਼ਿਲਾ ਹਸਪਤਾਲ ਦੇ ਮੈਟਰਨਿਟੀ ਵਾਰਡ ਅਤੇ ‘ਐੱਸ. ਐੱਨ. ਸੀ. ਯੂ.’ (ਨਵਜਾਤ ਸ਼ਿਸ਼ੂ ਵਾਰਡ) ’ਚ ਚੂਹਿਅਾਂ ਤੋਂ ਇਲਾਵਾ ਖਟਮਲ ਅਤੇ ਕਾਕ੍ਰੋਚ ਮਾਵਾਂ ਦੇ ਨੇੜੇ-ਤੇੜੇ ਘੁੰਮਦੇ ਦਿਖਾਈ ਦਿੱਤੇ।
* 15 ਦਸੰਬਰ ਨੂੰ ‘ਜਬਲਪੁਰ’ (ਮੱਧ ਪ੍ਰਦੇਸ਼) ਸਥਿਤ ਜ਼ਿਲਾ ਹਸਪਤਾਲ ਦੇ ਹੱਡੀ ਵਾਰਡ ’ਚ ਬਦਇੰਤਜ਼ਾਮੀ ਦੀ ਤਸਵੀਰ ਸਾਹਮਣੇ ਆਈ ਜਿਸ ’ਚ ਚੂਹੇ ਰੋਗੀਅਾਂ ਦੇ ਬੈੱਡ ਅਤੇ ਹੋਰਨਾਂ ਵਸਤਾਂ ਦੇ ਨੇੜੇ-ਤੇੜੇ ਬੇਖੌਫ ਘੁੰਮਦੇ ਦਿਖਾਈ ਦੇ ਰਹੇ ਸਨ।
* ਅਤੇ ਹੁਣ 17 ਦਸੰਬਰ ਨੂੰ ਇਕ ਅਖਬਾਰ ’ਚ ਦੱਸਿਆ ਗਿਆ ਹੈ ਕਿ ਪਟਿਆਲਾ, ਪੰਜਾਬ ਸਥਿਤ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਚੂਹਿਅਾਂ ਦਾ ਕਹਿਰ ਲਗਾਤਾਰ ਜਾਰੀ ਹੈ। ਹਸਪਤਾਲ ਮੈਨੇਜਮੈਂਟ ਵਲੋਂ ਇਸ ਸਮੱਸਿਆ ਨਾਲ ਨਜਿੱਠਣ ਲਈ ਇਕ ਏਜੰਸੀ ਦੀਅਾਂ ਸੇਵਾਵਾਂ ਲੈਣ ਦੇ ਬਾਵਜੂਦ ਚੂਹਿਅਾਂ ਦੀ ਆਬਾਦੀ ਵਧਦੀ ਹੀ ਜਾ ਰਹੀ ਹੈ। ਚੂਹਿਅਾਂ ਨੇ ਹਸਪਤਾਲ ਦੇ ਅੰਦਰ ਵੱਡੀਅਾਂ-ਵੱਡੀਅਾਂ ਖੁੱਡਾਂ ਬਣਾ ਲਈਅਾਂ ਹਨ ਅਤੇ ਇਸ ਦੀਅਾਂ ਵੱਖ-ਵੱਖ ਵਸਤਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ ।
ਚੂਹਿਆਂ ਦੇ ਇਸ ਤਰ੍ਹਾਂ ਦੇ ਕਹਿਰ ਨਾਲ ਜਿਥੇ ਰੋਗੀਆਂ ’ਚ ਇਨਫੈਕਸ਼ਨ ਫੈਲਣ ਦਾ ਖਤਰਾ ਰਹਿੰਦਾ ਹੈ, ਉਥੇ ਹੀ ਇਸ ਨਾਲ ਹਸਪਤਾਲ ਮੈਨੇਜਮੈਂਟ ਦੀ ਲਾਪਰਵਾਹੀ ਵੀ ਉਜਾਗਰ ਹੁੰਦੀ ਹੈ। ਅਜਿਹੇ ਮਾਮਲਿਅਾਂ ਨਾਲ ਨਜਿੱਠਣ ਲਈ ਵਿਕਸਿਤ ਦੇਸ਼ਾਂ ਨੇ ਖਾਸ ਤੌਰ ’ਤੇ ਸਥਾਨਕ ਪੱਧਰ ’ਤੇ ਬਜਟ ਰੱਖਿਆ ਹੋਇਆ ਹੈ। ਇਸ ਬਜਟ ਰਾਹੀਂ ਸਿੰਗਾਪੁਰ, ਨਿਊਯਾਰਕ, ਸ਼ਿਕਾਗੋ, ਹਾਂਗਕਾਂਗ, ਯੂ. ਕੇ. ’ਚ ਵੱਖ-ਵੱਖ ਤਰੀਕੇ ਅਪਣਾਏ ਜਾ ਰਹੇ ਹਨ ਅਤੇ ਇਨ੍ਹਾਂ ਦੇਸ਼ਾਂ ਨੂੰ ਇਸ ਕੰਮ ’ਚ ਸਫਲਤਾ ਵੀ ਮਿਲ ਰਹੀ ਹੈ। ਭਾਰਤ ’ਚ ਵੀ ਇਨ੍ਹਾਂ ਦੇਸ਼ਾਂ ਦੇ ਮਾਡਲ ’ਤੇ ਖੋਜ ਕਰ ਕੇ ਇਸ ਦਾ ਪੁਖਤਾ ਹੱਲ ਕੱਢਣ ਦੀ ਲੋੜ ਹੈ।
–ਵਿਜੇ ਕੁਮਾਰ
